-5.1 C
Toronto
Wednesday, December 31, 2025
spot_img
Homeਪੰਜਾਬਬੈਂਸ ਭਰਾ ਰਾਸ਼ਟਰਪਤੀ ਅਹੁਦੇ ਲਈ ਕੋਵਿੰਦ ਦਾ ਕਰਨਗੇ ਸਮਰਥਨ

ਬੈਂਸ ਭਰਾ ਰਾਸ਼ਟਰਪਤੀ ਅਹੁਦੇ ਲਈ ਕੋਵਿੰਦ ਦਾ ਕਰਨਗੇ ਸਮਰਥਨ

ਵਿਜੇ ਸਾਂਪਲਾ ਨਾਲ ਮੀਟਿੰਗ ਤੋਂ ਬਾਅਦ ਬੈਂਸ ਭਰਾਵਾਂ ਨੇ ਕੀਤਾ ਐਲਾਨ
ਲੁਧਿਆਣਾ : ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਐਨਡੀਏ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਲਈ ਵੋਟਾਂ ਮੰਗਣ ਬਾਬਤ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ ਘਰ ਪੁੱਜੇ। ਉਨ੍ਹਾਂ ਨੇ ਇੱਕ ਘੰਟਾ ਬੈਂਸ ਭਰਾਵਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮਗਰੋਂ ਬੈਂਸ ਭਰਾਵਾਂ ਨੇ ਐਲਾਨ ਕੀਤਾ ਕਿ ਉਹ ਰਾਮ ਨਾਥ ਕੋਵਿੰਦ ਨੂੰ ਹੀ ਸਮਰਥਨ ਦੇਣਗੇ। ਬੰਦ ਕਮਰਾ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦੋਵਾਂ ਭਰਾਵਾਂ ਨੇ ਆਪਣੀਆਂ ਵੋਟਾਂ ਐਨਡੀਏ ਉਮੀਦਵਾਰ ਨੂੰ ਦੇਣ ਦਾ ਵਾਅਦਾ ਕੀਤਾ ਹੈ। ਇਸ ਬਾਬਤ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਉਨ੍ਹਾਂ ਕੋਲ ਆਏ ਸਨ। ਉਨ੍ਹਾਂ ਨੇ ਮੀਟਿੰਗ ਦੌਰਾਨ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਅਹੁਦੇ ਦੇ ਐਨਡੀਏ ਉਮੀਦਵਾਰ ਲਈ ਸਮਰਥਨ ਮੰਗਿਆ ਹੈ ਤੇ ਲੋਕ ਇਨਸਾਫ਼ ਪਾਰਟੀ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਦੋਵੇਂ ਵੋਟਾਂ ਐਨਡੀਏ ਉਮੀਦਵਾਰਾਂ ਦੇ ਹੱਕ ਵਿੱਚ ਹੀ ਜਾਣਗੀਆਂ। ਬੈਂਸ ਨੇ ਆਖਿਆ ਕਿ ਕਾਂਗਰਸ ਦੀ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਸੂਬੇ ਦਾ ਬੁਰਾ ਹਾਲ ਕਰ ਦਿੱਤਾ ਹੈ, ਇਸ ਲਈ ਉਹ ਐਨਡੀਏ ਨੂੰ ਸਮਰਥਨ ਦੇਣਗੇ। ਇਸ ਮੌਕੇ ਵਿਜੈ ਸਾਂਪਲਾ ਨੇ ਵੀ ਪੁਸ਼ਟੀ ਕੀਤੀ ਕਿ ਉਹ ਐਨਡੀਏ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਸਮਰਥਨ ਬਾਰੇ ਬੈਂਸ ਭਰਾਵਾਂ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਸਮਰਥਨ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ‘ਆਪ’ ਨਾਲ ਗੱਠਜੋੜ ਬਰਕਰਾਰ ਰਹੇਗਾ ਪਰ ਉਹ ਰਾਸ਼ਟਰਪਤੀ ਅਹੁਦੇ ਲਈ ਐਨਡੀਏ ਉਮੀਦਵਾਰ ਦਾ ਸਾਥ ਹੀ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸ ਨੂੰ ਸਮਰਥਨ ਦੇਵੇਗੀ, ਇਸ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ।

RELATED ARTICLES
POPULAR POSTS