
ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ’ਚ ਚੱਲ ਰਹੇ ਬਜਟ ਇਜਲਾਸ ਦੇ ਅੱਜ ਦੂਜੇ ਦਿਨ ਵਿਰੋਧੀ ਧਿਰ ਵਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ’ਤੇ ਬਹਿਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਾਲਾ-ਚਾਬੀ ਦਾ ਲਿਫਾਫਾ ਗਿਫਟ ਕਰ ਦਿੱਤਾ। ਮਾਨ ਨੇ ਕਿਹਾ ਕਿ ਮੈਂ ਸੱਚ ਬੋਲਾਂਗਾ ਤਾਂ ਵਿਰੋਧੀ ਭੱਜ ਜਾਣਗੇ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਪ੍ਰਗਟਾਇਆ। ਸਦਨ ਵਿਚ ਇਸ ਗੱਲ ’ਤੇ ਬਹੁਤ ਹੰਗਾਮਾ ਹੋਇਆ ਅਤੇ ਸੀਐੱਮ ਤੇ ਬਾਜਵਾ ਵਿਚਾਲੇ ਜ਼ੁਬਾਨੀ ਜੰਗ ਵੀ ਹੋਈ। ਸੀਐੱਮ ਮਾਨ ਨੇ ਸਪੀਕਰ ਸੰਧਵਾਂ ਨੂੰ ਕਿਹਾ ਉਹ ਸਦਨ ਵਿਚ ਦੋ ਤਾਲੇ ਲੈ ਕੇ ਆਏ ਸਨ। ਇਕ ਤਾਲਾ ਤੁਹਾਨੂੰ ਦਿੱਤਾ ਸੀ ਜਦੋਂ ਕਿ ਦੂਜਾ ਉਨ੍ਹਾਂ ਕੋਲ ਹੀ ਸੀ ਤਾਂ ਕਿ ਆਪਣਾ ਵੀ ਕੋਈ ਬਾਹਰ ਨਾ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਬਿਨਾ ਡਰਾਈਵਰ ਤੋਂ ਭੱਜਣ ਵਾਲੀ ਖਤਰਨਾਕ ਟਰੇਨ ਦੱਸਿਆ। ਇਸੇ ਦੌਰਾਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅੱਜ ਵਿਧਾਨ ਸਭਾ ਵਿਚ ਹੋਏ ਕਥਿਤ ਅਪਮਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਰੋ ਵੀ ਪਏ। ਕੋਟਲੀ ਨੇ ਆਰੋਪ ਲਾਇਆ ਕਿ, ਸੀਐਮ ਮਾਨ ਵਲੋਂ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ।