Breaking News
Home / ਨਜ਼ਰੀਆ / ਔਰਤ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ

ਔਰਤ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ

ਮੇਜਰ ਸਿੰਘ ਨਾਭਾ
ਸਾਡੇ ਸਮਾਜ ਅੰਦਰ ਇਸਤਰੀ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਹੈ। ਇਸਤਰੀ ਆਪਣੇ ਉਪਰ ਪੁਰਾਤਨ ਸਮਿਆਂ ਤੋਂ ਅੱਤਿਆਚਾਰ ਸਹਿੰਦੀ ਹੋਈ ਮਰਦਾਂ ਦਾ ਮੁਕਾਬਲਾ ਕਰਦੀ ਆ ਰਹੀ ਹੈ। ਇਸਤਰੀ ਦੇ ਹੱਕ ਵਿਚ ਸਾਡੇ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ,
”ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨੁ।”
ਵੱਡੇ ਵੱਡੇ ਰਾਜੇ, ਮਹਾਰਾਜਿਆਂ, ਪੀਰਾਂ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਮਾਂ ਰੂਪੀ ਇਸਤਰੀ ਨੂੰ ਨੀਵਾਂ ਕਿਉਂ ਦੇਖਿਆ ਜਾਂਦਾ ਹੈ? ਇਸ ਬਾਰੇ ਸਾਨੂੰ ਡੁੰਘਾਈ ਨਾਲ ਸੋਚਣ ਦੀ ਲੋੜ ਹੈ।
ਸਾਡੇ ਦੇਸ਼ ਵਿਚ ਅਨਪੜ੍ਹਤਾ ਦੀ ਦਰ ਉੱਚੀ ਹੋਣ ਕਾਰਨ ਸਮਾਜ ਬੁਰਾਈਆਂ ਦਾ ਜ਼ਿਆਦਾ ਹੋਣਾ ਸੁਭਾਵਕ ਹੀ ਹੈ। ਸਾਖਰਤਾ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਵਿਚ ਕੁੱਲ ਅਨਪੜ੍ਹਾਂ ਵਿਚੋਂ ਬਹੁਤੀ ਗਿਣਤੀ ਔਰਤ ਅਨਪੜ੍ਹਾਂ ਦੀ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਪਛੜੇ ਵਰਗਾਂ ਦੀਆਂ ਔਰਤਾਂ ਹੀ ਹਨ। ਔਰਤ ਦਾ ਇਸੇ ਲਈ ਰੂੜੀਵਾਦ ਵਿਚਾਰਾਂ ਦਾ ਹੋਣਾ ਵੀ ਸੁਭਾਵਿਕ ਹੈ ਜਿਸ ਸਦਕਾ ਕਈ ਸਮਾਜਿਕ ਬੁਰਾਈਆਂ ਦੀ ਜੜ੍ਹ ਔਰਤ ਆਪ ਹੀ ਹੈ। ਧੀ ਤੋਂ ਲੈ ਕੇ ਸੱਸ ਦਾ ਸਫ਼ਰ ਨਾਰੀ ਲਈ ਅਹਿਮ ਹੈ। ਹਰੇਕ ਨਾਰੀ ਆਪਣੀ ਧੀ ਨੂੰ ਸੁਖੀ ਵਸਦੀ ਵੇਖਣਾ ਚਾਹੁੰਦੀ ਹੈ। ਨੂੰਹ ਸੱਸ ਦੇ ਸੰਬੰਧਾਂ ਨੂੰ ਸਾਡੇ ਸਮਾਜ ਵਿਚ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਇਹਨਾਂ ਸੰਬੰਧਾਂ ਵਿਚ ਅਕਸਰ ਤ੍ਰੇੜਾਂ ਪੈਣ ਦਾ ਖਦਸ਼ਾ ਰਹਿੰਦਾ ਹੈ। ਇਹਨਾਂ ਰਿਸ਼ਤਿਆਂ ਨੂੰ ਮਾਂ ਅਤੇ ਧੀ ਦੇ ਰੂਪ ਵਿਚ ਬਦਲਣ ਦੀ ਲੋੜ ਹੈ ਜੋ ਕਿ ਨਾਰੀ ਹੀ ਕਰ ਸਕਦੀ ਹੈ।
ਅੱਜ ਕੱਲ੍ਹ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ। ਇਹ ਬੜਾ ਗੰਭੀਰ ਮਸਲਾ ਹੈ। ਇਸ ਨਾਲ ਕੁਦਰਤੀ ਸੰਤੁਲਿਨ ਵਿਗੜਨ ਦਾ ਡਰ ਵਧਦਾ ਜਾ ਰਿਹਾ ਹੈ। ਲੜਕੇ ਦੀ ਅਹਿਮੀਅਤ ਸਾਡੇ ਸਮਾਜ ਵਿਚ ਅੱਜ ਵੀ ਲੜਕੀਆਂ ਨਾਲੋਂ ਵੱਧ ਸਮਝੀ ਜਾ ਰਹੀ ਹੈ ਭਾਵੇਂ ਕਿ ਪਰਿਵਾਰ ਪੜਿਆ ਲਿਖਿਆ ਹੋਵੇ ਉਹ ਵੀ ਆਪਣੇ ਮਨ ਅੰਦਰ ਇਹੀ ਧਾਰਨਾ ਬਣਾਈ ਬੈਠਾ ਹੈ। ਔਰਤ ਵੀ ਮਰਦ ਨਾਲੋਂ ਮੁੰਡੇ ਨੂੰ ਜ਼ਿਆਦਾ ਅਹਿਮੀਅਤ ਦੇਂਦੀ ਹੈ। ਗਰਭਪਾਤ ਦੀ ਸਮੱਸਿਆ ਔਰਤ ਲਈ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਹਾਨੀਕਾਰਕ ਸਾਬਤ ਹੋ ਰਹੀ ਹੈ। ਅੱਸੀਵਿਆਂ ਵਿਚ ਆਈ ਅਲਟਰਾ ਸਾਉਂਡ ਵਿਧੀ ਨੇ ਅਣਜੰਮੀਆਂ ਧੀਆਂ ਨੂੰ ਮਾਰ ਮੁਕਾਉਣ ਦਾ ਇਹ ਰਾਹ ਖੋਲ੍ਹ ਦਿੱਤਾ।
2011 ਦੀ ਮਰਦਮ ਸੁਮਾਰੀ ਅਨੁਸਾਰ ਪੰਜਾਬ ‘ਚ ਇਕ ਹਜ਼ਾਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ 895 ਰਹਿ ਗਈ ਹੈ ਪਰ 0-6 ਸਾਲ ਤੱਕ ਬੱਚਿਆਂ ਦੇ ਲਿੰਗ ਅਨੁਪਾਤ (793) ਘਟੀ ਹੈ। ਸੋ ਆਉਣ ਵਾਲੇ ਸਮੇਂ ਵਿੱਚ ਕੁੜੀਆਂ ਦੀ ਗਿਣਤੀ ਹੋਰ ਘੱਟ ਸਕਦੀ ਹੈ। ਬਾਕੀ ਰਾਜਾਂ ਦੀ ਅਨੁਪਾਤ ਵੀ ਭਾਵੇਂ ਘੱਟ ਹੈ। ਪਰ ਪੰਜਾਬ ਅੰਦਰ ਇਹ ਜ਼ਿਆਦਾ ਘੱਟ ਹੈ ਜੋ ਕਿ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸਤਰੀਆਂ ਦੀ ਵਸੋਂ ਵਿਚ ਕਮੀ ਦਾ ਮੌਜੂਦਾ ਰੁਝਾਣ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਯੁਵਕਾਂ ਲਈ ਆਪਣੇ ਫਿਰਕੇ ‘ਚ ਕੁੜੀਆਂ ਲੱਭਣੀਆਂ ਔਖੀਆਂ ਹੋ ਜਾਣਗੀਆਂ। ਇਸ ਤਰ੍ਹਾਂ ਮਾਵਾਂ ਦੇ ਪੁੱਤਰਾਂ ਪ੍ਰਤੀ ਲਾਡ ਧੀਆਂ ਤੋਂ ਬਗੈਰ ਅਧੂਰੇ ਰਹਿ ਸਕਦੇ ਹਨ।
ਭਾਰਤੀ ਨਾਰੀ ਨੇ ਬਹੁਤ ਸਾਰੇ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਜਿਵੇਂ ਸਾਹਿਤ ਦੇ ਖੇਤਰ ਵਿਚ ਅੰਮ੍ਰਿਤਾ ਪ੍ਰੀਤਮ, ਰਾਜਨੀਤੀ ਦੇ ਖੇਤਰ ਵਿਚ ਇੰਦਰਾ ਗਾਂਧੀ, ਕਲਾ ਦੇ ਖੇਤਰ ਵਿਚ ਅੰਮ੍ਰਿਤਾ ਸ਼ੇਰਗਿੱਲ, ਵਿਗਿਆਨ ਦੇ ਖੇਤਰ ਵਿਚ ਕਲਪਨਾ ਚਾਵਲਾ, ਪੁਲਿਸ ਸੇਵਾਵਾਂ ਵਿੱਚ ਕਿਰਨ ਬੇਦੀ ਅਤੇ ਖੇਡਾਂ ਵਿੱਚ ਬਹੁਤ ਸਾਰੀਆਂ ਖਿਡਾਰਨਾਂ ਆਦਿ ਨੇ ਨਾਮਣਾ ਖੱਟਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵਿਚ ਔਰਤਾਂ ਉੱਚੇ ਅਹੁਦਿਆਂ ਉੱਪਰ ਕੰਮ ਕਰ ਰਹੀਆਂ ਹਨ ਚੁਣੌਤੀ ਭਰੇ ਪੁਲਿਸ ਮਹਿਕਮੇ ਵਿਚ ਅੋਰਤਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਪਿਛਲੇ ਕਈ ਸਾਲਾਂ ਤੋਂ ਬੋਰਡ ਦੀਆਂ ਪ੍ਰੀਖਿਆਵਾਂ ‘ਚੋਂ ਪਹਿਲੀਆਂ ਪੁਜੀਸ਼ਨਾਂ ਤੇ ਕੁੜੀਆਂ ਹੀ ਕਾਬਜ਼ ਚਲੀਆਂ ਆ ਰਹੀਆਂ ਹਨ।
ਸਮਾਜ ਵਿਗਿਆਨੀ ਇਸ ਲਿੰਗ ਅਸੰਤੁਲਨ ਨੂੰ ਬਲਾਤਕਾਰ ਤੇ ਇਸਤਰੀਆਂ ਨਾਲ ਜੁਰਮਾਂ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਜੋੜਦੇ ਹਨ। ਅਕਸਰ ਅਸੀਂ ਅੰਤਰਜਾਤੀ ਪ੍ਰੇਮ ਵਿਆਹ ਕਰਾਉਣ ਵਾਲੇ ਜੋੜਿਆਂ ਦੇ ਕਤਲਾਂ ਨੂੰ ਅਖਬਾਰਾਂ ਵਿਚ ਪੜਦੇ ਰਹਿੰਦੇ ਹਾਂ ਜਦੋਂ ਕਿ ਕਈ ਜੋੜਿਆਂ ਨੂੰ ਤਾਂ ਕੁੜੀ ਦੇ ਬਾਪ/ਪਰਿਵਾਰਕ ਮੈਬਰਾਂ ਨੇ ਖੁਦ ਹੀ ਕਤਲ ਕੀਤਾ ਹੈ। ਇਸ ਤਰ੍ਹਾਂ ਦਾਜ ਦੇ ਲਾਲਚੀਆਂ ਵੱਲੋਂ ਆਤਮ ਹੱਤਿਆ ਲਈ ਮਜ਼ਬੂਰ ਕਰਨਾਂ ਜਾਂ ਮਾਰ ਦੇਣਾ, ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਆਦਿ ਮਾਪਿਆਂ ਲਈ ਕੁੜੀ ਪ੍ਰਤੀ ਘ੍ਰਿਣਾ ਪੈਦਾ ਕਰਨ ‘ਚ ਸਹਾਈ ਹੋ ਰਹੀਆਂ ਹਨ। ਸਾਡਾ ਸਮਾਜ ਮਾਂ-ਬਾਪ ਦੀ ਮਰਜ਼ੀ ਖਿਲਾਫ ਕੁੜੀਆਂ ਦੇ ਫੈਸਲੇ ਨੂੰ ਪ੍ਰਵਾਨਗੀ ਨਹੀਂ ਦਿੰਦਾ।ਇਸ ਮੁੱਦੇ ਨੂੰ ਡੁੰਘੀ ਵਿਚਾਰ ਕਰਨੀ ਸਾਡੇ ਸਮਾਜ ਦੀ ਜਿੰਮੇਵਾਰੀ ਬਣਦੀ ਹੈ। ਇਹ ਲਿੰਗਕ ਅੰਤਰ ਮਿਟਾਉਣ ਲਈ ਨਾਰੀ ਨੂੰ ਖੁਦ ਅੱਗੇ ਆਉਣ ਦੀ ਲੋੜ ਹੈ। ਪੰਜਾਬ ਵਿਚ ਤਾਂ ਹੋਰਨਾਂ ਰਾਜਾਂ ਤੋਂ ਇਸਤਰੀਆਂ ਲਿਆ ਕੇ ਘਰ ਵਸਾਉਣ ਦਾ ਰੁਝਾਣ ਕਾਫੀ ਸਮੇਂ ਤੋਂ ਚਲਿਆ ਆ ਰਿਹਾ ਹੈ। ਤਕਰੀਬਨ ਹਰੇਕ ਪਰਿਵਾਰ ਵਿਚ ਛੜਾ ਹੋਣਾ ਸਾਡੇ ਪਿੰਡਾਂ ਦੀ ਹੋਣੀ ਰਹੀ ਹੈ। ਕਈ ਪਰਿਵਾਰਾਂ ਵਿਚ ਤਾਂ ਕਈ ਕਈ ਛੜੇ ਰਹਿ ਜਾਂਦੇ ਸੀ। ਇਹੋ ਜਿਹੀ ਸਥਿਤੀ ਦੁਬਾਰਾ ਭਵਿੱਖ ਵਿਚ ਆਉਣ ਦੀ ਸੰਭਾਵਨਾ ਜਾਪਦੀ ਹੈ।
ਭਾਵੇਂ ਜਨਮ ਤੋਂ ਪਹਿਲਾਂ ਸੈਕਸ ਨਿਰਧਾਰਨ ਤੇ ਪਾਬੰਦੀ ਲਾਉਣ ਵਾਲਾ ਕਾਨੂੰਨ (ਪੀ.ਐਨ.ਡੀ.ਟੀ.)1994 ਵਿਚ ਹੋਂਦ ‘ਚ ਆ ਗਿਆ ਸੀ। ਇਸ ਕਾਨੂੰਨ ਤਹਿਤ ਡਾਕਟਰ ਤੇ ਮਾਪਿਆਂ ਨੂੰ ਸਜਾ ਤੇ ਜੁਰਮਾਨਾ ਹੋ ਸਕਦਾ ਹੈ। ਪਰ ਇਹ ਸਾਰੀਆਂ ਗੱਲਾਂ ਸਰਕਾਰੀ ਪ੍ਰਚਾਰ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ ਜਦੋਂ ਕਿ ਕੁੜੀਮਾਰਾਂ ਦੀ ਗਿਣਤੀ ਅਜੇ ਵੀ ਵਧ ਦੀ ਜਾ ਰਹੀ ਹੈ। ਅੱਜ ਤੱਕ ਕਿਸੇ ਡਾਕਟਰ ਜਾਂ ਮਾਪੇ ਨੂੰ ਇਸ ਐਕਟ ਅਧੀਨ ਸਜਾ ਹੋਈ ਸਾਹਮਣੇ ਨਹੀਂ ਆਈ। ਇਸ ਵਿਚ ਸਾਡਾ ਪ੍ਰਸਾਸ਼ਨ, ਡਾਕਟਰ ਅਤੇ ਮਾਪੇ ਬਰਾਬਰ ਦੇ ਜਿੰਮੇਵਾਰ ਹਨ। ਪਰ ਫਿਰ ਵੀ ਕਝ ਡਾਕਟਰ ਇਸ ਘਿਨਾਉਣੀ ਕਾਰਵਾਈ ਦੇ ਵਿਰੁੱਧ ਆਪਣੀ ਜ਼ਮੀਰ ਦੀ ਆਵਾਜ਼ ਉਠਾੳਣ ਲਈ ਸਾਹਮਣੇ ਆਏ ਹਨ। ਜਿਨਾਂ ਵਿਚੋਂ ਬੱਚਿਆਂ ਦੀ ਮਾਹਰ ਡਾਕਟਰ ਅਤੇ ਕਵਿੱਤਰੀ ਡਾ. ਗੁਰਮਿੰਦਰ ਸਿੱਧੂ ਨੇ ਇਕ ਗਰਭਪਾਤ ਕਰਾਉਣ ਆਏ ਜੋੜੇ ਤੋਂ ਪ੍ਰਭਾਵਿਤ ਹੋ ਕੇ ਇਕ ਪੋਸਟਰਨੁਮਾ ਪੱਤਰ ਦੇ ਰੂਪ ਵਿਚ ਅਣਜੰਮੀ ਧੀ ਦੀ ਪੁਕਾਰ ਬੜੇ ਦਿਲ ਕੰਬਾਊ ਸ਼ਬਦਾਂ ‘ਚ ਪੇਸ਼ ਕੀਤੀ ਹੈ ਜਿਸ ਦਾ ਕੁਝ ਭਾਗ ਇਸ ਤਰ੍ਹਾਂ ਹੈ। ”ਮੰਮੀ ਮੈਂ ਸਨਸਨੀਖੇਜ਼ ਖਬਰ ਸੁਣੀ ਹੈ, ਕਿ ਤੁਹਾਨੂੰ ਮੇਰੇ ਕੁੜੀ ਹੋਣ ਦਾ ਪਤਾ ਲੱਗ ਗਿਆ ਹੈ ਅਤੇ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ ਨਿੱਘੀ ਕੁੱਖ ਵਿਚੋਂ ਕੱਢ ਕੇ ਇਸ ਬੇਦਰਦ ਧਰਤੀ ‘ਤੇ ਪਟਕਾਅ ਮਾਰੋਗੇ…….ਮੈਨੂੰ ਬਚਾ ਲੈ ਅੰਮੀਏ! ਮੈਂ ਜਿਊਣਾ ਚਾਹੁੰਦੀ ਹਾਂ।”
ਹੋ ਸਕਦਾ ਅਣਜੰਮੀ ਧੀ ਨੇ ਸਾਡੇ ਦੇਸ਼ ਦੀ ਮਹਾਨ ਔਰਤ ਬਣਨਾ ਹੋਵੇ ਇਸ ਚਿੱਠੀ ਪੋਸਟਰਨੁਮਾ ਨੇ ਬਹੁਤ ਸਾਰੇ ਜੋੜਿਆਂ ਨੂੰ ਝੰਜੋੜਿਆ ਹੈ ਅਤੇ ਕਈ ਬੱਚੀਆਂ ਦੀ ਜਾਨ ਬਚਾਈ ਹੈ। ਭਾਵੇਂ ਸਿੱਖ ਸਮਾਜ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਦੇ ਜਥੇਦਾਰ ਨੇ ਭਰੁਣ ਹੱਤਿਆ ਦੇ ਬਾਰੇ ਅਜਿਹਾ ਕਰਨ ਵਾਲੇ ਦਾ ਸਮਾਜਿਕ ਬਾਈਕਾਟ ਕਰਨੇ ਲਈ ਹੁਕਮਨਾਮਾ ਜਾਰੀ ਕੀਤਾ ਹੈ।ਸੋ ਸਿੱਖ ਪਰਿਵਾਰਾਂ ਨੂੰ ਭਰੂਣ ਹੱਤਿਆ ਤੋਂ ਦੂਰ ਰਹਿ ਕੇ ਹੋਰਾਂ ਲਈ ਸੇਧ ਦੇਣੀ ਚਾਹੀਦੀ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …