Breaking News
Home / ਨਜ਼ਰੀਆ / ਬਾਬਿਆਂ ਦੀ ਖੁੰਢ-ਚਰਚਾ

ਬਾਬਿਆਂ ਦੀ ਖੁੰਢ-ਚਰਚਾ

‘ਬਈ, ਮੈਨੂੰ ਤਾਂ ਇਹ ਸਮਝ ਨਹੀਂ ਪਈ ਕਿ ਮਾਂ ਦੇ ਨਾਲੋਂ ‘ਮਾਸੀ’ ਕਿਵੇਂ ਵਧੇਰੇ ਪਿਆਰੀ ਹੋ ਸਕਦੀ ਏ’
ਡਾ. ਸੁਖਦੇਵ ਸਿੰਘ ਝੰਡ
ਫ਼ੋਨ: 647-567-9128

”ਕੁੰਨਣ ਸਿਆਂ, ਆਹ ਗੁਰਦਾਸ ਮਾਨ ਵਾਲਾ ਕੀ ਰੌਲਾ ਜਿਹਾ ਪੈ ਰਿਹੈ ਅੱਜਕੱਲ੍ਹ। ਕਹਿੰਦੇ ਆ, ਉਹਨੇ ਆਪਣੇ ਪ੍ਰੋਗਰਾਮ ‘ਚ ਈ ਕਿਸੇ ਨੂੰ ਗਾਲ੍ਹ-ਮੰਦਾ ਕਰ’ਤਾ।” ਬੈਂਚ ‘ਤੇ ਬਹਿੰਦਿਆਂ ਚੰਨਣ ਸਿਹੁੰ ਨੇ ਕਿਹਾ।
”ਆਹੋ, ਸੁਣਿਆਂ ਤਾਂ ਮੈਂ ਵੀ ਆ ਇਹਦੇ ਬਾਰੇ, ਪਰ ਇਹ ਸੱਭ ਹੋ ਕਿੱਦਾਂ ਗਿਆ। ਏਨਾ ਵਧੀਆ ਗਾਇਕ, ਸਿਆਣਾ-ਬਿਆਣਾ ਤੇ ਹੰਢਿਆ-ਵਰਤਿਆ। ਉਹ ਇਹ ਗ਼ਲਤੀ ਕਰ ਕਿਵੇਂ ਗਿਆ?” ਕੁੰਨਣ ਸਿੰਘ ਨੇ ਅੱਗੋਂ ਜੁਆਬ ਦਿੱਤਾ।
”ਗੱਲ ਤਾਂ ਤੁਹਾਡੀ ਠੀਕ ਆ ਦੋਹਾਂ ਦੀ, ਪਰ ਜਿਵੇਂ ਕਹਿੰਦੇ ਹੁੰਦੇ ਆ ਪਈ ‘ਦੁੱਧ ਤੇ ਬੁੱਧ ਦੇ ਫਟਣ ਦਾ ਪਤਾ ਨਹੀਂ ਲੱਗਦਾ’। ਨਾਲੇ ਜਦੋਂ ਅਮੀਰੀ ਤੇ ਮਸ਼ਹੂਰੀ ਕਿਸੇ ਦੇ ਸਿਰ ਨੂੰ ਚੜ੍ਹ ਜਾਵੇ ਤਾਂ ਉਸ ਦੇ ਕੋਲੋਂ ਇਹੋ ਜਿਹੀਆਂ ਗ਼ਲਤੀਆਂ ਆਪਣੇ ਆਪ ਈ ਹੋ ਜਾਂਦੀਆਂ।” ਲਾਗਲੇ ਬੈਂਚ ਤੋਂ ਨੱਥਾ ਸਿੰਘ ਦੀ ਆਵਾਜ਼ ਆਈ।
”ਪਰ ਇਹ ਵੀ ਵੇਖੋ ਨਾ, ਗੁਰਦਾਸ ਮਾਨ ਉਂਜ ਹੈ ਕਿੰਨਾ ਹਲੀਮੀ ਵਾਲਾ ਬੰਦਾ, ਆਪਣੇ ਨਾਂ ਨਾਲ ‘ਨਿਮਾਣਾ’, ‘ਮਰਜਾਣਾ’ ਤੇ ‘ਬੇਈਮਾਨ’ ਵਰਗੇ ਲਕਬ ਲਗਾਉਂਦਾ ਏ। ਗਾਉਂਦਾ ਵੀ ਏਨਾ ਵਧੀਆ, ਪਰ ਫਿਰ ਉਹਦੇ ਮੂੰਹੋਂ ‘ਪੂਣੀ ਬਣਾ ਕੇ…’ ਵਾਲੀ ਗੱਲ ਕਿਵੇਂ ਨਿਕਲ ਗਈ?” ਕੋਲੋਂ ਹੀ ਨਾਜਰ ਸਿੰਘ ਨੇ ਤੋੜਾ ਝਾੜਿਆ।
”ਏਹੋ ਤਾਂ ਹੈਰਾਨੀ ਵਾਲੀ ਗੱਲ ਆ, ਨਾਜਰ ਸਿਆਂ। ਪੰਜਾਬ ਅਤੇ ਪੰਜਾਬੀ ਮਾਂ-ਬੋਲੀ ਦੀ ਗੱਲ ਕਰਨ ਵਾਲਾ ਗੁਰਦਾਸ ਮਾਨ, ਇਹ ਖ਼ਤਾ ਕਿਵੇਂ ਖਾ ਗਿਆ। ਬਈ, ਸਹੁੰ ਵੱਡੇ ਮਹਾਰਾਜ ਦੀ, ਮੈਨੂੰ ਤਾਂ ਉਹਦਾ ਗਾਣਾ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਬਹੁਤਾ ਈ ਪਿਆਰਾ ਲੱਗਦੈ।” ਨੱਥਾ ਸਿੰਘ ਨੇ ਕਿਹਾ।
”ਉਹ ਤਾਂ ਤੈਨੂੰ ‘ਘਰ ਦੀ ਸ਼ਰਾਬ’ ਕਰਕੇ ਪਿਆਰਾ ਲੱਗਦਾ ਹੋਣੈ ਕਿ ਹੋਰ ਵੀ ਆ ਕੋਈ ਗੱਲ ਓਹਦੇੇ ਵਿਚ? ਨਾਜਰ ਸਿੰਘ ਦਾ ਸੁਆਲ ਸੀ।
”ਨਹੀਂ, ਨਹੀਂ, ‘ਘਰ ਦੀ ਸ਼ਰਾਬ’ ਵਾਲੀ ਤਾਂ ਉਸ ਗਾਣੇ ਵਿਚ ਅੱਧੀ ਕੁ ਸਤਰ ਈ ਆ। ਉਹਦੇ ਵਿਚ ਜਿਹੜਾ ਉਹਨੇ ਪੰਜਾਬ ਦੇ ਰਹਿਣ-ਸਹਿਣ, ਖਾਣ-ਪੀਣ ਤੇ ਖ਼ਾਸ ਕਰਕੇ ਸਰੋਂ ਦੇ ਸਾਗ ਵਿਚ ਘਿਓ ਤੇ ਮੱਕੀ ਦੀਆਂ ਰੋਟੀਆਂ , ਵਾਣ ਦੇ ਮੰਜੇ, ‘ਸੀਪ’ ਖੇਡਣ ਵਾਲੀ ਲਾਈਨ ਵਿਚ ਤਾਰੀ ਨੇ ਬਣਾ ਤੇ ਤੇਰਾਂ , ਯੱਕਾ ਲਾ ਕੇ ਰਾਣੀ ਨਾਲ”, ਟੱਲੀਆਂ ਵਾਲੇ ਬੰਮ-ਬੰਮ ਬੋਲੇ ਦੇ ਚੇਲੇ ਤੇ ਕਈ ਹੋਰ ਗੱਲਾਂ ਦਾ ਜ਼ਿਕਰ ਕੀਤਾ ਆ। ਸਗੋਂ ਮੈਂ ਤਾਂ ਇਹ ਵੀ ਕਹਿਨਾਂ ਪਈ ਪੂਰੇ ਪੰਜਾਬ ਦਾ ਈ ਨਕਸ਼ਾ ਖਿੱਚ ਛੱਡਿਆ ਆ, ਮੈਨੂੰ ਤਾਂ ਅਸਲ ਚ ਉਹ ਚੰਗਾ ਲੱਗਦਾ, ਉਹਦੇ ਵਿਚ। ਨੱਥਾ ਸਿੰਘ ਨੇ ਉਸ ਗਾਣੇ ਦਾ ਪੂਰਾ ਨਿਚੋੜ ਕੱਢ ਦਿੱਤਾ।
”ਆਹੋ, ਇਹ ਗਾਣਾ ਤਾਂ ਵਧੀਆ ਏ ਪਰ ਕਹਿੰਦੇ ਆ ਇਹ ਲਿਖਿਆ ਉਹਦਾ ਆਪਣਾ ਨਹੀਂ, ਭਾਵੇਂ ਇਹਦੇ ਅਖ਼ੀਰ ਵਿਚ ਉਸ ਨੇ ਆਪਣਾ ਨਾਂ ‘ਮਾਨ ਮਰਜਾਣਾ’ ਵਰਤਿਆ ਏ। ਮੈਨੂੰ ਕਿਸੇ ਨੇ ਦੱਸਿਆ ਸੀ ਪਈ ਇਹ ਤਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿਣ ਵਾਲੇ ਕਿਸੇ ਮੱਖਣ ਬਰਾੜ ਦਾ ਲਿਖਿਆ ਹੋਇਆ ਏ।” ਇਹ ਕੁੰਨਣ ਸਿੰਘ ਦੀ ਆਵਾਜ਼ ਸੀ।
”ਆਹੋ, ਤੇਰੀ ਗੱਲ ਠੀਕ ਆ, ਬਾਈ ਕੁੰਨਣ ਸਿਆਂ। ਮੈਂ ਵੀ ਸੁਣਿਆਂ ਪਈ ਗਾਣੇ ਦੇ ਪਹਿਲੇ ਤਿੰਨ-ਚਾਰ ਬੰਦ ਮੱਖਣ ਬਰਾੜ ਦੇ ਹਨ ਤੇ ਮਗਰਲੇ ਇਕ-ਦੋ ਗੁਰਦਾਸ ਮਾਨ ਨੇ ਇਸ ਗਾਣੇ ਵਿਚ ਆਪਣੇ ਕੋਲੋਂ ਜੋੜ ਲਏ ਅਤੇ ਅਖ਼ੀਰ ਵਿਚ ਨਾਂ ਫਿਰ ਆਪਣਾ ਦੇ ਦਿੱਤਾ।” ਮਾਸਟਰ ਹਰਬੰਸ ਸਿੰਘ ਨੇ ਆਪਣੀ ਜਾਣਕਾਰੀ ਅਨੁਸਾਰ ਦੱਸਿਆ।
”ਇਹ ਤਾਂ ਫਿਰ ਮਾੜੀ ਗੱਲ ਆ ਨਾ, ਮਾਸਟਰ ਜੀ। ਅਸਲੀ ਗਾਣਾ ਤਾਂ ਫਿਰ ਮੱਖਣ ਬਰਾੜ ਦਾ ਈ ਹੋਇਆ ਨਾ ਅਤੇ ਮੇਰੇ ਹਿਸਾਬ ਨਾਲ ਨਾਂ ਵੀ ਓਸੇ ਦਾ ਈ ਆਉਣਾ ਚਾਹੀਦਾ ਸੀ।” ਕੁੰਨਣ ਸਿੰਘ ਨੇ ਕਿੰਤੂ ਕੀਤਾ।
”ਬਿਲਕੁਲ ਠੀਕ ਕਿਹਾ ਤੁਸੀਂ, ਕੁੰਨਣ ਸਿੰਘ ਜੀ। ਫਰ ਏਨੀ ਕੁ ਹੇਰਾਫੇਰੀ ਤਾਂ ਕਰ ਈ ਲੈਂਦੇ ਆ, ਗਾਉਣ ਲੱਗਿਆਂ ਇਹ ਸਾਡੇ ਗਾਇਕ। ਇਹ ਤਾਂ ਆਮ ਜਿਹੀ ਗੱਲ ਏ।” ਮਾਸਟਰ ਜੀ ਨੇ ਕੁੰਨਣ ਸਿੰਘ ਦੀ ਤਸੱਲੀ ਕਰਾਉਣ ਲਈ ਕਿਹਾ।
”ਹਾਂ ਜੀ, ਇਹ ਤਾਂ ਹੈ। ਫਿਰ ਵੇਖੋ, ਏਸੇ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਬਾਰੇ ਕਿੰਨਾਂ ਵਧੀਆ ਲਿਖਿਆ ਤੇ ਗਾਇਆ ਏ। ਅਖੇ, ਪੰਜਾਬੀਏ ਜ਼ਬਾਨੇ! ਨੀ ਰਕਾਨੇ ਮੇਰੇ ਦੇਸ਼ ਦੀਏ, ਮੱਠੀ ਪੈਗੀ ਚਿਹਰੇ ਦੀ ਨੁਹਾਰ। ਮੀਢੀਆਂ ਖਿਲਾਰੀ ਫਿਰੇਂ, ਬੁੱਲ੍ਹੇ ਦੀਏ ਕਾਫ਼ੀਏ ਨੀ, ਕੀਹਨੇ ਤੇਰਾ ਲਾਹ ਲਿਆ ਸਿੰ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਫਿਰ ਗੁਰਦਾਸ ਮਾਨ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲੋਂ ਹਿੰਦੀ ‘ਮਾਸੀ’ ਦਾ ਏਨਾ ਮੋਹ ਤੇ ਹੇਜ ਕਿੱਥੋਂ ਜਾਗ ਪਿਆ?”
”ਵੇਖੋ ਜੀ, ਬੋਲੀ ਜਾਂ ਭਾਸ਼ਾ ਤਾਂ ਕੋਈ ਮਾੜੀ ਨਹੀਂ ਹੁੰਦੀ। ਮੈਂ ਤਾਂ ਕਹਿਨਾਂ ਪਈ ਹਰ ਬੰਦੇ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਸ ਨਾਲ ਉਸ ਦੇ ਸ਼ਬਦ-ਭੰਡਾਰ ਵਿਚ ਵਾਧਾ ਹੁੰਦਾ ਹੈ ਅਤੇ ਉਸ ਦੀ ਸੋਚ ਦਾ ਦਾਇਰਾ ਵੱਧਦਾ ਹੈ। ਸਾਨੂੰ ਹਰੇਕ ਬੋਲੀ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ। ਪਰ ਮਾਂ-ਬੋਲੀ ਦੀ ਥਾਂ ਹੋਰ ਕੋਈ ਵੀ ਬੋਲੀ ਨਹੀਂ ਲੈ ਸਕਦੀ ਕਿਉਂਕਿ ਮਾਂ ਤਾਂ ਫਿਰ ਮਾਂ ਹੀ ਹੁੰਦੀ ਏ। ਮਾਸੀ ਭਾਵੇਂ ਕਿੰਨੀ ਵੀ ਪਿਆਰ ਕਰਨ ਵਾਲੀ ਹੋਵੇ, ਉਹ ਮਾਂ ਦੇ ਵਰਗੀ ਤਾਂ ਹੋ ਸਕਦੀ ਏ ਪਰ ਉਹ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ। ਸਾਡਾ ਗੁਰਦਾਸ ਮਾਨ ਵਿਚਾਰਾ ‘ਮਾਂ’ ਤੇ ‘ਮਾਸੀ’ ਦੇ ਚੱਕਰ ਵਿਚ ਈ ਫਸ ਗਿਐ। ਹੁਣ ਪਤਾ ਨਹੀਂ ਇਹ ਗੱਲ ਉਸ ਨੇ ਆਪਣੇ ਮਨੋਂ ਕੀਤੀ ਏ ਜਾਂ ਅੱਜਕੱਲ੍ਹ ਰਾਸ਼ਟਰਵਾਦ ਤੇ ਰਾਸ਼ਟਰੀ-ਏਕਤਾ ਦੇ ਵਹਿਣ ਵਿਚ ਵਗ ਕੇ ਭਾਰਤ ਦੇ ਗ੍ਰਹਿ-ਮੰਤਰੀ ਦੇ ਅਮਿਤ ਸ਼ਾਹ ਦੇ ਬਿਆਨ ”ਏਕ ਰਾਸ਼ਟਰ, ਏਕ ਭਾਸ਼ਾ” ਦੀ ਪ੍ਰੋੜ੍ਹਤਾ ਕਰਦਿਆਂ ਇਹ ਕਹਿ ਬੈਠਾ ਏ। ਪਰ ਉਸ ਨੇ ਜੋ ਵੀ ਕਿਹਾ ਏ, ਠੀਕ ਨਹੀਂ ਕਿਹਾ। ਮਾਸਟਰ ਜੀ ਨੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ।
”ਤੁਸੀਂ ਠੀਕ ਆਖਿਆ ਮਾਸਟਰ ਜੀ, ਮਾਂ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਇਸ ਦੁਨੀਆਂ ‘ਚ। ਮੈਨੂੰ ਤਾਂ ਗੁਰਦਾਸ ਮਾਨ ਕਿਸੇ ਸਿਆਸਤ ਦੇ ਚੱਕਰ ਵਿਚ ਪਿਆ ਲੱਗਦੈ। ਹੋ ਸਕਦੈ, ਇਹ ਸੋਚਦਾ ਹੋਵੇ ਕਿ ਹੁਣ ਅਗਾਂਹ ਹੋਰ ਕਿੰਨਾ ਕੁ ਚਿਰ ਗਾਇਆ ਜਾਣੈ, ਹੰਸ ਰਾਜ ਹੰਸ ਵਾਂਗ ਭਾਰਤ ਦੇ ਕਿਸੇ ਸੂਬੇ ਵਿੱਚੋਂ ਐੱਮ.ਪੀ. ਦੀ ਟਿਕਟ ਈ ਲੈ ਲਈ ਜਾਵੇ, ਹਿੰਦੀ-ਪ੍ਰੇਮੀਆਂ ਕੋਲੋਂ। ਉਨ੍ਹਾਂ ਨੂੰ ਵੀ ਤਾਂ ਮਸ਼ਹੂਰ-ਮਸ਼ਹੂਰ ਚਿਹਰੇ ਹੀ ਪਸੰਦ ਹਨ, ਉਮੀਦਵਾਰ ਬਨਾਉਣ ਲਈ। ਕੀ ਖ਼ਿਆਲ ਏ, ਤੁਹਾਡਾ ਇਸ ਦੇ ਬਾਰੇ?” ਕੁੰਨਣ ਸਿੰਘ ਨੇ ਕਿਹਾ।
”ਇਹ ਵੀ ਹੋ ਸਕਦਾ ਏ, ਤੁਹਾਡੀ ਗੱਲ ਠੀਕ ਹੋਵੇ। ਗਾਇਕੀ ਦੇ ਖ਼ੇਤਰ ਵਿਚ ਬਥੇਰੀ ਸੇਵਾ ਕਰ ਲਈ ਏ ਅਤੇ ਨਾਂ ਵੀ ਵਧੀਆ ਬਣਾ ਲਿਆ ਏ। ਇਸ ਵਿਚ ਬਣਿਆਂ ਨਾਮ ਤੇ ਪੈਸਾ ਦੋਵੇਂ ਈ ਬਥੇਰੇ ਨੇ। ਕਿਉਂਂ ਨਾ ਹੁਣ ਨੇਤਾ ਜੀ ਬਣ ਕੇ ਜਨਤਾ ਦੀ ਸੇਵਾ ਕੀਤੀ ਜਾਵੇ।” ਮਾਸਟਰ ਜੀ ਦਾ ਸੁਭਾਵਕ ਜੁਆਬ ਸੀ।
”ਪਰ ਉਹਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਏ ਕਿ ਪੰਜਾਬੀ ਬੋਲੀ ਵਿਚ ਗਾ ਕੇ ਉਸ ਨੇ ਆਪਣਾ ਨਾਂ ਤੇ ਪੈਸਾ ਬਣਾਇਆ ਤੇ ਹੁਣ ਓਸੇ ਨੂੰ ਛੁਟਿਆ ਕੇ ਹਿੰਦੀ ਦੇ ਗੁਣ-ਗਾਨ ਕਰਨ ਲੱਗ ਪਿਆ ਏ।”
”ਬਿਲਕੁਲ, ਕੁੰਦਨ ਸਿੰਘ ਜੀ, ਇਸ ਨੂੰ ‘ਅਕ੍ਰਿਤਘਣਤਾ’ ਦਾ ਨਾਂ ਦਿੱਤਾ ਜਾਂਦਾ ਏ, ਸਾਡੇ ਸੱਭਿਆਚਾਰ ਵਿਚ। ਇਹ ਮਾਂ-ਬੋਲੀ ਪ੍ਰਤੀ ਨਿਰਦਰ ਤੇ ਅਕ੍ਰਿਤਘਣਤਾ ਵਾਲੀ ਗੱਲ ਹੈ ਅਤੇ ਅਜਿਹੀ ਗੱਲ ਕਰਨ ਤੋਂ ਪਹਿਲਾਂ ਮਾਨ ਸਾਹਿਬ ਨੂੰ ਸੌ ਵਾਰੀ ਸੋਚਣਾ ਚਾਹੀਦਾ ਸੀ ਕਿ ਸਾਰੇ ਪੰਜਾਬੀ ਉਸ ਨੂੰ ਕਿੰਨਾ ਮਾਣ ਦਿੰਦੇ ਨੇ। ਉਨ੍ਹਾਂ ਨੇ ਉਸ ਨੂੰ ਪੰਜਾਬੀ ਗਾਇਕੀ ਦਾ ਬਾਬਾ-ਬੋਹੜ ਤੱਕ ਦਾ ਖ਼ਿਤਾਬ ਦੇ ਦਿੱਤਾ ਪਰ ਉਸ ਨੇ ਮਾਂ ਨੂੰ ਛੱਡ ਨੇ ‘ਮਾਸੀ’ ਜਾ ਜੱਫ਼ੀ ਪਾਈ ਹੈ। ਤਾਂ ਹੀ ਉਸ ਦੇ ਖ਼ਿਲਾਫ਼ ਵੈਨਕੂਵਰ ਵਿਚ ਲੋਕਾਂ ਵੱਲੋਂ ਰੋਸ-ਮੁਜ਼ਾਹਰੇ ਕੀਤੇ ਗਏ ਅਤੇ ਉਸ ਦੇ ਚੱਲਦੇ ਪ੍ਰੋਗਰਾਮ ਵਿਚ ਕਿਸੇ ਨੇ ਉਸ ਨੂੰ ਰੋਸ ਭਰਿਆ ਪੋਸਟਰ ਵੀ ਵਿਖਾਇਆ ਜਿਸ ਤੋਂ ਗੁੱਸੇ ਵਿਚ ਆ ਕੇ ਉਸ ਨੇ ਉਸ ਨੂੰ ਉਹ ‘ਪੂਣੀ ਵਾਲੀ ਗਾਲ’ ਵੀ ਕੱਢ ਮਾਰੀ, ਹਾਲਾਂ ਕਿ ਅਜਿਹੇ ਵੱਡੇ ਕਲਾਕਾਰ ਦੇ ਮੂੰਹੋਂ ਨਿਕਲੀ ਇਹ ਬਹੁਤ ਹੀ ਘਟੀਆ ਗੱਲ ਸੀ ਅਤੇ ਇਹ ਉਸ ਨੂੰ ਸੋਭਦੀ ਨਹੀਂ ਸੀ॥ ਮਾਸਟਰ ਜੀ ਨੇ ਹੋਰ ਕਿਹਾ।
”ਹਾਂ ਜੀ, ਮਾਸਟਰ ਜੀ। ਇਹ ਤਾਂ ਬਹੁਤ ਘਟੀਆ ਕੰਮ ਕੀਤਾ ਏ, ਮਾਨ ਨੇ। ਪੰਜਾਬੀ ਬੋਲੀ ਦੇ ਸਿਰ ‘ਤੇ ਏਨੇ ਸਾਲਾਂ ਦੀ ਕਮਾਇਆ ਹੋਇਆ ਇਜ਼ਤ ਅਤੇ ਮਾਣ ਖੂਹ ‘ਚ ਪਾ ਦਿੱਤਾ ਏ। ਚਲੋ, ਛੱਡੋ ਜੀ, ਆਪਣੀ ਕੀਤੀ ਆਪੇ ਭਰੂ, ਸਾਨੂੰ ਕੀ।” ਕਹਿੰਦਿਆਂ ਸਾਰੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ।
* * * * *

Check Also

ਕਿਉਂ ਨਹੀਂ ਸਮਝਦੀ ਸਰਕਾਰ ਕਿ ਅਸੀਂ ਡੁੱਬ ਰਹੇ ਹਾਂ?

ਗੁਰਮੀਤ ਸਿੰਘ ਪਲਾਹੀ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀ.ਈ.ਐਸ.ਏ.) ਵਲੋਂ ਪਿਛਲੇ …