ਪ੍ਰਿੰ. ਸਰਵਣ ਸਿੰਘ
ਬਚਪਨ ਵਿਚ ਸੁਣੀ ਬਟੇਰੇ ਵਾਲੀ ਬਾਤ ਮੈਨੂੰ ਅੱਜ ਵੀ ਯਾਦ ਆ ਰਹੀ ਹੈ: ਤੈਨੂੰ ਆਖ ਰਹੀ, ਤੈਨੂੰ ਵੇਖ ਰਹੀ, ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ। ਅੱਗੋਂ ਬਟੇਰਾ ਕਹਿੰਦਾ ਹੈ-ਮੈਂ ਜੀਂਦਾ ਹਾਂ, ਮੈਂ ਜਿਉਂਦਾ ਹਾਂ, ਤੂੰ ਮੁੜ ਬਚੜਿਆਂ ਕੋਲ ਜਾਹ ਨੀ ਬਟੇਰੀਏ। ਜੱਟ ਦੇ ਖੇਤ ਗਏ ਬਟੇਰੇ ਨਾਲ ਫਿਰ ਜੋ ਹੁੰਦੀ ਹੈ ਉਹਦਾ ਸਭ ਨੂੰ ਪਤਾ ਹੈ। ਜੱਟ ਬਟੇਰੇ ਨੂੰ ਪਤੀਲੇ ‘ਚ ਰਿੰਨ੍ਹਦਾ ਪਕਾਉਂਦਾ ਹੈ, ਖਾਂਦਾ ਪੀਂਦਾ ਹੈ ਪਰ ਉਸ ਨੂੰ ਹਜ਼ਮ ਨਹੀਂ ਕਰ ਸਕਦਾ। ਪੇਟ ‘ਚ ਗੜਬੜ ਹੁੰਦੀ ਹੈ, ਮਰੋੜ ਉਠਦੇ ਹਨ ਜਿਸ ਕਰਕੇ ਜੱਟ ਫਟਾਫਟ ਖੇਤ ਵੱਲ ਦੌੜਦਾ ਹੈ। ਬੂਝੇ ਉਹਲੇ ਪੱਬਾਂ ਭਾਰ ਬਹਿੰਦਾ ਹੈ ਤਾਂ ਬਟੇਰਾ ਫੁਰਰ ਕਰ ਕੇ ਉਡ ਜਾਂਦਾ ਹੈ। ਬਟੇਰੇ ਦਾ ਬਾਲ-ਬੱਚਾ ਸ਼ੁਕਰ ਮਨਾਉਂਦਾ ਹੈ ਬਈ ਬਚਾਅ ਹੋ ਗਿਆ, ਬਟੇਰਾ ਸੁੱਖੀ ਸਾਂਦੀਂ ਪਰਤ ਆਇਆ!
ਇਹ ਬਾਤ ਤਿੰਨ ਕੁ ਮਹੀਨੇ ਪਹਿਲਾਂ ਵੀ ਮੈਨੂੰ ਯਾਦ ਆਈ ਸੀ ਜਦੋਂ ਪਰਗਟ ਸਿੰਘ ਨੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਦੀ ਸਹੁੰ ਨਹੀਂ ਸੀ ਚੁੱਕੀ। ਉਹਨੂੰ ਲਾਲਚ ਦਿੱਤਾ ਗਿਆ ਸੀ ਪਰ ਉਸ ਨੇ ਚੋਗਾ ਚੁਗਣੋਂ ਇਨਕਾਰ ਕਰ ਦਿੱਤਾ ਸੀ। ਚੋਗਾ ਪਾਇਆ ਹੀ ਜਾਲ ‘ਚ ਫਸਾਉਣ ਲਈ ਸੀ। ਉਦੋਂ ਅਸੀਂ ਉਹਨੂੰ ਸੁਚੇਤ ਕਰਦਿਆਂ ਕਿਹਾ ਸੀ, ”ਪਰਗਟ, ਤੂੰ ਪਰਗਟ ਈ ਰਹੀਂ!” ਸ਼ੁਕਰ ਹੈ ”ਪਰਗਟ, ਪਰਗਟ ਹੀ ਰਿਹਾ!” ਉਹ ਹੰਢਿਆ ਵਰਤਿਆ ਖਿਡਾਰੀ ਸੀ ਜਿਹੜਾ ਜਾਲ ਵਿਚ ਫਸਦਾ-ਫਸਦਾ ਵੀ ਉਡ ਗਿਆ!
ਪਰਗਟ ਸਿੰਘ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ‘ਚੋਂ 168 ਮੈਚਾਂ ਵਿਚ ਉਹ ਭਾਰਤੀ ਟੀਮਾਂ ਦਾ ਕਪਤਾਨ ਸੀ। ਉਸ ਨੇ ਚੈਂਪੀਅਨਜ਼ ਟਰਾਫੀ ਤੋਂ ਲੈ ਕੇ, ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਰਿਹਾ। ਭਾਰਤ ਦਾ ਉਹ ਇਕੋ-ਇਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਰਿਹਾ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਦੇਸ਼ ਦਾ ਸਰਬੋਤਮ ਖਿਡਾਰੀ। ਉਹ ਅਰਜਨਾ ਅਵਾਰਡੀ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੋਇਐ। ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਰਿਹਾ ਅਤੇ ਹਾਕੀ ਦੀ ਖੇਡ ਨਾਲ ਲਗਾਤਾਰ ਜੁੜਿਆ ਆ ਰਿਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2012 ਵਿਚ ਜਲੰਧਰ ਛਾਉਣੀ ਦੀ ਸੀਟ ਜਿੱਤਣ ਲਈ ਹੀ ਉਹਤੋਂ ਖੇਡਾਂ ਦੀ ਡਾਇਰੈਕਟਰੀ ਛੁਡਾਈ। ਉਹ ਖੇਡਾਂ ਦੀ ਈਮਾਨਦਾਰੀ ਨਾਲ ਸੇਵਾ ਕਰ ਰਿਹਾ ਸੀ ਪਰ ਉਸ ਨੂੰ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ। ਪਰਗਟ ਸਿੰਘ ਦਾ ਸਿਆਸਤ ਵਿਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਜਲੰਧਰ ਛਾਉਣੀ ਦੀ ਸੀਟ ਕਾਂਗਰਸ ਦੀ ਪੱਕੀ ਸੀਟ ਸਮਝੀ ਜਾਂਦੀ ਸੀ। ਉਦੋਂ ਕੇਵਲ ਪਰਗਟ ਸਿੰਘ ਵਰਗਾ ਹਰਮਨ ਪਿਆਰਾ ਖਿਡਾਰੀ ਹੀ ਇਹ ਸੀਟ ਅਕਾਲੀ ਦਲ ਨੂੰ ਜਿਤਾ ਸਕਦਾ ਸੀ। ਜਿਹੜੇ ਕਹਿੰਦੇ ਹਨ ਕਿ ਅਕਾਲੀ ਦਲ ਨੇ ਪਰਗਟ ਸਿੰਘ ਨੂੰ ਟਿਕਟ ਦੇ ਕੇ ਅਹਿਸਾਨ ਕੀਤਾ ਉਨ੍ਹਾਂ ਨੂੰ ਪਤਾ ਹੋਣਾ ਚਾਹੀਦੈ ਕਿ ਚੰਗੀ ਭਲੀ ਡਾਇਰੈਕਟਰੀ ਤਿਆਗ ਕੇ ਉਲਟਾ ਪਰਗਟ ਸਿੰਘ ਨੇ ਅਹਿਸਾਨ ਕੀਤਾ ਸੀ। ਖੇਡ ਪ੍ਰੇਮੀਆਂ ਦਾ ਉਦੋਂ ਹੀ ਮੱਥਾ ਠਣਕਿਆ ਸੀ ਕਿ ਉਹਦੇ ਨਾਲ ਕਿਤੇ ਬਟੇਰੇ ਵਾਲੀ ਨਾ ਹੋਵੇ। ਆਖ਼ਰ ਹੋਈ ਵੀ ਬਟੇਰੇ ਵਾਲੀ!
ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ ਤੇ ਪੈਨਲਟੀ ਕਾਰਨਰ ਤੋਂ ਗੋਲ ਦਾਗਣ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਇਕ ਵਾਰ ਜਰਮਨੀ 5-1 ਗੋਲਾਂ ਦੇ ਫਰਕ ਨਾਲ ਭਾਰਤ ਨੂੰ ਜਿੱਤ ਰਿਹਾ ਸੀ। ਮੈਚ ਮੁੱਕਣ ‘ਚ ਕੇਵਲ 6 ਮਿੰਟ ਰਹਿੰਦੇ ਸਨ। 6 ਮਿੰਟਾਂ ‘ਚ 4 ਗੋਲ ਕਰ ਕੇ ਪਰਗਟ ਨੇ ਮੈਚ ਬਰਾਬਰ ਕਰ ਲਿਆ ਸੀ!
ਹਾਕੀ ਦੇ ਗੜ੍ਹ ਸੰਸਾਰਪੁਰ ਦੇ ਨੇੜੇ ਹੀ ਹੈ ਉਹਦਾ ਪਿੰਡ ਮਿੱਠਾਪੁਰ। ਉਸ ਪਿੰਡ ‘ਚ 5 ਮਾਰਚ 1965 ਨੂੰ ਉਸ ਦਾ ਜਨਮ ਹੋਇਆ। 2005 ਵਿਚ ਉਹ ਪੁਲਿਸ ਕਪਤਾਨੀ ਛੱਡ ਕੇ ਪੰਜਾਬ ਦਾ ਖੇਡ ਡਾਇਰੈਕਟਰ ਬਣਿਆ। ਪੁਲਿਸ ਵਿਚ ਰਹਿੰਦਾ ਤਾਂ ਹੁਣ ਨੂੰ ਆਈ ਜੀ ਦੇ ਅਹੁਦੇ ਤਕ ਪੁੱਜਿਆ ਹੁੰਦਾ। 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ ਵਿਚ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਦੋਂ ਮੈਂ ਉਸ ਨੂੰ ਬਹੁਤ ਨੇੜਿਓਂ ਜਾਣਿਆਂ। ਉਹ ਡਿਸਿਪਲਿਨ ਦਾ ਪੱਕਾ ਰਿਹਾ। ਕਬੱਡੀ ਦੀ ਖੇਡ ਦਾ ਸੁਧਾਰ ਕਰਨ ਤੇ ਖਿਡਾਰੀਆਂ ਦੇ ਡੋਪ ਟੈੱਸਟ ਕਰਾਉਣ ਵਿਚ ਉਸ ਨੇ ਸਲਾਹੁਣਯੋਗ ਭੂਮਿਕਾ ਨਿਭਾਈ। ਸਾਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ। ਭਗਵੰਤ ਮਾਨ ਤੋਂ ਲੈ ਕੇ ਨਵਜੋਤ ਸਿੱਧੂ ਤਕ ਸਾਰੇ ਹੀ ਪਰਗਟ ਸਿੰਘ ਦੀ ਕਦਰ ਕਰਦੇ ਹਨ। ਉਹ ਖਰਾ ਬੰਦਾ ਹੈ ਜਿਸ ਕਰਕੇ ਉਹਦੀ ਕਦਰ ਕਰਨੀ ਵੀ ਬਣਦੀ ਹੈ।
ਪਰਗਟ ਸਿੰਘ ਦੀ ਪਤਨੀ ਬੀਬੀ ਬਰਿੰਦਰਜੀਤ ਕੌਰ ਸਾਬਕਾ ਸਪੀਕਰ ਪੰਜਾਬ ਤੇ ਸਾਬਕਾ ਗਵਰਨਰ ਰਾਜਸਥਾਨ ਸ. ਦਰਬਾਰਾ ਸਿੰਘ ਦੀ ਧੀ ਹੈ। ਉਸ ਦੇ ਸਾਂਢੂ ਵੀ ਸਿਆਸਤਦਾਨਾਂ ਦੇ ਪੁੱਤਰ ਹਨ। ਇਓਂ ਉਹ ਜਥੇਦਾਰ ਤੋਤਾ ਸਿੰਘ ਤੇ ਜਤਿੰਦਰ ਸਿੰਘ ਕਰੀਹਾ ਦੇ ਪਰਿਵਾਰਾਂ ਦਾ ਰਿਸ਼ਤੇਦਾਰ ਹੈ। ਸਿਆਸੀ ਤੌਰ ‘ਤੇ ਉਹ ਵਜ਼ਨਦਾਰ ਵਿਅਕਤੀ ਹੈ ਪਰ ਸਿਆਸਤ ਦੀ ਡ੍ਰਿਬਿਲਿੰਗ ਕਰਨੀ ਨਹੀਂ ਸਿੱਖਿਆ। ਐਮ. ਐਲ.ਏ. ਤਾਂ ਉਹ ਪਹਿਲੇ ਹੱਲੇ ਹੀ ਬਣ ਗਿਆ ਪਰ ਨਾ ਉਹਨੂੰ ਲਾਰੇ ਲਾਉਣੇ ਆਏ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਚਾਪਲੂਸੀ। ਅਜਿਹੇ ਈਮਾਨਦਾਰ ਤੇ ਕਿਰਦਾਰ ਦੇ ਸਾਫ਼ ਸੁਥਰੇ ਖਿਡਾਰੀ ਦਾ ਅਜੋਕੇ ਰਾਜ ਭਾਗ ਵਿਚ ਕੀ ਬਣਨਾ ਸੀ? ਅਤੇ ਬਣਿਆ ਵੀ ਕੁਝ ਨਾ।
ਕੈਸੀ ਵਿਡੰਬਣਾ ਹੈ ਕਿ ਸਰਕਾਰ ਨੇ ਐੱਮ. ਐਲ.ਏ. ਬਣੇ ਪਰਗਟ ਸਿੰਘ ਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਜਿਸ ਵਿਚ ਉਹ ਮਾਹਿਰ ਸੀ। ਖੇਡ ਪ੍ਰੇਮੀਆਂ ਨੂੰ ਆਸ ਸੀ ਕਿ ਉਸ ਨੂੰ ਪੰਜਾਬ ਵਿਚ ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਕੋਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਜਾਵੇਗੀ ਜੋ ਨਹੀਂ ਦਿੱਤੀ ਗਈ। ਨਾ ਖੇਡਾਂ ਦਾ ਵਜ਼ੀਰ ਬਣਾਇਆ ਨਾ ਸੰਸਦੀ ਸਕੱਤਰ। ਪਰਗਟ ਸਿੰਘ ਨੇ ਖੇਡ ਡਾਇਰੈਕਟਰ ਹੁੰਦਿਆਂ ਜਿੰਨੀ ਕੁ ਜਾਨ ਖੇਡ ਵਿਭਾਗ ਵਿਚ ਪਾਈ ਸੀ ਉਹ ਵੀ ਕੱਢ ਲਈ ਗਈ। ਖੇਡ ਵਿਭਾਗ ਨੂੰ ਸਿਆਸੀ ਸ਼ੁਹਰਤ ਲਈ ਲੋਕ ਸੰਪਰਕ ਵਿਭਾਗ ਹੀ ਬਣਾ ਲਿਆ ਗਿਆ। ਸਰਕਾਰ ਵੱਲੋਂ ਪਰਗਟ ਸਿੰਘ ਦੇ ਹਲਕੇ ਦਾ ਵੀ ਕੁਝ ਨਾ ਸੁਆਰਿਆ ਗਿਆ ਹਾਲਾਂ ਕਿ ਸੁਆਰਨ ਵਾਲਾ ਬਹੁਤ ਕੁਝ ਸੀ। ਉਲਟਾ ਵਿਗਾੜਨ ਦੇ ਆਸਾਰ ਬਣ ਗਏ। ਉਹਦੇ ਹਲਕੇ ਦੇ ਪਿੰਡ ਜਮਸ਼ੇਰ ਵਿਚ ਪੁਰਾਣੀ ਮਸ਼ੀਨਰੀ ਵਾਲਾ ਕੂੜੇ ਦਾ ਪਲਾਂਟ ਲੱਗਣ ਲੱਗਾ। ਲੋਕ ਉਹ ਲੱਗਣ ਨਹੀਂ ਸਨ ਦੇਣਾ ਚਾਹੁੰਦੇ। ਪਰਗਟ ਸਿੰਘ ਸਰਕਾਰ ਕੋਲ ਫਰਿਆਦਾਂ ਕਰਦਾ ਤਾਂ ਝੂਠੀ ਮੂਠੀ ਦਾ ਲਾਰਾ ਲਾ ਦਿੰਦੇ ਕਿ ਪਲਾਂਟ ਨਹੀਂ ਲਾਵਾਂਗੇ ਪਰ ਕਰਦੇ ਕੁਝ ਨਾ। ਦੋਸਤ ਮਿੱਤਰ ਮਿਹਣੇ ਮਾਰਨ ਲੱਗੇ, ”ਭਾਅ ਜੀ ਬਟੇਰੇ ਵਾਂਗ ਕਿਥੇ ਜਾ ਫਸੇ?”
ਅਗਲਿਆਂ ਨੂੰ ਫ਼ਿਕਰ ਹੋਇਆ, ਹੋਰ ਨਾ ਕਿਤੇ ਉਡਾਰੀ ਨਾ ਮਾਰ ਜਾਵੇ? ਚੀਫ਼ ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਦਾ ਜਾਲ ਸੁੱਟਿਆ ਗਿਆ। ਫਸਣ ਵਾਲੇ ਫਸ ਗਏ ਪਰ ਉਹ ਨਾ ਫਸਿਆ। ਪਲੋਸਿਆ ਤਾਂ ਉਹਨੇ ਕਿਹਾ, ”ਜੇ ਕੁਝ ਕਰਨਾ ਹੈ ਤਾਂ ਮੇਰੇ ਹਲਕੇ ਦਾ ਕਰੋ, ਕਿਹੜਾ ਮੂੰਹ ਵਿਖਾਊਂ ਮੈਂ ਆਪਣੇ ਵੋਟਰਾਂ ਨੂੰ?”
ਆਮ ਸਿਆਸਤਦਾਨ, ਸੰਸਦੀ ਸਕੱਤਰੀ ਤੇ ਵਜ਼ੀਰੀ ਲਈ ਲਾਲਾਂ ਵਗਾਉਂਦੇ ਹੋਏ ਜੋ ਨਹੀਂ ਸੋ ਕਰਦੇ ਹਨ। ਪਰ ਆਫਰੀਨ ਪਰਗਟ ਦੇ, ਜਿਸ ਨੇ ਝੰਡੀ ਵਾਲੀ ਕਾਰ ਲੈਣੋਂ ਇਨਕਾਰ ਕੀਤਾ! ਚਾਹੀਦਾ ਤਾਂ ਇਹ ਸੀ ਕਿ ਉਸ ਨੂੰ ਸਲਾਹਿਆ ਜਾਂਦਾ ਪਰ ਉਸ ਦੇ ਤਿਆਗ ਨੂੰ ਪਾਰਟੀ ਅਨੁਸਾਸ਼ਨ ਦੀ ਭੰਗਣਾ ਕਹਿ ਕੇ ਸਜ਼ਾ ਦਿੱਤੀ ਗਈ। ਕੀ ਕਸੂਰ ਸੀ ਉਹਦਾ? ਕੀ ਮੁਫ਼ਤ ਵਿਚ ਭੱਤੇ ਲੈਣ ਵਾਲਾ ਅਹੁਦਾ ਸੰਭਾਲ ਲੈਣਾ ਹੀ ਅਨੁਸਾਸ਼ਨ ਸੀ? ਅਸਲ ਵਿਚ ਉਸ ਨੇ ਅਨੁਸਾਸ਼ਨ ਨਹੀਂ ਸੀ ਤੋੜਿਆ। ਵੱਡੀ ਗ਼ਲਤੀ ਇਹੋ ਕੀਤੀ ਸੀ ਕਿ ‘ਬੌਸਾਂ’ ਦੀ ਜੀ ਹਜ਼ੂਰੀ ਨਹੀਂ ਸੀ ਕੀਤੀ!
ਪਰਗਟ ਸਿੰਘ ਆਪਣੇ ਹਲਕੇ ਦੀਆਂ ਮੰਗਾਂ ਵਾਰ-ਵਾਰ ‘ਬੌਸਾਂ’ ਦੇ ਧਿਆਨ ਵਿਚ ਲਿਆਉਂਦਾ ਰਿਹਾ। ਲਾਰੇ ਲੱਗਦੇ ਰਹੇ ਪਰ ਅਮਲ ਕੋਈ ਨਾ ਹੋਇਆ। ਨਾ ਉਹਦੇ ਹਲਕੇ ਦੀਆਂ ਮੁਸ਼ਕਲਾਂ ਹੱਲ ਹੋਈਆਂ ਤੇ ਨਾ ਪਰਗਟ ਸਿੰਘ ਸੰਗਤ ਦਰਸ਼ਨ ਦੇਣ ਵਾਲਿਆਂ ਦਾ ਖ਼ੁਸ਼ਾਮਦੀ ਬਣਿਆ। ਆਪਣੇ ਪੱਧਰ ‘ਤੇ ਜਿੰਨਾ ਕੁ ਹਲਕੇ ਦਾ ਸੁਧਾਰ ਕਰ ਸਕਦਾ ਸੀ ਸੁਧਾਰ ਕਰਦਾ ਰਿਹਾ। ਡਿਸਿਪਲਿਨ ਦਾ ਪਾਬੰਦ ਹੋਣ ਕਰਕੇ ਕਦੇ ਸਰਕਾਰ ਜਾਂ ਪਾਰਟੀ ਵਿਰੁੱਧ ਇਕ ਲਫ਼ਜ਼ ਵੀ ਨਹੀਂ ਬੋਲਿਆ। ਏਨਾ ਕੁ ਰੋਸ ਜ਼ਰੂਰ ਵਿਖਾਇਆ ਕਿ ਨਾ ਉਸ ਨੇ ਉਪ ਮੁੱਖ ਮੰਤਰੀ ਦੀ ਝੋਲੀ ਚੁੱਕੀ ਨਾ ਮੁੱਖ ਮੰਤਰੀ ਦੀ। ਜਦੋਂ ਉਹ ਉਹਦੀ ਕੋਈ ਗੱਲ ਹੀ ਨਹੀਂ ਸਨ ਮੰਨਦੇ ਤਾਂ ਉਹ ਹੋਰ ਕਰਦਾ ਵੀ ਕੀ?
ਨਵਤੇਜ ਸਿੱਧੂ ਨੇ ਰਾਜ ਸਭਾ ਦੀ ਸੀਟ ਛੱਡਦਿਆਂ ਛੱਕਾ ਮਾਰਿਆ ਤਾਂ ਪਰਗਟ ਸਿੰਘ ਦੇ ਪੈਨਲਟੀ ਕਾਰਨਰ ਤੋਂ ਡਰਦਿਆਂ, ਅਗਲਿਆਂ ਨੇ ਬਿਨਾਂ ਕੋਈ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ, ਯਾਨੀ ‘ਫਾਊਲ’ ਦੇਣ ਬਿਨਾਂ ਹੀ ਉਹਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ। ਅਖੇ ਉਹ ਦਿੱਲੀ ਨਵਤੇਜ ਸਿੱਧੂ ਨੂੰ ਮਿਲਣ ਗਿਆ ਸੀ। ਰਾਤ ਬਰਾਤੇ ਉਡਾਰੀ ਮਾਰਨ ਵਾਲਾ ਸੀ! ਹਾਲਾਂ ਕਿ ਅਸਲੀਅਤ ਇਹ ਸੀ ਕਿ ਉੱਦਣ ਉਹ ਦਿੱਲੀ ਜਾਣ ਦੀ ਥਾਂ ਚੰਡੀਗੜ੍ਹ ਵਿਚ ਹੀ ਸੀ। ਉਂਜ ਚੰਗਾ ਹੀ ਹੋਇਆ, ਉਹਨੂੰ ਫੁਰਰ ਕਰ ਕੇ ਨਹੀਂ ਉਡਣਾ ਪਿਆ!
ਹੁਣ ਪਰਗਟ ਸਿੰਘ ਦੀ ਵਾਰੀ ਹੈ ਕਿ ਉਹ ਸਰਕਾਰ ਦੇ ‘ਫਾਊਲ’ ਦੱਸੇ ਜੋ ਉਸ ਨੇ ਦੱਸਣੇ ਸ਼ੁਰੂ ਕਰ ਵੀ ਦਿੱਤੇ ਹਨ। ਅੱਕਿਆ ਬੰਦਾ ਹੋਰ ਕੀ ਕਰੇ? ਸਿਆਸਤ ਵਿਚ ਭਾਵੇਂ ਉਹਨੂੰ ਮਜਬੂਰ ਕਰ ਕੇ ਲਿਆਂਦਾ ਗਿਆ ਸੀ ਪਰ ਹੁਣ ਉਹ ਸਿਆਸਤ ਦੀ ਖੇਡ ਵਿਚਾਲੇ ਨਹੀਂ ਛੱਡੇਗਾ। ਚੰਗੇ ਖਿਡਾਰੀ ਮੈਚ ਵਿਚਾਲੇ ਛੱਡਦੇ ਵੀ ਨਹੀਂ।
ਉਸ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ”ਪਹਿਲਾਂ ਮੈਂ ਮਨ ਬਣਾਇਆ ਸੀ ਕਿ ਐਮ.ਐਲ.ਏ. ਦੀ ਮਿਆਦ ਪੂਰੀ ਹੋਣ ‘ਤੇ ਸਿਆਸਤ ਛੱਡ ਦਿਆਂ ਅਤੇ ਖੇਡਾਂ ਦੇ ਵਿਕਾਸ ਲਈ ਕੁਝ ਕਰਾਂ। ਪਰ ਉਨ੍ਹਾਂ ਨੇ ਮੈਨੂੰ ਜੋ ਚੈਲੰਜ ਦਿੱਤਾ ਹੈ ਹੁਣ ਮੈਂ ਸਿਆਸਤ ਨਹੀਂ ਛੱਡਾਂਗਾ।” ਵੇਖਦੇ ਹਾਂ ਕਿ ਉਹ ਇਕ ਜਾਲ ‘ਚੋਂ ਨਿਕਲ ਕੇ ਦੂਜੇ ਜਾਲ ‘ਚ ਫਸਦਾ ਹੈ ਜਾਂ ਆਪਣੇ ਜਿਹੇ ਆਦਮੀਆਂ ਦੀ ਪਾਰਟੀ ਵਿਚ ਰਲਦਾ ਹੈ?
ਪਿਛਲੇ ਦਿਨਾਂ ਵਿਚ ਜਿਹੜੇ ਕਹਿੰਦੇ ਸੀ ਪਰਗਟ ਅੰਦਰਲਾ ਪਰਗਟ ਮਰ ਗਿਆ, ਹਾਲ ਦੀ ਘੜੀ ਉਨ੍ਹਾਂ ਨੂੰ ਸੁਖ ਦਾ ਸਾਹ ਆਇਆ ਹੈ ਕਿ ਪਰਗਟ ਅਜੇ ਪਰਗਟ ਹੀ ਹੈ। ਉਹਦੇ ਸ਼ੁਭਚਿੰਤਕਾਂ ਦੀਆਂ ਸ਼ੁਭ ਇਛਾਵਾਂ ਹਨ: ਪਰਗਟ, ਤੂੰ ਪਰਗਟ ਈ ਰਹੀਂ। ਵੇਖੀਂ ਕਿਤੇ ਪਰਗਟ ਦੇ ਨਾਂ ਨੂੰ ਲਾਜ ਨਾ ਲੁਆ ਬਹੀਂ!