Breaking News
Home / ਪੰਜਾਬ / ਨਵਜੋਤ ਸਿੱਧੂ ਪਾਰਟੀ ਪ੍ਰਧਾਨ ਬਣਨ ‘ਤੇ ਅੜੇ

ਨਵਜੋਤ ਸਿੱਧੂ ਪਾਰਟੀ ਪ੍ਰਧਾਨ ਬਣਨ ‘ਤੇ ਅੜੇ

ਸਥਾਨਕ ਚੋਣਾਂ ‘ਚ ਨਵਜੋਤ ਸਿੱਧੂ ਨੇ ਨਹੀਂ ਕੀਤਾ ਸੀ ਕਿਤੇ ਵੀ ਪ੍ਰਚਾਰ, ਫਿਰ ਵੀ ਕਾਂਗਰਸ ਪਾਰਟੀ ਦੀ ਵੱਡੀ ਜਿੱਤ
ਚੰਡੀਗੜ੍ਹ/ਬਿਊਰੋ ਨਿਊਜ਼ : ਧੂੰਆਂਧਾਰ ਪ੍ਰਚਾਰ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਦੇ ਇਸ ਵਾਰੀ ਸਥਾਨਕ ਚੋਣਾਂ ਵਿਚ ਇਕ ਥਾਂ ਵੀ ਪ੍ਰਚਾਰ ਵਿਚ ਨਾ ਜਾਣ ਦੇ ਬਾਵਜੂਦ ਕਾਂਗਰਸ ਨੇ 108 ਵਿਚੋਂ 101 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਤੇ ਅੱਠ ਵਿਚੋਂ ਛੇ ਨਗਰ ਨਿਗਮਾਂ ਵਿਚ ਵੱਡੀ ਜਿੱਤ ਹਾਸਲ ਕਰ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨੂੰ ਇਹ ਸੰਦੇਸ਼ ਦੇਣ ਵਿਚ ਕਾਮਯਾਬ ਹੋ ਗਏ ਹਨ ਕਿ ਸਿੱਧੂ ਦੇ ਪ੍ਰਚਾਰ ਦੇ ਬਿਨਾ ਵੀ ਪਾਰਟੀ ਨੂੰ ਉਹ ਜਿੱਤ ਦਿਵਾ ਸਕਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਸਿੱਧੂ ਨੂੰ ਸਰਕਾਰ ਜਾਂ ਪਾਰਟੀ ਵਿਚ ਕੋਈ ਅਹਿਮ ਥਾਂ ਦੇਣ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਇਸੇ ਸਬੰਧ ਵਿਚ ਪਿਛਲੇ ਦਿਨੀਂ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਸੀ। ਇਹ ਮੁਲਾਕਾਤ ਇਸ ਲਈ ਮਾਇਨੇ ਰੱਖਦੀ ਹੈ, ਕਿਉਂਕਿ ਇਕ ਦਿਨ ਪਹਿਲਾਂ ਹੀ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕਰ ਕੇ ਆਏ ਸਨ, ਜਿਸ ਵਿਚ ਨਵਜੋਤ ਸਿੱਧੂ ਵੀ ਸ਼ਾਮਲ ਸਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਲਗਾਤਾਰ ਸਥਾਨਕ ਸਰਕਾਰਾਂ ਵਿਭਾਗ ਲੈਣ ਦੀ ਮੰਗ ‘ਤੇ ਅੜੇ ਹੋਏ ਹਨ, ਜਦਕਿ ਕੈਪਟਨ ਉਨ੍ਹਾਂ ਨੂੰ ਊਰਜਾ ਵਿਭਾਗ ਦੇਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਮੰਗ ਰੱਖੀ ਹੋਈ ਹੈ ਕਿ ਉਨ੍ਹਾਂ ਨੂੰ ਪਾਰਟੀ ਦਾ ਸੂਬਾਈ ਇੰਚਾਰਜ ਬਣਾਇਆ ਜਾਵੇ।
ਕੈਪਟਨ ਅਮਰਿੰਦਰ ਸਿੰਘ ਇਸ ‘ਤੇ ਰਾਜ਼ੀ ਨਹੀਂ ਹਨ, ਕਿਉਂਕਿ ਇਸ ਨਾਲ ਸੂਬੇ ਵਿਚ ਜਾਤੀਗਤ ਸਮੀਕਰਨ ਵਿਗੜਦਾ ਹੈ। ਇਸ ਸਮੇਂ ਮੁੱਖ ਮੰਤਰੀ ਦੇ ਅਹੁਦੇ ‘ਤੇ ਇਕ ਜੱਟ ਸਿੱਖ ਆਗੂ ਹੈ ਤੇ ਜੇਕਰ ਪਾਰਟੀ ਦਾ ਪ੍ਰਧਾਨ ਵੀ ਜੱਟ ਸਿੱਖ ਨੂੰ ਲਗਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸੂਬੇ ਵਿਚ ਗਲਤ ਸੰਦੇਸ਼ ਜਾਵੇਗਾ। ਸੂਬੇ ਦੇ ਪ੍ਰਧਾਨ ਦੇ ਰੂਪ ਵਿਚ ਪਾਰਟੀ ਹਿੰਦੂ ਚਿਹਰਾ ਹੀ ਸਾਹਮਣੇ ਰੱਖਣਾ ਚਾਹੁੰਦੀ ਹੈ।
ਆਪਣੇ ਆਗੂਆਂ ਦੀ ਆਲੋਚਨਾ ਕਾਰਨ ਖੁੱਸਿਆ ਸੀ ਵਿਭਾਗ
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਨੇ 9 – 10 ਦਿਨਾਂ ਤੱਕ ਪ੍ਰਚਾਰ ਕੀਤਾ। ਉਨ੍ਹਾਂ ਦਾ ਨਿਸ਼ਾਨਾ ਮੁੱਖ ਤੌਰ ‘ਤੇ ਸ਼ਹਿਰ ਸਨ ਤੇ ਇਥੋਂ ਕਾਂਗਰਸ ਨੂੰ ਚੰਗੀ ਖਾਸੀ ਕਾਮਯਾਬੀ ਮਿਲੀ। ਇਸੇ ਕਾਰਨ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਵਰਗਾ ਅਹਿਮ ਵਿਭਾਗ ਮਿਲਿਆ ਤਾਂ ਉਨ੍ਹਾਂ ਨੇ ਸ਼ਹਿਰਾਂ ਵਿਚ ਸੁਧਾਰ ਲਈ ਕਈ ਕਦਮ ਚੁੱਕੇ, ਪਰ ਉਹ ਇਸ ਕੰਮ ਨੂੰ ਨਿਰੰਤਰ ਜਾਰੀ ਨਹੀਂ ਰੱਖ ਸਕੇ। ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੇ ਪਾਰਟੀ ਆਗੂਆਂ ਦੇ ਖਿਲਾਫ ਹੀ ਉਨ੍ਹਾਂ ਦਾ ਨਾਮ ਲਏ ਬਗੈਰ ਕਈ ਟਿੱਪਣੀਆਂ ਕੀਤੀਆਂ, ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਸ ਮਹਿਕਮੇ ਤੋਂ ਚੱਲਦਾ ਕਰ ਦਿੱਤਾ ਸੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …