ਡਾ. ਬਲਜਿੰਦਰ ਸਿੰਘ ਸੇਖੋਂ
(905 781 1197)
ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਅਗਸਤ ਦਾ ਮਹੀਨਾ ਚੜ੍ਹਨ ‘ਤੇ ਹੀ ਵਾਧੂ ਥਾਵਾਂ ਅਤੇ ਨਦੀ ਨਾਲਿਆਂ ਦੁਆਲੇ ਉੱਗੇ, ਗੋਲਡਨ ਰੌਡ (ਸੁਨਿਹਰੀ ਡੰਡੇ) ਦੇ ਫੁੱਲ ਖਿੜਨ ਲੱਗਦੇ ਹਨ। ਕਈਆਂ ਨੂੰ ਇਹ ਦੂਰ ਦੂਰ ਤੱਕ ਖਿਲਰੇ ਪੀਲੇ ਫੁੱਲਾਂ ਦੀ ਬਹਾਰ ਸੋਹਣੀ ਲਗਦੀ ਹੈ ਪਰ ਕਈਆਂ ਲਈ ਇਹ ਔਖੇ ਦਿਨ ਲੈ ਕੇ ਆਉਂਦੀ ਹੈ। ਇਨ੍ਹਾਂ ਬੂਟਿਆਂ ਦੇ ਆਸ ਪਾਸ ਇੱਕ ਹੋਰ ਕਿਸਮ ਦਾ ਨਦੀਨ ਰੈਗ ਵੀਡ {ਚੀਥੜਾ (ਪਾਟਿਆ ਪੁਰਾਣਾ) ਨਦੀਨ ਆਮ ਉਗਦਾ ਹੈ, ਜਿਸ ਦੇ ਫੁੱਲਾਂ ਦੀ ਡੰਡੀ ਹਰੀ ਦਿਸਦੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ਨਦੀਨ ਤੋਂ ਅਲਰਜ਼ੀ ਹੈ, ਉਨ੍ਹਾਂ ਨੂੰ ਪੀਲੇ ਫੁੱਲਾਂ ਦੇ ਦਿਸਣ ‘ਤੇ ਹੀ ਛਿੱਕਾਂ ਆਉਣ ਲਗਦੀਆਂ ਹਨ, ਇਸ ਲਈ ਉਹ ਇਸ ਤਕਲੀਫ਼ ਲਈ ਗੋਲਡਨ ਰੌਡ ਨੂੰ ਹੀ ਦੋਸ਼ ਦਿੰਦੇ ਹਨ ਪਰ ਅਸਲ ਵਿਚ ਇਨ੍ਹਾਂ ਪੀਲੇ ਫੁੱਲਾਂ ਦਾ ਕੋਈ ਦੋਸ਼ ਨਹੀਂ, ਕਿਉਂਕਿ ਇਸ ਦੇ ਪਰਾਗ ਕਣ ਭਾਰੇ ਹੋਣ ਕਾਰਨ ਹਵਾ ਵਿਚ ਨਹੀਂ ਉਡਦੇ, ਉਨ੍ਹਾਂ ਨੂੰ ਸਿਰਫ ਕੀੜੇ ਮਕੌੜੇ ਹੀ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਲਿਜਾ ਸਕਦੇ ਹਨ। ਅਸਲ ਦੋਸ਼ੀ ਰੈਗ ਵੀਡ ਦੇ ਫੁੱਲ ਹਨ। ਰੈਗ ਵੀਡ ਦੇ ਫੁੱਲਾਂ ਵਿਚੋਂ ਹਵਾ ਵਿਚ ਖਿਲਰੇ ਪਰਾਗ ਕਣ (ਨਰ ਕਣ) ਜਿਨ੍ਹਾਂ ਨੇ ਅਪਣੀ ਕਿਸਮ ਦੇ ਦੂਸਰੇ ਬੂਟਿਆਂ ਤੇ ਜਾ ਕੇ ਮਾਦਾ ਹਿਸੇ ਨਾਲ ਮੇਲ ਕਰਨ ਉਪਰੰਤ ਬੀਜ ਬਣਾਉਣੇ ਹਨ, ਜਦ ਉਨ੍ਹਾ ਦੇ ਸਾਹ ਨਾਲ ਅੰਦਰ ਜਾਂਦੇ ਹਨ ਤਾਂ ਵੱਡੀ ਬਿਪਤਾ ਖੜ੍ਹੀ ਕਰ ਦਿੰਦੇ ਹਨ। ਛਿੱਕਾਂ ਆਉਣ ਲਗਦੀਆਂ ਹਨ, ਅੱਖਾਂ ਵਿਚੋਂ ਪਾਣੀ ਵੱਗਣ ਲਗਦਾ ਹੈ ਅਤੇ ਖੁਰਕ ਹੋਣ ਲਗਦੀ ਹੈ, ਗਲ਼ ਵਿਚ ਖੁਰਕ ਹੋਣ ਲਗਦੀ ਹੈ, ਖੰਘ ਹੋ ਜਾਂਦੀ ਹੈ, ਛਾਤੀ ਵਿਚ ਸੁੰਗੜੀਆਂ ਸਾਹ ਨਾਲੀਆਂ ਵਿਚੋਂ ਲੰਘਦੀ ਹਵਾ ਘਰਰ ਘਰਰ ਦੀ ਅਵਾਜ਼ ਕਰਨ ਲਗਦੀ ਹੈ, ਨੱਕ ਵਿਚੋਂ ਪਾਣੀ ਵਗਣ ਲਗਦਾ ਹੈ ਜਾਂ ਫਿਰ ਇਹ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਨੱਕ ਦੇ ਬੰਦ ਹੋਣ ਨਾਲ, ਇਸ ਦੇ ਆਸ ਪਾਸ ਦੀਆਂ ਹੱਡੀਆਂ ਵਿਚਲੇ ਖੋਖਲੇ ਤਰਲ ਨਾਲ ਭਰੇ ਸਾਇਨਸ (ਖਾਲੀ ਥਾਂਵਾਂ) ਵਿਚ ਦਬਾ ਵੱਧਣ ਕਾਰਨ ਚਿਹਰੇ ਵਿਚ ਦਰਦ ਹੋਣ ਲਗਦਾ ਹੈ, ਅੱਖਾਂ ਹੇਠਾਂ ਸੋਜ ਆ ਜਾਂਦੀ ਹੈ ਤੇ ਚਮੜੀ ਨੀਲੀ ਹੋਣ ਲਗਦੀ ਹੈ। ਨੱਕ ਬੰਦ ਹੋਣ ਕਾਰਨ ਸੁੰਘਣ ਤੇ ਸੁਆਦ ਦੀ ਸ਼ਕਤੀ ਘਟ ਜਾਂਦੀ ਹੈ। ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ। ਕਈਆਂ ਦੇ ਧੱਫੜ ਵੀ ਹੋ ਜਾਂਦੇ ਹਨ ਜੋ ਦੋ ਤਿੰਨ ਹਫਤਿਆਂ ਬਾਅਦ ਹੀ ਠੀਕ ਹੁੰਦੇ ਹਨ। ਇਹ ਸਭ ਕੁਝ ਸਾਡੇ ਸਰੀਰ ਵਿਚ ਕਿਸੇ ਅਣਜਾਣ ਵਸਤੂ ਤੋਂ ਬਚਣ ਲਈ ਬਣੀ ਪ੍ਰਣਾਲੀ ਜਿਸ ਨੂੰ ਅਮਿਊਨ ਸਿਸਟਮ ਕਹਿੰਦੇ ਹਨ ਵਲੋਂ ਸਾਨੂੰ ਸੁਰੱਖਿਅਤ ਰੱਖਣ ਲਈ ਕੀਤੇ ਯਤਨਾ ਦਾ ਨਤੀਜਾ ਹੀ ਹੁੰਦਾ ਹੈ। ਇਹ ਪ੍ਰਣਾਲੀ ਤਾਂ ਸਭ ਕੁਝ ਸਾਡੇ ਂਬਚਾਓ ਲਈ ਹੀ ਕਰਦੀ ਹੈ, ਪਰ ਇਨ੍ਹਾਂ ਯਤਨਾ ਨਾਲ ਸਰੀਰ ਨੂੰ ਇਹ ਅਲਰਜ਼ੀ ਦੀ ਬਿਮਾਰੀ ਝੱਲਣੀ ਪੈ ਜਾਂਦੀ ਹੈ।
ਰੈਗ ਵੀਡ ਤੋਂ ਅਲਰਜ਼ੀ ਸਾਡੇ ਇਸ ਬਚਾਓ ਸਿਸਟਮ ਵਲੋਂ ਲੋੜੋਂ ਵੱਧ ਕੀਤਾ ਤਰੱਦਦ ਹੁੰਦਾ ਹੈ। ਆਮ ਕਰਕੇ ਇਹ ਸਿਸਟਮ ਖਤਰਨਾਕ ਜਿਵਾਣੂਆਂ ਦੇ ਖਿਲਾਫ ਲੜਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ ਅਤੇ ਉਨ੍ਹਾਂ ਦੇ ਸਰੀਰ ਵਿਚ ਦਾਖਲ ਹੋਣ ਤੇ ਹੀ, ਉਨ੍ਹਾਂ ਨੂੰ ਖਤਮ ਕਰਨ ਲਈ ਲੜਾਈ ਛੇੜ ਦਿੰਦਾ ਹੈ। ਜਿਵਾਣੂਆਂ ਵਾਂਗ ਕਈ ਵਿਅਕਤੀਆਂ ਵਿਚ ਇਹ ਸਿਸਟਮ ਗਲਤੀ ਨਾਲ ਰੈਗ ਵੀਡ ਦੇ ਪਰਾਗ ਨੂੰ ਖਤਰਨਾਕ ਮੰਨ ਲੈਂਦਾ ਹੈ, ਜੋ ਅਸਲ ਵਿਚ ਖਤਰਨਾਕ ਨਹੀਂ ਅਤੇ ਇਸ ਨੂੰ ਸਰੀਰ ਵਿਚੋਂ ਬਾਹਰ ਕੱਢਣ ਜਾਂ ਖਤਮ ਕਰਨ ਲਈ ਜ਼ੋਰ ਲਾਉਂਦਾ ਹੈ। ਰੈਗ ਵੀਡ ਨਾਲ ਲੜਨ ਲਈ ਲਹੂ ਵਿਚਲੇ ਚਿੱਟੇ ਰਕਤਾਣੂ ਇੱਕ ਰਸਾਇਣ, ਹਿਸਟਾਮੀਨ, ਛੱਡਦੇ ਹਨ। ਹਿਸਟਾਮੀਨ ਦੇ ਕਾਰਨ ਹੀ ਸਾਰੀਆਂ ਅਲਾਮਤਾਂ ਸ਼ੁਰੂ ਹੁੰਦੀਆਂ ਹਨ।
ਰੈਗ ਵੀਡ ਅਤੇ ਗੋਲਡਨ ਰੌਡ ਦੋਨੋ ਸੂਰਜਮੁਖੀ ਦੇ ਪ੍ਰੀਵਾਰ ਵਿਚੋਂ ਹਨ। ਜਿਸ ਤਰ੍ਹਾਂ ਸੂਰਜਮੁਖੀ ਦਾ ਫੁੱਲ ਅਸਲ ਵਿਚ ਇੱਕ ਨਹੀਂ ਸਗੋਂ ਸੈਂਕੜੇ ਫੁੱਲਾਂ ਦਾ ਗੁਲਦਸਤਾ ਹੁੰਦਾ ਹੈ, ਇਸੇ ਤਰ੍ਹਾਂ ਇਨ੍ਹਾਂ ਨਦੀਨਾਂ ਦੇ ਦਿਸਣ ਵਾਲੇ ਫੁੱਲ ਜੋ ਹੁੰਦੇ ਬੱਸ ਸਰ੍ਹੋਂ ਦੇ ਦਾਣੇ ਜਿਡੇ ਹੀ ਹਨ, ਵੀ ਬਹੁਤ ਸਾਰੇ ਫੁੱਲਾਂ ਦੇ ਗੁੱਛੇ ਹੁੰਦੇ ਹਨ। ਸੜਕਾਂ ਜਾਂ ਨਦੀ ਨਾਲਿਆਂ ਦੁਆਲੇ ਜਿੱਥੇ ਪੰਜਾਬੀ ਆਮ ਕਰਕੇ ਸੈਰ ਕਰਦੇ ਹਨ, ਇਹ ਦੋਨੋ ਕਿਸਮਾਂ ਵੇਖੀਆਂ ਜਾ ਸਕਦੀਆਂ ਹਨ। ਗੋਲਡਨ ਰੌਡ ਦਾ ਬੂਟਾ 4 ਫੁੱਟ ਤੋਂ 6 ਫੁੱਟ ਤੱਕ ਉੱਚਾ ਹੋ ਜਾਂਦਾ ਹੈ। ਇਸ ਦੇ ਪੱਤੇ ਸਫੈਦੇ ਦੇ ਪਤਿਆਂ ਵਾਂਗਰ ਘੱਟ ਚੌੜੇ ਤੇ ਲੰਬੇ ਹੁੰਦੇ ਹਨ। ਫੁੱਲ ਪੌਦੇ ਦੇ ਸਿਖਰ ਤੇ ਪੀਲੇ ਗੁਛਿਆਂ ਵਿਚ ਹੁੰਦੇ ਹਨ। ਫੁੱਲਾਂ ਦੀਆਂ ਕਈ ਲੜੀਆਂ, ਵੱਡੀਆਂ ਹੇਠਾਂ ਅਤੇ ਛੋਟੀਆਂ ਉਪਰ ਹੋਣ ਕਾਰਨ ਇਹ ਗੁੱਛੇ ਤਿਕੋਨੇ ਦਿਸਦੇ ਹਨ। ਰੈਗ ਵੀਡ ਦੇ ਬੂਟੇ ਕਾਫੀ ਵੱਡੇ ਹੋ ਜਾਂਦੇ ਹਨ ਪਰ ਆਮ ਇਹ ਗੋਲਡਨ ਰੌਡ ਤੋਂ ਛੋਟੇ ਹੁੰਦੇ ਹਨ। ਪੱਤੇ ਚੌੜੇ ਪਰ ਪਾਸਿਓਂ ਕਾਟਵੇਂ ਹੋ ਸਕਦੇ ਹਨ। ਫੁੱਲਾਂ ਦੇ ਗੁੱਛਿਆਂ ਦੀ ਸਿਰਫ ਇੱਕੋ ਲੜੀ ਵਿਚਕਾਰਲੀ ਡੰਡੀ ਦੇ ਉੱਪਰ ਹੁੰਦੀ ਹੈ। ਖਿੜਨ ‘ਤੇ ਵੀ ਫੁੱਲਾਂ ਦੀਆਂ ਡੰਡੀਆਂ ਹਰੀਆਂ ਹੀ ਦਿਸਦੀਆਂ ਹਨ। ਇਸ ਕਿਸਮ ਦਾ ਇੱਕ ਬੂਟਾ ਹੀ ਅਰਬਾਂ ਪਰਾਗ ਕਣ ਬਣਾਉਂਦਾ ਹੈ ਤੇ ਉਹ ਹਵਾ ਵਿਚ ਉਡਦੇ ਰਹਿੰਦੇ ਹਨ, ਇਹ ਕਣ ਦੂਰ ਤੱਕ ਚਲੇ ਜਾਂਦੇ ਹਨ, ਅੰਦਰ ਵੜ ਕੇ ਵੀ ਇਨ੍ਹਾਂ ਤੋਂ ਬਚਣਾ ਮੁਸ਼ਕਲ ਹੈ। ਮੀਂਹ ਪੈਣ ਤੇ ਪਰਾਗ ਕਣ ਹਵਾ ਵਿਚੋਂ ਧੋਤੇ ਜਾਂਦੇ ਹਨ। ਸਵੇਰੇ ਸਵੇਰੇ ਕਣ ਹਵਾ ਵਿਚ ਸਭ ਤੋਂ ਘੱਟ ਹੁੰਦੇ ਹਨ। ਬੂਟਾ ਸਵੇਰੇ ਪਰਾਗ ਕਣ ਛੱਡਣੇ ਸ਼ੁਰੂ ਕਰਦਾ ਹੈ ਅਤੇ ਦੁਪਿਹਰ ਵੇਲੇ (ਸਵੇਰੇ 10 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ) ਸਭ ਤੋਂ ਵੱਧ ਮਾਤਰਾ ਵਿਚ ਖਿਲਾਰਦਾ ਹੈ। ਇਹ ਹਵਾ ਵਿਚ 600 ਕਿਲੋਮੀਟਰ ਤੋਂ ਵੱਧ ਦੂਰੀ ਤੇ ਜਾਂਦੇ ਵੇਖੇ ਜਾ ਚੁੱਕੇ ਹਨ। ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਰੈਗ ਵੀਡ ਦੇ ਬੂਟਿਆਂ ਨੇੜੇ ਸਭ ਤੋਂ ਵੱਧ ਹੁੰਦੀ ਹੈ। ਜਿਨ੍ਹਾਂ ਨੂੰ ਅਲਰਜ਼ੀ ਹੈ, ਉਨ੍ਹਾਂ ਨੂੰ ਇਨ੍ਹਾਂ ਛੋਟੇ ਘੱਟ ਫੁੱਲਾਂ ਵਾਲੇ ਬੂਟਿਆਂ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤਕਲੀਫ ਹੋਣ ‘ਤੇ ਡਾਕਟਰ ਤੋਂ ਅਲਰਜ਼ੀ ਲਈ ਦਵਾਈ ਲੈਣੀ ਚਾਹੀਦੀ ਹੈ। ਡਾਕਟਰ ਆਮ ਕਰਕੇ ਹਿਸਟਾਮੀਨ ਵਿਰੋਧੀ ਦਵਾਈਆਂ, ਕਲੈਰੀਟੀਨ ਜਾਂ ਬੈਨਾਡਰਿਲ ਦੀ ਸਿਫਾਰਸ਼ ਕਰਦੇ ਹਨ ਤੇ ਨੱਕ ਖੋਲਣ ਲਈ ਨੱਕ ਵਿਚ ਮਾਰਨ ਵਾਲੀ ਸਪਰੇ ਦਿੱਤੀ ਜਾਂਦੀ ਹੈ।