
ਵਿੱਤ ਮੰਤਰੀ ਆਤਿਸ਼ੀ ਨੇ ਬਜਟ ਦੌਰਾਨ ਕੀਤਾ ਐਲਾਨ
ਹਿਮਾਚਲ ਸਰਕਾਰ ਵੀ ਮਹਿਲਾਵਾਂ ਨੂੰ ਦੇਵੇਗੀ 1500 ਰੁਪਏ ਪ੍ਰਤੀ ਮਹੀਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਿਚ ਵਿੱਤ ਮੰਤਰੀ ਆਤਿਸ਼ੀ ਨੇ ਅੱਜ ਸੋਮਵਾਰ ਨੂੰ ਸਾਲ 2024-2025 ਦੇ ਲਈ 76 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਆਤਿਸ਼ੀ ਨੇ ਬਜਟ ਵਿਚ 18 ਸਾਲ ਤੋਂ ਉਪਰ ਦੀ ਉਮਰ ਵਾਲੀਆਂ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਲਈ ਦਿੱਲੀ ਸਰਕਾਰ ਮਹਿਲਾ ਸਨਮਾਨ ਯੋਜਨਾ ਲੈ ਕੇ ਆਈ ਹੈ। ਆਤਿਸ਼ੀ ਨੇ ਵਿਧਾਨ ਸਭਾ ਵਿਚ ਬਜਟ ਦੌਰਾਨ ਆਪਣੇ ਭਾਸ਼ਣ ਵਿਚ ਕਿਹਾ ਕਿ ਹੁਣ ਤੱਕ ਅਮੀਰ ਦਾ ਬੱਚਾ ਅਮੀਰ ਹੁੰਦਾ ਸੀ, ਗਰੀਬ ਦਾ ਬੱਚਾ ਗਰੀਬ ਹੀ ਰਹਿ ਜਾਂਦਾ ਸੀ ਅਤੇ ਇਹ ਰਾਮ ਰਾਜ ਦੇ ਸੰਕਲਪ ਦੇ ਉਲਟ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਸ ਨੂੰ ਬਦਲ ਦਿੱਤਾ ਹੈ। ਅੱਜ ਮਜ਼ਦੂਰਾਂ ਦੇ ਬੱਚੇ ਵੀ ਮੈਨੇਜਿੰਗ ਡਾਇਰੈਕਟਰ ਬਣ ਰਹੇ ਹਨ। ਆਤਿਸ਼ੀ ਨੇ ਕਿਹਾ ਕਿ ਅਸੀਂ ਪਿਛਲੇ 9 ਸਾਲਾਂ ਵਿਚ ਰਾਮ ਰਾਜ ਦਾ ਸਪਨਾ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੀ ਜਨਤਾ ਨੂੰ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਵਿੱਤ ਮੰਤਰੀ ਆਤਿਸ਼ੀ ਨੇ ਇਹ ਵੀ ਕਿਹਾ ਕਿ ਅਸੀਂ 9 ਸਾਲਾਂ ਵਿਚ ਦਿੱਲੀ ਵਾਸੀਆਂ ਲਈ ਬਹੁਤ ਕੰਮ ਕੀਤੇ ਹਨ ਅਤੇ ਅਜੇ ਤੱਕ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਵੀ 18 ਤੋਂ 60 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ।