Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੀ ਅਬਾਦੀ 4 ਕਰੋੜ ਤੋਂ ਟੱਪੀ

ਕੈਨੇਡਾ ਦੀ ਅਬਾਦੀ 4 ਕਰੋੜ ਤੋਂ ਟੱਪੀ

ਅਬਾਦੀ ਵਾਧੇ ਨੇ 66 ਸਾਲਾਂ ਦਾ ਰਿਕਾਰਡ ਤੋੜਿਆ
ਵੈਨਕੂਵਰ : ਕੈਨੇਡਾ ਦੇ ਅੰਕੜਾ ਵਿਭਾਗ ਨੇ ਚਾਲੂ ਸਾਲ ਦੀ ਤੀਜੀ ਤਿਮਾਹੀ ਦੌਰਾਨ ਦੇਸ਼ ਦੀ ਆਬਾਦੀ ਵਿਚ ਚਾਰ ਲੱਖ 13 ਹਜ਼ਾਰ ਦਾ ਵਾਧਾ ਦਰਸਾਇਆ ਹੈ, ਜਿਸ ਨੇ 1957 ਵਾਲਾ ਰਿਕਾਰਡ ਤੋੜਿਆ ਹੈ।
ਇਸੇ ਸਾਲ ਜੂਨ ਮਹੀਨੇ ਦੇਸ਼ ਦੀ ਆਬਾਦੀ ਚਾਰ ਕਰੋੜ ਤੋਂ ਟੱਪੀ ਸੀ, ਜੋ 30 ਸਤੰਬਰ ਨੂੰ 40,501,260 ਹੋ ਗਈ ਹੈ।
ਇਸ ਆਬਾਦੀ ਵਾਧੇ ਵਿੱਚ ਵੱਡਾ ਯੋਗਦਾਨ ਤਿੰਨ ਲੱਖ 13 ਹਜ਼ਾਰ ਆਵਾਸੀਆਂ ਦਾ ਹੈ, ਜੋ ਤਿੰਨ ਮਹੀਨਿਆਂ ਦੌਰਾਨ ਦੇਸ਼ ਵਿੱਚ ਵਿਦਿਆਰਥੀ, ਕੱਚੇ ਕਾਮਿਆਂ ਅਤੇ ਪਨਾਹੀਆਂ ਵਜੋਂ ਸ਼ਾਮਲ ਹੋਏ।
ਬੈਂਕ ਆਫ ਕੈਨੇਡਾ ਦੇ ਉਪ ਗਵਰਨਰ ਟੋਨੀ ਗਰੈਵਲ ਅਨੁਸਾਰ ਆਬਾਦੀ ਵਾਧੇ ਨੂੰ ਦੇਸ਼ ਦੀ ਆਰਥਿਕਤਾ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਆਵਾਸੀ ਲੋਕ ਬਜ਼ੁਰਗ ਹੋਏ ਦੇਸ਼ਵਾਸੀਆਂ ਕਾਰਨ ਪੈਦਾ ਹੋਏ ਕਾਮਿਆਂ ਦੇ ਖੱਪੇ ਨੂੰ ਪੂਰਨ ਵਿੱਚ ਸਹਾਈ ਹੋ ਕੇ ਆਰਥਿਕ ਮਜ਼ਬੂਤੀ ਦਾ ਸਰੋਤ ਵੀ ਬਣਦੇ ਹਨ ਪਰ ਕੁਝ ਵਿਸ਼ਾ ਮਾਹਿਰ ਇਸ ਨੂੰ ਘਰਾਂ ਦੀ ਥੁੜ੍ਹ ਦੀ ਸਮੱਸਿਆ ਨੂੰ ਸਿੱਧੇ ਤੌਰ ‘ਤੇ ਆਵਾਸੀਆਂ ਦੇ ਗਿਣਤੀ ਵਾਧੇ ਨਾਲ ਜੋੜ ਕੇ ਵੇਖਦੇ ਹਨ। ਉਨ੍ਹਾਂ ਅਨੁਸਾਰ ਆਵਾਸ ਵਾਧਾ ਘਰਾਂ ਦੀ ਘਾਟ ਦੇ ਨਾਲ ਨਾਲ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਇਸੇ ਕਰਕੇ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਸਰਕਾਰੀ ਯਤਨਾਂ ਦੇ ਬਾਵਜੂਦ ਮਹਿੰਗਾਈ ਲੋਕਾਂ ਦੀ ਪਕੜ ਵਿੱਚੋਂ ਬਾਹਰ ਹੋ ਕੇ ਮੁਦਰਾ ਸਫੀਤੀ ਦੇ ਵਾਧੇ ਦਾ ਕਾਰਨ ਬਣਦੀ ਹੈ, ਜਿਸ ‘ਤੇ ਬੈਂਕ ਵਿਆਜ ਦਰਾਂ ਦਾ ਵਾਧਾ ਵੀ ਅਸਰ-ਕਾਰਕ ਸਾਬਤ ਨਹੀਂ ਹੋ ਰਿਹਾ। ਅੰਕੜਾ ਵਿਭਾਗ ਅਨੁਸਾਰ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਹੋਈ ਅਬਾਦੀ ਵਾਧਾ ਦਰ ਪਿਛਲੇ ਕਿਸੇ ਵੀ ਇੱਕ ਸਾਲ ਦੀ ਹੱਦ ਟੱਪ ਗਈ ਹੈ।

ਕਿਊਬੈਕ ਸੂਬਾ ਵਿਦਿਆਰਥੀਆਂ ‘ਤੇ ਫਰੈਂਚ ਭਾਸ਼ਾ ਸਿੱਖਣ ਲਈ ਦਬਾਅ ਵਧਾਏਗਾ
ਟੋਰਾਂਟੋ : ਕੈਨੇਡਾ ਦਾ ਫਰੈਂਚ ਭਾਸ਼ਾਈ ਸੂਬਾ ਕਿਊਬੈਕ ਹੁਣ ਕਿਊਬੈਕ ਯੂਨੀਵਰਸਿਟੀਆਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ‘ਤੇ ਫਰੈਂਚ ਭਾਸ਼ਾ ਸਿੱਖਣ ਲਈ ਦਬਾਅ ਵਧਾਉਣ ਜਾ ਰਿਹਾ ਹੈ। ਕਿਊਬੈਕ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਵਧਾਉਣ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਪੜ੍ਹਾਈ ਦੇ ਦੌਰਾਨ ਹੀ ਫਰੈਂਚ ਨੂੰ ਲਾਜ਼ਮੀ ਤੌਰ ‘ਤੇ ਸਿੱਖਣ ਲਈ ਕਹੇਗੀ। ਸੂਬਾ ਸਰਕਾਰ ਨੇ ਨੌਨ ਫਰੈਂਚ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਨੂੰ 33 ਫੀਸਦੀ ਤੱਕ ਵਧਾਉਣ ਦਾ ਮਤਾ ਤਿਆਰ ਕੀਤਾ ਹੈ। ਹਾਲਾਂਕਿ ਪਹਿਲਾਂ ਫੀਸ ਨੂੰ ਦੁੱਗਣਾ ਕਰਨ ਦਾ ਵਿਚਾਰ ਸੀ, ਪਰ ਬਾਅਦ ਵਿਚ ਇਸ ਨੂੰ ਘੱਟ ਕਰਕੇ 33 ਫੀਸਦੀ ‘ਤੇ ਲਿਆਂਦਾ ਗਿਆ। ਇਸਦੇ ਨਾਲ ਹੀ ਸੂਬੇ ਵਿਚ ਅੰਗਰੇਜ਼ੀ ਵਿਚ ਪੜ੍ਹਾਈ ਕਰਵਾ ਰਹੀਆਂ ਯੂਨੀਵਰਸਿਟੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਰੈਂਚ ਅਪਨਾਉਣ ਲਈ ਕਿਹਾ ਜਾਵੇਗਾ। ਇਸ ਦੇ ਨਾਲ ਹੀ ਕਿਊਬੈਕ ਸੂਬੇ ਨੇ ਫਰੈਂਚ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਫੀਸ ਨੂੰ ਘੱਟ ਕਰਨ ਦੀ ਵੀ ਯੋਜਨਾ ਬਣਾਈ ਹੈ।
ਕਿਊਬੈਕ ਫਰਾਂਸ, ਬੈਲਜ਼ੀਅਮ ਅਤੇ ਸਵਿੱਟਜ਼ਰਲੈਂਡ ਤੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਤਾਂ ਕਿ ਕਿਊਬੈਕ ਵਿਚ ਯੂਰੋਪੀਅਨ ਮੂਲ ਦੇ ਵਿਅਕਤੀ ਜ਼ਿਆਦਾ ਪਹੁੰਚਣ। ਕਿਊਬੈਕ ਹੋਰ ਸੂਬਿਆਂ ਤੋਂ ਆਉਣ ਵਾਲੇ ਕੈਨੇਡੀਅਨ ਵਿਦਿਆਰਥੀਆਂ ਦੇ ਲਈ ਵੀ ਕਾਲਜ-ਯੂਨੀਵਰਸਿਟੀ ਐਜੂਕੇਸ਼ਨ ਨੂੰ ਮਹਿੰਗਾ ਕਰ ਰਿਹਾ ਹੈ। ਕਿਊਬੈਕਅੰਤਰਰਾਸ਼ਟਰੀ ਵਿਦਿਆਰਥੀਆਂ ਕੋਲੋਂ ਮਿਲਣ ਵਾਲੀ ਫੀਸ ਦਾ ਕਾਫੀ ਹਿੱਸਾ ਬਾਅਦ ਵਿਚ ਫਰੈਂਚ ਸਪੀਕਿੰਗ ਯੂਨੀਵਰਸਿਟੀਆਂ ਵਿਚ ਵੰਡ ਦਿੰਦਾ ਹੈ। ਕਿਊਬੈਕ ਤੋਂ ਬਾਹਰ ਖੋਲ੍ਹੇ ਜਾਣਗੇ ਨਵੇਂ ਕੈਂਪਸ : ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕਿਊਬੈਕ ਵਿਚ ਕਾਰਜਸ਼ੀਲ ਯੂਨੀਵਰਸਿਟੀਆਂ ਨੇ ਸੂਬੇ ਤੋਂ ਬਾਹਰ ਦੂਜੇ ਰਾਜਾਂ ਵਿਚ ਆਪਣੇ ਕੈਂਪਸ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਜ਼ਰੂਰੀ ਹੋਇਆ ਤਾਂ ਵਿਦਿਆਰਥੀਆਂ ਨੂੰ ਉਥੇ ਟਰਾਂਸਫਰ ਕੀਤਾ ਜਾ ਸਕੇ। ਹਰ ਸਾਲ 60 ਹਜ਼ਾਰ ਵਿਦਿਆਰਥੀ ਪਹੁੰਚਦੇ ਹਨ ਕਿਊਬੈਕ ‘ਚ :ਕਿਊਬੈਕ ਵਿਚ ਹਰ ਸਾਲ ਕਰੀਬ 60 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਪਹੁੰਚਦੇ ਹਨ, ਜਿਨ੍ਹਾਂ ਵਿਚੋਂ 20 ਹਜ਼ਾਰ ਇਕੱਲੇ ਪੰਜਾਬ ਤੋਂ ਹੁੰਦੇ ਹਨ। ਅਜਿਹੇ ਵਿਚ ਟਿਊਸ਼ਨ ਫੀਸ ਵਿਚ ਕੀਤੇ ਜਾਣ ਵਾਲੇ ਵਾਧੇ ਦਾ ਜ਼ਿਆਦਾ ਅਸਰ ਉਨ੍ਹਾਂ ‘ਤੇ ਹੀ ਪਵੇਗਾ ਅਤੇ ਫੀਸ ਵਿਚ ਬਚਤ ਦੇ ਲਈ ਉਨ੍ਹਾਂ ਫਰੈਂਚ ਸਿੱਖਣੀ ਹੋਵੇਗੀ।

Check Also

ਪੰਜਾਬ ‘ਚੋਂ ਨਸ਼ੇ ਖਤਮ ਕਰਨ ਲਈ ਨਵੀਂ ਵਿਉਂਤਬੰਦੀ

ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਾ ਤਸਕਰਾਂ ਤੇ ਪੁਲਿਸ ਦਾ ਗੱਠਜੋੜ ਤੋੜਨ ਦਾ ਕੀਤਾ ਵਾਅਦਾ …