Breaking News
Home / ਨਜ਼ਰੀਆ / ਨਿਆਂਸ਼ੀਲ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਮਰਪਿਤ

ਨਿਆਂਸ਼ੀਲ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਮਰਪਿਤ

ਡਾ: ਨਵਸ਼ਰਨ ਕੌਰ
ਹਰਜੀਤ ਬੇਦੀ
ਭਾਅ ਜੀ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਡਾ: ਨਵਸ਼ਰਨ ਕੌਰ ਕਿੱਤੇ ਵਜੋਂ ਸਮਾਜ ਸ਼ਾਸ਼ਤਰੀ ਹੈ। ਉਸ ਨੇ ਕਨੇਡਾ ਦੀ ਯੁਨੀਵਰਸਿਟੀ ਤੋਂ ਡਾਕਟਰੇਟ ਕਰ ਕੇ ਕੁੱਝ ਸਮਾਂ ਅਧਿਆਪਨ ਕਾਰਜ ਕੀਤਾ। ਇਸ ਉਪਰੰਤ ਕੈਨੇਡਾ ਦੀ ਇੱਕ ਸੰਸਥਾ ‘ਇੰਟਰਨੈਸ਼ਨਲ ਡਿਵੇਲਪਮੈਂਟ ਰਿਸਰਚ ਸੈਂਟਰ’ ਨਾਲ ਜੁੜ ਗਈ ਅਤੇ ਅੱਜ ਕੱਲ ਇਸ ਸੰਸਥਾ ਦੇ ਦਿੱਲੀ ਸਥਿਤ ਦਫਤਰ ਦਾ ਕੰਮ-ਕਾਜ ਸੰਭਾਲ ਰਹੀ ਹੈ। ਆਪਣੇ ਪਿਤਾ ਭਾਅ ਜੀ ਗੁਰਸ਼ਰਨ ਸਿੰਘ ਅਤੇ ਉਸਦੇ ਸਾਥੀਆਂ ਦੀ ਸੋਚ ਨੂੰ ਪਰਨਾਈ ਹੋਈ ਨਵਸ਼ਰਨ ਦਾ ਸਮੁੱਚੇ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਦੀਆਂ ਖੱਬੇ ਪੱਖੀ ਜਮਹੂਰੀ ਲਹਿਰਾਂ ਨਾਲ ਬਹੁਤ ਹੀ ਨੇੜੇ ਦਾ ਸਬੰਧ ਹੈ। ਉਸਦੇ ਕਹਿਣ ਮੁਤਾਬਕ ਉਸਦੀ ਖੇਤ ਮਜਦੂਰ ਔਰਤਾਂ ਨਾਲ ਮੁਲਾਕਾਤ ਭਾਅ ਜੀ ਭਾਵ ਉਹਨਾਂ ਦੇ ਪਿਤਾ ਜੀ ਗੁਰਸ਼ਰਨ ਸਿੰਘ ਰਾਹੀਂ ਹੀ ਹੋਈ। ਉਸ ਦੇ ਸ਼ਬਦਾਂ ਅਨੁਸਾਰ, ”ਉਹ ਖੇਤ ਮਜਦੂਰ ਔਰਤਾਂ ਬਾਰੇ ਗੱਲ ਕਰਦੇ ਤੇ ਫਿਕਰਮੰਦ ਅਤੇ ਨਿਰਾਸ਼ ਹੁੰਦੇ। ਸਾਡੀਆਂ ਮਜਦੂਰ ਔਰਤਾਂ ਪਿੱਛੇ ਰਹਿ ਗਈਆਂ। ਉਹ ਪਛੜ ਗਈਆਂ ਹਨ । ਉਹ ਅਕਸਰ ਕਹਿੰਦੇ।” ਸ਼ਾਇਦ ਇਹੀ ਕਾਰਣ ਹੈ ਕਿ ਉਸਦਾ ਕਾਰਜ ਖੇਤਰ ਬੇਜਮੀਨੇ ਦਲਿਤ ਮਜਦੂਰ, ਔਰਤਾਂ ਅਤੇ ਮੁੱਖ ਤੌਰ ‘ਤੇ ਪੰਜਾਬ ਦੀਆਂ ਦਲਿਤ ਮਜਦੂਰ ਔਰਤਾਂ ਹਨ। ਜਿਨ੍ਹਾਂ ਬਾਰੇ ਉਹਨਾਂ ਵਿੱਚ ਵਿਚਰ ਕੇ ਉਸ ਨੇ ਬੜੇ ਵਿਸਥਾਰ ਨਾਲ ਡੂੰਘਾ ਅਧਿਐਨ ਕੀਤਾ ਹੈ। ਉਸਦਾ ਕਹਿਣਾ ਹੈ ਕਿ ਇਹ ਔਰਤਾਂ ਦਲਿਤ, ਮਜਦੂਰ ਅਤੇ ਔਰਤ ਹੋਣ ਦੀ ਤੀਹਰੀ ਮਾਰ ਝੱਲ ਰਹੀਆਂ ਹਨ।
ਕਈ ਕਿਤਾਬਾਂ ਦੀ ਲੇਖਕਾ ਅਤੇ ਸੰਪਾਦਕ ਡਾ: ਨਵਸ਼ਰਨ ਦਾ ਅਹਿਮ ਖੋਜ ਕਾਰਜ ਭਾਰਤ ਦੇ ਵਿਵਾਦਤ ਬਾਰਡਰ ਇਲਾਕਿਆਂ ਕਸ਼ਮੀਰ ਅਤੇ ਉੱਤਰ ਪੂਰਬ ਵਿੱਚ ਦੇਸ਼ ਦੀ ਸੁਰੱਖਿਆ ਦੇ ਨਾਂ ਤੇ ਆਮ ਲੋਕਾਂ ਉੱਤੇ ਫੌਜ ਅਤੇ ਸੁਰੱਖਿਆ ਬਲਾਂ ਵਲੋਂ ਢਾਹੇ ਜਾਂਦੇ ਜੁਲਮ ਅਤੇ ਉਹਨਾਂ ਦੇ ਮਨੁੱਖੀ ਅਤੇ ਜਮਹੂਰੀ ਹੱਕਾਂ ਦੇ ਘਾਣ ਬਾਰੇ ਹੈ। ਭਾਰਤ ਸਰਕਾਰ ਦੀਆਂ ਫਾਸ਼ੀ, ਫਿਰਕੂ, ਦਲਿਤ ਅਤੇ ਔਰਤ ਵਿਰੋਧੀ ਨੀਤੀਆਂ ਅਤੇ ਤਸ਼ੱਦਦ ਦੇ ਖਿਲਾਫ ਬਣੇ ਜਮਹੂਰੀ ਫਰੰਟ ਦੀ ਉਹ ਸਰਗਰਮ ਕਾਰਕੁੰਨ ਹੈ ਅਤੇ ਅਜੋਕੇ ਸਮੇਂ ਕਈ ਤੱਥ ਖੋਜ ਮਿਸ਼ਨਾਂ ਵਿੱਚ ਸ਼ਾਮਲ ਹੈ। ਇਸੇ ਸੰਦਰਭ ਵਿੱਚ ਉਸ ਨੇ ਕਸ਼ਮੀਰੀਆਂ ਵਿਰੁੱਧ ਭਾਰਤੀ ਫੌਜਾਂ ਦੀ ਧੱਕੇਸ਼ਾਹੀ , ਝੂਠੇ ਪਲਿਸ ਮੁਕਾਬਲੇ, ਪੈਲਟ ਗੰਨਾਂ ਨਾਲ ਕਸ਼ਮੀਰੀ ਨੌਜਵਾਨਾਂ ਨੂੰ ਅੰਨ੍ਹਿਆਂ ਕਰਨ ਦੀ ਨੀਤੀ ਉੱਤੇ ਕਸ਼ਮੀਰ ਵਿੱਚ ਜਾਂਚ ਕਰ ਕੇ ਵਿਸਥਾਰਪੂਰਬਕ ਰਿਪੋਰਟ ਤਿਆਰ ਕੀਤੀ ਅਤੇ ਬੇਖੌਫ ਹੋ ਕੇ ਕਸ਼ਮੀਰੀ ਲੋਕਾਂ ਦੇ ਮਨੁੱਖੀ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਸ ਦੁਆਰਾ ਇਕੱਤਰ ਕੀਤੇ ਤੱਥ ਭਾਰਤੀ ਸਟੇਟ ਦੇ ਕਿਰਦਾਰ ਉੱਤੇ ਝਾਤ ਪੁਆਉਂਦੇ ਹਨ।
ਪਿਛਲੇ ਸਮੇਂ ਦੌਰਾਨ ਭਾਰਤ ਭਰ ਵਿੱਚ ਮੁਸਲਮਾਨਾਂ ਅਤੇ ਦਲਿਤਾਂ ਦੇ ਖਿਲਾਫ ਗਊ-ਰੱਖਿਆ ਦੇ ਨਾਂ ਤੇ ਕੀਤੇ ਤਸ਼ਦਦ ਅਤੇ ਕਤਲਾਂ ਵਿਰੁੱਧ ਆਸਾਮ ਤੇ ਹਰਿਆਣਾ ਤੱਕ ਯਾਤਰਾ ਕੱਢੀ। ਇਸ ਯਾਤਰਾ ਦੌਰਾਨ ਲੋਕਾਂ ਨੂੰ ਇਸ ਅਣਮਨੁੱਖੀ ਕਹਿਰ ਵਿਰੁੱਧ ਜਾਗਰਤ ਅਤੇ ਲਾਮਬੰਦ ਕਰਨ ਦੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਮਿਲੇ। ਉਹਨਾਂ ਨੂੰ ਇਨਸਾਫ ਦਿਵਾਉਣ ਲਈ ਰਣਨੀਤੀ ਤਿਆਰ ਕੀਤੀ ਅਤੇ ਮੁਹਿੰਮ ਸ਼ੁਰੂ ਕੀਤੀ ਜੋ ਅਜੇ ਤੱਕ ਜਾਰੀ ਹੈ। ਇਸ ਦੇ ਬਾਰੇ ਤੱਥਾਂ ਸਮੇਤ ਬਹੁਤ ਕੁੱਝ ਲਿਖਿਆ ਅਤੇ ਰਿਪੋਰਟਾਂ ਜਾਰੀ ਕੀਤੀਆਂ।
ਪੰਜਾਬ ਦੇ ਇਨਕਲਾਬੀ ਨਾਟਕਾਂ ਅਤੇ ਸਾਹਿਤ ਨੇ ਦੱਬੇ ਕੁਚਲੇ ਲੋਕਾਂ ਜਿਵੇਂ ਛੋਟੇ ਕਿਸਾਨਾਂ, ਜਾਤ ਦੇ ਨਾਂ ‘ਤੇ ਜਾਂ ਔਰਤ ਹੋਣ ਕਰਕੇ ਉਹਨਾਂ ਦੇ ਹੋ ਰਹੇ ਸ਼ੋਸ਼ਣ ਨੂੰ ਸਮਝਣ ਵਿੱਚ ਮੱਦਦ ਕੀਤੀ। ਮਜਦੂਰੀ ਕਰਦੀਆਂ, ਪਸ਼ੂਆਂ ਲਈ ਪੱਠੇ ਖੋਤਦੀਆਂ ਜਿਨਸੀ ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਔਰਤਾਂ ਦਾ ਜ਼ਿਕਰ ਸਭਿੱਆਚਾਰਕ ਪਿੜਾਂ ਵਿੱਚ ਹੀ ਖੁਲ੍ਹ ਕੇ ਸਾਹਮਣੇ ਆਇਆ। ਔਰਤਾਂ ਦਾ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਘੋਲਾਂ ਵਿੱਚ ਸ਼ਾਮਲ ਹੋਣਾ ਬਹੁਤ ਹੱਦ ਤੱਕ ਅਜਿਹੀਆਂ ਸਭਿੱਆਚਾਰਕ ਸਰਗਰਮੀਆਂ ਦਾ ਹੀ ਸਿੱਟਾ ਹੈ। ਆਪਣੇ ਪਿਤਾ ਭਾਅ ਜੀ ਗੁਰਸ਼ਰਨ ਸਿੰਘ ਅਤੇ ਭਗਤ ਸਿੰਘ ਦੀ ਵਿਰਾਸਤ ਨੂੰ ਅੱਗੇ ਤੋਰਦੇ ਹੌਏ ਉਹ ਨਿਆਂਸ਼ੀਲ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਸਿਆਸਤ ਨੂੰ ਸਮਰਪਿਤ ਹੈ। ਅੱਜ ਕੱਲ੍ਹ ਉਸ ਨੇ ਪੰਜਾਬ ਦੇ ਇਨਕਲਾਬੀ ਸਭਿੱਆਚਾਰ ਨੂੰ ਸੰਭਾਲਣ ਲਈ ਚੰਡੀਗੜ੍ਹ ਵਾਲੇ ਆਪਣੇ ਘਰ ਵਿੱਚ ” ਇਨਕਲਾਬੀ ਸਭਿੱਆਚਾਰ ਪੰਜਾਬ ਆਰਕਾਈਵ” ਉਸਾਰਣ ਦਾ ਬੀੜਾ ਚੁੱਕਿਆ ਹੋਇਆ ਹੈ। ਇਹ ਇੱਕ ਅਜਿਹਾ ਮੰਚ ਹੋਵੇਗਾ ਜੋ ਸਮਾਜੀ ਜੀਵਨ ਵਿੱਚ ਤਬਦੀਲੀ ਲਈ ਇਨਕਲਾਬੀ ਸਾਹਿਤ ਅਤੇ ਸਭਿੱਆਚਾਰ ਨੂੰ ਗਹਿਰਾਈ ਨਾਲ ਸਮਝਣ ਲਈ ਸਮਰਪਿਤ ਹੋਵੇਗਾ। ਇਸ ਮਹਾਨ ਲੋਕ ਪੱਖੀ ਪਰੋਜੈਕਟ ਅਧੀਨ ਪੰਜਾਬ ਦੇ ਕਰਾਂਤੀਕਾਰੀ ਸਾਹਿਤਕ ਅਤੇ ਸੱਭਿੱਆਚਾਰਕ ਦਸਤਾਵੇਜ ਇਕੱਠੇ ਕਰਨ ਦਾ ਕਾਰਜ ਲਗਾਤਾਰ ਹੁੰਦਾ ਰਹੇਗਾ। ਇਸ ਦੀ ਸ਼ੁਰੂਆਤ ਭਾਅ ਜੀ ਗੁਰਸ਼ਰਨ ਸਿੰਘ ਦੀ ਪੰਜਾਬ ਦੀ ਇਨਕਲਾਬੀ ਸਭਿੱਆਚਾਰ ਲਹਿਰ ਨੂੰ ਵੱਡਮੁੱਲੀ ਅਤੇ ਵਿਆਪਕ ਦੇਣ ਮੰਨਦੇ ਹੋਏ ਗੁਰਸ਼ਰਨ ਸਿੰਘ ਦੇ ਸਾਰੇ ਯਤਨਾਂ ਨੂੰ ਇੱਕ ਮੰਚ ਤੇ ਲਿਆਉਣ ਨਾਲ ਕੀਤਾ ਜਾ ਰਿਹਾ ਹੈ। ਇਸ ਵਿੱਚ ਗੁਰਸ਼ਰਨ ਸਿੰਘ ਦੁਆਰਾ ਰਚੇ ਲੋਕਾਂ ਦੀਆਂ ਸਮੱਸਿਆਵਾਂ ਨੂੰ ੳਜਾਗਰ ਕਰਦੇ ਅਤੇ ਉਹਨਾਂ ਦੇ ਹੱਲ ਸੁਝਾਉਂਦੇ ਹੋਏ 200 ਦੇ ਲੱਗਪੱਗ ਨਾਟਕ, ਸਮਤਾ ਅਤੇ ਸਰਦਲ ਦੇ ਅੰਕ, ਅਖਬਾਰਾਂ ਵਿੱਚ ਛਪੇ 400 ਹਫਤਾਵਾਰੀ ਕਾਲਮ, ਟੈਲੀਵਿਯਨ ਤੇ ਪਰਸਾਰਤ ਨਾਟਕ ਲੜੀ ”ਭਾਈ ਮੰਨਾ ਸਿੰਘ” ਤੇ ਹੋਰ ਨਾਟਕ, ਡਾਇਰੀਆਂ, ਇਨਕਲਾਬੀ ਗੀਤਾਂ ਦੀਆਂ ਆਡੀਓ, ਡਾਕੂਮੈਂਟਰੀਆਂ, ਸਮਕਾਲੀਨ ਵਿਦਵਾਨਾਂ, ਸਾਥੀਆਂ ਅਤੇ ਪੱਤਰਕਾਰਾਂ ਵਲੋਂ ਗੁਰਸ਼ਰਨ ਸਿੰਘ ਦੇ ਨਾਟਕ, ਨਾਟਕ ਵਿਧੀ, ਰੰਗਮੰਚ ਰਾਹੀਂ ਲੋਕ ਚੇਤਨਾ ਦੇਣ ਵਰਗੇ ਵਿਸ਼ਿਆਂ ਨਾਲ ਸਬੰਧਤ ਆਰਟੀਕਲ ਅਤੇ ਹੱਥ ਲਿਖਤਾਂ ਆਦਿ ਸਾਰਾ ਮੈਟੀਰੀਅਲ ਹੋਵੇਗਾ। ਇਹ ਸਾਰਾਾ ਮੈਟੀਰੀਅਲ ਉਸ ਸੋਚ ਨੂੰ ਸਮਰਪਿਤ ਹੈ ਕਿ ”ਕਾਮੇ ਲੋਕਾਂ ਦੀ ਜ਼ਿੰਦਗੀ ਉਹ ਨਹੀ,ਂ ਜੋ ਹੋਣੀ ਚਾਹੀਦੀ ਹੈ, ਇਸ ਨੂੰ ਬਦਲਣਾ ਚਾਹੀਦਾ ਹੈ” ਇਹ ਮੰਚ ਇਸ ਦਿਸ਼ਾ ਵਿੱਚ ਰਾਹ ਦਸੇਰਾ ਹੋਵੇਗਾ।
ਡਾ: ਨਵਸ਼ਰਨ ਇਹਨੀ ਦਿਨੀਂ ਕੈਨੇਡਾ ਦੀ ਬਹੁਤ ਹੀ ਸੰਖੇਪ ਫੇਰੀ ‘ਤੇ ਹਨ। ਟੋਰਾਂਟੋ ਵਿੱਚ ਉਹ ਸਿਰਫ ਦੋ ਦਿਨ 21 ਅਤੇ 22 ਅਪਰੈਲ ਨੂੰ ਹੀ ਹੋਣਗੇ। ਜਿਸ ਵਿੱਚੋਂ ਉਹ 22 ਅਪਰੈਲ ਨੂੰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਵਲੋਂ ਆਯੋਜਿਤ ਬਰੈਂਪਟਨ ਵਿੱਚ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨਗੇ। ਉਹਨਾਂ ਨਾਲ ਸੰਪਰਕ ਬਲਦੇਵ ਰਹਿਪਾ 416-881-7202 ਜਾਂ ਬਲਰਾਜ ਛੋਕਰ 647-679-4398 ਰਾਹੀਂ ਕੀਤਾ ਜਾ ਸਕਦਾ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …