Home / ਹਫ਼ਤਾਵਾਰੀ ਫੇਰੀ / ਪੰਜਾਬ ਕੈਬਨਿਟ ‘ਚ ਮੀਤ ਹੇਅਰ ਦਾ ਕੱਦ ਘਟਾਇਆ

ਪੰਜਾਬ ਕੈਬਨਿਟ ‘ਚ ਮੀਤ ਹੇਅਰ ਦਾ ਕੱਦ ਘਟਾਇਆ

ਸਿਆਸੀ ਹਲਕਿਆਂ ‘ਚ ਛਿੜ ਗਈ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ ਮੰਤਰੀ ਮੰਡਲ ਵਿਚ ਹੋਏ ਫੇਰਬਦਲ ਨੇ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੌਣੇ ਦੋ ਸਾਲਾਂ ਵਿਚ 5ਵੀਂ ਵਾਰ ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਕੋਲੋਂ ਮਾਈਨਿੰਗ, ਵਾਟਰ ਰਿਸੋਰਸ ਅਤੇ ਕੰਸਰਵੇਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਵਾਪਸ ਲੈ ਕੇ ਚੇਤਨ ਸਿੰਘ ਜੌੜਾਮਾਜਰਾ ਨੂੰ ਦਿੱਤਾ ਗਿਆ ਹੈ। ਮੀਤ ਹੇਅਰ ਕੋਲੋਂ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੀ ਵਾਪਸ ਲੈ ਲਿਆ ਅਤੇ ਇਸ ਵਿਭਾਗ ਨੂੰ ਸੀਐਮ ਭਗਵੰਤ ਮਾਨ ਨੇ ਆਪਣੇ ਕੋਲ ਰੱਖਿਆ ਹੈ। ਇਸਦੇ ਚੱਲਦਿਆਂ ਮੀਤ ਹੇਅਰ ਹੁਣ ਸਿਰਫ ਖੇਡ ਵਿਭਾਗ ਦਾ ਕੰਮ ਹੀ ਦੇਖਣਗੇ। ਧਿਆਨ ਰਹੇ ਕਿ ਚੇਤਨ ਸਿੰਘ ਜੌੜਾਮਾਜਰਾ ਹੁਣ ਡਿਫੈਂਸ ਸਰਵਿਸਿਜ਼ ਵੈਲਫੇਅਰ, ਫਰੀਡਮ ਫਾਈਟਰ, ਹੌਰਟੀਕਲਚਰ, ਮਾਈਨਸ ਤੇ ਜਿਓਲੋਜੀ, ਇਨਫਰਮੇਸ਼ਨ ਤੇ ਪਬਲਿਕ ਰਿਲੇਸ਼ਨ, ਵਾਟਰ ਰਿਸੋਰਸਿਜ਼ ਤੇ ਕੰਸਰਵੇਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦਾ ਕੰਮਕਾਜ ਦੇਖਣਗੇ। ਧਿਆਨ ਰਹੇ ਕਿ ਮੀਤ ਹੇਅਰ ਕੋਲੋਂ 4 ਵਿਭਾਗ ਵਾਪਸ ਲੈ ਗਏ ਹਨ। ਇਨ੍ਹਾਂ 4 ਵਿਭਾਗਾਂ ਵਿਚੋਂ 3 ਵਿਭਾਗ ਚੇਤਨ ਸਿੰਘ ਜੌੜਾਮਾਜਰਾ ਨੂੰ ਦਿੱਤੇ ਗਏ ਅਤੇ ਇਕ ਵਿਭਾਗ ਮੁੱਖ ਮੰਤਰੀਆਂ ਨੇ ਆਪਣੇ ਕੋਲ ਰੱਖਿਆ ਹੈ। ਕੈਬਨਿਟ ਵਿਚ ਮੀਤ ਹੇਅਰ ਦਾ ਕੱਦ ਘਟਣ ਨੂੰ ਲੈ ਕੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਕ ਸਾਲ ਵਿਚ ਰੇਤ ਦੀਆਂ ਕੀਮਤਾਂ ਵਿਚ ਜ਼ਿਆਦਾ ਕਮੀ ਨਹੀਂ ਕਰਾ ਸਕੇ ਅਤੇ ਇਸ ਕਰਕੇ ਹਾਈਕਮਾਨ ਨਾਖੁਸ਼ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਭਾਗ ਮੀਤ ਹੇਅਰ ਕੋਲ ਸਨ, ਉਹਨਾਂ ਦੀ ਕਾਰਗੁਜ਼ਾਰੀ ਤੋਂ ਸੀਐਮ ਖੁਸ਼ ਨਹੀਂ ਸਨ।
ਜ਼ਿਕਰਯੋਗ ਹੈ ਕਿ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਮਾਈਨਿੰਗ ਦੇ ਮੁੱਦੇ ‘ਤੇ ਘਿਰਦੀ ਜਾ ਰਹੀ ਸੀ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਸਰਕਾਰ ‘ਤੇ ਸਵਾਲ ਵੀ ਚੁੱਕੇ ਸਨ। ਇਸ ਤੋਂ ਪਹਿਲਾਂ ਰਾਜਪਾਲ ਬੀ.ਐਲ. ਪੁਰੋਹਿਤ ਨੇ ਵੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਸੀ।
ਮੰਤਰੀ ਮੰਡਲ ‘ਚ ਕਦੋਂ ਕਦੋਂ ਹੋਇਆ ਬਦਲਾਅ : 19 ਮਾਰਚ 2022 ਨੂੰ ਸਹੁੰ ਚੁੱਕਣ ਤੋਂ ਬਾਅਦ 22 ਮਾਰਚ 2022 ਨੂੰ ਵਿਭਾਗ ਵੰਡੇ ਗਏ ਸਨ। 24 ਮਈ 2022 ਨੂੰ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਵਿਜੇ ਸਿੰਗਲਾ ਦਾ ਮੰਤਰੀ ਅਹੁਦਾ ਵੀ ਗਿਆ। 5 ਜੁਲਾਈ 2022 ਨੂੰ ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ਵਿਚ 5 ਮੰਤਰੀਆਂ ਬਣਾਏ ਗਏ, ਜਿਨ੍ਹਾਂ ਵਿਚ ਅਮਨ ਅਰੋੜਾ, ਡਾ. ਇੰਦਰਬੀਰ ਸਿੰਘ ਨਿੱਜਰ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ ਅਤੇ ਫੌਜਾ ਸਿੰਘ ਸਰਾਰੀ ਸ਼ਾਮਲ ਸਨ। ਇਸ ਤੋਂ ਬਾਅਦ ਸਰਾਰੀ ਦਾ ਕਥਿਤ ਆਡੀਓ ਟੇਪ ਆ ਗਿਆ, 7 ਜਨਵਰੀ 2023 ਨੂੰ ਉਸ ਕੋਲੋਂ ਮੰਤਰੀ ਅਹੁਦਾ ਵਾਪਸ ਲੈ ਲਿਆ ਗਿਆ। ਉਸੇ ਦਿਨ, ਡਾ. ਬਲਬੀਰ ਸਿੰਘ ਨੂੰ ਸਿਹਤ ਮੰਤਰੀ ਦੇ ਤੌਰ ‘ਤੇ ਸਹੁੰ ਚੁਕਾਈ ਗਈ। ਮਈ 2023 ਵਿਚ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅਸਤੀਫਾ ਦੇ ਦਿੱਤਾ। 31 ਮਈ ਨੂੰ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆ ਨੂੰ ਮੰਤਰੀ ਬਣਾਇਆ ਗਿਆ।
ਭਗਵੰਤ ਮਾਨ ਦੇ ਓਐਸਡੀ ਮਨਜੀਤ ਸਿੰਘ ਸਿੱਧੂ ਨੇ ਦਿੱਤਾ ਅਸਤੀਫ਼ਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਮਨਜੀਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਨਜੀਤ ਸਿੱਧੂ ਵੱਲੋਂ ਭੇਜੇ ਗਏ ਅਸਤੀਫ਼ੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਸਿੱਧੂ ਨੇ ਜਨਵਰੀ 2023 ‘ਚ ਇਹ ਅਹੁਦਾ ਸੰਭਾਲਿਆ ਸੀ। ਮਨਜੀਤ ਸਿੰਘ ਸਿੱਧੂ ਪੰਜਾਬ ਦੇ ਪੱਤਰਕਾਰ ਭਾਈਚਾਰੇ ਦਾ ਜਾਣਿਆ-ਪਹਿਚਾਣਿਆ ਨਾਮ ਹੈ। ਉਹ ਪਿਛਲੇ ਕਾਫ਼ੀ ਸਮੇਂ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਸੰਭਾਲ ਰਹੇ ਸਨ।

 

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …