ਜੋਸ਼ੀ ਮੱਠ ‘ਚ ਫਸੇ ਵਿਅਕਤੀਆਂ ਲਈ ਭੇਜਿਆ ਜਾ ਰਿਹਾ ਹੈ ਲੰਗਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸਿੱਖਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਭੰਡੀ ਪ੍ਰਚਾਰ ਦੇ ਬਾਵਜੂਦ ਸਿੱਖ ਭਾਈਚਾਰੇ ਵੱਲੋਂ ਉਤਰਾਂਚਲ ਵਿੱਚ ਜੋਸ਼ੀ ਮੱਠ ਨੇੜੇ ਬਰਫ ਖਿਸਕਣ ਨਾਲ ਆਏ ਹੜ੍ਹ ਕਾਰਨ ਸੰਕਟ ਵਿੱਚ ਫਸੇ ਲੋਕਾਂ ਨੂੰ ਲੰਗਰ ਅਤੇ ਰਿਹਾਇਸ਼ ਮੁਹੱਈਆ ਕਰਵਾ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸੇਵਾ ਦਾ ਕਾਰਜ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ।
ਸੰਕਟ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਮਦਦ ਵਾਸਤੇ ਆਏ ਐੱਨਡੀਆਰਐੱਫ, ਐੱਸਡੀਆਰਐੱਫ ਅਤੇ ਪੀਏਸੀ ਦੀਆਂ ਬਟਾਲੀਅਨਾਂ ਦੇ ਜਵਾਨਾਂ ਨੂੰ ਰਹਿਣ ਲਈ ਗੁਰਦੁਆਰਾ ਜੋਸ਼ੀ ਮੱਠ ਵਿੱਚ ਰਿਹਾਇਸ਼ ਅਤੇ ਤਿੰਨ ਸਮੇਂ ਦਾ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਲਾਪਤਾ ਹਨ, ਉਨਾਂ ਨੂੰ ਵੀ ਗੁਰਦੁਆਰੇ ਵਿੱਚ ਰਿਹਾਇਸ਼ ਅਤੇ ਲੰਗਰ ਛਕਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਭਾਵਿਤ ਪਿੰਡ ਰੈਣੀ ਅਤੇ ਤਪੋਵਨ ਵਿੱਚ ਵੀ ਇੱਕ ਹਜ਼ਾਰ ਬੰਦਿਆਂ ਦਾ ਲੰਗਰ ਤਿਆਰ ਕਰਕੇ ਭੇਜਿਆ ਗਿਆ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸੰਕਟ ਵਿੱਚ ਫਸੇ ਲੋਕਾਂ ਦੀ ਗੁਰੂ ਘਰ ਵੱਲੋਂ ਨਿਰੰਤਰ ਮਦਦ ਕੀਤੀ ਜਾ ਰਹੀ ਹੈ। 7 ਫਰਵਰੀ ਨੂੰ ਕੁਦਰਤੀ ਆਫਤ ਆਈ ਸੀ, ਜਿਸ ਤਹਿਤ ਹੜ੍ਹ ਆਉਣ ਕਾਰਨ ਲਗਪਗ 200 ਤੋਂ ਵੱਧ ਵਿਅਕਤੀ ਲਾਪਤਾ ਹੋ ਗਏ ਸਨ।
ਹੁਣ ਤਕ ਲਗਪਗ 37 ਤੋਂ ਵੱਧ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਬਾਕੀ ਹਾਲੇ ਵੀ ਲਾਪਤਾ ਹਨ। ਜੋਸ਼ੀ ਮੱਠ ਸਥਿਤ ਗੁਰਦੁਆਰੇ ਵਿੱਚ ਬਚਾਅ ਦਲ ਨਾਲ ਸਬੰਧਤ ਵੱਖ ਵੱਖ ਰਾਹਤ ਦਲਾਂ ਦੇ ਲਗਪਗ 230 ਕਰਮਚਾਰੀ 8 ਫਰਵਰੀ ਤੋਂ ਠਹਿਰੇ ਹੋਏ ਹਨ। ਇਸ ਤੋਂ ਇਲਾਵਾ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਗੁਰੂ ਘਰ ਵਿੱਚ ਆਸਰਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਇੱਕ ਹਜ਼ਾਰ ਵਿਅਕਤੀਆਂ ਦਾ ਲੰਗਰ ਜੋਸ਼ੀ ਮੱਠ ਤੋਂ 22 ਕਿਲੋਮੀਟਰ ਦੂਰ ਪਿੰਡ ਰੈਣੀ ਅਤੇ 15 ਕਿਲੋਮੀਟਰ ਦੂਰ ਤਪੋਵਨ ਵਿੱਚ ਭੇਜਿਆ ਗਿਆ ਹੈ। ਪਹਿਲਾਂ ਵੀ ਜਦੋਂ ਕਦੇ ਕੁਦਰਤੀ ਆਫਤ ਆਈ ਹੈ ਤਾਂ ਗੁਰੂ ਘਰ ਵੱਲੋਂ ਮਨੁੱਖਤਾ ਦੀ ਬਿਨਾਂ ਕਿਸੇ ਭੇਦਭਾਵ ਸੇਵਾ ਕੀਤੀ ਜਾਂਦੀ ਰਹੀ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ
ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …