Breaking News
Home / ਨਜ਼ਰੀਆ / ‘ਕੈਨੇਡਾ ਦੇ ਸੁਪਨਮਈ ਦਿਨ’: ਛਿੰਦਰ ਕੌਰ ਸਿਰਸਾ ਦਾ ਪੰਜਾਬੀ ਪਾਠਕਾਂ ਨੂੰ ਇਕ ਯਾਦਗਾਰੀ ਤੋਹਫ਼ਾ

‘ਕੈਨੇਡਾ ਦੇ ਸੁਪਨਮਈ ਦਿਨ’: ਛਿੰਦਰ ਕੌਰ ਸਿਰਸਾ ਦਾ ਪੰਜਾਬੀ ਪਾਠਕਾਂ ਨੂੰ ਇਕ ਯਾਦਗਾਰੀ ਤੋਹਫ਼ਾ

‘ਕੈਨੇਡਾ ਦੇ ਸੁਪਨਮਈ ਦਿਨ’ ਇਕ ਵਧੀਆ ਕਵਿੱਤਰੀ ਤੇ ਸਫ਼ਲ ਰੇਡੀਓ-ਸੰਚਾਲਕ ਛਿੰਦਰ ਕੌਰ ਸਿਰਸਾ ਦੇ ਕੈਨੇਡਾ ਦੇ ਸ਼ਹਿਰਾਂ ਬਰੈਂਪਟਨ, ਮਿਸੀਸਾਗਾ ਤੇ ਟੋਰਾਂਟੋ ਵਿਚ ਬਿਤਾਏ ਮਹੀਨੇ ਕੁ ਦੀਆਂ ਯਾਦਾਂ ਦੀ ਖ਼ੂਬਸੂਰਤ ਤਸਵੀਰ ਹੈ ਜਿਸ ਦੌਰਾਨ ਉਹ ਇੱਥੇ ਕਈ ਸਾਹਿਤਕ ਸਮਾਗ਼ਮਾਂ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਪਹਿਲੀ ਵਾਰ ਮਿਲੀ ਅਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਨਾਲ ਮੁਲਾਕਾਤਾਂ ‘ਮਹਿਕ’ ਤੇ ਹੋਰ ਟੀ.ਵੀ. ਚੈਨਲਾਂ ਅਤੇ ਰੇਡੀਓ ਪ੍ਰੋਗਰਾਮਾਂ ਵਿਚ ਪ੍ਰਸਾਰਿਤ ਕੀਤੀਆਂ। ਪੁਸਤਕ ਵਿਚ ਉਸ ਦਾ ਪਹਿਲੀ ਵਾਰ ਕੈਨੇਡਾ ਆਉਣ ਦਾ ਚਾਅ ਅਤੇ ਸਹੁਰੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਮਿਲਣ ਦੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ ਵਿਖਾਈ ਦਿੰਦੀ ਹੈ, ਜਦੋਂ ਉਹ ਕਹਿੰਦੀ ਹੈ:
”ਸੁਖ-ਸੁਖਾਂ ਦਾ ਪਹਿਲਾ ਸੂਰਜ ਮੈਂ ਕੈਨੇਡਾ ਵਿਚ ਵੇਖਿਆ ਤੇ ਉਸ ਨੂੰ ਸੁਨੇਹਾ ਦਿੱਤਾ ਕਿ ਹੇ ਸੂਰਜਾ, ਮੇਰੇ ਦੇਸ਼ ਵੀ ਏਸੇ ਤਰ੍ਹਾਂ ਹੀ ਚਮਕਦਾ ਰਹੀਂ।” (ਪੰਨਾ-52)
ਇਸ ਤੋਂ ਪਹਿਲਾਂ ਛਿੰਦਰ ਆਪਣੀਆਂ ਕਵਿਤਾਵਾਂ ਦੀ ਪੁਸਤਕ ‘ਖ਼ਿਆਲ ਉਡਾਰੀ’ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੀ ਹੈ। ਹੱਥਲੀ ਪੁਸਤਕ ਵਿਚ ਉਹ ਦੱਸਦੀ ਹੈ ਕਿ ਸਹੁਰੇ ਪਰਿਵਾਰ ਵਿੱਚੋਂ ਹਰਦਿਆਲ ਸਿੰਘ ਝੀਤਾ ਰਿਸ਼ਤੇ ਵਿਚ ਬੇਸ਼ਕ ਉਸ ਦਾ ਜੇਠ ਲੱਗਦਾ ਹੈ ਪਰ ਉਸ ਦਾ ਵਿਹਾਰ ਵੱਡੇ ਭਰਾਵਾਂ ਨਾਲੋਂ ਵੀ ਵੱਧ ਕੇ ਹੈ ਅਤੇ ਉਸ ਦੀ ਛੋਟੀ ਭਰਜਾਈ ‘ਸੱਤੀ’ ਤਾਂ ਉਸ ਦੀ ਦਰਾਣੀ ਘੱਟ ਅਤੇ ‘ਦੀਦੀ’ ਵਧੇਰੇ ਜਾਪਦੀ ਹੈ। ਉਹ ਆਪਸ ਵਿਚ ਨਾ ਕੇਵਲ ਭੈਣਾਂ ਵਾਂਗ ਹੀ, ਸਗੋਂ ਗੂੜ੍ਹੀਆਂ ‘ਸਹੇਲੀਆਂ’ ਵਾਂਗ ਵਿਚਰਦੀਆਂ ਹਨ ਅਤੇ ਸੱਤੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਉਸ ਨੂੰ ਕਦੇ ਟੀ.ਵੀ. ਚੈਨਲਾਂ ਦੇ ਦਫ਼ਤਰਾਂ ਵਿਚ ਲੈ ਕੇ ਜਾਂਦੀ ਹੈ ਅਤੇ ਕਦੀ ‘ਮਾਲਾਂ’ ਦਾ ਗੇੜਾ ਲੁਆਉਂਦੀ ਹੈ। ਇੱਥੇ ਆ ਕੇ ਇਤਫ਼ਾਕ ਨਾਲ ਹੀ ਉਸ ਨੂੰ ‘ਮਹਿਕ’ ਟੀ.ਵੀ. ਦੇ ਲਾਈਵ ਪ੍ਰੋਗਰਾਮ ਕਰਨ ਦਾ ਮੌਕਾ ਮਿਲਦਾ ਹੈ ਜਦੋਂ ਇਸ ਚੈਨਲ ਦਾ ਮਾਲਕ/ਪ੍ਰੋਡਿਊਸਰ ਕੁਝ ਦਿਨਾਂ ਲਈ ਭਾਰਤ ਜਾਂਦਾ ਹੈ। ਇੱਥੇ ਹੀ ਉਸ ਨੂੰ ਮਾਂ-ਰੂਪੀ ਸਤਿਕਾਰਿਤ ਸ਼ਖ਼ਸੀਅਤ ‘ਬੀਜੀ’ ਦੇ ਨਿੱਘਾ ਸੁਭਾਅ ਮਾਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਉਹ ‘ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਟੋਰਾਂਟੋ’ ਦੇ ਸੱਦੇ ‘ਤੇ ਇੱਥੇ ‘ਵਿਸ਼ਕਰਮਾ-ਦਿਵਸ’ ਨਾਲ ਸਬੰਧਿਤ ਇਕ ਸਮਾਗ਼ਮ ਵਿਚ ਐਂਕਰਿੰਗ ਕਰਨ ਲਈ ਆਉਂਦੀ ਹੈ ਜਿਸ ਨੂੰ ਉਹ ਪੇਸ਼ੇ ਵਜੋਂ ਵਕੀਲ ਹਰਜਿੰਦਰ ਸਿੰਘ ਵੱਲੋਂ ਮੰਚ ਉੱਪਰ ਮਿਲੇ ਨਿੱਘੇ ਸਹਿਯੋਗ ਸਦਕਾ ਬਾਖ਼ੂਬੀ ਨਿਭਾਉਂਦੀ ਹੈ। ਇਹ ਸਮਾਗ਼ਮ ਉਸ ਦੇ ਲਈ ਵਧੀਆ ਪਹਿਚਾਣ ਦੇਣ ਵਾਲਾ ਅਤੇ ਯਾਦਗਾਰੀ ਸਾਬਤ ਹੁੰਦਾ ਹੈ। ਛਿੰਦਰ ਇੱਥੇ ਜਿਸ ਕਿਸੇ ਨੂੰ ਵੀ ਮਿਲਦੀ ਹੈ, ਉਸ ਨੂੰ ਆਪਣਾ ਬਣਾ ਲੈਂਦੀ ਹੈ; ਚਾਹੇ ਉਹ ‘ਬੀਜੀ’ ਦੇ ਰੂਪ ਵਿਚ ‘ਮਾਂ’ ਹੈ, ‘ਸੱਤੀ’ ਦੇ ਰੂਪ ਵਿਚ ‘ਭੈਣ’ ਹੈ, ਜਾਂ ਮੈਡਮ ਬਲਵਿੰਦਰ ਕੌਰ, ਕੈਲਾਸ਼ ਠਾਕੁਰ ਤੇ ਰੂਣਾ ਸੰਘਾ ਦੇ ਰੂਪ ਵਿਚ ਪ੍ਰੋੜ੍ਹ-ਅਧਿਆਪਕਾਵਾਂ ਹਨ, ਜਾਂ ਪਰਮਜੀਤ ਦਿਓਲ, ਪਰਮ ਸਰਾਂ, ਕੁਲਦੀਪ ਕੌਰ, ਰਿੰਟੂ ਭਾਟੀਆ ਤੇ ਸਰਬਜੀਤ ਦੇ ਰੂਪ ਵਿਚ ਸਹੇਲੀਆਂ ਹਨ ਜਾਂ ਪਾਕਿਸਤਾਨੀ ਲੇਖਕ ਪ੍ਰੋ. ਆਸ਼ਿਕ ਰਹੀਲ, ਮਕਸੂਦ ਚੌਧਰੀ ਤੇ ਸਲੀਮ ਪਾਸ਼ਾ ਹਨ ਜਾਂ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨਾਲ ਜੁੜੇ ਬਲਰਾਜ ਚੀਮਾ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਇਕਬਾਲ ਬਰਾੜ, ਸੰਨੀ ਸ਼ਿਵਰਾਜ ਤੇ ਹਰਜੀਤ ਬਾਜਵਾ ਵਰਗੇ ਸਾਹਿਤਕ ਦੋਸਤ ਹਨ, ਸਾਰੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਹੀ ਉਸ ਦੇ ‘ਆਪਣਿਆਂ’ ਦੀ ਲਿਸਟ ਵਿਚ ਸ਼ਾਮਲ ਹੋ ਜਾਂਦੇ ਹਨ।
ਸ਼ਰਧਾ-ਵੱਸ ਕਹਿ ਲਓ ਜਾਂ ਸਤਿਕਾਰ ਵਿਚ ਖ਼ੀਵੀ ਹੋਈ ਉਹ ਬੈਂਕ ਵਿੱਚੋਂ ਸੇਵਾ-ਮੁਕਤ ਹੋਏ ਅਧਿਕਾਰੀ ਮਲੂਕ ਸਿੰਘ ਕਾਹਲੋਂ ਨੂੰ ਇਸ ਪੁਸਤਕ ਵਿਚ ‘ਪ੍ਰੋਫ਼ੈਸਰ’ ਦੇ ਸੰਬੋਧਨ ਨਾਲ ਨਿਵਾਜਦੀ ਹੈ। ਉਹ ‘ਕਲਮ ਫ਼ਾਊਡੇਸ਼ਨ’ ਦੇ ਸਮਾਗ਼ਮ ਵਿਚ ਜਾਕੇ ਮੈਡਮ ਕਮਲਜੀਤ ਕੌਰ ਬੈਂਸ, ਡਾ. ਦੀਪਕ ਮਨਮੋਹਨ ਸਿੰਘ, ਗਿਆਨ ਸਿੰਘ ਕੰਗ, ਰਵਿੰਦਰ ਸਿੰਘ ਕੰਗ, ਅਜਾਇਬ ਸਿੰਘ ਚੱਠਾ ਤੇ ਦਲਬੀਰ ਸਿੰਘ ਕਥੂਰੀਆ ਵਰਗੀਆਂ ਸ਼ਖ਼ਸੀਅਤਾਂ ਨੂੰ ਵੀ ਮਿਲਦੀ ਹੈ ਅਤੇ ਦੋਸਤੀ ਦੀ ਸਾਂਝ ਪਾਉਂਦੀ ਹੈ। ਟੋਰਾਂਟੋ ਦੀ ਉੱਘੀ-ਕਵਿੱਤਰੀ ਸੁਰਜੀਤ ਕੌਰ ਜਿਸ ਨੇ ਸੁਵਰਨ ਸਿੰਘ ਵਿਰਕ, ਸਲੀਮ ਪਾਸ਼ਾ, ਡਾ. ਦਰਸ਼ਨ ਸਿੰਘ ਤੇ ਡਾ. ਹਰਵਿੰਦਰ ਸਿੰਘ ਸਿਰਸਾ ਸਮੇਤ ਇਸ ਪੁਸਤਕ ਦਾ ਮੁੱਖ-ਬੰਦ ਲਿਖਿਆ ਹੈ, ਇਸ ਦੇ ਬਾਰੇ ਕਹਿੰਦੀ ਹੈ,”ਸੰਸਾਰ ਇਕ ਸ਼ੀਸ਼ਾ ਹੀ ਤਾਂ ਹੈ ਜਿਸ ਵਿੱਚੋਂ ਛਿੰਦਰ ਕੌਰ ਨੂੰ ਆਪਣੀ ਚੰਗਿਆਈ ਦੇ ਦਰਸ਼ਨ ਹੋਏ। ਉਸ ਨੇ ਹਰ ਇਕ ਵਿਚ ਚੰਗਿਆਈ ਹੀ ਵੇਖੀ ਹੈ।” (ਪੰਨਾ-5)
ਇਸ ਸੀਮਤ ਜਿਹੇ ਸਮੇਂ ਵਿਚ ਉਹ ‘ਝੀਤਾ ਪਰਿਵਾਰ’ ਜਿਸ ਦੇ ਕੋਲ ਉਹ ਇੱਥੇ ਰਹਿੰਦੀ ਹੈ, ਦੇ ਨਾਲ ਨਿਆਗਰਾ ਫ਼ਾਲਜ਼, ਸੀ. ਐੱਨ. ਟਾਵਰ ਤੇ ਟੋਰਾਂਟੋ ਏਰੀਏ ਦੀਆਂ ਹੋਰ ਰਮਣੀਕ ਥਾਵਾਂ ਅਤੇ ਹੀਰਾ ਰੰਧਾਵਾ ਵੱਲੋਂ ਨਿਰਦੇਸ਼ਤ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਵੇਖਣ ਵੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਾਣਦੀ ਹੈ। ਜਿੱਥੇ ਉਹ ‘ਮਹਿਕ’ ਟੀ.ਵੀ. ‘ਤੇ ਦੂਸਰਿਆਂ ਦੀ ਇੰਟਰਵਿਊ ਕਰਦੀ ਹੈ, ਉੱਥੇ ‘ਪੰਜ-ਆਬ’ ਅਤੇ ‘ਹਮਦਰਦ’ ਟੀ.ਵੀ. ਚੈਨਲਾਂ ‘ਤੇ ਆਪਣੀ ਇੰਟਰਵਿਊ ਵੀ ਦਿੰਦੀ ਹੈ ਜਿਸ ਨੂੰ ਬੇਸ਼ਕ ਉਹ ਇਕ ਕਠਨ-ਕਾਰਜ ਸਮਝਦੀ ਹੈ ਪਰ ਇਨ੍ਹਾਂ ਪ੍ਰੋਗਰਾਮਾਂ ਦੇ ਸੰਚਾਲਕਾਂ ਦੇ ਵਧੀਆ ਵਿਹਾਰ ਅਤੇ ਉਨ੍ਹਾਂ ਵੱਲੋਂ ਮਿਲੇ ਨਿੱਘੇ ਮਿਲਵਰਤਣ ਸਦਕਾ ਇਹ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦੀ ਹੈ।
ਖ਼ੁਦ ਆਪਣੇ ਅਤੇ ਪ੍ਰਸਿੱਧ ਪੰਜਾਬੀ ਸ਼ਾਇਰਾਂ ਦੇ ਟੋਟਕਿਆਂ ਨਾਲ ਉਹ ਲੱਗਭੱਗ ਰੋਜ਼ਾਨਾ ਹੀ ਆਪਣਾ ਇਕ ਘੰਟੇ ਦਾ ‘ਲਾਈਵ’ ਪ੍ਰੋਗਰਾਮ ਸ਼ੁਰੂ ਕਰਦੀ ਹੈ ਅਤੇ ਸਵੈ-ਗਿਆਨ ਤੇ ਚੋਣਵੇਂ ਪੰਜਾਬੀ ਸੱਭਿਆਚਾਰਕ ਗੀਤਾਂ ਦੀ ਸਹਾਇਤਾ ਨਾਲ ਇਸ ਨੂੰ ਬਾਖ਼ੂਬੀ ਪੇਸ਼ ਕਰਦੀ ਹੈ ਜਿਸ ਵਿਚ ਕਈਆਂ ਸਾਹਿਤਕ ਸ਼ਖ਼ਸੀਅਤਾਂ ਨਾਲ ਦਿਲਚਸਪ ਮੁਲਕਾਤਾਂ ਅਤੇ ਹੋਰ ਮਨੋਰੰਜਕ ਸਮੱਗਰੀ ਸ਼ਾਮਲ ਕਰਦੀ ਹੈ। ਇਹ ਮੁਲਾਕਾਤਾਂ ਸੁਰਜੀਤ ਕੌਰ, ਪ੍ਰੋ. ਜਗੀਰ ਸਿੰਘ ਕਾਹਲੋਂ, ਮਲੂਕ ਸਿੰਘ ਕਾਹਲੋਂ, ਸਲੀਮ ਪਾਸ਼ਾ, ਪਰਮ ਸਰਾਂ, ਕੈਲਾਸ਼ ਠਾਕੁਰ, ਰੂਣਾ ਸੰਘਾ ਆਦਿ ਸਾਹਿਤਕ ਸ਼ਖ਼ਸੀਅਤਾਂ ਨਾਲ ਕੀਤੀਆਂ ਜਾਂਦੀਆਂ ਹਨ। ਇਸ ਦੌਰਾਨ ਹੀ ਪੰਜਾਬੀ ਸਭਿਆਚਾਰ ਨਾਲ ਜੁੜਿਆ ਇਕ ਵਿਸ਼ੇਸ਼ ਪ੍ਰੋਗਰਾਮ ਵੀ ਪੇਸ਼ ਕਰਦੀ ਹੈ ਜਿਸ ਵਿਚ ‘ਬੀਜੀ’ ਤੋਂ ਸੁਣੀਆਂ ਅਤੇ ਆਪਣੇ ਜ਼ਿਹਨ ਵਿਚ ਰਚੀਆਂ ਹੋਈਆਂ ਬੋਲੀਆਂ ਪੇਸ਼ ਕਰਦੀ ਹੈ ਅਤੇ ਨਾਲ ਹੀ ‘ਏਅਰ’ ‘ਤੇ ਹੋਰ ‘ਭੈਣਾਂ’ ਕੋਲੋਂ ਵੀ ‘ਲਾਈਵ-ਬੋਲੀਆਂ’ ਦਰਸ਼ਕਾਂ ਨੂੰ ਸੁਣਾਉਂਦੀ ਹੈ।
ਲੱਗਭੱਗ ਮਹੀਨੇ ਦੇ ਇਸ ਅਰਸੇ ਵਿਚ ਉਸ ਨੂੰ ਪਤੀ ਅਤੇ ਬੱਚਿਆਂ ਦੀ ਯਾਦ ਵੀ ਬਿਹਬਲ ਕਰਦੀ ਹੈ ਜਿਸ ਦੀ ਘਾਟ ਨੂੰ ਉਹ ਰੋਜ਼ਾਨਾ ਆਪਣੇ ਪਤੀ ਕੁਲਵੰਤ ਸਿੰਘ ਨੂੰ ਫ਼ੋਨ ਕਰਕੇ ਅਤੇ ਝੀਤਾ ਪਰਿਵਾਰ ਦੇ ਬੱਚਿਆਂ ਸੰਤ, ਬਸੰਤ ਤੇ ਪਾਲੀ ਨੂੰ ਆਪਣੇ ਬੱਚਿਆਂ ਮਨੀ ਤੇ ਮੀਤ ਵਾਂਗ ਪਿਆਰ ਕਰਕੇ ਪੂਰਿਆਂ ਕਰਦੀ ਹੈ। ਉਸ ਦਾ ਛੋਟਾ ਬੇਟਾ ਮਨਮੀਤ ਇੱਥੇ ਬਰੈਂਪਟਨ ਤੋਂ ਕੁਝ ਦੂਰ ਸ਼ਹਿਰ ਔਸ਼ਵਾ ਵਿਖੇ ਕਾਲਜ ਦਾ ਵਿਦਿਆਰਥੀ ਹੈ ਅਤੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਦਸੰਬਰ ਮਹੀਨੇ ਵਿਚ ਕਰਵਾਏ ਗਏ ਸਲਾਨਾ ਸਮਾਗ਼ਮ ਵਿਚ ਉਸ ਨੇ ਇਸ ਪੁਸਤਕ ਦੇ ਲੋਕ-ਅਰਪਣ ਸਮੇਂ ਆਪਣੀ ਮੰਮੀ ਵੱਲੋਂ ਬੜੇ ਹੀ ਖ਼ੂਬਸੂਰਤ ਸ਼ਬਦਾਂ ਵਿਚ ਹਾਜ਼ਰੀਨ ਦਾ ਧੰਨਵਾਦ ਕੀਤਾ ਸੀ।
ਪੁਸਤਕ ਦਾ ਅੰਤ ਬੜੇ ਹੀ ਕਰੁਣਾਮਈ ਢੰਗ ਨਾਲ ਹੁੰਦਾ ਹੈ। ਦੋ ਨਵੰਬਰ ਤੋਂ 24 ਨਵੰਬਰ ਤੱਕ ਆਪਣੀ ਇਕ ਮਹੀਨੇ ਤੋਂ ਵੀ ਘੱਟ ਆਪਣੀ ਕੈਨੇਡਾ ਯਾਤਰਾ ਪੂਰੀ ਕਰਕੇ ਜਦੋਂ ਉਹ ਵਾਪਸ ਦਿੱਲੀ ਪਹੁੰਚਦੀ ਹੈ ਤਾਂ ਏਅਰਪੋਰਟ ਤੋਂ ਬਾਹਰ ਆਪਣੇ ਪਤੀ ਕੁਲਵੰਤ ਸਿੰਘ ਅਤੇ ਡਰਾਈਵਰ ਨੂੰ ਵੇਖ ਕੇ ਪੁੱਛਦੀ ਹੈ,”ਮੇਰੇ ਭਰਾ ਤੇ ਬੱਚੇ ਕਿਉਂ ਨਹੀਂ ਆਏ?” ਤਾਂ ਪਤੀ-ਦੇਵ ਹੱਸਦਿਆ ਹੋਇਆਂ ਟਾਲਦਿਆਂ ਕਹਿੰਦਾ ਹੈ, ”ਬੱਚਿਆਂ ਦੇ ਪੇਪਰ ਸਨ ਤੇ ਤੇਰੇ ਭਰਾਵਾਂ ਨੂੰ ਵੀ ਕੰਮ ਸੀ, ਇਸ ਲਈ ਉਹ ਨਹੀਂ ਆ ਸਕੇ।”
ਦਰਅਸਲ, ਉਸ ਦੇ ਪਿਤਾ ਜੀ ਜਿਨ੍ਹਾਂ ਨੇ ਮਹੀਨਾ ਪਹਿਲਾਂ ਘਰ ਵਿਚ ਬਾ-ਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ ਕਰਾ ਕੇ ਆਪਣੀ ਛਿੰਦੀ ਧੀ ਨੂੰ ਪੂਰੇ ਸ਼ਗਨਾਂ ਨਾਲ ਕੈਨੇਡਾ ਤੋਰਿਆ ਸੀ, ਚਾਰ ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਹਨ ਅਤੇ ਉਸ ਦਾ ਪਤੀ ਕੁਲਵੰਤ ਸਿੰਘ ਇਹ ਅਤੀ ਦੁਖ਼ਦਾਈ ਖ਼ਬਰ ਉਸ ਦੇ ਅੱਗੇ ਜ਼ਾਹਿਰ ਨਾ ਕਰਕੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਦੇ ਮੁੱਖ-ਪਾਤਰ ਉਸ ‘ਬਜ਼ੁਰਗ’ ਦਾ ਰੂਪ ਧਾਰ ਲੈਂਦਾ ਹੈ ਜਿਸ ਦਾ ਜਵਾਨ ਫ਼ੌਜੀ ਪੁੱਤਰ ਲੜਾਈ ਵਿਚ ਮਾਰਿਆ ਜਾ ਚੁੱਕਾ ਹੈ ਪਰ ਉਹ ਇਸ ਦੀ ਉੱਘ ਵੀ ਨਾ ਕੱਢ ਕੇ ਆਪਣੇ ਪੁੱਤਰ ਦੇ ਫ਼ੌਜੀ ਦੋਸਤ ਦੀ ਛੁੱਟੀ ਖ਼ਰਾਬ ਨਹੀਂ ਕਰਦਾ, ਕਿਉਂਕਿ ਫ਼ੌਜੀਆਂ ਨੂੰ ਛੁੱਟੀਆਂ ਬੜੀਆਂ ਪਿਆਰੀਆਂ ਹੁੰਦੀਆਂ ਹਨ।
ਘਰ ਪਹੁੰਚ ਕੇ ਚਾਹ-ਪਾਣੀ ਪੀਣ ਤੋਂ ਉਹ ਛਿੰਦਰ ਨੂੰ ਉਸ ਦੇ ਪੇਕੇ ਐਲਨਾਬਾਦ ਚੱਲਣ ਲਈ ਕਹਿੰਦਾ ਹੈ। ਉਸ ਦੀ ਸਿਰਸੇ ਰਹਿੰਦੀ ਭੈਣ ਤੇ ਜੀਜਾ ਵੀ ਉਨ੍ਹਾਂ ਦੇ ਨਾਲ ਹੀ ਜਾਂਦੇ ਹਨ। ਉੱਥੇ ਪਹੁੰਚ ਕੇ ਘਰ ਦੇ ਅੱਗੇ ਗੱਡੀਆਂ, ਬਾਈਕ ਤੇ ਸਕੂਟਰ ਲੱਗੇ ਹੋਏ ਵੇਖ ਕੇ ਵੀ ਉਸ ਨੂੰ ਲੱਗਦਾ ਹੈ ਕਿ ਲੋਕ ਉਸ ਦੇ ‘ਨੰਬਰਦਾਰ ਭਾਪਾ ਜੀ’ ਨੂੰ ਮਿਲਣ ਲਈ ਆਏ ਹੋਣਗੇ, ਪਰ ਵਿਹੜੇ ਵਿਚ ਚਿੱਟੀਆਂ ਚਾਦਰਾਂ ‘ਤੇ ਬੈਠੇ ਲੋਕਾਂ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ ਕਿ ਉਸ ਦੇ ਭਾਪਾ ਜੀ ਇਸ ਸੰਸਾਰ ਵਿਚ ਨਹੀਂ ਰਹੇ। ਫਿਰ ਉਸ ਦੇ ਦਿਲ ‘ਤੇ ਕੀ ਬੀਤਦੀ ਹੈ, ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ। ਉਸ ਨੂੰ ਏਹੀ ਝੋਰਾ ਖਾਈ ਜਾਂਦਾ ਹੈ ਕਿ ਉਹ ਆਪਣੇ ‘ਧਰਮੀ ਬਾਬਲ’ ਦਾ ਆਖ਼ਰੀ ਦੀਦਾਰ ਵੀ ਨਹੀਂ ਕਰ ਸਕੀ।
ਇਸ ਤਰ੍ਹਾਂ ਛਿੰਦਰ ਸਿਰਸਾ ਦੇ ਇਸ ਖ਼ੁਸ਼ੀਆਂ ਨਾਲ ਭਰਪੂਰ ਕੈਨੇਡਾ ਦੇ ਸਫ਼ਰਨਾਮੇ ਦਾ ਅੰਤ ਅਤੀ-ਦੁਖ਼ਦਾਈ ਹੁੰਦਾ ਹੈ ਜਿਸ ਨੂੰ ਉਸ ਦੀ ਕਲਮ ਨੇ ਬਾਖ਼ੂਬੀ ਪੇਸ਼ ਕੀਤਾ ਹੈ। ਸਫ਼ਰਨਾਮੇ ਵਿਚ ਨਾਵਲ ਵਰਗੀ ਰਵਾਨਗੀ ਹੈ ਅਤੇ ਪਾਠਕ ਇਸ ਦੇ ਇਕ-ਦੋ ਕਾਂਡ ਪੜ੍ਹ ਕੇ ਅੱਗੋਂ ਵੀ ਇਸ ਨੂੰ ਜਲਦੀ ਜਲਦੀ ਪੜ੍ਹ ਕੇ ਜਗਿਆਸਾ ਪੂਰੀ ਕਰਨ ਅਤੇ ਅਨੰਦ ਲੈਣ ਦੀ ਕੋਸ਼ਿਸ਼ ਕਰਦਾ ਹੈ।
-ਡਾ. ਸੁਖਦੇਵ ਸਿੰਘ ਝੰਡ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …