Breaking News
Home / ਰੈਗੂਲਰ ਕਾਲਮ / ਕਦੇ ਨਹੀਂ ਭੁੱਲੇਗੀ ਸੋਹਜ ਭੈਣ !

ਕਦੇ ਨਹੀਂ ਭੁੱਲੇਗੀ ਸੋਹਜ ਭੈਣ !

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
27 ਮਾਰਚ ਦੀ ਇਹ ਕੇਹੀ ਚੰਦਰੀ ਆਥਣ ਸੀ ਕਿ ‘ਜੋਤ’ ਬੁਝ ਗਈ ਸਦਾ-ਸਦਾ ਵਾਸਤੇ! ਜੇ ਮੈਨੂੰ ਇਸ ਮਨਹੂਸ ਖਬਰ ਦਾ ਇਲਮ ਹੁੰਦਾ ਤਾਂ ਕਦੇ ਨਾ ਖੋਲ੍ਹਦਾ ਆਪਣਾ ਫੇਸ ਬੁੱਕ ਖਾਤਾ! ਜਦ ਕਦੇ ਅੱਧੀ ਰਾਤੀਂ ਨੀਂਦਰ ਟੁਟਦੀ ਹੈ ਤਾਂ ਬੜਾ ਉਦਾਸ ਹੋ ਜਾਂਦਾ ਹਾਂ ਤੇ ਮੁੜ ਜਲਦੀ-ਜਲਦੀ ਨੀਂਦਰ ਆਣ ਦੀ ਉਡੀਕ ਕਰਨ ਲਗਦਾ ਹਾਂ। ਅੱਜ ਜਦ ਜਾਗ ਟੁੱਟੀ ਤਾਂ ਸੋਚਿਆ ਕਿ ਅੱਗੇ ਵਾਂਗ ਕੁਝ ਪੜ੍ਹਨ ਦੀ ਬਿਜਾਏ ਫੇਸ ਬੁੱਕ ਖਾਤਾ ਹੀ ਖੋਲ੍ਹ ਦੇਖਾਂ ! ਪਹਿਲੀ ਪੋਸਟ ਸੀ ਮਿੱਤਰ ਮਨਪ੍ਰੀਤ ਟਿਵਾਣੇ ਦੀ, ਜੀਹਨੇ ਕਾਲਜਾ ਸੱਲ ਦਿੱਤਾ। ਸ਼ਿਵ ਦਾ ਗੀਤ ਯਾਦ ਆਇਆ- ‘ਅੱਧੀ ਅੱਧੀ ਰਾਤੀਂ ਉਠ ਰੋਵਾਂ ਮੋਏ ਮਿੱਤਰਾਂ ਨੂੰ ਮਾਏਂ ਸਾਨੂੰ ਨੀਂਦ ਨਾ ਪਵੇ’! ਆਹ ਕੀ ਹੋਇਐ? ਹਾਲੇ ਇੱਕ ਦਿਨ ਹੀ ਪਹਿਲਾਂ ਗੁਰਵਿੰਦਰ ਤੇ ਸੁਹਜ ਭੈਣ ਮੇਰੀ ਨਵੀਂ ਨਿਯੁਕਤੀ ਦੀ ਮੁਬਾਰਕ ਦੇ ਰਹੇ ਸਨ ਸਾਂਝੀ ਤੇ ਹੁਣ…? ‘ਬਾਈ ਬਾਈ’ ਕਹਿੰਦੀ ਦਾ ਮੂੰਹ ਨਾ ਸੀ ਥਕਦਾ ਤੇ ਹੁਣ ਕੌਣ ਕਹੇਗਾ ਬਾਈ?ਕਮਲੀਏ ਤੈਂ ਏਹ ਕੀ ਕੀਤਾ?
ਸੁਹਜ ਨੂੰ ਉਹਦਾ ਪਤੀ ਗੁਰਵਿੰਦਰ ਬਰਾੜ ਉਹਨੂੰ ‘ਜੋਤ’ ਆਖਦਾ ਸੀ ਤੇ ਮਾਨਸਾ ਵਾਲੇ ਸਾਰੇ ਜੋਤੀ ਆਖਦੇ ਸਨ। ਪਰ ਪੱਕਾ ਉਹਦਾ ਨਾਂ ਸੁਹਜਦੀਪ ਕੌਰ ਬਰਾੜ ਸੀ। ਉਹਦਾ ਉਲਾਂਭਾ ਹਮੇਸ਼ ਹੁੰਦਾ, ”ਬਾਈ ਭੁੱਲ ਗਿਆ ਸਾਨੂੰ, ਗੇੜਾ ਨੀ ਮਾਰਦਾ?” ਆਖਰੀ ਵਾਰ ਉਹ ਓਦਣ ਮਿਲੀ ਸੀ, ਜਿੱਦਣ ਨਵਜੋਤ ਸਿੰਘ ਸਿੱਧੂ ਤੇ ਸੁਰਜੀਤ ਪਾਤਰ ਸਮੇਤ ਅਸੀਂ ਸਾਰੇ ਉਹਦੇ ਪਿਤਾ ਡਾ. ਅਜਮੇਰ ਸਿੰਘ ਔਲਖ ਨੂੰ ਫੋਰਟਿਸ ਮੋਹਾਲੀ ਮਿਲਣ ‘ਤੇ ਇਲਾਜ ਲਈ ਇਮਦਾਦ ਦੇਣ ਗਏ ਸਾਂ। ਗੁਰਵਿੰਦਰ ਤੇ ਉਹ ਦੇਰ ਆਥਣ ਤੀਕ ਗੱਲਾਂ ਕਰੀ ਗਏ ਕਿ ਤੁਸੀਂ ਸਿੱਧੂ ਸਾਹਬ ਨੂੰ ਲੈ ਕੇ ਆਏ, ਪਾਪਾ ਨੂੰ ਤਸੱਲੀ ਮਿਲੀ ਐ ਬਾਈ। ਓ ਸੁਹਜ ਭੈਣੇ, ਤੇਰੇ ਪਾਪਾ ਨੂੰ ਬਚਾਣ ਲਈ ਤਾਂ ਸਾਰੇ ਪੰਜਾਬ ਨੇ ਤਾਣ ਲਾ ਲਿਆ ਤੇ ਤੂੰ ਆਹ ਕੀ ਕਰ ਗਈ, ਉਹਦੇ ਮਗਰੇ ਚਲੀ ਗਈ ਤੇ ਤੁਰੀ ਵੀ ਰੰਗਮੰਚ ਦਿਵਸ ਦੇ ਦਿਨ ਤੇ ਲੋਕਾਂ ਨੂੰ ਫੇਸ ਬੁੱਕ ਉਤੇ ਰੰਗਮੰਚ ਦਿਵਸ ਦੀਆਂ ਵਧਾਈਆਂ ਵੀ ਦੇ ਗਈ। ਜਿੰਨ੍ਹਾਂ ਨੇ ਸੁਹਜ ਨੂੰ ਬਚਪਨ ਵਿਚ ਆਪਣੇ ਪਿਤਾ ਦੇ ਨਾਟਕ ‘ਅੰਨ੍ਹੇ ਨਿਸ਼ਾਨਚੀ’ ਵਿਚ ਅਦਾਕਾਰੀ ਕਰਦਿਆਂ ਦੇਖਿਆ, ਉਹ ਅੱਜ ਵੀ ਜਾਣਦੇ ਨੇ ਕਿੰਨੀ ਸਮਰਪਿਤ ਸੀ ਛੋਟੀ ਉਮਰ ਤੋਂ ਹੀ ਉਹ ਰੰਗਮੰਚ ਵਾਸਤੇ। ਇਸ ਵਿਚ ਉਹ ਰੋਣ ਵਾਲੀ ਛੋਟੀ ਕੁੜੀ ਦਾ ਰੋਲ ਨਿਭਾਉਂਦੀ ਹੁੰਦੀ। ‘ਇੱਕ ਕੁੜੀ ਪੰਜਾਬ ਦੀ’, ‘ਜੱਟ ਬੁਆਇਜ਼’ ਸਮੇਤ ਕਈ ਪੰਜਾਬੀ ਫਿਲਮਾਂ ਵਿਚ ਅਦਾਕਾਰੀ ਕੀਤੀ ਤੇ ਦੋ ਦਰਜਨ ਤੋਂ ਵੱਧ ਹਿੱਟ ਗੀਤਾਂ ਦੇ ਵੀਡੀਓਜ਼ ਵਿਚ ਵੱਖ-ਵੱਖ ਕਿਰਦਾਰ ਅਦਾ ਕੀਤੇ। ਆਪਣੇ ਪਿਤਾ ਦੇ ਲੱਗਭਗ ਸਾਰੇ ਨਾਟਕਾਂ ਵਿਚ ਉਸਨੇ ਬਚਪਨ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰੋਲ ਨਿਭਾਏ। ਕਿਤਾਬਾਂ ਦਾ ਪੱਲਾ ਕਦੇ ਨਾ ਛੱਡਦੀ। ਹੁਣ ਕੌਣ ਪੁੱਛੂ, ”ਬਾਈ ਤੇਰੀ ਨਵੀਂ ਕਿਤਾਬ ਕਦੋਂ ਆਊ?” ਬੇਟਾ ਨਜ਼ਰ ਨਿਵਾਜ਼ ਤੇ ਬੇਟੀ ਰੂਹਜ਼ੀਨਤ ਹੁਣ ਕਿੱਥੋਂ ਲੱਭਣਗੇ ਤੈਨੂੰ? ਦੁਖਾਂਤ ਦੇਖੋ, ਮਾਂ ਦਾ ਪੋਸਟਮਾਰਟਮ ਹੋ ਰਿਹਾ ਸੀ ਤੇ ਬੇਟੀ ਦਾ ਇੱਕ ਪਾਸੇ ਦਸਵੀਂ ਦਾ ਪੱਕਾ ਪੇਪਰ ਹੋ ਰਿਹਾ ਸੀ। ਕੁਦਰਤ ਕੈਸੀ ਸ਼ੈਅ ਹੈ ਕਿ ਕਿਸ ਕਿਸ ਵਕਤ ਕਿਹੋ ਕਿਹੋ ਜਿਹੇ ਇਮਤਿਹਾਨ ਲੈਂਦੀ ਹੈ! ਬਠਿੰਡਾ ਦੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਭਰੇ ਮਨਾਂ ਨਾਲ ਸ਼ਰਧਾਂਜਲੀਆਂ ਭੇਟ ਕਰ ਆਏ ਹਾਂ, ਪਰ ਮਨੋਂ ਨਹੀਂ ਵਿੱਸਰ ਸਕੇਂਗੀ ਸੁਹਜ ਭੈਣੇ! ਤੇਰੀਆਂ ਯਾਦਾਂ ਬਾਕੀ ਨੇ ਪਰ ਤੂੰ ਨਹੀਂ ਆਉਣਾ! ਬਸ ਦੁਆ ਹੈ ਕਿ ਤੂੰ ਜਿੱਥੇ ਵੀ ਹੈਂ, ਸੁਖੀ ਰਹੇਂ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …