10.4 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਕੇਜਰੀਵਾਲ ਨੇ 20 ਕਿਲੋਮੀਟਰ ਦਾ ਸਫਰ ਵੀ ਹੈਲੀਕਾਪਟਰ 'ਚ ਕੀਤਾ

ਕੇਜਰੀਵਾਲ ਨੇ 20 ਕਿਲੋਮੀਟਰ ਦਾ ਸਫਰ ਵੀ ਹੈਲੀਕਾਪਟਰ ‘ਚ ਕੀਤਾ

ਈਡੀ ਦੇ ਸੰਮਣਾਂ ਦੌਰਾਨ ‘ਆਪ’ ਮੁਖੀ ਮੈਡੀਟੇਸ਼ਨ ਕਰਨ ਲਈ ਹੁਸ਼ਿਆਰਪੁਰ ਦੇ ਵਿਪਾਸਨਾ ਸੈਂਟਰ ਪੁੱਜੇ
ਹੁਸ਼ਿਆਰਪੁਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਿਆਨ ਲਾਉਣ ਦੇ 10 ਦਿਨ ਦੇ ਕੋਰਸ ਲਈ ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਵਿੱਚ ਸਥਿਤ ਵਿਪਾਸਨਾ ਕੇਂਦਰ ਪੁੱਜ ਗਏ ਤੇ ਵੀਰਵਾਰ ਸਵੇਰ ਤੋਂ ਉਨ੍ਹਾਂ ਦਾ ਇਹ ਕੋਰਸ ਵੀ ਸ਼ੁਰੂ ਹੋ ਗਿਆ ਹੈ।
ਇਸ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਦੋਵੇਂ ਆਗੂ ਚੌਹਾਲ ਦੇ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਕੁੱਝ ਸਮਾਂ ਬਿਤਾਇਆ। ਜਲੰਧਰ ਦੇ ਕਸਬਾ ਆਦਮਪੁਰ ਦੇ ਹਵਾਈ ਅੱਡੇ ਤੋਂ ਇਹ ਵਿਪਾਸਨਾ ਸੈਂਟਰ ਕਰੀਬ 20 ਕਿਲੋਮੀਟਰ ਹੈ ਅਤੇ ਕੇਜਰੀਵਾਲ ਨੇ ਇਹ 20 ਕਿਲੋਮੀਟਰ ਦਾ ਸਫਰ ਵੀ ਹੈਲੀਕਾਪਟਰ ਰਾਹੀਂ ਕੀਤਾ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ‘ਤੇ ਵੀ ਸਵਾਲ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ‘ਆਪ’ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਪੰਜਾਬ ਸਰਕਾਰ ਵਲੋਂ ਅਰਵਿੰਦ ਕੇਜਰੀਵਾਲ ਨੂੰ ਆਪਣੇ ਖਰਚੇ ‘ਤੇ ਕਰਵਾਏ ਜਾਂਦੇ ਹਵਾਈ ਸਫਰ ‘ਤੇ ਸਵਾਲ ਚੁੱਕ ਰਹੀਆਂ ਹਨ। ਇਸ ਮੈਡੀਟੇਸ਼ਨ ਦੌਰਾਨ ਬਾਕੀ ਸਾਧਕਾਂ ਦੀ ਤਰ੍ਹਾਂ ਕੇਜਰੀਵਾਲ ਦਾ ਬਾਹਰੀ ਦੁਨੀਆਂ ਨਾਲੋਂ ਸੰਪਰਕ ਟੁੱਟਿਆ ਰਹੇਗਾ। ਉਹ ਕਿਸੇ ਨਾਲ ਗੱਲਬਾਤ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਈਡੀ ਨੇ ਦਿੱਲੀ ਆਬਕਾਰੀ ਨੀਤੀ ਦੇ ਸਬੰਧ ਵਿੱਚ ਪੁੱਛਗਿਛ ਕਰਨ ਲਈ ਕੇਜਰੀਵਾਲ ਨੂੰ 21 ਦਸੰਬਰ ਲਈ ਸੰਮਨ ਭੇਜੇ ਸਨ ਪਰ ਵਿਪਾਸਨਾ ਕੇਂਦਰ ‘ਚ ਪਹੁੰਚਣ ਕਰਕੇ ਉਹ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਵਿਰੋਧੀ ਪਾਰਟੀਆਂ ਦਾ ਆਰੋਪ ਹੈ ਕਿ ਕੇਜਰੀਵਾਲ ਨੇ ਜਾਣ-ਬੁੱਝ ਕੇ ਧਿਆਨ ਦਾ ਇਹ ਸਮਾਂ ਚੁਣਿਆ ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਗਿਆ ਹੈ ਕਿ ਕੇਜਰੀਵਾਲ ਦਾ ਪ੍ਰੋਗਰਾਮ ਪਹਿਲਾਂ ਤੋਂ ਨਿਰਧਾਰਤ ਸੀ।

ਕੇਜਰੀਵਾਲ ਨੇ ਈਡੀ ਦੇ ਸੰਮਣ ਨੂੰ ਦੱਸਿਆ ਰਾਜਨੀਤੀ ਤੋਂ ਪ੍ਰੇਰਿਤ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਲਈ ਬੁਲਾਇਆ ਸੀ। ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਈਡੀ ਦੇ ਸੰਮਣ ਨੂੰ ਗੈਰਕਾਨੂੰਨੀ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਨੇ ਈਡੀ ਦੇ ਸੰਮਣ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਹਰ ਕਾਨੂੰਨੀ ਸੰਮਣ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ, ਪਰ ਇਹ ਸੰਮਣ ਪਿਛਲੇ ਸੰਮਣਾਂ ਵਾਂਗ ਗੈਰ-ਕਾਨੂੰਨੀ ਹੈ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਉੋਨ੍ਹਾਂ ਕਿਹਾ ਕਿ ਮੈਂ ਆਪਣਾ ਜੀਵਨ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਤੀਤ ਕੀਤਾ ਹੈ ਅਤੇ ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਧਿਆਨ ਰਹੇ ਕਿ ਅਰਵਿੰਦ ਕੇਜਰੀਵਾਲ 10 ਦਿਨਾਂ ਲਈ ਮੈਡੀਟੇਸ਼ਨ ਕਰਨ ਵਾਸਤੇ ਹੁਸ਼ਿਆਰਪੁਰ ਨੇੜਲੇ ਪਿੰਡ ਆਨੰਦਗੜ੍ਹ ਦੇ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿਚ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਮੈਡੀਟੇਸ਼ਨ ਦਾ ਕਰੋਸ ਵੀਰਵਾਰ ਤੋਂ ਸ਼ੁਰੂ ਵੀ ਹੋ ਗਿਆ ਹੈ। ਉਧਰ ਦੂਜੇ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਈਡੀ ਦੇ ਸੰਮਣਾਂ ਤੋਂ ਡਰ ਕੇ ਮੈਡੀਟੇਸ਼ਨ ਸੈਂਟਰ ਪਹੁੰਚੇ ਹਨ।

RELATED ARTICLES
POPULAR POSTS