Breaking News
Home / ਰੈਗੂਲਰ ਕਾਲਮ / ਬਲਵੰਤ ਗਾਰਗੀ ਦੀ ਮੁੜ ਯਾਦ ਆਈ

ਬਲਵੰਤ ਗਾਰਗੀ ਦੀ ਮੁੜ ਯਾਦ ਆਈ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ ਵਿਖੇ ਨਵ-ਨਿਯੁਕਤ ਪੀ.ਪੀ.ਐੱਸ ਅਫਸਰਾਂ ਨੂੰ ਆਪਣਾ ਲੈਕਚਰ ਦੇ ਕੇ ਹਾਲ ਵਿੱਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ। ਉਹਨਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ ਲੱਗੇ,”ਮੈਂ ਸ਼੍ਰੀ ਬਲਵੰਤ ਗਾਰਗੀ ਜੀ ਦਾ ਭਤੀਜਾ ਹਾਂ, ਹੁਣੇ ਤੁਸੀਂ ਸਾਨੂੰ ਲੈਕਚਰ ਦਿੱਤਾ ਐ, ਮੈਂ 2015 ਦਾ ਪੀ.ਸੀ.ਐੱਸ ਅਫਸਰ ਆਂ, ਮੈਨੂੰ ਖੁਸ਼ੀ ਐ ਕਿ ਤੁਸੀਂ ਮੇਰੇ ਤਾਇਆ ਜੀ ਬਾਰੇ ਕਿਤਾਬ ‘ਇਕ ਸੀ ਗਾਰਗੀ’ ਸੰਪਾਦਿਤ ਕੀਤੀ ਸੀ, ਉਹ ਕਿਤਾਬ ਮੇਰੇ ਕੋਲ ਹੈਗੀ ਐ।”
ਗਾਰਗੀ ਜੀ ਦੇ ਭਤੀਜੇ ਦਾ ਇਉਂ ਅਚਾਨਕ ਮਿਲ ਜਾਣਾ ਮੈਨੂੰ ਸੱਚਮੁੱਚ ਦੀ ਖੁਸ਼ੀ ਦੇਣ ਵਾਲਾ ਸੀ। ਖਲੋਤੇ ਖਲੋਤੇ ਹੀ ਪਰੇਸ਼ ਗਾਰਗੀ ਨੇ ਦੱਸਿਆ ਕਿ 30 ਮਈ ਨੂੰ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਗਾਰਗੀ ਜੀ ਦੀ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ ਕਰਵਾ ਦਿੱਤੀ ਹੈ,ਇਹ ਸਾਡੇ ਸਭਨਾਂ ਲਈ ਮਾਣ-ਮੱਤੀ ਗੱਲ ਹੈ। ਉਹਨਾਂ ਮੇਰੇ ਤੋਂ ਮੇਰਾ ਫੋਨ ਨੰਬਰ ਲੈ ਕੇ ਸੇਵ ਕੀਤਾ ਤੇ ਝੱਟ ਵਿੱਚ ਹੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਰੋਹ ਦੀਆਂ ਕੁਝ ਝਲਕਾਂ ਵਟਸ-ਐਪ ਕਰ ਦਿੱਤੀਆਂ। ਕਿਰਨ ਖੇਰ ਨੇ ਮਾਣ ਨਾਲ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੈਂ ਗਾਰਗੀ ਜੀ ਨਾਲ ਨਾਟਕ ਕੀਤੇ,ਉਹਨਾਂ ਦੀ ਵਿਦਿਆਰਥਣ ਰਹੀ ਹਾਂ, ਉਹ ਮੇਰੇ ਮੁੱਢਲੇ ਪ੍ਰੇਰਣਾ ਸ੍ਰੋਤ ਸਨ। ਡਾਕ ਟਿਕਟ ਜਾਰੀ ਕਰਨ ਵਾਲਾ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਹੋਇਆ। ਇਸ ਮੌਕੇ ਗਾਰਗੀ ਜੀ ਦੇ ਨਾਟਕ ਵੀ ਖੇਡੇ ਗਏ ਸਨ। ਇਹ ਝਲਕਾਂ ਦੇਖਦਾ ਮੈਂ ਪ੍ਰਸੰਨ ਹੋ ਰਿਹਾ ਸਾਂ ઠਕਿ ਮੇਰੇ ਚਹੇਤੇ ਲੇਖਕ ਬਲਵੰਤ ਗਾਰਗੀ ਜੀ ਦੀ ਯਾਦ ਵਿੱਚ ਕੋਈ ਨਿੱਗਰ ਉਪਰਾਲਾ ਹੋਇਆ ਹੈ। ਸ਼ੁੱਭ ਸ਼ਗਨ ਹੈ ਇਹ।
ਮੈਂ ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਕਦੇ ਗਾਰਗੀ ਜੀ ਦਾ ਕੋਈ ਸਕਾ ਸੋਧਰ ਮੈਨੂੰ ਇੰਝ ਮਿਲ ਪਵੇਗਾ। ਪਰੇਸ਼ ਗਾਰਗੀ ਜੀ ਦੀ ਮਿਲਣੀ ਵਿੱਚ ਅਪਣੱਤ ਅਤੇ ਨਿੱਘ ਸੀ। ਪਰੇਸ਼ ਦੇ ਪਿਤਾ ਸ਼੍ਰੀ ਰਾਮ ਨਾਥ ਗਾਰਗੀ ਜੀ ਦੇ ਛੋਟੇ ਭਰਾ ਸਨ। ਮੈਨੂੰ ਯਾਦ ਆਇਆ ਕਿ ਗਾਰਗੀ ਨੇ ਆਪਣੀ ਪੁਸਤਕ ‘ਕਾਸ਼ਨੀ ਵਿਹੜਾ’ ਵਿੱਚ ਰਾਮ ਨਾਥ ਦੀ ਮੌਤ ‘ਤੇ ਆਪਣੀ ਬਠਿੰਡਾ ਫੇਰੀ ਸਮੇਂ ਘਰ ਦੇ ਸੋਗੀ ਦ੍ਰਿਸ਼ ਨੂੰ ਬੜੀ ਕਲਾਤਮਿਕਤਾ ਨਾਲ ਇਉਂ ਚਿਤਰਿਆ ਸੀ, ”ਮੈਂ ਆਪਣੇ ਟੀ.ਵੀ ਸੀਰੀਅਲ ਦੀ ਸ਼ੂਟਿੰਗ ਕਰ ਰਿਹਾ ਸਾਂ, ਜਦੋਂ ਖ਼ਬਰ ਮਿਲੀ ਕਿ ਮੇਰੇ ਛੋਟੇ ਭਰਾ ਰਾਮ ਨਾਥ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਿਆ। ਮੈਂ ਸ਼ਟਿੰਗ ਵਿੱਚੇ ਛੱਡ ਕੇ ਉਸੇ ਵੇਲੇ ਬਠਿੰਡੇ ਚਲਾ ਗਿਆ। ਫਿਲਮ ਗਲੈਮਰ ਛੱਡ ਕੇ ਮੈਂ ਰਾਖ ਦੀ ਢੇਰੀ ਦੀ ਦੁਨੀਆਂ ਵਿਚ ਆ ਗਿਆ। ਮਨੁੱਖ ਦੀ ਅੰਤਿਮ ਸੱਚਾਈ। ਚੌਦਾਂ ਦਿਨ ਦਾ ਸੋਗ। ਦੂਰ ਨੇੜ ਦੇ ਸਭ ਰਿਸ਼ਤੇਦਾਰ ਮਕਾਣੇ ਆਏ। ਤੀਵੀਆਂ ਗਲੀ ਦੇ ਮੋੜ ‘ਤੇ ਛਾਤੀਆਂ ਪਿੱਟ ਕੇ ਧਾਹਵਾਂ ਮਾਰਦੀਆਂ ਘਰ ਵਿਚ ਦਾਖਲ ਹੋਈਆਂ। ਉਚੀ-ਉਚੀ ਵੈਣ ਪਾਉਂਦੀਆਂ ਤੇ ਆਪਣੇ ਰਿਸ਼ਤੇ ਤੇ ਸਾਕ ਦਾ ਐਲਾਨ ਕਰਦੀਆਂ,ਭੁੱਬਾਂ ਮਾਰਦੀਆਂ ਗਲੇ ਮਿਲ ਕੇ ਰੋਈਆਂ।
ਸਾਡੀ ਬਰਾਦਰੀ ਦੀ ਮਿਰਾਸਣ ਨੇ, ਜਿਸਦੇ ਅਗਲੇ ਦੋ ਦੰਦ ਟੁੱਟੇ ਹੋਏ ਸਨ, ਵਿਹੜੇ ਵਿਚ ਖੜੀ੍ਹ ਹੋ ਕੇ ਸਿਆਪਾ ਕਰਵਾਇਆ। ਕੰਵਾਰੀਆਂ ਕੁੜੀਆਂ ਨੂੰ ਇਜਾਜ਼ਤ ਨਹੀਂ ਸੀ ਇਸ ਵਿਚ ਸ਼ਾਮਿਲ ਹੋਣ ਦੀ। ਤੀਵੀਆਂ ਕਾਲੇ ਘੱਗਰੇ ਪਾਈ ਘੇਰੇ ਵਿਚ ਖੜ੍ਹੀਆਂ ਸਨ ਤੇ ਮਿਰਾਸਣ ਵਿਚਾਕਰ ਖੜ੍ਹੀ ਸਿਆਪੇ ਦੇ ਅਸੂਲਾਂ ਮੁਤਾਬਕ ਹੁਕਮ ਦੇ ਰਹੀ ਸੀ। ਤੀਵੀਆਂ ਨੇ ਚਿੱਟੇ ਦੁਪੱਟੇ ਲਾਹ ਕੇ ਸੁੱਟ੍ਹ ਦਿੱਤੇ ਤੇ ਗੁੱਤਾਂ ਖੋਲ੍ਹ ਲਈਆਂ। ਮਿਰਾਸਣ ਦੇ ਇਸ਼ਾਰੇ ‘ਤੇ ਵੈਣ ਪਾਉਂਦੀਆਂ ਹੋਈਆਂ ਉਹ ਇਸ ਭਿਆਨਕ ਸਮੂਹ ਰੁਦਨ ਦੀ ਚਾਲ, ਕਦੇ ਤਿੱਖੀ, ਕਦੇ ਮੱਧਮ ਤੇ ਕਦੇ ਅਚਾਨਕ ਉਚੀ ਕਰਦੀਆਂ। ਉਹਨਾਂ ਨੇ ਛਾਤੀਆਂ ਪਿੱਟੀਆਂ, ਪੱਟਾਂ ਉਤੇ ਦਹੱਥੜਾਂ ਮਾਰੀਆਂ, ਗੱਲ੍ਹਾਂ ਝਾੜੀਆਂ ਤੇ ਸਿਰਾਂ ਦੇ ਵਾਲ ਖੋਹਦੀਆਂ ਹੋਈਆਂ ਨੇ ਕੂਕਾਂ ਮਾਰੀਆਂ।
