
ਬਾਬੇ ਨਾਨਕ ਦੀ ਰਹਿਮਤ ਤੇ 72 ਵਰ੍ਹਿਆਂ ਦੀ ਅਰਦਾਸ ਸਦਕਾ
ਖੁੱਲ੍ਹ ਗਿਆ ਕਰਤਾਰਪੁਰ ਸਾਹਿਬ ਦਾ ਲਾਂਘਾ
ਸਿੱਖਾਂ ਦੀਆਂ ਭਾਵਨਾਵਾਂ ਦੇ ਸਤਿਕਾਰ ਲਈ ਕੈਪਟਨ ਨੇ ਮੋਦੀ ਤੇ ਇਮਰਾਨ ਦਾ ਕੀਤਾ ਧੰਨਵਾਦ
ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦੀ ਆਗਿਆ ਦੇਣ ਵਿੱਚ ਪੂਰਨ ਸਹਿਯੋਗ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਵਾਰ ਫੇਰ ਧੰਨਵਾਦ ਕੀਤਾ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਸਥਿਤ ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਸਿੱਖ ਭਾਈਚਾਰੇ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਮਦਦ ਕਰਨ ਲਈ ਉਹ ਇਮਰਾਨ ਖਾਨ ਕੋਲ ਇਸ ਮਸਲੇ ਨੂੰ ਉਠਾਉਣ ਲਈ ਮੋਦੀ ਕੋਲ ਪਹੁੰਚ ਕਰਨਗੇ। ਜ਼ਿਕਰਯੋਗ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸੁਰ ਬੜੀ ਤਿੱਖੀ ਰਹੀ ਸੀ।
ਹੁਣ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ
ਚੰਡੀਗੜ੍ਹ : ਕਰਤਾਰਪੁਰ ਸਾਹਿਬ ਕੌਰੀਡੋਰ ਖੁੱਲ੍ਹਣ ਤੋਂ ਬਾਅਦ ਹੁਣ ਪੰਜਾਬ ਸਰਕਾਰ ‘ਸ੍ਰੀ ਨਨਕਾਣਾ ਸਾਹਿਬ’ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਦਿੱਲੀ-ਲਾਹੌਰ ਬੱਸ ਸੇਵਾ ਦੀ ਦਰਜ ‘ਤੇ ਅੰਮ੍ਰਿਤਸਰ-ਸ੍ਰੀ ਨਨਕਾਣਾ ਸਾਹਿਬ ਬੱਸ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਗ੍ਰਹਿ ਮੰਤਰਾਲੇ ਕੋਲ ਜਲਦੀ ਹੀ ਇਸ ਸਬੰਧੀ ਮਤਾ ਪੇਸ਼ ਕਰੇਗੀ, ਪਰ ਸੁਰੱਖਿਆ ਦੇ ਮੱਦੇਨਜ਼ਰ ਫੈਸਲਾ ਐਨ.ਐਚ.ਏ. ਹੀ ਕਰੇਗਾ। ਅੰਮ੍ਰਿਤਸਰ-ਸ੍ਰੀ ਨਨਕਾਣਾ ਸਾਹਿਬ ਵਿਚਕਾਰ ਲਗਭਗ 115 ਕਿਲੋਮੀਟਰ ਦਾ ਫਾਸਲਾ ਹੈ। ਸਰਕਾਰ ਚਾਹੁੰਦੀ ਹੈ ਕਿ ਅਜਿਹੀ ਵਿਵਸਥਾ ਬਣੇ ਕਿ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੀ ਜਾਣ ਵਾਲੇ ਸ਼ਰਧਾਲੂ ਸਵੇਰੇ ਜਾ ਕੇ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਆ ਜਾਣ।
ਨਾਨਕ ਨਗਰੀ ਸੰਗਤਾਂ ਨਾਲ ਨਿਹਾਲ, 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਜਾਹੋ-ਜਲਾਲ ਨਾਲ ਸੰਪੰਨ
ਸੁਲਤਾਨਪੁਰ ਲੋਧੀ ‘ਚ ਰਾਸ਼ਟਰਪਤੀ ਨੇ ਪੰਜਾਬ ਸਰਕਾਰ ਅਤੇਸ਼੍ਰੋਮਣੀ ਕਮੇਟੀ ਦੀ ਸਟੇਜ਼ ‘ਤੇ ਵੱਖੋ-ਵੱਖ ਭਰੀ ਹਾਜ਼ਰੀ
ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿੱਚ ਕਰਵਾਏ ਗਏ ਮੁੱਖ ਸਮਾਗਮ ‘ਚ ਲੱਖਾਂ ਦੀ ਗਿਣਤੀ ‘ਚ ਸੰਗਤ ਨੇ ਮੱਥਾ ਟੇਕਿਆ ਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸੇ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਸਟੇਜ ‘ਤੇ ਹਾਜ਼ਰੀ ਭਰੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ। ਇਸ ਤੋਂ ਪਹਿਲਾਂ ਉਨ੍ਹਾਂ ਦੇਸ਼-ਵਾਸੀਆਂ ਤੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਬਰਾਬਰੀ, ਭਾਈਚਾਰੇ, ਨੇਕੀ ਅਤੇ ਸਦਾਚਾਰ ਦੀ ਸਿੱਖਿਆ ਦੇ ਕੇ ਲੋਕਾਂ ਨੂੰ ਜਾਤ-ਪਾਤ ਅਤੇ ਕਰਮਕਾਂਡ ਤੋਂ ਮੁਕਤ ਕਰਨ ਦਾ ਯਤਨ ਕੀਤਾ। ਸੰਗੀਤ ਦੀ ਮਿਠਾਸ ਵਿਚ ਘੁਲੇ ਸਰਲ ਉਪਦੇਸ਼ ਉਨ੍ਹਾਂ ਦਿੱਤੇ ਤੇ ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਪਰਮ ਗਿਆਨ ਹਾਸਲ ਕਰਨ ਦੀ ਰਾਹ ਵਿਖਾਈ। ਰਾਸ਼ਟਰਪਤੀ ਨੇ ਕਿਹਾ ਕਿ ਕਿਰਤ ਅਤੇ ਅਧਿਆਤਮ ਦੇ ਸੁਨੇਹੇ ਦਾ ਹੀ ਨਤੀਜਾ ਹੈ ਕਿ ਗੁਰੂ ਨਾਨਕ ਦੇ ਪੈਰੋਕਾਰ ਪੂਰੀ ਦੁਨੀਆ ਵਿਚ ਸਫ਼ਲ ਹਨ। ਉਹ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਦੇ ਸਿਧਾਂਤ ‘ਤੇ ਚੱਲਦੇ ਹਨ। ਰਾਸ਼ਟਰਪਤੀ ਨੇ ਇਸ ਮੌਕੇ ਲੰਗਰ ਵੀ ਛਕਿਆ। ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਬਾਦਲ ਦੇ ਜੈਕਾਰੇ ਦਾ ਸੰਗਤ ਨੇ ਨਹੀਂ ਦਿੱਤਾ ਜਵਾਬ
ਐਸਜੀਪੀਸੀ ਦੀ ਸਟੇਜ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਗਏ। ਉਨ੍ਹਾਂ ਨੂੰ ਸੰਗਤ ਨੂੰ ਸੰਬੋਧਨ ਕਰਨ ਲਈ ਵੀ ਬੁਲਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਸੰਗਤ ਕੋਲੋਂ ਜੈਕਾਰਾ ਲਗਾ ਕੇ ਸਾਂਝ ਕਰਨ ਲਈ ਕਿਹਾ, ਪਰ ਸੰਗਤ ਵਲੋਂ ਕੋਈ ਜਵਾਬ ਨਾ ਆਇਆ।
ਸੁਖਬੀਰ ਨੂੰ ਸਟੇਜ ‘ਤੇ ਨਹੀਂ ਮਿਲੀ ਜਗ੍ਹਾ
ਐਸਜੀਪੀਸੀ ਦੀ ਸਟੇਜ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਬੈਠੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਬੈਠੇ। ਇਥੋਂ ਤੱਕ ਕਿ ਕਿਸੇ ਨੇ ਵੀ ਸੰਬੋਧਨ ਵਿਚ ਸੁਖਬੀਰ ਦਾ ਨਾਮ ਨਹੀਂ ਲਿਆ। ਅਜਿਹੇ ਵਿਚ ਸੁਖਬੀਰ ਬਾਦਲ ਤੋਂ ਇਹ ਦੂਰੀ ਸ਼ਾਮ ਤੱਕ ਚਰਚਾ ਦਾ ਵਿਸ਼ਾ ਬਣੀ ਰਹੀ।