ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਚੰਡੀਗੜ੍ਹ ਦੇ ਬਾਸ਼ਿੰਦਿਆਂ ਨੂੰ ਕਰੋਨਾਵਾਇਰਸ ਖਿਲਾਫ਼ ਸ਼ੁਰੂ ਹੋਈ ਜੰਗ ਨਾਲ ਲੜਾਈ ਲੜਨ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਘਰਾਂਂ ਅੰਦਰ ਦੜੇ ਰਹਿਣ ਦੇ ਹੁਕਮ ਦਿੰਦਿਆਂ ਕਰਫਿਊ ਅਤੇ ਤਾਲਾਬੰਦੀ (ਲੌਕਡਾਊਨ) ਵਰਗੇ ਹੁਕਮਾਂ ਦੀ ਪਾਲਣਾ ਕਰਨ ਲਈ ਤਾਂ ਆਖ ਦਿੱਤਾ ਗਿਆ ਪਰ ਲੋਕਾਂ ਦੇ ਨਿੱਤ ਦਿਨ ਦੇ ਨਿਰਵਾਹ ਬਾਰੇ ਕੋਈ ਠੋਸ ਯੋਜਨਾਬੰਦੀ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਨੇ 22 ਮਾਰਚ ਦੇ ‘ਜਨਤਕ ਕਰਫਿਊ’ ਤੋਂ ਬਾਅਦ ਕਰਫਿਊ ਦੇ ਹੁਕਮ ਦਿੱਤੇ ਸਨ। ਲੋਕਾਂ ਨੇ ਸਰਕਾਰ ਦੇ ਫੈਸਲਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਪਾਲਣਾ ਵੱਲ ਕਦਮ ਵਧਾਏ ਸਨ ਪਰ ਜਿੱਥੋਂ ਤੱਕ ਲੋਕਾਂ ਦੇ ਨਿੱਤ ਦਿਨ ‘ਚ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਖਾਸ ਕਰ ਰਾਸ਼ਨ, ਦੁੱਧ ਅਤੇ ਦਵਾਈਆਂ ਦਾ ਸਬੰਧ ਹੈ, ਉਨ੍ਹਾਂ ਦੀ ਸਪਲਾਈ ਲਈ ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਦੀ ਕੋਈ ਖਾਸ ਵਿਉਂਤਬੰਦੀ ਨਜ਼ਰ ਨਹੀਂ ਆਈ। ਚੰਡੀਗੜ੍ਹ, ਪਟਿਆਲਾ, ਮੁਹਾਲੀ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ ਅਤੇ ਹੋਰ ਛੋਟੇ ਸ਼ਹਿਰਾਂ-ਕਸਬਿਆਂ ਵਿੱਚੋਂ ਹਾਸਲ ਕੀਤੀਆਂ ਰਿਪੋਰਟਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਵਸਤੂਆਂ ਦੀ ਉਪਲੱਭਧਤਾ ਲਈ ਕਰਿਆਨੇ ਦੀਆਂ ਦੁਕਾਨਾਂ, ਮੈਡੀਕਲ ਸਟੋਰਾਂ ਅਤੇ ਸਬਜ਼ੀ ਦੀਆਂ ਦੁਕਾਨਾਂ ਦੇ ਮਾਲਕਾਂ ਦੇ ਫੋਨ ਨੰਬਰ ਜਨਤਕ ਕੀਤੇ ਗਏ ਸਨ। ਇਨ੍ਹਾਂ ਸ਼ਹਿਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਲੋਕਾਂ ਦਾ ਇਨ੍ਹਾਂ ਨੰਬਰਾਂ ‘ਤੇ ਸਬੰਧਤ ਵਿਅਕਤੀ ਜਾਂ ਦੁਕਾਨ ਨਾਲ ਸੰਪਰਕ ਨਹੀਂ ਹੋਇਆ ਅਤੇ ਕਈ ਨੰਬਰ ਗਲਤ ਸਨ। ਕੋਈ ਦੁਕਾਨਦਾਰ ਨੰਬਰ ਚੁੱਕ ਨਹੀਂ ਸੀ ਰਿਹਾ ਅਤੇ ਹੋਰ ਸ਼ਿਕਾਇਤਾਂ ਮਿਲੀਆਂ।
ਚੰਡੀਗੜ੍ਹ ਦੇ ਸੈਕਟਰ 18, 22, 32, 37, 38, 42, 45, 47, 61 ਦੇ ਵਸਨੀਕਾਂ ਨੇ ਦੱਸਿਆ ਕਿ ਸ਼ਹਿਰ ‘ਚ ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵੀ ਵਿਅਕਤੀ ਫਲ, ਸਬਜ਼ੀ ਆਦਿ ਜ਼ਰੂਰੀ ਸਾਮਾਨ ਵੇਚਣ ਲਈ ਨਹੀਂ ਆਇਆ। ਸਵੇਰ ਸਮੇਂ ਦੁੱਧ ਦੀ ਸਪਲਾਈ ਦੇਣ ਆਏ ਵਿਅਕਤੀ ਵੀ ਆਪਣੇ ਰੋਜ਼ਾਨਾ ਵਾਲੇ ਘਰਾਂ ਨੂੰ ਹੀ ਦੁੱਧ ਦੇ ਕੇ ਚਲੇ ਗਏ। ਇਸ ਕਾਰਨ ਕਈ ਲੋਕਾਂ ਤੱਕ ਦੁੱਧ ਵੀ ਨਹੀਂ ਪਹੁੰਚ ਸਕਿਆ।
ਸ਼ਹਿਰ ਦੇ ਕੁਝ ਇਲਾਕਿਆਂ ‘ਚ ਡੇਅਰੀ ਦੀਆਂ ਦੁਕਾਨਾਂ ਖੁਲ੍ਹੀਆਂ ਸਨ ਪਰ ਉੱਥੇ ਭੀੜ ਹੋਣ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਖਦੇੜ ਕੇ ਦੁਕਾਨਾਂ ਬੰਦ ਕਰਵਾ ਦਿੱਤੀਆਂ। ਸ਼ਹਿਰ ਦੇ ਸੈਕਟਰ-21 ਬੀ ਅਤੇ 49 ‘ਚ ਸਵੇਰ ਸਮੇਂ ਫਲ ਅਤੇ ਸਬਜ਼ੀ ਵੇਚਦੇ ਕੁਝ ਲੋਕ ਵਿਖਾਈ ਦਿੱਤੇ ਪਰ ਉਨ੍ਹਾਂ ਦਾ ਮੁੱਲ ਆਮ ਨਾਲੋਂ ਕਿਤੇ ਜ਼ਿਆਦਾ ਸੀ। ਸੈਕਟਰ-21 ਦੀ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਆਲੂ 50 ਰੁਪਏ ਕਿੱਲੋ, ਪਿਆਜ਼ 70 ਰੁਪਏ ਅਤੇ ਟਮਾਟਰ 60 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚੇ ਜਾ ਰਹੇ ਹਨ। ਕਰਫਿਊ ਕਾਰਨ ਸ਼ਹਿਰ ਦੇ ਏਟੀਐੱਮ ਵੀ ਖਾਲੀ ਹੋ ਗਏ ਹਨ। ਸੈਕਟਰ-20 ਦੇ ਇੱਕ ਏਟੀਐੱਮ ‘ਚੋਂ ਰੁਪਏ ਕਢਵਾਉਣ ਆਏ ਸ਼ੋਬਿਤ ਨੇ ਦੱਸਿਆ ਕਿ ਤਿੰਨ ਏਟੀਐੱਮ ‘ਚ ਜਾਣ ਤੋਂ ਬਾਅਦ ਇਥੇ ਏਟੀਐੱਮ ਵਿੱਚੋਂ ਬਹੁਤ ਘੱਟ ਰੁਪਏ ਨਿਕਲੇ ਹਨ।
ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਦਾ ਕਹਿਣਾ ਹੈ ਕਿ ਲੋਕਾਂ ਤੱਕ ਖਾਣ ਵਾਲਾ ਸਾਮਾਨ ਪਹੁੰਚਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਰਫਿਊ ਦੌਰਾਨ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਸਬਜ਼ੀਆਂ ਆਦਿ ਬੀਜਣ ਵਾਲੇ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੈਨਪੁਰ ‘ਚ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਰਾਜਿੰਦਰ ਰਾਜੂ ਨੇ ਦੱਸਿਆ ਕਿ ਪੁਲੀਸ ਨੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਸਵੇਰੇ 3 ਵਜੇ ਤੋਂ ਸੱਤ ਵਜੇ ਤੱਕ ਹੀ ਸਬਜ਼ੀਆਂ ਦੀ ਸਪਲਾਈ ਦਿੱਤੀ ਜਾਵੇ। ਉਸ ਨੇ ਕਿਹਾ ਕਿ ਅਜਿਹਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ।
ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਨਰਪਿੰਦਰ ਸਿੰਘ ਖੰਗੂੜਾ, ਰਾਜਿੰਦਰ ਕੌਰ ਅਤੇ ਹਾਊਸਫੈੱਡ ਸੁਸਾਇਟੀ ਦੇ ਵਾਸੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ ਲੋਕ ਰਾਸ਼ਨ ਅਤੇ ਦੁੱਧ ਲਈ ਤਰਸਦੇ ਰਹੇ। ਰਾਜਿੰਦਰ ਕੌਰ ਨੇ ਦੱਸਿਆ ਕਿ ਸਰਕਾਰ ਨੇ ਅਗਾਊਂ ਚਿਤਾਵਨੀ ਦੇਣ ਤੋਂ ਪਹਿਲਾਂ ਸਭ ਕੁਝ ਬੰਦ ਕਰਕੇ ਰੱਖ ਦਿੱਤਾ। ਇਸ ਲਈ ਘਰਾਂ ਵਿੱਚ ਬੱਚਿਆਂ ਵਾਸਤੇ ਦੁੱਧ ਦਾ ਇਕ ਵੀ ਘੁੱਟ ਨਹੀਂ ਬਚਿਆ ਹੈ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜੋ ਨੰਬਰ ਦਿੱਤੇ ਗਏ ਸਨ, ਉਹ ਕੁਝ ਤਾਂ ਗਲਤ ਸਨ ਅਤੇ ਜੇਕਰ ਕੋਈ ਠੀਕ ਸੀ ਤਾਂ ਉਹ ਵਿਅਸਤ ਆ ਰਿਹਾ ਸੀ। ਕਈ ਦੁਕਾਨਦਾਰਾਂ ਨੇ ਫੋਨ ਹੀ ਨਹੀਂ ਚੁੱਕਿਆ। ਅੰਮ੍ਰਿਤਸਰ ਦੇ ਚਰਨਜੀਤ ਸਿੰਘ ਨੇ ਦੱਸਿਆ ਕਿ ਇੱਕਾ-ਦੁੱਕਾ ਮੈਡੀਕਲ ਸਟੋਰਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਸਰਕਾਰ ਵੱਲੋਂ ਦੂਰੀ ਬਣਾ ਕੇ ਰੱਖਣ ਦੇ ਨਿਰਦੇਸ਼ ਵੀ ਹਵਾ ਹੋ ਗਏ। ਅਜਿਹੀ ਵਿਥਿਆ ਫਿਰੋਜ਼ਪੁਰ, ਸੰਗਰੂਰ ਅਤੇ ਹੋਰ ਸ਼ਹਿਰਾਂ ਦੇ ਲੋਕਾਂ ਨੇ ਵੀ ਸੁਣਾਈ।
ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਪ੍ਰਸ਼ਾਸਨ ਦੀ ਸ਼ਿਕਾਇਤ ਕਰਦੇ ਸੁਣੇ ਗਏ। ਕਈ ਥਾਵਾਂ ‘ਤੇ ਪੁਲੀਸ ਵੱਲੋਂ ਗਰੀਬਾਂ ਨੂੰ ਰਾਸ਼ਨ ਵੰਡਣ ਦੀ ਸ਼ਲਾਘਾ ਜ਼ਰੂਰ ਹੋਈ।
ਪਟਿਆਲਾ ਸ਼ਹਿਰ ‘ਚ ਰਾਸ਼ਨ ਅਤੇ ਦੁੱਧ ਦੀਆਂ ਦੁਕਾਨਾਂ ‘ਤੇ ਸਾਮਾਨ ਖਰੀਦਣ ਵਾਲਿਆਂ ਦੀ ਭੀੜ ਲੱਗ ਗਈ। ਇਸ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲੀਸ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਤਾੜਨਾ ਕਰਦਿਆਂ ਭੀੜ ਨਾ ਕਰਨ ਦੇ ਆਦੇਸ਼ ਦਿੱਤੇ। ਕਰਫਿਊ ਦੌਰਾਨ ਸਵੇਰ ਸਮੇਂ ਲੋਕਾਂ ਨੂੰ ਦੁੱਧ ਦੀ ਸਪਲਾਈ ਤਾਂ ਸਹੀ ਮਿਲ ਗਈ ਪਰ ਖਾਣ ਵਾਲਾ ਸਾਮਾਨ ਨਾ ਮਿਲਣ ‘ਤੇ ਪਟਿਆਲਾ ਵਾਸੀਆਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੀਆਂ ਸਬਜ਼ੀ ਮੰਡੀਆਂ ‘ਚ ਵੀ ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਪੁਲੀਸ ਨੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …