12.6 C
Toronto
Wednesday, October 15, 2025
spot_img
Homeਰੈਗੂਲਰ ਕਾਲਮਕਠੂਆ ਕਾਂਡ : ਸੁਸ਼ਮਾ, ਸਮ੍ਰਿਤੀ ਤੇ ਹਰਸਿਮਰਤ

ਕਠੂਆ ਕਾਂਡ : ਸੁਸ਼ਮਾ, ਸਮ੍ਰਿਤੀ ਤੇ ਹਰਸਿਮਰਤ

ਕੋਲ ਕੀ ਮੁੱਕ ਗਈਆਂ ਚੂੜੀਆਂ?
ਦੀਪਕ ਸ਼ਰਮਾ ਚਨਾਰਥਲ, 98152-52959
ਕਠੂਆ ਕਾਂਡ ਮੇਰੇ ਦੇਸ਼ ਦਾ ਕੋਈ ਪਹਿਲਾ ਅਜਿਹਾ ਘਿਨੌਣਾ ਕਾਰਾ ਨਹੀਂ ਹੈ, ਜਿਸ ਨੇ ਸਾਨੂੰ ਸਮੁੱਚੇ ਜਗਤ ਵਿਚ ਸ਼ਰਮਸਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਇਖਲਾਕ ਤੋਂ ਗਿਰ ਕੇ ਅਜਿਹੀਆਂ ਹਰਕਤਾਂ ਹੁੰਦੀਆਂ ਰਹੀਆਂ ਨੇ, ਜਿਨ੍ਹਾਂ ਵਿਚ ਗੁਆਂਢੀਆਂ ਵੱਲੋਂ, ਰਿਸ਼ਤੇਦਾਰਾਂ ਵਲੋਂ ਇੱਥੋਂ ਤੱਕ ਕਿ ਚਾਚਿਆਂ, ਤਾਇਆਂ, ਭਰਾਵਾਂ ਤੇ ਕਈ ਥਾਂ ਤਾਂ ਪਿਓ ਵਲੋਂ ਆਪਣੀਆਂ ਬਾਲੜੀਆਂ ਨਾਲ ਮੂੰਹ ਕਾਲਾ ਕਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ। ਪਰ ਕਠੂਆ ਦੀ ਖਬਰ ਇਕੱਲਿਆਂ ਬਲਾਤਕਾਰ ਦੀ ਖਬਰ ਨਹੀਂ ਸੀ, ਖਬਰ ਇਹ ਸੀ ਕਿ ਧਰਮ ਦੇ ਨਾਂ ‘ਤੇ ਇਹ ਕਾਰਾ ਹੋਇਆ ਤੇ ਫਿਰ ਇਸ ‘ਤੇ ਸਿਆਸੀ ਖੇਡ ਵੀ। ਸੱਚਾਈ ਤੋਂ ਅਜੇ ਕੋਈ ਜਾਣੂ ਨਹੀਂ ਹੈ ਪਰ ਸਿਆਸਤ ਤੋਂ ਸਭ ਜਾਣੂ ਹਨ। ਸਵਾਲ ਤਾਂ ਇਹ ਹੈ ਕਿ ਕੀ ਸੰਸਦ ਵਿਚ ਬੈਠੇ ਲੀਡਰ ਬਿਨਾ ਜ਼ਮੀਰ ਵਾਲੇ ਹਨ। ਹਰ ਘਟਨਾ ‘ਤੇ ਕਿਸੇ ਛੋਟੇ-ਮੋਟੇ ਲੀਡਰ ਦੇ ਆਉਣ ‘ਤੇ ਟਵੀਟ ਕਰਨ ਵਾਲੇ ਨਰਿੰਦਰ ਮੋਦੀ ਜੀ ਅਜਿਹੇ ਸਮੇਂ ਅੱਖਾਂ ਕਿਉਂ ਮੀਟ ਲੈਂਦੇ ਹਨ। ਬੀਬੀ ਸਮ੍ਰਿਤੀ ਇਰਾਨੀ ਅਜਿਹੀ ਇਕ ਘਟਨਾ ਦੇ ਰੋਸੇ ਵਜੋਂ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਨੂੰ ਚੂੜੀਆਂ ਘੱਲਦੀ ਸੀ। ਅੱਜ ਕੀ ਸਮ੍ਰਿਤੀ ਇਰਾਨੀ, ਕੀ ਸੁਸ਼ਮਾ ਸਵਰਾਜ, ਕੀ ਹਰਸਿਮਰਤ ਕੌਰ ਬਾਦਲ ਤੇ ਹੋਰ ਮਹਿਲਾ ਸੰਸਦ ਮੈਂਬਰਾਂ ਕੋਲ ਚੂੜੀਆਂ ਮੁੱਕ ਗਈਆਂ ਹਨ। ਉਹ ਕਿਉਂ ਨਹੀਂ ਰੰਗ ਬਰੰਗੀਆਂ ਚੂੜੀਆਂ ਨਰਿੰਦਰ ਮੋਦੀ ਦੇ ਪਤੇ ‘ਤੇ ਘੱਲਦੀਆਂ। ਅੱਜ ਦੇਸ਼ ਨੂੰ ਜਿਸ ਚੌਰਾਹੇ ‘ਤੇ ਲਿਆ ਕੇ ਇਸ ਸੌੜੀ ਸਿਆਸਤ ‘ਤੇ ਖੜ੍ਹਾ ਕਰ ਦਿੱਤਾ ਹੈ, ਉਥੇ ਦੇਸ਼ ਦੇ ਹਾਕਮਾਂ ਨੂੰ ਫਿਰ ਇਹ ਗੱਲਾਂ ਵੀ ਸੁਣ ਕੇ ਸ਼ਰਮ ਨਹੀਂ ਆਉਂਦੀ ਜਦੋਂ ਸ਼ੋਸ਼ਲ ਮੀਡੀਆ ‘ਤੇ ਲਿਖਦੇ ਹਨ ”ਆਪਣੀਆਂ ਧੀਆਂ ਦੀ ਰਾਖੀ ਆਪ ਕਰਿਓ ਕਿਉਂਕਿ ਇਥੇ ਤਾਂ ਬੇਔਲਾਦੇ ਲੋਕ ਹਨ”। ਮੈਨੂੰ ਕਦੀ-ਕਦੀ ਇਹ ਗੱਲ ਸਹੀ ਵੀ ਲੱਗਦੀ ਹੈ ਕਿ ਜਿਸ ਨੇ ਮਾਂ-ਪਿਓ ਦੀ ਛਤਰ ਛਾਇਆ ਵਿਚ ਰਹਿ ਕੇ ਪਰਿਵਾਰਕ ਕਦਰਾਂ-ਕੀਮਤਾਂ ਸਿੱਖੀਆਂ ਹੀ ਨਾ ਹੋਣ, ਜਿਸ ਨੇ ਭੈਣ-ਭਰਾਵਾਂ ਦੇ ਸਾਥ ਦਾ ਨਿੱਘ ਮਾਣਿਆ ਹੀ ਨਾ ਹੋਵੇ, ਜਿਸ ਨੇ ਪਤਨੀ ਨੂੰ ਦੁਰਕਾਰ ਦਿੱਤਾ ਹੋਵੇ ਤੇ ਜਿਸਦੀ ਝੋਲੀ ਔਲਾਦ ਹੀ ਨਾ ਪਈ ਹੋਵੇ, ਫਿਰ ਉਹ ਅਜਿਹੇ ਬੱਚਆਂ ਦੀ ਪੀੜ, ਅਜਿਹੇ ਮਾਪਿਆਂ ਦਾ ਦਰਦ ਕਿਵੇਂ ਸਮਝ ਸਕੇਗਾ। ਗੱਲਾਂ ਨਾਲ ਦੇਸ਼ ਨਹੀਂ ਚੱਲਦਾ, ਭਾਸ਼ਣਾਂ ਨਾਲ ਦੇਸ਼ ਨਹੀਂ ਚੱਲਦਾ, ਦੇਸ਼ ਵਿਚਾਰਾਂ ਨਾਲ ਚੱਲਦਾ ਹੈ ਤੇ ਵਿਚਾਰਾਂ ਨੂੰ ਲਾਗੂ ਕਰਵਾਉਣ ਲਈ ਇਕ ਚੰਗੀ ਸੋਚ ਦਾ ਹੋਣਾ ਜ਼ਰੂਰੀ ਹੈ। ਪਰ ਅੱਜ ਸੋਚ ਤਾਂ ਇਕੋ-ਇਕ ਕੰਮ ਕਰ ਰਹੀ ਹੈ ਕਿ 2019 ‘ਚ ਮੁੜ ਸੱਤਾ ‘ਤੇ ਕਿਵੇਂ ਕਾਬਜ਼ ਹੋਣਾ ਹੈ। ਇਸਦੇ ਲਈ ਚਾਹੇ ਕਿਸੇ ਦੀ ਧੀ ਨਾਲ ਬਲਾਤਕਾਰ ਹੋ ਜਾਵੇ, ਇਸਦੇ ਲਈ ਚਾਹੇ ਕਿਸੇ ਫਿਰਕੇ ਦਾ ਮੁੰਡਾ ਮਰਵਾ ਦਈਏ, ਇਸਦੇ ਲਈ ਚਾਹੇ ਸਮਾਜਿਕ ਦੰਗੇ ਕਰਵਾ ਦਈਏ, ਬੱਸ 2019 ਜਿੱਤਣਾ ਹੈ। ਚਾਹੇ ਧਰਮ ਤੇ ਜਾਤਾਂ ਦੇ ਨਾਂ ‘ਤੇ ਭਾਰਤ ਅੰਦਰ ਦੋ ਦੇਸ਼ ਕਿਉਂ ਨਾ ਬਣਾਉਣੇ ਪੈ ਜਾਣ। ਰੱਬ ਅਜਿਹੇ ਮੰਦਬੁੱਧੀ ਸਿਆਸਤਦਾਨਾਂ ਨੂੰ ਸੁਮੱਤ ਬਖਸ਼ੇ ਤੇ ਆਪਣੀ ਕਿਰਪਾ ਰੱਖੇ ਕਿ ਸਮਾਜ ‘ਚ ਸਾਡੀ ਸਾਂਝੀਵਾਲਤਾ ਬਣੀ ਰਹੇ। ਰੱਬ ਭਲੀ ਕਰੇ।

RELATED ARTICLES
POPULAR POSTS