ਜਦ ਉਹ ਰੋ ਚੁੱਕੀਆਂ ਤਾਂ ਦੂਜੇ ਕਮਰੇ ਵਿਚ ਭੁੰਜੇ ਬੈਠ ਕੇ ਰਾਮ ਨਾਥ ਦੀ ਮੌਤ ਦੀਆਂ ਗੱਲਾਂ ਕਰਨ ਲੱਗੀਆਂ,ਰਾਮ ਨਾਥ ਦੀਆਂ ਛੇਕੜਲੀਆਂ ਘੜੀਆਂ ਦੀਆਂ ਗੱਲਾਂ। ਵਿਚਾਰਾ ਛੋਟੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਟੈਲੀਫੋਨ ਉਤੇ ਹੁਕਮ ਦੇ ਰਿਹਾ ਸੀ ਬੈਂਡ ਵਾਜੇ ਵਾਲੇ ਨੂੰ ਕਿ ਜਰਨੈਲੀ ਬੈਂਡ ਪਟਿਅਲਾੇ ਤੋਂ ਆਵੇ। ਉਸ ਵੇਲੇ ਉਸਦੀ ਛਾਤੀ ਦੇ ਖੱਬੇ ਪਾਸੇ ਚੀਸ ਉੱਠੀ ਤੇ ਟੈਲੀਫੋਨ ਦਾ ਚੋਗਾ ਹੱਥੋਂ ਡਿੱਗ ਪਿਆ। ਉਸਨੂੰ ਸਟਰੈਚਰ ‘ਤੇ ਪਾ ਕੇ ਡਾਕਟਰ ਮੋਹਨ ਲਾਲ ਦੇ ਹਸਪਤਾਲ ਲਿਜਾਣ ਲੱਗੇ ਤਾਂ ਉਸ ਜ਼ਿੱਦ ਕੀਤੀ ਕਿ ਉਹ ਤੁਰ ਕੇ ਜਾਵੇਗਾ। ਬਸ..ਇਹ ਜ਼ਿੱਦ ਹੀ ਲੈ ਬੈਠੀ ਉਸਨੂੰ। ਸਭ ਕੁਝ ਤੁਰ ਗਿਆ ਉਸਦੇ ਨਾਲ ਹੀ, ਸ਼ਾਦੀ ਦੀਆਂ ਤਿਆਰੀਆਂ, ਸਿਹਰੇ, ਫੁੱਲਾਂ ਦੇ ਹਾਰ ਤੇ ਬੈਂਡ ਵਾਜੇ…ਸਭ ਕੁਝ…ਮੌਤ ਅੱਗੇ ਕਿਹਦਾ ਹੈ ਜ਼ੋਰ ਭਾਈ?”
(ਪੰਨਾ-164)
ੲੲੲੲ
ਇੱਕ ਦਿਨ, ਪਰੇਸ਼ ਗਾਰਗੀ ਨੇ ਫੋਨ ਉੱਤੇ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਕਿ ਪੰਜਾਬ ਯੂਨੀਵਰਸਿਟੀ ਵਿੱਚ ਗਾਰਗੀ ਜੀ ਜਿਹੜੇ ਘਰ ਡਬਲਿਊ-11 ਵਿੱਚ ਰਹਿੰਦੇ ਰਹੇ, ਉਸ ਘਰ ਨੂੰ ਇੱਕ ਵਿਲੱਖਣ ਥਿਏਟਰ ઠਮਿਊਜ਼ਿਅਮ ਦੇ ਰੂਪ ਵਿੱਚ ਸੰਭਾਲਿਆ ਜਾ ਰਿਹਾ ਹੈ। ਉਥੇ ਸਿਰਫ ਗਾਰਗੀ ਜੀ ਦੀਆਂ ਤਸਵੀਰਾਂ ਜਾਂ ਕਿਤਾਬਾਂ ਦੀ ਪ੍ਰਦਰਸ਼ਨੀ ਹੀ ਨਹੀਂ ਹੋਵੇਗੀ ਸਗੋਂ ਨਾਟਕ ਦੀ ਤਕਨੀਕ,ਗਾਰਗੀ ਦੀਆਂ ਨਾਟ-ਜੁਗਤਾਂ ਨੂੰ ਨਾਟ-ਵਿਦਿਆਰਥੀ, ਖੋਜਾਰਥੀ ਤੇ ਕਲਾਕਾਰ ਨੇੜਿਉ ਸਮਝ ਸਕਣਗੇ ਤੇ ਉਥੇ ਖੋਜਾਂ ਕਰਨਗੇ। ਇਸ ਨੇਕ ਕਾਰਜ ਲਈ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਅਰੁਣ ਕੁਮਾਰ ਗਰੋਵਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਉਪਰਾਲੇ ਕਰਨ ਲੱਗੀਆਂ ਹੋਈਆਂ ਹਨ। ਪਰੇਸ਼ ਜੀ ਤੋਂ ਇਹ ਜਾਣ ਕੇ ਮੈਨੂੰ ਯਾਦ ਆਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਗਾਰਗੀ ਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ। ਸਦਾ ਲਈ ਰਹਿਣ ਵਾਸਤੇ ਯੂਨੀਵਰਸਟੀ ਵਿਚ ਘਰ ਨੰਬਰ (ਸੀ-2) ਤੇ ਇੱਕ ਸਹਾਇਕ ਵੀ ਦਿੱਤਾ ਹੋਇਆ ਸੀ, ਜੋ ਉਹਨਾਂ ਦੇ ਲੇਖਣ ਕਾਰਜ ਵਿਚ ਉਹਨਾਂ ਦੀ ਸਹਾਇਤਾ ਕਰੇ। ਚਾਹੇ ਉਹ ਟਾਈਪ ਕਰਵਾਉਣ ਜਾਂ ਡਿਕਟੇਟ ਕਰਵਾਉਣ, (ਅਜਿਹੀ ਸੁਵਿਧਾ ਪੰਜਾਬੀ ਦੇ ਉਘੇ ਵਿਦਵਾਨ ਲੇਖਕ ਪ੍ਰੋ ਕਿਰਪਾਲ ਸਿੰਘ ਕਸੇਲ ਨੂੰ ਵੀ ਮਿਲੀ ਹੋਈ ਸੀ,ਯੂਨੀਵਰਸਿਟੀ ਨੇ ਸ਼ਿਵ ਬਟਾਲਵੀ ਦੇ ਸਪੁੱਤਰ ਮਿਹਰਬਾਨ ਬਟਾਲਵੀ ਨੂੰ ਕਸੇਲ ਜੀ ਦਾ ਸਹਾਇਕ ਲਗਾਇਆ ਸੀ, ਜੋ ਉਹਨ ਦਿਨੀਂ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ਵਿਚ ਕਾਰਜਸ਼ੀਲ ਸੀ)। ਡਾ. ਸਤੀਸ਼ ਕੁਮਾਰ ਵਰਮਾ ਗਾਰਗੀ ਬਾਰੇ ਆਪਣੀ ਇੱਕ ਲਿਖਤ ‘ਪਸੰਦਗੀ ਤੇ ਨਾ-ਪਸੰਦਗੀ ਦਾ ਤਣਾਓ’ ਵਿਚ ਉਸ ਸਮੇਂ ਦਾ ਵਰਨਣ ਕਰਦਾ ਹੈ, ਜਦ ਗਾਰਗੀ ਜੀ ਪਟਿਆਲਾ ਯੂਨੀਵਰਸਿਟੀ ਛੱਡ ਜਾਂਦੇ ਹਨ। ਉਹ ਲਿਖਦਾ ਹੈ, ”ਜਦੋ ਮੈਨੂੰ ਪਤਾ ਲੱਗਿਆ ਕਿ ਮੇਰੇ ਗੁਆਢ ਵਿਚਲੀ ਕੈਂਪਸ ਦਾ ਸੀ-2 ਮਕਾਨ ਕਿਸੇ ਨੂੰ ਅਲਾਟ ਹੋ ਗਿਆ ਹੈ ਤੇ ਕਲੀ-ਸਫੈਦੀ ਵਾਲੇ ਅੰਦਰੋਂ ਕੂੜਾ ਬਾਹਰ ਸੁੱਟ੍ਹ ਰਹੇ ਹਨ, ਤਾਂ ਮੈਂ ਵਾਹੋ-ਦਾਹੀ ਭੱਜਿਆ ਗਿਆ। ਆਂਢ-ਗੁਆਂਢ ਤੋਂ ਨਜ਼ਰ ਬਚਾ ਕੇ ਮੈਂ ਅੰਦਰ ਗਿਆ।
ਗਾਰਗੀ ਦੀ ਛੋਹ ਵਾਲੇ ਸਾਰੇ ਕਮਰਿਆਂ ਵਿਚ ਘੁੰਮਿਆਂ, ਜਿੱਥੇ ਉਸਦੇ ਜੀਂਦੇ-ਜੀਅ ਮੈਨੂੰ ਕਦੇ ਵੀ ਵਿਚਰਨ ਦਾ ਸੁਭਾਗ ਨਹੀਂ ਸੀ ਮਿਲਿਆ। ਉਸ ਕੂੜੇ ਵਿਚੋਂ ਮੋਤੀ ਚੁਗਦਿਆਂ ਗਾਰਗੀ ਦੇ ਕਾਗਜ਼ਾਂ ਦੇ ਕੁਝ ਟੁਕੜੇ ‘ਸਾਂਝਾ ਚੁੱਲ੍ਹਾ’ ਸੀਰੀਅਲ ਵਾਲੀ ਵਹੀ ਦੇ ਕੁਝ ਪੰਨੇ ਬੰਗਾਲੀ ਨਾਟਕ ‘ਬਾਦਲ ਸਰਕਾਰ’ ਦੇ ਨਾਟਕ  ‘ਏਵਮ ਇੰਦਰਜੀਤ’  ਦੇ ਗਿਰੀਸ਼ ਕਰਨਾਡ ਦੁਆਰਾ ਕੀਤੇ ਅੰਗਰੇਜ਼ੀ ਅੁਨਵਾਦ ਦੀ ਕਾਪੀ ਤੇ ਅੰਗਰੇਜ਼ੀ ਵਿਚ ਹੀ ਸਿਰਫ ‘ਗਾਰਗੀ’ ਨਾਂ ਦੀ ਨੇਮ ਪਲੇਟ, ਮੈਂ ਚੁਪਕੇ ਜਿਹੇ ਚੁੱਕ ਲਿਆਇਆ ਕਿਉਂਕਿ ਇਹ ਸਭ ਉਸ ਲੇਖਕ ਦੀਆਂ ਯਾਦਾਂ ਸਨ,ਜਿਸਨੂੰ ਮੈਂ ਬਹੁਤ ਪਸੰਦ ਕਰਦਾ ਸੀ।”
(ਪੰਨਾ-94)
ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਦੀ ਸਥਾਪਨਾ ਨਾਲ ਹੁਣ ਉੱਥੇ ਹਮੇਸ਼ਾ ਰੌਣਕ ਲੱਗੀ ਰਹਿੰਦੀ ਹੈ। ਹਫਤਾ ਭਰ ਨਾਟਕ ਮੇਲੇ ਹੁੰਦੇ ਰਹਿੰਦੇ ਹਨ। ਨਾਟਿਯਮ ਜੈਤੋ ਵਲੋਂ ਇਹ ਉਪਰਾਲਾ ਕੀਤਾ ਗਿਆ । ਦਿੱਲੀ ਸੰਗੀਤ ਨਾਟਕ ਪਟਿਆਲਿਓਂ ਬਠਿੰਡੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਵਿੱਚ ਪਧਾਰੇ। ਗਾਰਗੀ ਜੀ ਦਾ ‘ਹੀਰ ਰਾਝਾਂ’ ਖੇਡਿਆ ਗਿਆ। ਹੋਰ ਤਾਂ ਹੋਰ ਗਾਰਗੀ ਜੀ ਦੇ ਪਿੰਡ ਸ਼ਹਿਣੇ ਤੋਂ ਪੰਚ-ਸਰਪੰਚ ਤੇ ਹੋਰ ਪਤਵੰਤੇ ਬਸ ਭਰਕੇ ਨਾਟਕ ਵੇਖਣ ਆਏ ਤੇ ਇਹ ਵੀ ਵਾਅਦਾ ਕਰਕੇ ਗਏ ਕਿ ਪਿੰਡ ਵਾਲੇ ਥਾਂ ਦੇਣ ਨੂੰ ਤਿਆਰ ਨੇ, ਚੰਗਾ ਹੋਵੇ ਜੇ ਗਾਰਗੀ ਜੀ ਦੀ ਕੋਈ ਯਾਦਗਾਰ ਉੱਥੇ ਸਥਾਪਿਤ ਕੀਤੀ ਜਾਵੇ । ਚਾਹੇ ਪੁਰਾਣੇ ਖੰਡਰਨੁਮਾ ਸਥਾਨ ਨੂੰ ਹੀ ਕਿਉਂ ਨਾ ਸੰਵਾਰ ਲਿਆ ਜਾਵੇ । ਦਿੱਲੀ ਵਾਲੀ ਟੀਮ ਸਮੇਤ ਗਾਰਗੀ ਜੀ ਦੀ ਭਤੀਜੀ ਅਮਿਤਾ ਮੋਹਨ (ਰਾਮ ਨਾਥ ਦੀ ਪੁੱਤਰੀ) ਸ਼ਹਿਣੇ ਗਏ ਤੇ ਉਸ ਸਥਾਨ ਦਾ ਜ਼ਾਇਜ਼ਾ ਲਿਆ । ਪਿੰਡ ਵਾਲਿਆਂ ਨੇ ਸਾਰੀ ਟੀਮ ਤੇ ਅਮਿਤਾ ਦਾ ਦਿਲੋਂ ਮਾਣ ਸਨਮਾਨ ਕੀਤਾ ।ઠ
2003 ਵਿੱਚ ਗਾਰਗੀ ਬਾਰੇ ਸੰਪਾਦਿਤ ਮੇਰੀ ਪੁਸਤਕ ‘ਇੱਕ ਸੀ ਗਾਰਗੀ’ ਦਾ ਤੀਸਰਾ ਐਡੀਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਛਾਪਿਆ ਹੈ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਐਮ.ਏ ਸਹਾਇਕ ਪੁਸਤਕਾਂ ਵਿੱਚ ਸ਼ਾਮਿਲ ਕੀਤੀ ਸੀ । ਆਪਣੀ ਨਵੀਂ ਪੁਸਤਕ ‘ਮੋਏ ਮਿੱਤਰਾਂ ਦਾ ਮੋਹ’ ਵਿੱਚ ਗਾਰਗੀ ਬਾਰੇ ਲਿਖ ਕੇ ਆਪਣੇ ਆਪ ਨੂੰ ਹੌਲਾ-ਹੌਲਾ ਹੋਇਆ ਮਹਿਸੂਸ ਕਰਦਾ ਹਾਂ।
ਨੋਟ- ਗਾਰਗੀ ਜੀ ਨੂੰ ਚਾਹੁੰਣ ਵਾਲੇ ਪਾਠਕਾਂ-ਪ੍ਰਸੰਸਕਾਂ ਲਈ ਗੱਲਬਾਤ ਵਾਸਤੇ ਗਾਰਗੀ ਜੀ ਦੇ ਭਤੀਜੇ ਪਰੇਸ਼ ਗਾਰਗੀ ਦਾ ਫੋਨ ਨੰਬਰ ਦਿੱਤਾ ਜਾ ਰਿਹਾ ਹੈ-98146-11038
[email protected]

Check Also

ਇੰਮੀਗ੍ਰਾਂਟਾਂ ਦੇ ਦੇਸ਼ ਕੈਨੇਡਾ ਵਿਚ

ਜਰਨੈਲ ਸਿੰਘ (ਕਿਸ਼ਤ 7) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੈਨੇਡਾ ਵਿਚ ਚਾਰ ਮੌਸਮ ਹਨ …