Breaking News
Home / ਨਜ਼ਰੀਆ / ਨੈਤਿਕ ਸਿੱਖਿਆ – ਬਾਲ ਨਾਟਕ

ਨੈਤਿਕ ਸਿੱਖਿਆ – ਬਾਲ ਨਾਟਕ

ਏਕੇ ਦੀ ਬਰਕਤ
ਡਾ. ਡੀ ਪੀ ਸਿੰਘ, 416-859-1856

ਪਾਤਰ
ਬਾਬਾ ਬਟਰੂ : ਬੁੱਢੇ ਬਟੇਰ ਦੀ ਪੁਸ਼ਾਕ ਪਾਈ ਤੇ ਕਲਗੀ ਲਾਈ 12 ਸਾਲ ਦਾ ਬੱਚਾ
ਬਿੱਟੂ ਤੇ ਮਿੰਟੂ : ਬਟੇਰਾਂ ਦੀ ਪੁਸ਼ਾਕ ਪਾਈ 11 ਕੁ ਸਾਲ ਦੇ ਦੋ ਬੱਚੇ।
ਬਬਰੂ : ਹੱਥ ਵਿਚ ਜਾਲ ਫੜੀ ਤੇ ਸ਼ਿਕਾਰੀ ਦੀ ਪੁਸ਼ਾਕ ਪਾਈ 14 ਸਾਲ ਦਾ ਬੱਚਾ
ਕੀਟੂ, ਚੀਟੂ, ਨੀਟੂ ਤੇ ਪੀਟੂ : ਬਟੇਰਾਂ ਦੀ ਪੁਸ਼ਾਕ ਪਾਈ 10 ਕੁ ਸਾਲ ਦੇ ਚਾਰ ਬੱਚੇ।
ਛੋਟੂ : ਛੋਟੇ ਬਿਟੇਰ ਦੀ ਪੁਸ਼ਾਕ ਪਾਈ 5 ਕੁ ਸਾਲ ਦਾ ਬੱਚਾ।
ਬਟੇਰਾਂ ਦਾ ਝੁੰਡ: ਬਟੇਰਾਂ ਦੀਆਂ ਪੁਸ਼ਾਕਾਂ ਪਾਈ, 5-10 ਸਾਲ ਦੀ ਉਮਰ ਦੇ 7-8 ਬੱਚੇ
ਸੂਤਰਧਾਰ : ਪਰਦੇ ਪਿੱਛੋਂ ਬੋਲਣ ਵਾਲਾ 12 ਸਾਲ ਦਾ ਬੱਚਾ।
ਪਰਦਾ ਉੱਠਦਾ ਹੈ।
ਝਾਕੀ ਪਹਿਲੀ
(ਜੰਗਲ ਵਿਚ ਬਟੇਰਾਂ ਦਾ ਇਕ ਝੁੰਡ, ਮਿੱਟੀ ਦੇ ਇਕ ਉੱਚੇ ਢੇਰ ਕੋਲ ਖੜਾ ਹੈ। ਮਿੱਟੀ ਦੇ ਢੇਰ ਉੱਤੇ ਖੜਾ ਇਕ ਬਟੇਰ ਉਨ੍ਹਾਂ ਨੂੰ ਸੰਬੋਧਤ ਕਰ ਰਿਹਾ ਹੈ।)
ਬਿੱਟੂ : ਪਿਆਰੇ ਸਾਥੀਓ! ਅੱਜ ਅਸੀਂ ਬਹੁਤ ਹੀ ਗੰਭੀਰ ਮਸਲੇ ਦਾ ਹੱਲ ਲੱਭਣ ਲਈ ਇਕੱਠੇ ਹੋਏ ਹਾਂ। ਪਤਾ ਲੱਗਾ ਹੈ ਕਿ ਸਾਡੇ ਜੰਗਲ ਵਿਚ ਮੌਤ ਦੇ ਦੂਤ (ਸ਼ਿਕਾਰੀ) ਆ ਪਹੁੰਚੇ ਨੇ। ਜਿਸ ਕਾਰਣ ਅੱਜ ਸਾਡੇ ਸੱਭ ਦੇ ਸਿਰ ਉੱਤੇ ਮੌਤ ਦਾ ਕਾਲਾ ਸਾਇਆ ਮੰਡਰਾ ਰਿਹਾ ਹੈ। ਇਹ ਮਸਲਾ ਸਾਡੇ ਸੱਭ ਲਈ ਜੀਵਨ ਤੇ ਮੌਤ ਦਾ ਮਸਲਾ ਹੈ। ਮੇਰਾ ਸੁਝਾਅ ਹੈ ਕਿ ਅਸੀਂ ਇਸ ਮਸਲੇ ਦੇ ਹੱਲ ਬਾਰੇ ਆਪਣੇ ਝੁੰਡ ਦੇ ਸੱਭ ਤੋਂ ਸਿਆਣੇ ਬਜ਼ੁਰਗ ਸਾਥੀ ਬਾਬਾ ਬਟਰੂ ਦੇ ਵਿਚਾਰ ਸੁਣੀਏ।
(ਬਾਬਾ ਬਟਰੂ ਮਿੱਟੀ ਦੇ ਢੇਰ ਉੱਤੇ ਪਹੁੰਚਦਾ ਹੈ, ਸਾਰੇ ਬਟੇਰ ਆਪਣੇ ਖੰਭ ਫੜਫੜਾ ਕੇ ਉਸ ਦਾ ਸਵਾਗਤ ਕਰਦੇ ਹਨ। ਬਾਬਾ ਬਟਰੂ ਆਪਣੇ ਖੰਭਾਂ ਨੂੰ ਅੱਗੇ ਵਲ ਕਰ ਆਪਸ ਵਿਚ ਜੋੜਦੇ ਹੋਏ ਉਨ੍ਹਾਂ ਦਾ ਧੰਨਵਾਦ ਕਰਦਾ ਹੈ।)
ਬਾਬਾ ਬਟਰੂ: ਪਿਆਰੇ ਸਾਥੀਓ ਤੇ ਬੱਚਿਓ! ਮੈਨੂੰ ਸ਼ੱਕ ਹੀ ਨਹੀਂ, ਪੱਕਾ ਯਕੀਨ ਹੈ ਕਿ
ਸਾਡੇ ਜੰਗਲ ਵਿਚ, ਮੌਤ ਦੇ ਦੂਤ ਆ ਚੁੱਕੇ ਹਨ। ਇਸ ਦਾ ਸਬੂਤ ਹੈ ਕਿ ਸਾਡੇ ਕਈ
ਸਾਥੀ ਲਾਪਤਾ ਹਨ। ਉਨ੍ਹਾਂ ਦਾ ਕੋਈ ਥਹੁੰ-ਪਤਾ ਨਹੀਂ ਲਗ ਰਿਹਾ। ਉਨ੍ਹਾਂ ਸਾਥੀਆਂ ਦੇ ਪਰਿਵਾਰ ਗਹਿਰੇ ਸਦਮੇ ਵਾਲੀ ਹਾਲਤ ਵਿਚ ਹਨ। ਇਸ ਔਖੀ ਘੜੀ ਵਿਚ ਸਾਡੀ ਸੱਭ ਦੀ ਹਮਦਰਦੀ ਉਨ੍ਹਾਂ ਪਰਿਵਾਰਾਂ ਨਾਲ ਹੈ। ਪਰ ਹੌਂਸਲਾ ਨਹੀਂ ਹਾਰਣਾ ਚਾਹੀਦਾ। ਸਗੋਂ ਅਜਿਹੀਆਂ ਘਟਨਾਵਾਂ ਤੋਂ ਸਬਕ ਸਿੱਖ ਕੇ ਸੁਰੱਖਿਅਤ ਭਵਿੱਖ ਲਈ ਵਿਉਂਤ ਬਣਾਉਣ ਦੀ ਲੋੜ ਹੈ। ਕਿਉਂ ਜੋ ਸੱਭ ਪਾਸੇ ਖ਼ਤਰਾ ਮੰਡਰਾ ਰਿਹਾ ਹੈ, ਅਜਿਹੀ ਹਾਲਤ ਵਿਚ ਸਾਨੂੰ ਬਹੁਤ ਹੀ ਸਾਵਧਾਨੀ ਦੀ ਲੋੜ ਹੈ।
ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਜੇ ਤੁਹਾਨੂੰ ਮਦਦ ਮੰਗ ਰਹੇ ਕਿਸੇ ਸਾਥੀ ਦੀ ਟਵ ਵੀ ….ਟਵ ਵੀ ….ਟਵ ਵੀ ….ਦੀ ਪੁਕਾਰ ਸੁਣੇ ਤਾਂ ਬਹੁਤ ਹੀ ਚੌਕਸ ਹੋ ਜਾਵੋ।
ਜਦੋਂ ਤੁਸੀਂ ਅਜਿਹੀ ਪੁਕਾਰ ਸੁਣ ਮਦਦ ਲਈ ਜਾਂਦੇ ਹੋ ਤਾਂ ਧਿਆਨ ਰੱਖਣਾ ਕਿ;
ਜੇ ਅਚਾਨਕ ਤੁਹਾਡੇ ਚਾਰੇ ਪਾਸੇ ਹਨੇਰਾ ਛਾ ਜਾਂਦਾ ਹੈ। ਤੁਹਾਡੇ ਖੰਭ ਤੁਹਾਡੀਆਂ ਵੱਖੀਆ ਨਾਲ ਜੁੜ ਗਏ ਜਾਪਦੇ ਨੇ। ਤੁਹਾਡੇ ਲਈ ਉੱਡਣਾ ਸੰਭਵ ਨਹੀਂ ਲੱਗਦਾ। ਮੌਤ ਦਾ ਸ਼ਿਕੰਜਾ ਤੁਹਾਡੇ ਦਿਲ ਉੱਤੇ ਕਸ ਰਿਹਾ ਜਾਪਦਾ ਹੈ। ਜੇ ਅਜਿਹਾ ਵਾਪਰੇ ਤਾਂ ਸਮਝ ਲੈਣਾ ਕਿ ਤੁਸੀਂ ਮੌਤ ਦੇ ਦੂਤ ਦੇ ਜਾਲ ਵਿਚ ਫਸ ਚੁੱਕੇ ਹੋ। ਪਰ ਤੁਸੀਂ ਦਿਲ ਨਹੀਂ ਛੱਡਣਾ। ਜਿੰਦਗੀ ਵਿਚ ਹਰ ਮਸਲੇ ਦਾ ਹੱਲ ਹੁੰਦਾ ਹੈ। ਇਸ ਮਸਲੇ ਦਾ ਵੀ ਹੱਲ ਹੈ।
ਹੁਣ ਮੈਂ ਇਸ ਮਸਲੇ ਦਾ ਹੱਲ ਤੁਹਾਨੂੰ ਦੱਸਣ ਜਾ ਰਿਹਾ ਹਾਂ। ਜ਼ਰਾ ਧਿਆਨ ਨਾਲ
ਸੁਣਨਾ ਤੇ ਯਾਦ ਕਰ ਲੈਣਾ। ਮੇਰੀ ਤਰਕੀਬ ਇਹ ਹੈ ਕਿ ਤੁਸੀਂ ਜਾਲ ਦੇ ਤਾਣੇ ਵਿਚੋਂ ਆਪਣੀਆਂ ਧੋਣਾਂ ਬਾਹਰ ਕੱਢ ਲੈਣੀਆਂ ਤੇ ਜਾਲ ਵਿਚ ਫਸੇ ਸਾਰੇ ਜਣਿਆਂ ਨੇ ਇਕੋ ਸਮੇਂ ਆਪਣੇ ਖੰਭ ਫੜਫੜਾਉਣੇ। ਬੇਸ਼ਕ ਤੁਸੀਂ ਅਜੇ ਵੀ ਜਾਲ ਵਿਚ ਫਸੇ ਹੋਵੋਗੇ ਪਰ ਅਜਿਹਾ ਕਰਨ ਨਾਲ ਤੁਸੀਂ ਇਕੱਠੇਂ ਹਵਾ ਵਿਚ ਉੱਚਾ ਉੱਠਣ ਲਗੋਗੇ। ਖਤਰੇ ਵਾਲੇ ਖੇਤਰ ਤੋਂ ਬਾਹਰ ਨਿਕਲ ਕੇ ਜਾਲ ਨੂੰ ਕਿਸੇ ਝਾੜੀ ਜਾਂ ਦਰਖਤ ਦੀਆਂ ਟਾਹਣੀਆਂ ਉਪਰ ਡਿੱਗਣ ਦਿਓ ਤਾਂ ਕਿ ਤੁਸੀਂ ਸਾਰੇ ਹੇਠਾਂ ਧਰਤੀ ਉੱਤੇ ਗਿਰ ਸਕੋ। ਅਤੇ ਕਿਸੇ ਨਾ ਕਿਸੇ ਤਰ੍ਹਾਂ ਜਾਲ ਦੇ ਹੇਠੋਂ ਨਿਕਲ ਕੇ ਅੰਬਰ ਵੱਲ ਉਡਾਰੀ ਮਾਰ ਜਾਵੋ। ਹੁਣ ਦੱਸੋ! ਕੀ ਤੁਸੀਂ ਮੇਰੀ ਇਹ ਤਰਕੀਬ ਚੰਗੀ ਤਰ੍ਹਾ ਸਮਝ ਲਈ ਹੈ? ਕੀ ਤੁਸੀਂ ਅਜਿਹਾ ਕਰ ਸਕਦੇ ਹੋ?”
ਸਾਰੇ ਬਟੇਰ: ਜੀ! ਸਮਝ ਗਏ। ਲੋੜ ਸਮੇਂ ਅਸੀਂ ਅਜਿਹਾ ਹੀ ਕਰਾਂਗੇ।
ਬਾਬਾ ਬਟਰੂ: ਬਹੁਤ ਅੱਛਾ। ਹੁਣ ਮੈਨੂੰ ਤਸੱਲੀ ਹੈ ਕਿ ਅਸੀਂ ਇਸ ਮੁਸ਼ਕਲ ਦੇ ਟਾਕਰੇ ਲਈ ਤਿਆਰ ਹਾਂ।
ਬਿੱਟੂ: ਧੰਨਵਾਦ ਬਾਬਾ ਬਟਰੂ ਜੀ! ਤੁਹਾਡੇ ਹੱਲ ਨੇ ਸਾਡੀ ਸੱਭ ਦੀ ਚਿੰਤਾ ਦੂਰ ਕਰ
ਦਿੱਤੀ। (ਬਟੇਰਾਂ ਦੇ ਇਕੱਠ ਨੂੰ ਸੰਬੋਧਤ ਕਰਦੇ ਹੋਏ) ਸਾਥੀਓ! ਯਾਦ ਰਹੇ ਜਾਨ ਹੈ ਤਾਂ ਜਹਾਨ ਹੈ। ਇਸ ਵਿਉਂਤ ਨੁੰ ਚੰਗੀ ਤਰ੍ਹਾਂ ਸਮਝ ਲੈਣਾ ਤੇ ਸਮੇਂ ਸਿਰ ਸਹੀ ਅਮਲ ਕਰਨਾ। ਹੁਣ ਅੱਜ ਦੀ ਮੀਟਿੰਗ ਖ਼ਤਮ ਹੁੰਦੀ ਹੈ ਤੇ ਤੁਸੀਂ ਆਪੋ ਆਪਣੇ ਕੰਮ-ਕਾਰ ਲਈ ਜਾ ਸਕਦੇ ਹੋ। ਮੀਟਿੰਗ ਵਿਚ ਭਾਗ ਲੈਣ ਲਈ ਸੱਭ ਦਾ ਧੰਨਵਾਦ।
(ਸਾਰੇ ਬਟੇਰ ਖੁਸ਼ੀ ਖੁਸ਼ੀ ਉਥੋਂ ਚਲੇ ਜਾਂਦੇ ਹਨ।)
ਝਾਕੀ ਦੂਜੀ
(ਕੁਝ ਦਿਨਾਂ ਬਾਅਦ ….
ਬਟੇਰਾਂ ਦਾ ਇਕ ਝੁੰਡ ਜੰਗਲ ਵਿਚ ਸ਼ਾਂਤੀ ਨਾਲ ਆਪਣਾ ਚੋਗਾ ਚੁਗ ਰਿਹਾ ਹੈ। ਕੁਝ ਦੂਰ ਝਾੜੀਆਂ ਉਹਲੇ ਛੁਪਿਆ ਹੋਇਆ ਬਬਰੂ ਸ਼ਿਕਾਰੀ ਬਟੇਰਾਂ ਨੂੰ ਫੜਣ ਦੀ ਵਿਉਂਤ ਘੜ੍ਹ ਰਿਹਾ ਹੈ।
ਅਚਾਨਕ ਆਵਾਜ਼ ਸੁਣਾਈ ਦਿੰਦੀ ਹੈ।)
ਆਵਾਜ: ਟਵ ਵੀ ….ਟਵ ਵੀ ….ਟਵ ਵੀ ….
ਬਿੱਟੂ : ਸੁਣੋ! ਸੁਣੋ! ਸਾਡਾ ਕੋਈ ਸਾਥੀ ਮਦਦ ਲਈ ਪੁਕਾਰ ਕਰ ਰਿਹਾ ਹੈ।
ਮਿੰਟੂ : ਚਲੋ! ਚਲੋ! ਉਥੇ ਜਾ ਕੇ ਦੇਖਦੇ ਹਾਂ, ਕੀ ਮਸਲਾ ਹੈ?
(ਸਾਰੇ ਬਟੇਰ ਤੇਜ਼ੀ ਨਾਲ ਆਵਾਜ਼ ਦੀ ਦਿਸ਼ਾ ਵੱਲ ਦੌੜ ਪੈਂਦੇ ਹਨ। ਅਚਾਨਕ ਉਨ੍ਹਾਂ ਉੱਤੇ ਇਕ ਜਾਲ ਆ ਗਿਰਦਾ ਹੈ।)
ਸਾਰੇ ਬਟੇਰ: ਇਹ ਕੀ? ਅਸੀਂ ਤਾਂ ਆਪਣੇ ਖੰਭ ਵੀ ਹਿਲਾ ਨਹੀਂ ਸਕਦੇ। ਇੰਝ ਲਗ ਰਿਹਾ ਹੈ ਕਿ ਜਿਵੇਂ ਇਹ ਸਾਡੀਆਂ ਵੱਖੀਆ ਨਾਲ ਜੁੜ ਗਏ ਨੇ।
ਸਾਰੇ ਪਾਸੇ ਹਨੇਰਾ ਜਿਹਾ ਕਿਉਂ ਲੱਗ ਰਿਹਾ ਹੈ।
ਕਿਧਰੇ ਇਹ ਮੌਤ ਦਾ ਹਨੇਰਾ ਤਾਂ ਨਹੀਂ?
ਛੋਟੂ :(ਆਪਣੀ ਮਾਂ ਦੇ ਕੋਲ ਨੂੰ ਹੁੰਦਾ ਹੋਇਆ)
ਮਾਂ! ਮਾਂ! ਮੈਨੂੰ ਬਹੁਤ ਡਰ ਲੱਗ ਰਿਹਾ ਹੈ।
(ਉਦਾਸ ਮਾਂ ਇਧਰ ਉਧਰ ਝਾਂਕਦੀ ਹੈ। ਜਿਵੇਂ ਕੁੱਝ ਸਮਝ ਨਹੀਂ ਆ ਰਿਹਾ ਹੁੰਦਾ।)
ਸਾਰੇ ਬਟੇਰ: ਹੁਣ ਕੀ ਕਰੀਏ? ਲਗਦਾ ਹੈ ਅਸੀਂ ਮੌਤ ਦੇ ਜਾਲ ਵਿਚ ਫਸ ਗਏ ਹਾਂ।
ਬਿੱਟੂ : (ਉੱਚੀ ਆਵਾਜ਼ ਵਿਚ) ਸੁਣੋ! ਸੁਣੋ! ਹੌਂਸਲਾ ਨਾ ਛੱਡੋ। ਬਾਬੇ ਬਟਰੂ ਦੇ ਸ਼ਬਦਾਂ ਨੂੰ ਯਾਦ ਕਰੋ। ਤੇ ਆਪਣੀਆਂ ਧੌਣਾਂ ਜਾਲ ਦੇ ਤਾਣੇ ਰਾਹੀਂ ਬਾਹਰ ਕੱਢ ਲਵੋ।
(ਇਹ ਆਵਾਜ਼ ਸੁਣਦਿਆ ਹੀ ਬਟੇਰਾਂ ਦੇ ਝੁੰਡ ਦੀ ਆਪਸੀ ਗੱਲਬਾਤ ਬੰਦ ਹੋ ਗਈ।
ਹੁਣ ਦਹਿਸ਼ਤ ਵਾਲੀ ਹਾਲਤ ਕਾਬੂ ਹੇਠ ਸੀ ਅਤੇ ਉਨ੍ਹਾਂ ਆਪਣੀਆਂ ਧੌਣਾਂ ਜਾਲ ਦੇ ਤਾਣੇ ‘ਚੋਂ ਬਾਹਰ ਕੱਢ ਲਈਆ।)
ਬਿੱਟੂ : (ਮਿੰਟੂ ਵੱਲ ਦੇਖਦੇ ਹੋਏ) ਹੁਣ ਜਦੋਂ ਮਿੰਟੂ ਇਕ …. ਦੋ…. ਤਿੰਨ ….ਬੋਲੇਗਾ ਤਾਂ ਤਿੰਨ ਦਾ ਅੰਕ ਸੁਣਦਿਆਂ ਹੀ ਸੱਭ ਨੇ ਪੂਰੇ ਜ਼ੋਰ ਨਾਲ ਆਪਣੇ ਆਪਣੇ ਖੰਭ ਹਿਲਾਉਣੇ ਹਨ ਤਾਂ ਜੋ ਅਸੀਂ ਸਾਰੇ ਉਪਰ ਵੱਲ ਉੱਡ ਸਕੀਏ। ਠੀਕ ਹੈ।ਸੱਭ ਤਿਆਰ ਨੇ?
ਸਾਰੇ ਬਟੇਰ: (ਇਕੱਠੇ ਬੋਲਦੇ ਹਨ) ਹਾਂ ਜੀ।
(ਬਿੱਟੂ, ਮਿੰਟੂ ਨੂੰ ਬੋਲਣ ਦਾ ਇਸ਼ਾਰਾ ਕਰਦਾ ਹੈ।)
ਮਿੰਟੂ : ਸਾਵਧਾਨ! ਹੁਣ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ….ਇਕ ….ਦੋ….ਤਿੰਨ ….
(ਸਾਰੇ ਬਟੇਰ ਪੂਰੇ ਜ਼ੋਰ ਨਾਲ ਖੰਭ ਫੜਫੜਾਂਦੇ ਹਨ ਤੇ ਹੋਲੇ ਹੋਲੇ ਜਾਲ ਸਮੇਤ ਹਵਾ ਵਿਚ
ਉੱਡਣ ਲੱਗਦੇ ਹਨ।)
ਮਿੰਟੂ : ਬਾਬੇ ਬਟਰੂ ਦੀ ਸਕੀਮ ਕੰਮ ਕਰ ਰਹੀ ਹੈ। ਜ਼ੋਰ ਲਗਾ ਕੇ ਹਈ ਸ਼ਾਅ ….ਹਈ ਸ਼ਾਅ ….
(ਸਾਰੇ ਬਟੇਰ ਪੂਰੇ ਜ਼ੋਰ ਨਾਲ ਖੰਭ ਫੜਫੜਾਂਦੇ ਹਨ ਤੇ ਤੇਜ਼ੀ ਨਾਲ ਖ਼ਤਰੇ ਵਾਲੀ ਥਾਂ ਤੋਂ ਬਹੁਤ ਦੂਰ ਚਲੇ ਜਾਂਦੇ ਹਨ।)
ਬਿੱਟੂ : ਓਹ ਦੇਖੋ! ਹੇਠਾਂ ਜੰਗਲ ਵਿਚ, ਖਾਲੀ ਥਾਂ ਦੇ ਠੀਕ ਵਿਚਕਾਰ ਉੱਗੀ ਹੋਈ ਉੱਚੀ ਝਾੜੀ। ਉਸ ਉੱਤੇ ਉੱਤਰਣਾ ਹੈ ਅਸੀਂ ਸਾਰਿਆਂ ਨੇ। ਹੁਣ ਸੱਭ ਨੂੰ ਆਪਣਾ ਜ਼ੋਰ ਲਗਾਉਣਾ ਹੋਲੇ ਹੋਲੇ ਘੱਟ ਕਰਨਾ ਹੋਵੇਗਾ। ਕੀ ਸੱਭ ਸਮਝ ਗਏ ਸਾਰੇ ਇਹ ਤਰਕੀਬ?
ਸਾਰੇ ਬਟੇਰ: ਜੀ ਹਾਂ।
ਬਿੱਟੂ : ਠੀਕ ਹੈ। ਹੁਣ ਜ਼ੋਰ ਲਗਾਉਣਾ ਘੱਟ ਕਰਦੇ ਜਾਓ।
(ਜਾਲ ਵਿਚ ਫਸੇ ਬਟੇਰ ਹੋਲੇ ਹੋਲੇ ਹੇਠਾਂ ਵੱਲ ਆਉਣ ਲੱਗਦੇ ਹਨ ਤੇ ਕੁਝ ਦੇਰ ਬਾਅਦ ਜਾਲ ਸਮੇਤ ਇਕ ਝਾੜੀ ਉੱਤੇ ਡਿੱਗ ਪੈਂਦੇ ਹਨ ਤੇ ਫਿਰ ਟਹਿਣੀਆਂ ਵਿਚ ਫਸੇ ਜਾਲ ਹੇਠੋਂ ਨਿਕਲ, ਅੰਬਰ ਵੱਲ ਉੱਡਾਰੀ ਮਾਰ ਜਾਂਦੇ ਹਨ।)
ਸਾਰੇ ਬਟੇਰ: (ਅੰਬਰ ਵਿਚ ਉੱਡਦੇ ਹੋਏ) ਵਾਹ!
ਵਾਹ! ਅਸੀਂ ਬਚ ਗਏ। ਬਾਬਾ ਬਟਰੂ ਦੀ ਸਕੀਮ ਕਾਮਯਾਬ ਰਹੀ। ਬਾਬਾ ਬਟਰੂ ਜ਼ਿੰਦਾਬਾਦ …. ਜ਼ਿੰਦਾਬਾਦ।
(ਜੰਗਲ ਵਿਚ ਸ਼ਿਕਾਰੀ ਬਬਰੂ ਗੁੱਸੇ ਤੇ ਪ੍ਰੇਸ਼ਾਨੀ ਵਿਚ ਘੁੰਮ ਰਿਹਾ ਹੈ।)
ਸ਼ਿਕਾਰੀ ਬਬਰੂ : ਕਿਵੇਂ ਹੋ ਗਿਆ ਇਹ ਸੱਭ ਕੁਝ? ਸਾਰੇ ਬਟੇਰ ਜਾਲ ਸਮੇਤ ਗਾਇਬ ਹੋ ਗਏ। …. (ਕੁਝ ਸੋਚਦੇ ਹੋਏ) ….ਹੂੰ! …. ਲਗਦਾ ਹੈ ਬਟੇਰ ਆਪਸ ਵਿਚ ਇਕ
ਜੁੱਟ ਨੇ ਤੇ ਮਿਲਜੁਲ ਕੇ ਕੰਮ ਕਰ ਰਹੇ ਨੇ …. ਪਰ ਅਜਿਹਾ ਕਿੰਨ੍ਹੀ ਦੇਰ ਚਲੇਗਾ?
ਆਖ਼ਰ ਉਹ ਛੋਟੇ ਦਿਮਾਗ ਵਾਲੇ ਕਿੰਨੀ ਕੁ ਅਕਲ ਦੇ ਮਾਲਕ ਨੇ? ਕਦੇ ਨਾ ਕਦੇ ਤਾਂ ਉਹ ਆਪਸ ਵਿਚ ਝਗੜਣਗੇ ਹੀ। ਮੈਨੂੰ ਉਸ ਵਕਤ ਦੀ ਉਡੀਕ ਕਰਨੀ ਹੋਵੇਗੀ। ਜਦ ਅਜਿਹਾ ਵਕਤ ਆਏਗਾ, ਉਹ ਜ਼ਰੂਰ ਮੇਰੇ ਜਾਲ ਵਿਚ ਫਸ ਜਾਣਗੇ। ਅਜੇ ਉਡੀਕ ਕਰਨ ਦਾ ਸਮਾਂ ਹੈ। ਮੈਂਨੂੰ ਥੋੜ੍ਹਾ ਸਬਰ ਤੋਂ ਕੰਮ ਲੈਣਾ ਹੋਵੇਗਾ। …. ਮੇਰਾ ਵਕਤ ਆਏਗਾ, ਜ਼ਰੂਰ ਆਏਗਾ।
(ਤਿਲਮਿਲਾਂਦਾ ਬਬਰੂ ਸਟੇਜ ਤੋਂ ਬਾਹਰ ਚਲਾ ਜਾਂਦਾ ਹੈ।)
ਝਾਕੀ ਤੀਜੀ
(ਮਿੱਟੀ ਦੇ ਇਕ ਢੇਰ ਉੱਤੇ, ਬਾਬਾ ਬਟਰੂ, ਬਿੱਟੂ ਅਤੇ ਮਿੰਟੂ ਇਕੱਠੇ ਬੈਠੇ ਹਨ। ਕੁਝ
ਬਟੇਰ ਇਧਰ ਉਧਰ ਘੁੰਮ ਫਿਰ ਰਹੇ ਹਨ ਤੇ ਕੁਝ ਹੋਰ ਥੋੜ੍ਹੀ ਦੂਰੀ ਉੱਤੇ ਚੋਗਾ ਚੁਗ
ਰਹੇ ਹਨ।)
ਬਿੱਟੂ: (ਬਾਬਾ ਬਟਰੂ ਨੂੰ ਸੰਬੋਧਤ ਕਰਦੇ ਹੋਏ) ਤੁਹਾਡੀ ਤਰਕੀਬ ਤਾਂ ਖੂਬ ਸਫਲ ਰਹੀ।
ਉਸ ਦਿਨ ਸਾਰੇ ਸਾਥੀ ਸਹੀ ਸਲਾਮਤ ਮੌਤ ਦੇ ਸ਼ਿਕੰਜੇ ‘ਚੋਂ ਬੱਚ ਕੇ ਆ ਗਏ। ਸਾਰਾ
ਝੁੰਡ ਹੀ ਤੁਹਾਡੀ ਸਿਆਣਪ ਦਾ ਡਾਢਾ ਕਾਇਲ ਹੈ। ….ਪਰ ਤੁਸੀਂ ਤਾਂ ਉਦਾਸ ਲਗ ਰਹੇ
ਹੋ। ਲਗ ਰਿਹਾ ਹੈ ਕਿ ਕਿਸੇ ਗਹਿਰੀ ਚਿੰਤਾ ਵਿਚ ਡੁੱਬੇ ਹੋਏ ਹੋ। ਅਜਿਹਾ ਕਿਉਂ?
ਮਿੰਟੂ : ਕੁਝ ਪਤਾ ਤਾਂ ਲੱਗੇ। ਉਹ ਕਿਹੜੀ ਚਿੰਤਾ ਹੈ ਜੋ ਤੁਹਾਨੂੰ ਸਤਾ ਰਹੀ ਹੈ?
ਬਾਬਾ ਬਟਰੂ: ਚਿੰਤਾ ਤਾਂ ਹੈ ਪੁੱਤਰੋ! ਮੌਤ ਦੇ ਵਪਾਰੀ ਸਾਡੀ ਤਰਕੀਬ ਬਾਰੇ ਜਾਣ ਚੁੱਕੇ ਹਨ। ਉਹ ਜਾਣ ਗਏ ਨੇ ਕਿ ਸਾਡੀ ਏਕਤਾ ਹੀ ਸਾਡੀ ਸਫਲਤਾ ਦਾ ਰਾਜ਼ ਹੈ। ਇਸ ਲਈ ਉਹ ਸਾਡੀ ਏਕਤਾ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਨਗੇ।
ਬਿੱਟੂ : ਓਹ ਕਿਵੇਂ?
ਬਾਬਾ ਬਟਰੂ: ਮੇਰਾ ਖਿਆਲ ਹੈ ਕਿ ਉਹ ਉਸ ਵਕਤ ਦੀ ਉਡੀਕ ਕਰਨਗੇ ਜਦੋਂ ਸਾਡੇ ਸਾਥੀ ਆਪਸ ਵਿਚ ਲੜਣ ਝਗੜਣ ਲਗ ਪੈਣ। ….ਵੈਸੇ ਵੀ ਸਾਡੇ ਕੁਝ ਕੁ ਸਾਥੀਆਂ ਦਾ ਸੁਭਾਅ ਹੈ ਵੀ ਅਜਿਹਾ। ਨਿੱਤ ਦਿਹਾੜੇ ਉਹ ਕਿਸੇ ਨਾ ਕਿਸੇ ਬਹਾਨੇ ਇਕ ਦੂਸਰੇ ਨਾਲ ਲੜ ਹੀ ਪੈਂਦੇ ਨੇ।
ਬਿੱਟੂ : ਗੱਲ ਤਾਂ ਠੀਕ ਹੈ। ਪਰ ਇਸ ਸਮੱਸਿਆ ਦਾ ਹੱਲ ਕੀ ਹੈ ਫਿਰ?
ਬਾਬਾ ਬਟਰੂ: ਮੇਰਾ ਖਿਆਲ ਹੈ ਕਿ ਸਾਨੂੰ ਇਸ ਥਾਂ ਨੂੰ ਛੱਡ ਜੰਗਲ ਦੇ ਧੁਰ ਅੰਦਰ ਜਾਣਾ ਠੀਕ ਰਹੇਗਾ। ਤਾਂ ਕਿ ਮੌਤ ਦੇ ਵਪਾਰੀ ਸਾਨੂੰ ਲੱਭ ਨਾ ਸਕਣ।
ਮਿੰਟੂ : ਬਿਲਕੁਲ ਠੀਕ ਕਿਹਾ ਤੁਸੀਂ। ਇਸ ਲਈ ਸਾਰਿਆਂ ਨਾਲ ਗੱਲ ਕਰਨਾ ਜ਼ਰੂਰੀ
ਹੈ। ਇਸ ਮਸਲੇ ਦੇ ਹੱਲ ਲਈ ਜਲਦੀ ਹੀ ਮੀਟਿੰਗ ਬੁਲਾਣੀ ਹੋਵੇਗੀ।
(ਤਦ ਅਚਾਨਕ ਹੀ, ਕੁਝ ਦੂਰੀ ਉੱਤੇ ਚੋਗਾ ਚੁਗ ਰਹੇ ਬਟੇਰਾਂ ਵਿਚ ਹਲਚਲ ਨਜ਼ਰੀ ਪੈਂਦੀ ਹੈ। ਦੋ ਬਟੇਰ ਉੱਚੀ ਉੱਚੀ ਝਗੜ ਰਹੇ ਦਿਖਾਈ ਦਿੰਦੇ ਹਨ। )
ਕੀਟੂ : (ਗੁੱਸੇ ਵਿਚ) ਦਿਖਾਈ ਨਹੀਂ ਦਿੰਦਾ ਤੈਨੂੰ?
ਅੰਨ੍ਹਾ ਹੈ ਕੀ? ਠਾਹ ਕਰਦਾ ਵਜਦਾ ਫਿਰਦਾ ਹੈ ਹਰ ਕਿਸੇ ਵਿਚ।
ਚੀਟੂ : ਮੈਨੂੰ ਅੰਨ੍ਹਾ ਕਹਿਣਾ ਏ। ਜੇ ਤੂੰ ਸੁਜਾਖਾ ਹੈ ਤਾਂ ਫਿਰ ਮੇਰੇ ਰਾਹ ‘ਚੋਂ ਪਰ੍ਹੇ ਕਿਉਂ ਨਹੀਂ ਹਟ ਗਿਆ?
ਕੀਟੂ : ਮੈਂ ਤਾਂ ਆਪਣੇ ਧਿਆਨ ਚੋਗਾ ਚੁਗ ਰਿਹਾ ਸੀ। ਹੋਰਨਾਂ ਵੱਲ ਨਹੀਂ ਸਾਂ ਝਾਂਕ ਰਿਹਾ। ਤੂੰ ਤਾਂ ਅਸਮਾਨੋਂ ਹੇਠਾਂ ਆ ਰਿਹਾ ਸੱਭ ਨੂੰ ਦੇਖ ਰਿਹਾ ਸੀ ਫਿਰ ਮੇਰੇ ਵਿਚ ਕਿਉਂ ਆ ਕੇ ਵੱਜਿਆ ਏ?
ਚੀਟੂ: ਵੱਡਾ ਲਾਟ ਸਾਬ! ਅਖੇ ਮੇਰੇ ਵਿਚ ਕਿਉਂ ਵੱਜਿਆ ਏ? ਬੇਵਕੂਫ ਕਿਸੇ ਥਾਂ ਦਾ।
ਰਸਤੇ ਵਿਚੋਂ ਪਰ੍ਹੇ ਹਟਣਾ ਨਹੀਂ ਆਉਂਦਾ ਤੈਨੂੰ? ਬੇਵਕੂਫ ਹੈਂ ਬੇਵਕੂਫ ਤੂੰ।
ਕੀਟੂ : ਬੇਵਕੂਫ ਕਿਸ ਨੂੰ ਕਹਿ ਰਿਹਾ ਏ? ਬੇਵਕੂਫ ਤਾਂ ਉਹ ਹੈ ਜਿਸ ਨੂੰ ਦੂਜਿਆਂ ਨਾਲ ਟਕਰਾਏ ਬਿਨ੍ਹਾਂ ਜ਼ਮੀਨ ਉੱਤੇ ਉਤਰਣਾ ਹੀ ਨਹੀਂ ਆਉਂਦਾ। ਜੇ ਇਹ ਬੇਵਕੂਫੀ ਨਹੀਂ ਤਾਂ ਹੋਰ ਕੀ ਹੈ? ਲਗਦਾ ਹੈ ਤੂੰ ਉੱਡਣਾ ਚਮਗਿੱਦੜਾਂ ਤੋਂ ਸਿਖਿਆ ਹੈ।
ਚੀਟੂ : (ਗੁੱਸੇ ਵਿਚ ਚੀਖਦੇ ਹੋਏ) ਚਮਗਿੱਦੜਾਂ ਦਾ ਚਾਚਾ ਹੋਵੇਗਾਂ ਤੂੰ। ਮੈਂ ਦੱਸਦਾ ਹਾਂ ਤੈਨੂੰ, ਕਿਸ ਨੂੰ ਕਹਿੰਦੇ ਨੇ ਚਮਗਿੱਦੜ ।
(ਚੀਟੂ ਪੂਰੇ ਜ਼ੋਰ ਨਾਲ ਦੌੜਦਾ ਹੋਇਆ ਕੀਟੂ ਨੂੰ ਟੱਕਰ ਮਾਰਦਾ ਹੈ। ਖੂਬ ਸ਼ੋਰ ਸ਼ਰਾਬਾ ਪੈਂਦਾ ਹੈ।ਕਈ ਬਟੇਰ ਦੋਨਾਂ ਨੂੰ ਸ਼ਾਂਤ ਕਰਨ ਦੀ ਕੌਸ਼ਿਸ਼ ਕਰਦੇ ਨੇ। ਕੁਝ ਦੇਰ ਪਿੱਛੋਂ ਰੌਲਾ ਥੋੜ੍ਹਾ ਘੱਟਦਾ ਹੈ। )
ਬਿੱਟੂ :(ਉੱਚੀ ਆਵਾਜ਼ ਵਿਚ) ਸੁਣੋ ! ਸੁਣੋ! ਧਿਆਨ ਨਾਲ ਸੁਣੋ। ਅੱਜ ਸਾਡੇ ਸਾਹਮਣੇ ਇਕ ਵੱਡਾ ਮਸਲਾ ਹੈ। ਆਓ ਸਾਰੇ ਜਣੇ ਉਸ ਨੂੰ ਹੱਲ ਕਰਨ ਦਾ ਰਾਹ ਲੱਭੀਏ। ਆਪਸੀ ਮਸਲੇ ਫਿਰ ਕਿਸੇ ਵੇਲੇ ਹੱਲ ਕਰ ਲਵਾਂਗੇ।
(ਸਾਰੇ ਬਟੇਰ ਹੋਲੇ ਹੋਲੇ ਮਿੱਟੀ ਦੇ ਢੇਰ ਕੋਲ ਇਕੱਠੇ ਹੋ ਜਾਂਦੇ ਹਨ।)
ਸਾਰੇ ਬਟੇਰ: ਕੀ ਮਸਲਾ ਹੈ ਬਈ ਅੱਜ।
ਬਿੱਟੂ : ਇਸ ਬਾਰੇ ਬਾਬਾ ਬਟਰੂ ਦੱਸਣਗੇ।
ਸਾਰੇ ਬਟੇਰ: ਜੀ!
(ਬਾਬਾ ਬਟਰੂ ਮਿੱਟੀ ਦੇ ਢੇਰ ਉੱਤੇ ਖੜਾ ਹੋ ਕੇ ਸਾਥੀਆਂ ਨੁੰ ਸੰਬੋਧਿਤ ਕਰਦਾ ਹੈ।)
ਬਾਬਾ ਬਟਰੂ: ਪਿਆਰੇ ਸਾਥੀਓ ਤੇ ਬੱਚਿਓ! ਬਹੁਤ ਹੀ ਚਿੰਤਾ ਦੀ ਗੱਲ ਹੈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਮੌਤ ਦੇ ਦੂਤ ਜੰਗਲ ਵਿਚ ਮੰਡਰਾ ਰਹੇ ਹਨ। ਪਿਛਲੇ ਦਿਨ੍ਹੀ ਸਾਡੇ ਕਈ ਸਾਥੀ ਉਨ੍ਹਾਂ ਦੀ ਚਾਲ ਵਿਚ ਫਸ ਵੀ ਗਏ ਸਨ। ਪਰ ਸ਼ੁਕਰ ਹੈ ਕਿ ਆਪਸੀ ਮਿਲਵਰਤਣ ਸਦਕਾ ਉਹ ਉਸ ਸੰਕਟ ‘ਚੋਂ ਸਹੀ ਸਲਾਮਤ ਨਿਕਲ ਆਏ। ਪਰ ਅਜਿਹਾ ਸੁਭਾਗ ਦੁਬਾਰਾ ਮਿਲ ਸਕੇ ਇਹ ਜ਼ਰੂਰੀ ਨਹੀਂ। ਸਾਨੂੰ ਮਸਲੇ ਦਾ ਕੋਈ ਹੋਰ ਹੱਲ ਲੱਭਣਾ ਹੋਵੇਗਾ।
(ਸਾਰੇ ਬਟੇਰ ਆਪਸ ਵਿਚ ਘੁਸਰ ਮੁਸਰ ਕਰਨ ਲਗਦੇ ਹਨ।)
ਪਹਿਲੀ ਆਵਾਜ਼ : ਭਲਾ ਕੀ ਕੀਤਾ ਜਾ ਸਕਦਾ ਹੈ ਅਜਿਹੀ ਹਾਲਤ ਵਿਚ?
ਦੂਜੀ ਆਵਾਜ: ਕੁਝ ਸਮਝ ਨਹੀਂ ਆ ਰਿਹਾ।
ਤੀਜੀ ਆਵਾਜ਼: ਹੋ ਸਕਦਾ ਹੈ ਬਾਬਾ ਬਟਰੂ ਕੋਲ ਇਸ ਦਾ ਹੱਲ ਹੋਵੇ।
ਚੌਥੀ ਆਵਾਜ਼: ਚਲੋ ਚਲੋ ! ਬਾਬਾ ਬਟਰੂ ਨੂੰ ਹੀ ਪੁੱਛ ਲੈਂਦੇ ਹਾਂ।
ਸਾਰੇ ਬਟੇਰ: ਬਾਬਾ ਜੀ! ਤੁਸੀਂ ਹੀ ਦੱਸੋ ਇਸ ਮਸਲੇ ਦੇ ਹੱਲ। ਸਾਨੁੰ ਤਾਂ ਕੁਝ ਵੀ ਔੜ੍ਹ ਨਹੀਂ ਰਿਹਾ।
ਬਾਬਾ ਬਟਰੂ: ਸਾਥੀਓ! ਇਸ ਮਸਲੇ ਦਾ ਇਕ ਹੀ ਹੱਲ ਹੈ। ਸਾਨੂੰ ਇਹ ਥਾਂ ਛੱਡਣੀ
ਹੋਵੇਗੀ। ਸਾਨੂੰ ਸਾਰਿਆਂ ਨੂੰ ਜੰਗਲ ਦੇ ਧੁਰ ਅੰਦਰ ਕੋਈ ਸੁਰੱਖਿਅਤ ਥਾਂ ਲੱਭਣੀ ਹੋਵੇਗੀ ਜੋ ਮੌਤ ਦੇ ਦੂਤਾਂ ਦੀ ਪਹੁੰਚ ਵਿਚ ਨਾ ਹੋਵੇ। ਅਜਿਹੀ ਸ਼ਾਂਤ ਤੇ ਸੁਰੱਖਿਅਤ ਥਾਂ ਵਿਖੇ ਸਾਨੂੰ ਆਪਣੀ ਏਕਤਾ ਹੋਰ ਮਜ਼ਬੂਤ ਕਰਨੀ ਹੋਵੇਗੀ, ਅਨੁਸ਼ਾਸ਼ਨ ਦੀ ਪਾਲਣਾ ਤੇ ਆਪਣੇ ਹੁਨਰਾਂ ਦੀ ਪ੍ਰੈਕਟਿਸ ਕਰਨੀ ਹੋਵੇਗੀ ਤਾਂ ਜੋ ਅਸੀਂ ਨਿਡਰਤਾ ਨਾਲ ਆਜ਼ਾਦ ਜ਼ਿੰਦਗੀ ਜੀ ਸਕੀਏ।
ਕਈ ਆਵਾਜ਼ਾਂ: (ਬਟੇਰਾਂ ਦਾ ਇਕ ਗਰੁੱਪ ਆਪਸ ਵਿਚ ਗੱਲ ਕਰਦਾ ਹੋਇਆ) ਬਾਬਾ ਬਟਰੂ ਦੀ ਗੱਲ ਠੀਕ ਹੈ। ਖ਼ਤਰਾ ਬਹੁਤ ਵੱਧ ਚੁੱਕਾ ਹੈ ਤੇ ਸਾਨੂੰ ਸੁਰੱਖਿਅਤ ਥਾਂ ਲੱਭਣ ਦੀ ਲੋੜ ਹੈ।ਜਿਥੇ ਅਸੀਂ ਬੇਫ਼ਿਕਰੀ ਨਾਲ ਜੀਵਨ ਬਸਰ ਕਰ ਸਕੀਏ। ਇਹ ਵੀ ਸੱਚ ਹੈ ਕਿ ਸਾਨੂੰ ਇਹ ਇਲਾਕਾ ਬਹੁਤ ਚੰਗਾ ਲਗਦਾ ਹੈ, ਖਾਣ ਪੀਣ ਦੀ ਪੂਰੀ ਸਹੂਲਤ ਹੈ।
ਇਥੇ, ਇਥੋਂ ਜਾਣ ਨੂੰ ਜ਼ਰਾ ਵੀ ਦਿਲ ਨਹੀਂ ਕਰਦਾ, ਪਰ ਸੰਭਾਵੀ ਖ਼ਤਰੇ ਦੇ ਸਾਹਮਣੇ, ਸਾਡੇ ਕੋਲ ਬਾਬਾ ਬਟਰੂ ਦੀ ਗੱਲ ਮੰਨਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ।
ਕੁਝ ਹੋਰ ਆਵਾਜ਼ਾਂ: (ਬਟੇਰਾਂ ਦਾ ਦੁਜਾ ਗਰੁੱਪ ਆਪਸ ਵਿਚ ਗੱਲ ਕਰਦਾ ਹੋਇਆ)
ਇਸ ਵਧੀਆ ਇਲਾਕੇ ਨੂੰ ਛੱਡ ਕੇ ਜਾਣ ਦੀ ਕੀ ਲੋੜ ਹੈ ਬਾਬਾ ਬਟਰੂ? ਤੁਸੀਂ ਆਪ ਤਾਂ ਸਾਨੂੰ ਸਿਖਾਇਆ ਹੈ ਕਿ ਮੁਸ਼ਕਲ ਸਮੇਂ ਕੀ ਕਰਨਾ ਹੈ। ਤੁਹਾਡਾ ਦੱਸਿਆ ਸਾਨੂੰ ਸੱਭ ਨੂੰ ਯਾਦ ਹੈ। ਗੱਲ ਤਾ ਸਿਰਫ਼ ਇੰਨ੍ਹੀ ਹੈ ਕਿ ਜੇ ਜਾਲ ਵਿਚ ਫਸ ਜਾਈਏ ਤਾਂ ਜਾਲ ਦੇ ਤਾਣੇ ਵਿਚੋਂ ਸਿਰ ਬਾਹਰ ਕੱਢ, ਸਾਰਿਆਂ ਨੇ ਇਕੱਠਿਆਂ ਖੰਭ ਹਿਲਾਉਣੇ ਹਨ ਤੇ ਇੰਝ ਖ਼ਤਰੇ ਵਾਲੀ ਥਾਂ ਤੋਂ ਦੂਰ ਉੱਡ ਜਾਣਾ ਹੈ। ਛੋਟਾ ਬੱਚਾ ਵੀ ਅਜਿਹਾ ਕਰ ਸਕਦਾ ਹੈ। ਫਿਰ ਇਲਾਕਾ ਛੱਡਣ ਦੀ ਕੀ ਲੋੜ ਹੈ। ਅਸੀਂ ਤਾਂ ਇਥੇ ਹੀ ਰਹਾਂਗੇ।
ਬਾਬਾ ਬਟਰੂ: ਸਾਥੀਓ! ਤੁਸੀਂ ਆਪਣੇ ਭਲੇ ਬੁਰੇ ਦੇ ਖੁੱਦ ਜੁੰਮੇਵਾਰ ਹੋ। ਆਸ ਹੈ ਤੁਸੀਂ ਸਾਰੇ ਸਹੀ ਫੈਸਲਾ ਲਵੋਗੇ। ਜੋ ਸਾਥੀ ਮੇਰੇ ਨਾਲ ਚੱਲਣਾ ਚਾਹੁੰਣ, ਉਹ ਕੱਲ ਸਵੇਰ ਤਕ ਤਿਆਰ ਹੋ ਜਾਣ। ਕੱਲ ਨੂੰ ਸੂਰਜ ਦੀ ਟਿੱਕੀ ਨਿਕਲਦਿਆਂ ਹੀ ਅਸੀਂ ਇਹ ਥਾਂ ਛੱਡ ਦੇਵਾਂਗੇ।
ਸੂਤਰਧਾਰ: ਤੇ ਇੰਝ ਭਰੇ ਦਿਲ ਨਾਲ, ਅਗਲੀ ਸਵੇਰ, ਬਾਬਾ ਬਟਰੂ ਆਪਣੇ ਕੁਝ ਸਾਥੀਆਂ ਸੰਗ ਉਥੋਂ ਚਲਾ ਗਿਆ। ਬਾਕੀ ਦੇ ਬਟੇਰ ਉੱਥੇ ਹੀ ਟਿਕੇ ਰਹੇ।
ਝਾਕੀ ਚੋਥੀ
(ਕੁਝ ਦਿਨਾਂ ਬਾਅਦ, ਪਿੱਛੇ ਰਹਿ ਗਏ ਗਰੁੱਪ ਦੇ ਕੁਝ ਬਟੇਰ ਆਪਣੀ ਮਸਤੀ ਵਿਚ ਚੋਗਾ ਚੁਗ ਰਹੇ ਸਨ। ਤਦ ਹੀ ਉਨ੍ਹਾਂ ਨੂੰ ਮਦਦ ਲਈ ਪੁਕਾਰ ਸੁਣਾਈ ਦਿੰਦੀ ਹੈ।)
ਆਵਾਜ਼: ਟਵ ਵੀ ….ਟਵ ਵੀ ….ਟਵ ਵੀ ….
ਸਾਰੇ ਬਟੇਰ: ਚਲੋ! ਚਲੋ! ਦੇਖੀਏ ਕੋਈ ਸਾਥੀ ਮੁਸ਼ਕਲ ਵਿਚ ਹੈ।
(ਸਾਰੇ ਬਟੇਰ ਆਵਾਜ਼ ਦੀ ਦਿਸ਼ਾ ਵੱਲ ਨੱਠ ਪੈਂਦੇ ਹਨ। ਤਦ ਹੀ ਬਟੇਰਾਂ ਦੀ ਭਿੰਨ ਭਿੰਨ ਆਵਾਜ਼ਾਂ ਸੁਣਾਈ ਦਿੰਦੀਆਂ ਹਨ।)
ਕਈ ਆਵਾਜਾਂ਼: ਇਹ ਕੀ? ਸਾਰੇ ਪਾਸੇ ਹਨੇਰਾ ਕਿਉਂ ਹੋ ਗਿਆ? …. ਓਹ ਮੇਰੇ ਤਾਂ ਖੰਭ
ਵੀ ਨਹੀਂ ਹਿਲ ਰਹੇ। ….ਕਿਧਰੇ ਅਸੀਂ ਮੌਤ ਦੇ ਫੰਦੇ ਵਿਚ ਤਾਂ ਨਹੀਂ ਫਸ ਗਏ?….
ਹਾਏ ਓਏ ਮੇਰਾ ਤਾਂ ਦਿਲ ਘੱਟ ਰਿਹਾ ਹੈ। ….(ਕਿਸੇ ਬੱਚੇ ਦੀ ਆਵਾਜ਼) ਮਾਂ! ਮਾਂ! ਮੈਨੂੰ ਡਰ ਲਗ ਰਿਹਾ ਹੈ।
ਕੀਟੂ : (ਉੱਚੀ ਆਵਾਜ਼ ਵਿਚ) ਬਾਬਾ ਬਟਰੂ ਦੀ ਤਰਕੀਬ ਨੂੰ ਯਾਦ ਕਰੋ। ਜਾਲ ਰਾਹੀਂ ਆਪਣੀਆਂ ਧੋਣਾਂ ਬਾਹਰ ਕੱਢ ਲਵੋ। ਜਦੋਂ ਮੈਂ ਤਿੰਨ ਤਕ ਦੀ ਗਿਣਤੀ ਕਰਾਂ ਤਾਂ ਤੁਸੀਂ ਸਾਰੇ ਆਪਣੇ ਖੰਭਾਂ ਨੂੰ ਜ਼ੋਰ ਜ਼ੋਰ ਨਾਲ ਫੜਫੜਾਉਂਣਾ। ਤੁਸੀਂ ਤਿਆਰ ਹੋ ਨਾ? ….
ਚੀਟੂ :(ਚੀਖ਼ਦੇ ਹੋਏ) ਚੁੱਪ ਕਰ ਓਏ। ਵੱਡਾ ਚੋਧਰੀ। ਤੂੰ ਹੁੰਦਾ ਕੌਣ ਹੈ ਸਾਨੂੰ ਹੁਕਮ ਦੇਣ ਵਾਲਾ।
ਕੀਟੂ : ਮੈਂ ਕੌਣ ਹਾਂ, ਤੂੰ ਨਹੀਂ ਜਾਣਦਾ? ਸੱਭ ਤੋਂ ਵੱਧ ਤਾਕਤਵਰ ਹਾਂ ਮੈਂ। ਜਦੋਂ ਮੈਂ ਖੰਭ ਛੰਡਦਾ ਹਾਂ ਤਾਂ ਧਰਤੀ ਤੋਂ ਉੱਡੀ ਧੂੜ ਆਸਮਾਨ ਦੇ ਬੱਦਲਾਂ ਤਕ ਫੈਲ ਜਾਂਦੀ ਹੈ। ਮੇਰੇ ਬਿਨ੍ਹਾਂ ਤੁਸੀਂ ਸਾਰੇ ਇਸ ਜਾਲ ਨੂੰ ਧਰਤੀ ਤੋਂ ਜ਼ਰਾ ਵੀ ਉੱਚਾ ਨਹੀਂ ਚੁੱਕ ਸਕਦੇ। ਇਸੇ ਕਾਰਣ ਮੈਨੂੰ ਹੁਕਮ ਦੇਣ ਦਾ ਹੱਕ ਹੈ। ਸਮਝ ਆਈ ਕਿ ਅਜੇ ਕੋਈ ਕਸਰ ਬਾਕੀ ਏਂ?
ਚੀਟੂ: (ਚੀਖ਼ਦੇ ਹੋਏ) ਨਹੀਂ, ਬਿਲਕੁਲ ਨਹੀਂ। ਵੱਡੀਆਂ ਸ਼ੇਖੀਆਂ ਨਾ ਮਾਰ। ਤੂੰ ਨਹੀਂ ਜਾਣਦਾ? ਜਦ ਮੈਂ ਖੰਭ ਛੰਡਦਾ ਹਾਂ, ਦਰਖ਼ਤਾਂ ਦੇ ਪੱਤੇ ਥਰ ਥਰ ਕੰਬਣ ਲਗਦੇ ਨੇ।
ਟਹਿਣੀਆਂ ਝੁੱਕ ਜਾਂਦੀਆਂ ਨੇ ਤੇ ਤਣੇ ਡੋਲਣ ਲਗਦੇ ਨੇ। ਮੈਂ ਵਧੇਰੇ ਤਾਕਤਵਰ ਹਾਂ ਤੈਥੋਂ।
ਇਸੇ ਲਈ ਹੁਕਮ ਚਲਾਉਣ ਦਾ ਹੱਕ ਮੇਰਾ ਹੈ।
ਨੀਟੂ: (ਬਹੁਤ ਉੱਚੀ ਚੀਖ਼ਦੇ ਹੋਏ) ਨਹੀਂ! ਮੇਰਾ ਹੁਕਮ ਚਲੇਗਾ।
ਪੀਟੂ: (ਹੋਰ ਉੱਚੀ ਆਵਾਜ਼ ਵਿਚ) ਚੁੱਪ ਕਰੋ ਸਾਰੇ। ਮੇਰਾ ਹੀ ਹੁਕਮ ਚਲੇਗਾ ਇਥੇ।
ਕਿਸੇ ਹੋਰ ਦਾ ਨਹੀਂ।
ਕੀਟੂ: (ਰੌਲੇ ਗੋਲੇ ਤੋਂ ਉੱਚੀ ਆਵਾਜ਼ ਵਿਚ ) ਸੁਣੋ! ਸੁਣੋ! ਲੜੋ ਨਹੀਂ। ਮੈਂ ਕਹਿ ਰਿਹਾ
ਹਾਂ, ਖੰਭ ਫੜਫੜਾਓ ਜਲਦੀ ਤੋਂ ਜਲਦੀ। ਜਿਵੇਂ ਹੀ ਮੈਂ ਤਿੰਨ ਕਹਾਂ ਸਾਰੇ ਉਸੇ ਸਮੇਂ ਪੂਰੇ ਜ਼ੋਰ ਨਾਲ ਖੰਭ ਫੜਫੜਾਓ।
ਕਈ ਆਵਾਜ਼ਾਂ: ਹਾਂ ਹਾਂ ਭਈ ਖੰਭ ਹਿਲਾਓ ਸਾਰੇ! ….ਨਹੀਂ ਬਿਲਕੁਲ ਨਹੀਂ। ਮੈਂ ਨਹੀਂ ਮੰਨਦਾ ਇਸ ਨੂੰ ਲੀਡਰ! ….ਜਲਦੀ ਕਰੋ, ਕੋਈ ਆ ਨਾ ਜਾਏ। …. ਮੈਂ ਨਹੀਂ ਡਰਦਾ ਕਿਸੇ ਕੋਲੋਂ ।
ਸੂਤਰਧਾਰ: ਪਰ ਕਿਸੇ ਨੇ ਵੀ ਖੰਭ ਨਾ ਫੜਫੜਾਏ। ਉਹ ਸਿਰਫ਼ ਬਹਿਸ ਕਰਦੇ ਰਹੇ।
(ਹੋਲੇ ਹੋਲੇ ਬਬਰੂ ਜਾਲ ਵਿਚ ਫਸੇ ਬਟੇਰਾਂ ਕੋਲ ਪਹੁੰਚਦਾ ਹੈ ਤੇ ਝਪਟ ਕੇ ਜਾਲ ਨੂੰ ਫੜ ਲੈਂਦਾ ਹੈ।)
ਬਬਰੂ : ਵਾਹ ਜੀ ਵਾਹ। ਅੱਜ ਆਏ ਕਾਬੂ ਇਹ।
ਖੂਬ ਜਸ਼ਨ ਮਨਾਵਾਂਗਾ ਮੈਂ, ਭੁੰਨ ਭੁੰਨ ਇਨ੍ਹਾਂ ਨੂੰ ਖਾਵਾਂਗਾਂ ਮੈਂ।(ਖੁਸ਼ੀ ਵਿਚ ਨੱਚਦਾ ਹੈ।)
(ਡਰ ਕਾਰਣ ਸਾਰੇ ਬਟੇਰਾਂ ਦੇ ਚਿਹਰੇ ਗਮਗੀਨ ਨਜ਼ਰ ਆਉਂਦੇ ਹਨ।)
ਸੂਤਰਧਾਰ: ਤੇ ਇੰਝ ਬਬਰੂ ਉਨ੍ਹਾਂ ਸਾਰਿਆਂ ਨੂੰ ਫੜ ਕੇ ਲੈ ਗਿਆ। ….ਆਹ ….
(ਹਾਉਕਾ ਭਰਦਾ ਹੈ) ਤੇ ਫਿਰ ਉਨ੍ਹਾਂ ਨੂੰ ਨਵੀਂ ਸਵੇਰ ਦੇਖਣੀ ਕਦੇ ਵੀ ਨਸੀਬ ਨਾ ਹੋਈ।
ਪਰ ਉਹ ਬਟੇਰ, ਜੋ ਸੁਰੱਖਿਆ ਲਈ ਜੰਗਲ ਦੇ ਧੁਰ ਅੰਦਰ ਚਲੇ ਗਏ ਸਨ, ਬਾਬਾ ਬਟਰੂ ਦੀ ਅਗੁਵਾਈ ਵਿਚ ਮਿਲਵਰਤਣ ਤੇ ਏਕੇ ਦੇ ਮਹਤੱਵ ਨੂੰ ਜਾਣ ਗਏ।
ਉਨ੍ਹਾਂ ਗੁੱਸੇ ਤੇ ਝਗੜੇ ਤੋਂ ਮੁਕਤ ਜੀਵਨ ਜਿਊਣਾ ਸਿੱਖ ਲਿਆ।ਬੇਸ਼ਕ ਬਬਰੂ ਨੇ ਉਨ੍ਹਾਂ ਨੂੰ ਫੜਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਕਦੇ ਵੀ ਸਫਲ ਨਾ ਹੋ ਸਕਿਆ। ਉਹ ਬਟੇਰ, ਮਿਲਵਰਤਣ ਤੇ ਸਦਭਾਵਨਾ ਸਦਕਾ, ਅੱਜ ਵੀ ਆਜ਼ਾਦ ਹਨ ਤੇ ਖੁਸ਼ੀਆਂ ਭਰਿਆ ਜੀਵਨ ਜੀ ਰਹੇ ਹਨ।
(ਪਰਦਾ ਗਿਰਦਾ ਹੈ।)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …