ਮੇਜਰ ਮਾਂਗਟ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਪਰ ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਟਾਲਣ ਲਈ ਝੂਠ ਬੋਲਦਾ ਹਾਂ। ਮੈਨੂੰ ਤਾਂ ਇਹ ਵੀ ਪਤਾ ਲੱਗਾ ਸੀ ਕਿ ਉਹ ਬਾਹਰੋਂ ਆਇਆਂ ਲੇਖਕਾਂ ਦੀ ਕਿਸੇ ਕਿਤਾਬ ਤੇ ਫੰਕਸ਼ਨ ਰਖਾ ਕੇ ਚੰਗਾ ਮਾਂਜਾ ਲਾਉਂਦਾ ਹੈ। ਉਸਦਾ ਬਿਜਨਸ ਹੀ ਪੈਸੇ ਬਟੋਰਨਾ ਹੈ ਤੇ ਏਸੇ ਕਰਕੇ ਉਹ ਸਭਾ ਦਾ ਕਬਜ਼ਾ ਨਹੀਂ ਛੱਡਦਾ।
ਮੇਰੇ ਤੋਂ ਪੰਜਾਹ ਹਜ਼ਾਰ ਲੈ ਕੇ ਉਸ ਨੇ ਆਪਣੇ ਕੋਲ ਪਈਆਂ ਵਾਧੂ ਕਿਤਾਬਾਂ ਸ਼ੇਲਫਾਂ ਤੇ ਸਜ਼ਾ ਕੇ ਹੀ ਅਖਬਾਰਾਂ ਨੂੰ ਫੋਟੋਆਂ ਸਮੇਤ ਖਬਰਾਂ ਭੇਜ ਦੇਣੀਆਂ ਸਨ। ਉਨ੍ਹਾਂ ਦਾ ਕੰਮ ਹੀ ਇਹ ਸੀ। ਸ਼ਾਮ ਨੂੰ ਸਾਰੀ ਜੁੰਡਲੀ ਮਿਲਕੇ ਦਾਰੂ ਪੀਦੀਂ ਅਤੇ ਮੁਰਗ਼ ਮੁਸੱਲਮ ਖਾਂਦੀ। ਮੁਰਗ਼ੀ ਫਸਾਉਣੀ ਉਹਨਾਂ ਨੂੰ ਖੂਬ ਆਉਂਦੀ ਸੀ। ਅਗਲੇ ਨੂੰ ਰੈਸਟੋਰੈਂਟ ਲਿਜ਼ਾ ਕੇ ਖੁਦ ਹੀ ਐਸੇ ਆਰਡਰ ਚਾੜ੍ਹਦੇ ਕਿ ਫਸੇ ਬੰਦੇ ਨੂੰ ਬਟੂਏ ਦਾ ਫਿਕਰ ਪੈ ਜਾਂਦਾ। ਜਦੋਂ ਮੈਂ ਟੋਨੀ ਨੂੰ ਉਸਦੀ ਗੱਲ ਦੱਸੀ ਤਾਂ ਉਹ ਬੋਲਿਆ ”ਇਹ ਤਾਂ ਸਾਲੇ ਕੰਜਰੀਆਂ ਤੋਂ ਵੀ ਭੈੜੇ ਨੇ ਅਗਲੀ ਤਾਂ ਪੈਸੇ ਲੈ ਕੇ ਸਿਰਫ ਜਿਸਮ ਵੇਚਦੀ ਆ ਪਰ ਇਹ ਤਾਂ ਸਾਰਾ ਕੁੱਝ ਹੀ ਵੇਚ ਦਿੰਦੇ ਨੇ। ਵੀਰ ਮੇਰਿਆਂ ਬਚ ਕੇ ਰਹੀਂ ਪੰਜਾਬ ਵਿੱਚ ਉਹ ਵੇਲਾ ਆਉਣ ਵਾਲਾ ਹੈ ਕਿ ਨੌਸਰਬਾਜ ਤਾਂ ਐਨ ਆਰ ਆਈਆਂ ਨੂੰ ਦੀਵਾ ਲੈ ਕੇ ਲੱਭਿਆ ਕਰਨਗੇ। ਉਹ ਇਹ ਵਾਰ ਵੀ ਕਹਿ ਰਿਹਾ ਸੀ ”ਜੁਗਾੜੂ ਬੰਦਿਆਂ ਨੂੰ ਨੇੜੇ ਨਾ ਲੱਗਣ ਦਈਂ”
ਮੈਂ ਵਿਦਾ ਲੈ ਕੇ ਕਾਰ ‘ਚ ਆ ਬੈਠਾ ਤਾਂ ਟੋਨੀ ਬੋਲਿਆ ”ਹੁਣ ਤਾਂ ਨੀ ਮੁੰਨਤਾ ਕਿਸੇ ਨੇ? ਕਿ ਲਹਾ ਆਇਐਂ ਉੱਨ?” ਮੈਂ ਪ੍ਰੋ: ਕਿਰਪਾਲ ਵਲੋਂ ਕੁੜੀ ਕੈਨੇਡਾ ਕੱਢਣ ਵਾਲੀ ਗੱਲ ਦੱਸੀ, ਤਾਂ ਉਹ ਹੱਸਿਆ ”ਕਰ ਲੈ ਐਸ਼ਾਂ ਚਾਰ ਦਿਨ। ਲੈ ਜਾ ਦਿੱਲੀ। ਕਹਿ ਦਈਂ ਅੰਬੈਸੀ ‘ਚ ਪੇਪਰਾਂ ਦਾ ਕੰਮ ਕਰਾਉਣੈ। ਜੇ ਜਵਾਬ ਦੇ ਗਏ ਤਾਂ ਕਹਿ ਦਈਂ। ਨਾਲੇ ਮੇਰੇ ਦਿੱਲੀ ਦੇ ਗੇੜੇ ਲੱਗ ਜਾਣਗੇ ਤੇ ਉਹ ਪੈਸੇ ਵੀ ਪ੍ਰੋਫੈਸਰ ਈ ਦੇਊਗਾ। ਊਂਹ ਇਹ ਕਲਚਰ ਦੀਆਂ ਗੱਲਾਂ ਕਰਨਗੇ। ਊਂ ਕੁੜੀਆਂ ਨੂੰ ਕੈਨੇਡਾ ਕੱਢਣ ਕਿਸੇ ਵੀ ਲੱਲੂ ਪੰਜੂ ਨੂੰ ਜੋ ਮਰਜੀ ਕਰਨ ਲਈ ਪੇਸ਼ ਕਰ ਦੇਣਗੇ। ਹੈਂ ਨਾ ਸਾਡਾ ਭਾਰਤ ਮਹਾਨ” ਉਹ ਹੱਸਿਆ। ”ਜੇ ਅਗਲੇ ਥੋਨੂੰ ਨੀ ਬਖਸ਼ਦੇ ਤੁਸੀਂ ਵੀ ਰਗੜਨਾ ਸਿੱਖੋ”. ਫੇਰ ਸਾਡਾ ਵਿਸ਼ਾ ਕੁੜੀਆਂ ਵਲ ਮੁੜ ਪਿਆ। ਟੋਨੀ ਦਾ ਤਰਕ ਸੀ ਕਿ ”ਲੋਕ ਕੁੱਖ ਵਿੱਚ ਕੁੜੀਆਂ ਤਾਂ ਮਾਰ ਦਿੰਦੇ ਨੇ ਉਹਨਾਂ ਦੀ ਜੂਨ ਹੀ ਕੋਈ ਨਹੀਂ। ਹਰ ਰੋਜ਼ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਤੇ ਫੇਰ ਕਤਲ ਹੁੰਦੇ ਨੇ। ਕਨੂੰਨ ਨਿੱਸਲ ਹੋ ਕੇ ਪਿਆ ਰਹਿੰਦਾ ਆ। ਪਿਉ ਭਰਾ ਤਾਂ ਨਸ਼ਿਆਂ ‘ਚ ਗਰਕ ਰਹਿੰਦੇ ਨੇ ਤੇ ਫੇਰ ਕੁੜੀਆਂ ਪੜ੍ਹਾਈ ਦੇ ਜਾਂ ਨਿੱਤ ਦੇ ਖਰਚੇ ਕਿੱਥੋਂ ਤੋਰਨ? ਵਿਗੜਨਗੀਆਂ ਈਂਸ਼। ਹੋਰ ਕੀ ਕਰਨ?”
ਮੈਂ ਉਸ ਦੀਆਂ ਗੱਲਾਂ ਸੁਣ ਸੁਣ ਹੈਰਾਨ ਹੋ ਰਿਹਾ ਸੀ। ਉਹ ਬੋਲਿਆ ”ਭਰਾਵਾਂ ਐਸ ਕੰਮ ਦਾ ਵੀ ਬਹੁਤ ਬੜਾ ਜੁਗਾੜ ਆ। ਆਪਣੇ ਸ਼ਹਿਰ ਦੀਆਂ ਕੁੜੀਆਂ ਦਿੱਲੀ ਬੰਬੇ ਤੱਕ ਸਪਲਾਈ ਹੁੰਦੀਆਂ ਨੇ। ਅਖੇ ਅਸੀਂ ਮੌਡਲਿੰਗ ਕਰਨ ਜਾਂਦੀਆਂ ਹਾਂ। ਕਿਸੇ ਇੱਕ ਅੱਧੇ ਗੀਤ ‘ਚ ਨਚਾ ਕੇ ਅਗਲੇ ਡਾਂਸ ਬਾਰਾਂ ਨੂੰ ਭੇਜ ਦਿੰਦੇ ਨੇ। ਸਿੰਗਾਪੁਰ ਦੁਬਈ ਤੱਕ ਤੇ ਹੋਟਲਾਂ ਤੱਕ ਧੰਦਾ ਫੈਲਿਆ ਹੋਇਆ। ਜਾਸਮੀਨ ਬਿਊਟੀ ਪਾਰਲਲ ਵਾਲੀ ਜੈਸਿਕਾ ਵੀ ਇਹ ਹੀ ਕੰਮ ਕਰਦੀ ਆ। ਦਿਨਾਂ ‘ਚ ਏ ਕਰੋੜਪਤੀ ਬਣਗੀ। ਮੇਰੀ ਗੱਡੀ ਉਸ ਨੇ ਪੱਕੀ ਹੀ ਬੁੱਕ ਕੀਤੀ ਹੋਈ ਆ। ਮੈਂ ਤਾਂ ਉਹਦੀ ਰਗ ਰਗ ਤੋਂ ਵਾਕਿਫ ਆਂ। ਘਰ ਵਾਲਾ ਉਹਦਾ ਚਿੱਟਾ ਵੇਚਦੈ। ਮੰਤਰੀਆਂ ਨਾਲ ਸਬੰਧ ਨੇ। ਭਰਾਵਾਂ ਤੈਨੂੰ ਉਹ ਸਟੋਰੀਆਂ ਦੱਸੂੰ ਕਿ ਤੇਰੇ ਦੰਦ ਜੁੜ ਜਾਣਗੇ। ਜੇ ਤੈਂ ਜਲਵਾ ਦੇਖਣੈ ਉਹ ਵੀ ਦਿਖਾ ਦਊਂ। ਹੁਣ ਕੀ ਕਰੀਏ ਅਸੀਂ ਵੀ ਤਾਂ ਰੋਟੀ ਖਾਣੀ ਆ ਤੇ ਨਿਆਣੇ ਪਾਲਣੇ ਨੇ। ਪਰ ਟੈਕਸੀ ਦਾ ਕੰਮ ਹੈ ਬੜਾ ਕੁੱਤਾ”
ਮੈਂ ਹੈਰਾਨ ਸਾਂ ਕਿ ਪੰਜਾਬ ਵਿੱਚ ਐਨੀ ਜਲਦੀ ਇਹ ਕੀ ਹੋ ਗਿਆ ਆ। ਔਰਤਾਂ ਦੀ ਇੱਜ਼ਤ ਤੇ ਪਿੰਡ ਦੀ ਧੀ ਭੈਣ ਵਾਲੀ ਤਾਂ ਗੱਲ ਹੀ ਨਹੀਂ ਰਹੀ। ਕਿਉਂ ਲੋਕ ਆਪਣੀਆਂ ਹੀ ਧੀਆਂ ਭੈਣਾਂ ਵੇਚਣ ਲੱਗ ਪਏ ਨੇ। ਜਿਨਾਂ ਤੋਂ ਇਹ ਕੰਮ ਨਹੀਂ ਹੋ ਸਕਦਾ ਹੋਊ ਉਹ ਹੀ ਜੰਮਣ ਤੋਂ ਪਹਿਲਾਂ ਕੁੜੀਆਂ ਮਾਰਨ ਲੱਗ ਪਏ ਹੋਣਗੇ।
ਮੈਨੂੰ ਯਾਦ ਆਇਆ ਕਿ ਕੁੱਝ ਸਾਲ ਪਹਿਲਾਂ ਜਦੋਂ ਮੈਂ ਇੱਕ ਮਹਿਫਲ ਵਿੱਚ ਕਹਿ ਦਿੱਤਾ ਸੀ ਕਿ ਜੇ ਪੰਜਾਬੀਆਂ ਦਾ ਇਹ ਹੀ ਹਾਲ ਰਿਹਾ ਤਾਂ ਪੰਜਾਬੀ ਕੁੜੀਆਂ ਕੋਲ ਦੇਹ ਵਪਾਰ ਕਰਨ ਤੋਂ ਸਿਵਾਏ ਹੋਰ ਕੋਈ ਰਸਤਾ ਨਹੀ ਬਚੇਗਾ। ਤਾਂ ਪੂਰੀ ਮਹਿਫਲ ਮੇਰੇ ਗਲ਼ ਪੈ ਗਈ ਸੀ। ਪਰ ਹੁਣ ਇਹ ਕੰਮ ਸ਼ਰੇਆਮ ਹੋ ਰਿਹਾ ਸੀ। ਸ਼ਹਿਰ ਦੀ ਪੌਸ਼ ਕਲੋਨੀਆਂ ਤੇ ਹੋਟਲਾਂ ਵਿੱਚ ਧੰਦਾ ਬੜੇ ਠਾਠ ਨਾਲ ਚੱਲ ਰਿਹਾ ਸੀ। ਪ੍ਰਸਾਸ਼ਨ ਦੀ ਮਿਲੀ ਭੁਗਤ ਹੋਣ ਕਾਰਨ ਸਾਰੇ ਇਸ ਹਮਾਮ ‘ਚ ਨੰਗੇ ਨੇ। ਟੋਨੀ ਮੈਨੂੰ ਅੰਦਰਲੇ ਭੇਦ ਦੱਸ ਰਿਹਾ ਸੀ। ਉਹ ਫੇਰ ਬੋਲਿਆ:-
”ਕੁਲਜੀਤਿਆ ਪਿੰਡਾਂ ਦੀਆਂ ਕੁੜੀਆਂ ਜਾਸਮੀਨ ਮੈਡਮ ਕੋਲ ਬਿਊਟੀ ਪਾਰਲਲ ਜਾਣਾ, ਕਹਿ ਕੇ ਆਂਉਦੀਆਂ ਨੇ ਤੇ ਏਥੋਂ ਹੀ ਸੌਦੇ ਤਹਿ ਹੋ ਜਾਂਦੇ ਨੇ। ਅਗਲੇ ਕਾਰ ‘ਚ ਚੁੱਕ ਕੇ ਲੈ ਜਾਂਦੇ ਨੇ ਤੇ ਘੰਟੇ ਦੋ ਘੰਟੇ ਬਾਅਦ ਛੱਡ ਜਾਂਦੇ ਨੇ। ਮੈਡਮ ਦਾ ਮਾਲ ਵੱਡੇ ਮੰਤਰੀਆਂ ਤੇ ਪੁਲਿਸ ਅਫਸਰਾਂ ਸਭ ਕੋਲ ਜਾਂਦੈ। ਜੇ ਕੋਈ ਤੇਰੇ ਵਰਗਾ ਬਾਹਰੋਂ ਆਇਆ ਹਫਤੇ ਖੰਡ ਲਈ ਮਾਲ ਬਾਹਰਲੇ ਟਰਿੱਪ ਤੇ ਲੈ ਕੇ ਜਾਣਾਂ ਚਾਹੇ ਉਹ ਵੀ ਮਿਲ ਜਾਂਦੈ। ਮੈਡਮ ਦੀ ਤਾਂ ਉੱਪਰ ਤੱਕ ਚੱਲਦੀ ਆ। ਸਾਰੇ ਹੀ ਉਹਦੇ ਗਾਹਕ ਨੇ। ਤੇ ਉਹ ਸਭ ਦੇ ਭੇਤ ਜਾਣਦੀਆਂ ਆ। ਵੱਡੇ ਅਫਸਰਾਂ ਨੂੰ ਗੰਦੀਆਂ ਗਾਲਾਂ ਕੱਢ ਦਿੰਦੀ ਆਂ। ਉਸ ਦੇ ਹਸਬੈਂਡ ਦਾ ਸਮਲਿੰਗ ਤੇ ਇਸ ਧੰਦੇ ‘ਚ ਪੂਰਾ ਹੱਥ ਆ।
ਇਹਨੇ ਵੀਹ ਸਾਲ ਦੀ ਨੇ ਕੰਮ ਸ਼ੁਰੂ ਕੀਤਾ ਸੀ ਹੁਣ ਦੇਖ ਲੈ ਕਰੋੜਾਂ ਪਤੀ ਆ। ਸ਼ਹਿਰ ਵਿੱਚ ਕਈ ਪਲਾਟ ਤੇ ਕੋਠੀਆਂ ਨੇ। ਸਭ ਕੋਠੀਆਂ ਇਸੇ ਕੰਮ ਲਈ ਰੱਖੀਆਂ ਹੋਈਆਂ ਨੇ। ਭਰਾਵਾ ਮੈਂ ਤਾਂ ਇਹ ਕੰਜਰਖਾਨਾ ਨਿੱਤ ਦੇਖਦਾਂ ਹਾਂ। ਮੈਂ ਹੀ ਕੁੜੀਆਂ ਛੱਡ ਕੇ ਆਉਂਦੈ। ਸਕੂਲਾਂ ਕਾਲਜਾਂ ਦੀਆਂ ਭੋਰਾ ਭਰ ਲੱਗਦੀਆਂ ਕੁੜੀਆਂ ਜਿਨਾਂ ਨੂੰ ਦੇਖ ਕੇ ਤੁਸੀ ਕਹਿ ਹੀ ਨਹੀ ਸਕਦੇ। ਇਸ ਧੰਦੇ ‘ਚ ਲੱਗੀਆਂ ਹੋਈਆਂ। ਪਿੰਡੋਂ ਸ਼ਹਿਰ ਕਿਸੇ ਬਹਾਨੇ ਆਈਆਂ ਕੁੜੀਆਂ ਇੱਕ ਦੋ ਗਾਹਕ ਭੁਗਤਾ ਕੇ ਮੁੜ ਜਾਂਦੀਆਂ ਨੇ। ਮੈਡਮ ਇੱਕ ਵਾਰ ਦਾ ਪੰਜ ਹਜ਼ਾਰ ਲੈਂਦੀ ਆ। ਦੋ ਕੁੜੀ ਦਾ ਤੇ ਤਿੰਨ ਮੈਡਮ ਦਾ। ਜਗਾ ਦਾ ਪ੍ਰਬੰਧ ਵੀ ਉਹ ਆਪ ਹੀ ਕਰਦੀ ਆ। ਪੁਲੀਸ ਦੀ ਕੀ ਮਜਾਲ ਹੈ ਕਿ ਉਸ ਮੂਹਰੇ ਖੰਘ ਜਾਵੇ। ਸਭ ਉਸ ਦਾ ਪਾਣੀ ਭਰਦੇ ਨੇ। ਤੇ ਉਹ ਮਹੀਨਾ ਭਰਦੀ ਆ। ਬਹੁਤ ਖਰਾਂਟ ਔਰਤ ਆ। ਜੇ ਕਹੇਂ ਤੈਨੂੰ ਵੀ ਤਮਾਸ਼ਾ ਦਿਖਾ ਦਿੰਨੇ ਆਂ। ਕਰ ਲੈ ਫੋਨ ਡਾਇਲਸ਼। ਕਹੀਂ ਕੇ ਬਾਹਰੋਂ ਆਇਆਂ ਹਾਂ ਮਾਲ ਚਾਹੀਦੈ” ਮੈ ਕਿਹਾ ਚਲੋ ਇਹ ਨਵਾਂ ਤਜ਼ਰੁਬਾ ਵੀ ਕਰ ਲੈਂਦੇ ਹਾਂ। ਤੇ ਟੋਨੀ ਤੋਂ ਪੁੱਛਕੇ ਨੰਬਰ ਲਾ ਦਿੱਤਾ। ਅਗਲੇ ਹੀ ਪਲ ਜਾਸਮੀਨ ਮੇਰੇ ਨਾਲ ਫੋਨ ਤੇ ਸੌਦਾ ਤਹਿ ਕਰ ਰਹੀ ਸੀ।
”ਜੀ ਸਰ ਸਾਡੀਆਂ ਲੜਕੀਆਂ ਪੂਰੀ ਤਰ੍ਹਾਂ ਸੇਫ ਨੇ ਤੇ ਸਿਰਫ ਸੇਫ ਥਾਂ ਤੇ ਹੀ ਜਾਂਦੀਆ ਨੇ। ਜਗਾ ਅਸੀਂ ਆਪ ਦੱਸਦੇ ਹਾਂ, ਮੋਟਰਾਂ ਟਿਊਬੈਲਾਂ ਜਾਂ ਹੋਰ ਥਾਵਾਂ ਤੇ ਅਸੀਂ ਕੁੜੀਆਂ ਨਹੀਂ ਭੇਜਦੇ। ਫੋਟੋ ਆਈ ਡੀ ਦੇਖੇ ਬਗੈਰ ਅਸੀਂ ਲੜਕੀ ਨਹੀਂ ਭੇਜਦੇ। ਸਾਰਾ ਕੁੱਝ ਪੂਰੀ ਤਰ੍ਹਾਂ ਕਾਂਨਫੀਡੈਂਸ਼ਲ ਹੈ। ਪਰ ਫੀਸ ਪਹਿਲਾਂ ਲੈਂਦੇ ਹਾਂ। ਤੁਹਾਨੂੰ ਪਤਾ ਹੀ ਹੈ ਅਸੀਂ, ਰਿਸਕ ਨਹੀਂ ਲੈ ਸਕਦੇ। ਤੁਸੀਂ ਫੋਨ ਕਰਕੇ ਆ ਜਾਵੋ। ਪੰਜ ਹਜ਼ਾਰ ਰੁਪਏ ਜਮਾਂ ਕਰਵਾਕੇ ਪਿੱਕ ਅੱਪ ਕਰ ਲੈਣਾ। ਸਭ ਚੌਵੀ ਸਾਲ ਤੋਂ ਥੱਲੇ ਨੇ। ਹਾਂ ਹਾਂ ਤੁਸੀਂ ਤੁਸੀਂ ਬਾਹਰ ਦੇ ਟਰਿੱਪ ਲਈ ਵੀ ਲੈ ਸਕਦੇ ਹੋ। ਗੁੱਡ ਡੀਲ ਦੇ ਦੇਵਾਂਗੇ। ਟੋਨੀ ਦਾ ਨਾਂ ਜੋ ਲੈ ਦਿੱਤੈ, ਹੁਣ ਕਰਨਾ ਹੀ ਪਵੇਗਾ। ਕੋਈ ਨਾ ਆ ਜਾਵੋ” ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ।
ਉਹ ਹੰਢੀ ਹੋਈ ਬਿਜਨਸ ਵੁਮੈਨ ਲੱਗਦੀ ਸੀ। ਮੇਰਾ ਸਿਰ ਚਕਰਾਉਣ ਲੱਗ ਪਿਆ। ਮੇਰੇ ਰਿਸ਼ਤੇਦਾਰਾ ਦੀਆਂ ਵੀ ਤਾਂ ਅਨੇਕਾਂ ਕੁੜੀਆਂ ਜੋ ਰੋਜ਼ ਬੱਸ ਚੜ੍ਹਕੇ ਸ਼ਹਿਰ ਜਾਂਦੀਆਂ ਸਨ। ਕੌਣ ਕੀ ਸੀ? ਕੋਈ ਨਹੀਂ ਸੀ ਪਤਾ। ”ਮੁੰਡੇ ਸਮੈਕੀਏ ਤੇ ਕੁੜੀਆਂ ਟੈਕਸੀਆਂ” ਟੋਨੀ ਦੇ ਬੋਲ ਬਰਸ਼ੇ ਵਾਂਗ ਮੇਰੇ ਸੀਨੇ ਖੁੱਭ ਗਏ। ਉਹ ਬੋਲਿਆ ”ਬੱਸ ਆਹ ਹੀ ਦਿਨ ਦੇਖਣੋਂ ਰਹਿ ਗਏ ਸਨ” ਮੈਨੂੰ ਲੱਗਿਆ ਜਿਵੇ ਮੈਂ ਪਾਗਲ ਹੋ ਜਾਵਾਂਗਾ। ਸ਼ਹਿਰਾਂ ਵਿੱਚ ਮੋਬਾਈਲ ਚੁੱਕੀ ਮੁੰਡੇ ਕੁੜੀਆਂ ਹਰਲ ਹਰਲ ਕਰਦੇ ਫਿਰ ਰਹੇ ਸਨ। ਸ਼ਹਿਰ ਦੀਆਂ ਉਜਾੜ ਥਾਵਾਂ, ਖਾਲੀ ਸ਼ੀਸ਼ੀਆਂ ਅਤੇ ਸਰਿੰਜਾਂ ਨਾਲ ਭਰੀਆਂ ਸਨ। ਕਮੈਸਟਾਂ ਦੀਆਂ ਦੁਕਾਨਾਂ ਤੇ ਮੁੰਡੇ ਕੁੜੀਆਂ ਦੀ ਭੀੜ ਸੀ। ਦਵਾਈਆਂ ਦੇ ਨਾਲ ਨਾਲ ਡਰੱਗ ਦਾ ਧੰਦਾ ਵੀ ਜ਼ੋਰਾਂ ਤੇ ਸੀ। ਕਈ ਮੰਤਰੀਆਂ ਨੇ ਤਾਂ ਦਵਾਈਆਂ ਦੇ ਰੂਪ ਵਿੱਚ ਸਿਨਥੈਟਿਕ ਡਰੱਗ ਬਣਾਉਣ ਦੀਆਂ ਫੈਕਟਰੀਆਂ ਵੀ ਲਾ ਦਿੱਤੀਆਂ ਸਨ। ਉਹਨਾਂ ਦੇ ਡੀਲਰ ਜੋ ਲੀਡਰ ਵੀ ਕਹਾਉਂਦੇ ਮਾਲ ਸਪਲਾਈ ਕਰ ਜਾਂਦੇ।
ਬਾਕੀ ਦੁਕਾਨਾਂ ਤੇ ਵੀ ਖਰੀਦਦਾਰ ਵੀ ਜ਼ਿਆਦਾ ਕੁੜੀਆਂ ਹੀ ਸਨ। ਪੈਸੇ ਕਾਰਨ ਖਰੀਦ ਸ਼ਕਤੀ ਵੀ ਉਨ੍ਹਾਂ ਕੋਲ ਹੀ ਸੀ। ਚਾਲੀ ਚਾਲੀ ਹਜ਼ਾਰ ਵਾਲੇ ਫੋਨ ਰੱਖਣ ਤੇ ਬਰੈਂਡ ਨੇਮ ਕੱਪੜੇ ਲੈਣ ਲਈ ਪੈਸੇ ਕਮਾਉਣ ਦਾ ਅਸਾਨ ਤਰੀਕਾ ਜੋ ਲੱਭ ਗਿਆ ਸੀ। ”ਦੇਸ਼ ਤਰੱਕੀ ਕਰ ਰਿਹਾ ਹੈ” ਲੀਡਰ ਮਾਣ ਨਾਲ ਦੱਸ ਰਹੇ ਸਨ। ਯੂਥ ਲੀਡਰ ਮੀਤਾ ਮਾਹਲ ਸਮੈਕ ਵੇਚ ਕੇ ਕਰੋੜਾਂ ਦੀ ਜਾਇਦਾਦ ਬਣਾ ਗਿਆ ਸੀ। ਇਹ ਉਹ ਹੀ ਸੀ ਮੀਤਾ ਜਿਸ ਦੇ ਮਾਪੇ ਭੁੱਖੇ ਮਰਦੇ ਦਿਹਾੜੀ ਜੋਤਾ ਕਰਦੇ ਸਨ ਤੇ ਕਿਸੇ ਵੱਡੇ ਲੀਡਰ ਦੇ ਲੜ ਲੱਗ ਗਿਆ ਸੀ।
ਦੂਸਰੇ ਦਿਨ ਫੇਰ ਮੈਂ ਸ਼ਹਿਰ ਵਿੱਚ ਪਾਗਲਾਂ ਵਾਂਗ ਘੁੰਮਦਾ ਰਿਹਾ। ਮੁਬਾਈਲ ਫੋਨਾਂ ਦੀਆਂ ਦੁਕਾਨਾਂ ਤੇ ਮੁੰਡੇ ਕੁੜੀਆਂ ਦੀ ਭੀੜ ਮੈਨੂੰ ਦੰਦ ਚਿੜਾਉਂਦੀ ਰਹੀ। ਹਰ ਕੁੜੀ ਹੀ ਸ਼ੱਕੀ ਜਿਹੀ ਜਾਪ ਰਹੀ ਸੀ। ਸੜਕਾਂ ਤੇ ਬਹੁਤ ਮਹਿੰਗੀਆਂ ਅਤੇ ਬਰੈਂਡ ਨੇਮ ਕਾਰਾਂ ਘੁੰਮ ਰਹੀਆਂ ਸਨ। ਸ਼ਹਿਰ ਬਦਲ ਚੁੱਕਾ ਸੀ, ਲੋਕ ਬਦਲ ਚੁੱਕੇ ਸਨ। ਪਹਿਰਾਵੇ ਤੇ ਖਾਣ ਵੀ ਪੀਣ ਬਦਲ ਚੁੱਕਾ ਸੀ। ਥਾਂ ਥਾਂ ਤੇ ਨੂਡਲਜ਼ ਬਰਗਰਾਂ ਦੀ ਭਰਮਾਰ ਸੀ। ਵੱਡੇ ਮਾਲ ਮੈਕਡੌਨਲ ਤੇ ਕੇ ਐੱਫ ਥਾਂ ਥਾਂ ਖੁੱਲ ਰਹੇ ਸਨ। ਕੁੜੀਆਂ ਨੂੰ ਹੁਣ ਸੂਟ ਪਾਉਣੇ ਪਸੰਦ ਸਨ। ਜੀਨ ਟੌਪ ਪਹਿਨਣ ਦਾ ਅਤੇ ਹਿੰਦੀ ਅੰਗਰੇਜ਼ੀ ‘ਚ ਗੱਲ ਕਰਨ ਦਾ ਰਿਵਾਜ਼ ਹੋ ਗਿਆ ਲੱਗਦਾ ਸੀ।
ਫਿਰਦਿਆਂ ਫਿਰਦਿਆਂ ਮੈਨੂੰ ਸ਼ਾਮ ਹੋ ਗਈ। ਫੇਰ ਕੁੱਝ ਦੋਸਤ ਮਿਲ ਪਏ। ਮੈਂ ਕਿਹਾ ”ਬੈਠੀਏ ਕਿਤੇ?” ਉਹ ਕਹਿੰਦੇ ”ਪੈਰਾਡਾਈਜ਼ ਚਿਕਨ ਚੱਲਦੇ ਹਾਂਸ਼। ਟੌਪ ਦਾ ਰੈਸਟੋਰੈਂਟ ਆ” ਮੈਂ ਸਮਝ ਗਿਆ ਕਿ ਅੱਜ ਫੇਰ ਚੰਗਾ ਲੋਦਾ ਲਾਉਣਗੇ। ”ਐਨ ਆਰ ਆਈ ਨੂੰ ਵੀ ਤਾਂ ਚਿਕਨ ਸਮਝਦੇ ਨੇ। ਜਦੋਂ ਮਰਜ਼ੀ ਧੌਣ ਮਰੋੜ ਲਵੋ” ਅੰਦਰ ਗਏ ਤਾਂ ਇੱਕ ਪਰਦਿਆਂ ਵਾਲੇ ਕੈਬਨ ‘ਚ ਬੈਠ ਗਏ। ਮੇਰੇ ਨਾਲ ਆਇਆ ਪ੍ਰਮਿੰਦਰ ਵੇਟਰ ਨੂੰ ਕਹਿ ਰਿਹਾ ਸੀ ”ਜਾਂ ਇੱਕ ਆਰ ਸੀ ਦੀ ਬੋਤਲ ਫੜ ਕੇ ਲਿਆ ਤੇ ਨਾਲ ਛੇ ਕੈਨ ਲਵੈਟ ਫਿਫਟੀ ਬੀਅਰ ਦੇ” ਫੇਰ ਮੇਰੇ ਵਲ ਦੇਖ ਕੇ ਬੋਲਿਆ ”ਭਾਅ ਜੀ ਆਹ ਫੜਾਉ ਤਾਂ ਦੋ ਕੁ ਹਜ਼ਾਰ” ਮੈਂ ਬੈਠਾ ਮੂੰਹ ਵਲ ਵੇਖਾਂ ਕਿ ਸੱਦੇ ਤਾਂ ਮੈਂ ਨੇ ਤੇ ਆਰਡਰ ਮੈਨੂੰ ਬਗੈਰ ਪੁੱਛੇ ਹੀ ਕਰੀ ਜਾ ਰਹੇ ਨੇ। ਰੁਆਇਲ ਸਟੈਗ ਭਲਾਂ ਕੀ ਕਹਿੰਦੀ ਸੀ? ਮੈਂ ਵਿੱਚੇ ਵਿੱਚ ਕੁੜਦਾ ਰਿਹਾ। ਫੇਰ ਚਿਕਨ ਰੋਸਟਿਡ, ਚਿੱਲੀ ਚਿਕਨ, ਖਾਰੇ ਸੋਢੇ ਤੇ ਸਲਾਦ ਵਾਰ ਵਾਰ ਆਉਂਦੇ ਰਹੇ। ਅੰਤ ਨੂੰ ਚਾਰ ਹਜ਼ਾਰ ਬਿੱਲ ਹੋਰ ਬਣ ਗਿਆ। ਮੈਂ ਭੇਡ ਵਾਂਗ ਇੱਕ ਵਾਰ ਫੇਰ ਉੱਨ ਲੁਹਾ ਕੇ ਘਰ ਨੂੰ ਤੁਰ ਪਿਆ ਤੇ ਉਹ ਖਾਅ ਪੀਕੇ ਮੋਟਰ ਸਾਈਕਲਾਂ ਤੇ ਪੱਤਰਾ ਵਾਚ ਗਏ।
(ਚੱਲਦਾ)