16.2 C
Toronto
Saturday, September 13, 2025
spot_img
Homeਹਫ਼ਤਾਵਾਰੀ ਫੇਰੀਵੋਟਰਾਂ ਦਾ ਫੈਸਲਾ 11 ਨੂੰ, ਟੀਵੀ ਚੈਨਲਾਂ ਨੇ ਬਣਾਈ ਕਾਂਗਰਸ ਦੀ ਸਰਕਾਰ

ਵੋਟਰਾਂ ਦਾ ਫੈਸਲਾ 11 ਨੂੰ, ਟੀਵੀ ਚੈਨਲਾਂ ਨੇ ਬਣਾਈ ਕਾਂਗਰਸ ਦੀ ਸਰਕਾਰ

ਐਗਜਿਟ ਪੋਲ : ਕੁਝ ਚੈਨਲਾਂ ਨੇ ਕਾਂਗਰਸ ਨੂੰ ਤੇ ਕੁਝ ਨੇ ਆਮ ਆਦਮੀ ਪਾਰਟੀ ਨੂੰ ਦਿਖਾਇਆ ਸਰਕਾਰ ਬਣਾਉਣ ਦੀ ਰੇਸ ‘ਚ, ਸੁਖਬੀਰ ਦਾ 25 ਸਾਲ ਰਾਜ ਕਰਨ ਦਾ ਸੁਪਨਾ ਤੋੜ ਦਿੱਤਾ ਇਨ੍ਹਾਂ ਰੁਝਾਨਾਂ ਨੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ। ਪਰ ਵੀਰਵਾਰ ਨੂੰ ਚੋਣ ਨਤੀਜਿਆਂ ਤੋਂ ਕੁੱਝ ਘੰਟੇ ਪਹਿਲਾਂ ਵੱਖ-ਵੱਖ ਚੈਨਲਾਂ, ਨਿਊਜ਼ ਏਜੰਸੀਆਂ ਵੱਲੋਂ ਦਿੱਤੇ ਗਏ ਸਰਵਿਆਂ ਮੁਤਾਬਿਕ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਦਾ 25 ਸਾਲ ਰਾਜ ਕਰਨ ਦਾ ਸੁਪਨਾ ਟੁੱਟਦਾ ਦਿਖਾਇਆ ਗਿਆ ਹੈ । ਕੁੱਝ ਚੈਨਲਾਂ ਵੱਲੋਂ ਕਾਂਗਰਸ ਨੂੰ ਪੂਰਨ ਬਹੁਮਤ ਦਿੱਤਾ ਗਿਆ ਹੈ ਅਤੇ ਕੁੱਝ ਚੈਨਲਾਂ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦੀ ਰੇਸ ਵਿੱਚ ਦੱਸਿਆ ਹੈ। ਚੋਣ ਕਮਿਸ਼ਨ ਨੇ ਵੀਰਵਾਰ ਸ਼ਾਮ ਪੰਜ ਵਜੇ ਤੱਕ ਚੋਣ ਐਗਜਿਟ ਪੋਲ ‘ਤੇ ਪਾਬੰਦੀ ਲਗਾਈ ਹੋਈ ਸੀ। ਚੋਣ ਸਰਵੇਖਣਾਂ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਚੇਹਰਿਆਂ ‘ਤੇ ਰੌਣਕ ਆ ਗਈ ਹੈ ਅਤੇ ਦੋਵੇਂ ਪਾਰਟੀਆਂ ਦੇ ਆਗੂਆਂ ਵਲੋਂ ਸਰਕਾਰ ਬਨਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।
15ਵੀਂ ਪੰਜਾਬ ਵਿਧਾਨ ਸਭਾ ਚੋਣ ਲਈ 4 ਫਰਵਰੀ ਨੂੰ ਵੋਟਾਂ ਪਈਆਂ ਸਨ। ਪਹਿਲੀ ਵਾਰ ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿੱਚ ਤਿਕੋਣੀ ਟੱਕਰ ਹੋਈ ਹੈ। ਭਾਵੇਂ ਕਿ ਸਾਰੀਆਂ ਪਾਰਟੀਆਂ ਵੱਲੋਂ ਜਿੱਤਣ ਤੇ ਸਰਕਾਰ ਬਨਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹੁਣ ਤੱਕ ਐਗਜਿਟ ਪੋਲ ‘ਚ ਅਕਾਲੀ-ਭਾਜਪਾ ਗਠਜੋੜ ਨੂੰ ਪੂਰੀ ਤਰ੍ਹਾਂ ਪਿਛੜਦਾ ਦੱਸਿਆ ਹੈ।
ਇੰਡੀਆ ਟੂਡੇ/ਆਜ ਤੱਕ, ਐਨਡੀ ਟੀਵੀ ਵਲੋਂ ਦਿੱਤੇ ਗਏ ਚੋਣ ਐਗਜਿਟ ਅਨੁਸਾਰ ਅਕਾਲੀ-ਭਾਜਪਾ ਗਠਜੋੜ ਨੂੰ 4 ਤੋਂ 7, ਕਾਂਗਰਸ ਨੂੰ 62 ਤੋਂ 71, ਆਪ ਨੂੰ 42 ਤੋ 51 ਅਤੇ ਹੋਰਨਾਂ ਨੂੰ 2 ਸੀਟਾਂ ਮਿਲਣ ਦਾ ਅਨੁਮਾਨ ਦੱਸਿਆ ਗਿਆ ਹੈ। ਇਸੇ ਤਰ੍ਹਾਂ ਇੰਡੀਆ ਨਿਊਜ਼ ਨੇ ਅਕਾਲੀ-ਭਾਜਪਾ ਨੂੰ 7, ਕਾਂਗਰਸ ਤੇ ਆਪ ਨੂੰ 55-55 ਸੀਟਾਂ ਦਿੱਤੀਆਂ ਹਨ । ਇੰਡੀਆ ਟੀਵੀ (ਸੀ ਵੋਟਰ) ਨੇ ਹੁਕਮਰਾਨ ਗਠਜੋੜ ਨੂੰ 5 ਤੋਂ 13, ਕਾਂਗਰਸ ਨੂੰ 41-49 ਤੇ ਆਪ ਨੂੰ 59 ਤੋਂ 67 ਸੀਟਾਂ ਦਿੱਤੀਆਂ ਹਨ। ਏਬੀਪੀ ਨਿਊਜ਼ ਚੈਨਲ ਨੇ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਾ ਦਿੰਦਿਆਂ ਆਮ ਆਦਮੀ ਪਾਰਟੀ ਨੂੰ 36-46 ਸੀਟਾਂ, ਕਾਂਗਰਸ ਨੂੰ 46-56 ਸੀਟਾਂ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਹੋਰ ਸਾਰੇ ਚੈਨਲਾਂ ਨਾਲੋਂ ਜ਼ਿਆਦਾ 19 ਤੋਂ 27 ਸੀਟਾਂ ਦਿੱਤੀਆਂ ਹਨ। ਨਿਊਜ 24 ਨੇ ਅਕਾਲੀ ਦਲ ਨੂੰ 9, ਕਾਂਗਰਸ ਤੇ ਆਪ ਨੂੰ 54-54 ਸੀਟਾਂ ‘ਤੇ ਜਿੱਤ ਦਰਜ ਕਰਨ ਦਾ ਅਨੁਮਾਨ ਦਿੱਤਾ ਹੈ। ਜੀ ਟੀਵੀ ਦੇ ਸਰਵੇ ਮੁਤਾਬਕ ਅਕਾਲੀ-ਭਾਜਪਾ ਨੂੰ 4 ਤੋਂ 7, ਕਾਂਗਰਸ ਨੂੰ 62 ਤੋਂ 71 ਅਤੇ ਆਪ ਨੂੰ 42 ਤੋਂ 51 ਸੀਟਾਂ ‘ਤੇ ਜਿੱਤ ਮਿਲ ਸਕਦੀ ਹੈ । ਆਜ ਤੱਕ ਮੁਤਾਬਕ ਆਪ ਨੂੰ 33.5 ਫੀਸਦੀ, ਕਾਂਗਰਸ ਨੂੰ 36 ਫੀਸਦੀ ਅਤੇ ਅਕਾਲੀ ਦਲ ਨੂੰ 17 ਫੀਸਦੀ ਤੇ ਹੋਰਨਾਂ ਨੂੰ 13.5 ਫੀਸਦੀ ਵੋਟ ਮਿਲੀ ਹੈ। ਚੋਣ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਚੋਣਾਂ ਤੋਂ ਪਹਿਲਾਂ ਦਾ ਅਨੁਮਾਨ ਹੈ ਅਜਿਹੀ ਸਥਿਤੀ ਵਿੱਚ ਲੰਗੜੀ ਵਿਧਾਨ ਸਭਾ ਬਣਨ ਦੇ ਅਸਾਰ ਵੀ ਦਿਖਾਈ ਦਿੰਦੇ ਹਨ। ਬੇਸ਼ੱਕ ਚੋਣ ਸਰਵੇਖਣਾਂ ‘ਚ ਕਾਂਗਰਸ ਤੇ ਆਪ ‘ਚ ਵੱਡਾ ਮੁਕਾਬਲਾ ਹੋਣ ਦੀ ਗੱਲ ਦੱਸੀ ਹੈ, ਪਰ ਕਿਹੜੀ ਪਾਰਟੀ ਦੇ ਸਿਰ ‘ਤੇ ਤਾਜ ਸਜੇਗਾ ਇਹ ਤਾਂ 11 ਮਾਰਚ ਨੂੰ ਸਭ ਦੇ ਸਾਹਮਣੇ ਆ ਜਾਵੇਗਾ। ਫਿਲਹਾਲ ਉਮੀਦਵਾਰਾਂ, ਲੀਡਰਾਂ, ਵਰਕਰਾਂ ਤੇ ਵੋਟਰਾਂ ਦੀਆਂ ਧੜਕਣਾਂ ਵਧਾਉਣ ਲਈ ਇਹ ਐਗਜ਼ਿਟ ਪੋਲ ਕਾਫ਼ੀ ਹਨ।
ਪੰਜਾਬ ‘ਚ ਕਾਂਗਰਸ ਬਣਾਉਣ ਜਾ ਰਹੀ ਹੈ ਸਰਕਾਰ।-ਕੈਪਟਨ ਅਮਰਿੰਦਰ
ਇਸ ਵਾਰ ਪੰਜਾਬ ‘ਚ ਸਰਕਾਰ ‘ਆਪ’ ਦੀ।-ਭਗਵੰਤ ਮਾਨ
11 ਤੱਕ ਦਾ ਇੰਤਜ਼ਾਰ ਕਰ ਲਓ, ਸਭ ਸਾਫ਼ ਹੋ ਜਾਵੇਗਾ।- ਪ੍ਰਕਾਸ਼ ਸਿੰਘ ਬਾਦਲ
ਪੰਜਾਬ ‘ਚ ਸਾਫ਼ ਪਰ ਯੂਪੀ ਸਮੇਤ ਚਾਰ ਸੂਬਿਆਂ ਵਿਚ ਖਿੜੇਗਾ ਕਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਵੱਖ-ਵੱਖ ਨਿਊਜ਼ ਚੈਨਲਾਂ ਦੇ ਐਗਜਿਟ ਪੋਲ ‘ਤੇ ਜੇਕਰ ਯਕੀਨ ਕਰੀਏ ਤਾਂ ਪੰਜਾਬ ਵਿਚ ਤਾਂ ਭਾਜਪਾ ਦਾ ਕਮਲ ਖਿੜਦਾ ਨਜ਼ਰ ਨਹੀਂ ਆ ਰਿਹਾ, ਪਰ ਪੰਜ ਸੂਬਿਆਂ ਵਿਚੋਂ ਯੂਪੀ ਸਮੇਤ ਬਾਕੀ ਚਾਰ ਵਿਚ ਭਾਜਪਾ ਵੱਡੀ ਪਾਰਟੀ ਬਣ ਕੇ ਉਭਰੇਗੀ। ਜਿਨ੍ਹਾਂ ਵਿਚੋਂ ਤਿੰਨ ਸੂਬਿਆਂ ਵਿਚ ਤਾਂ ਕੁਝ ਚੈਨਲਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਵੀ ਦਿਖਾ ਦਿੱਤਾ ਹੈ। ਗੋਆ, ਮਣੀਪੁਰ ਤੇ ਉਤਰਾਖੰਡ ਵਿਚ ਜਿੱਥੇ ਬੀਜੇਪੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ, ਉਥੇ ਹੀ ਯੂਪੀ ਵਿਚ ਭਾਜਪਾ ਨੂੰ ਨੰਬਰ 1 ‘ਤੇ, ਸਮਾਜਵਾਦੀ ਪਾਰਟੀ ਅਤੇ ਕਾਂਗਰਸ ਗੱਠਜੋੜ ਨੂੰ ਨੰਬਰ 2 ‘ਤੇ ਅਤੇ ਬਸਪਾ ਨੂੰ ਤੀਜੇ ਨੰਬਰ ‘ਤੇ ਨਿਊਜ਼ ਚੈਨਲਾਂ ਨੇ ਰੱਖਿਆ ਹੈ। ਕੁਝ ਚੈਨਲ ਜਿੱਥੇ ਭਾਜਪਾ ਨੂੰ 200 ਤੋਂ ਵੱਧ ਸੀਟਾਂ ਦੇ ਰਹੇ ਹਨ, ਉਥੇ ਹੀ ਕੁਝ 160-190 ਦੇ ਵਿਚਕਾਰ ਦਿਖਾ ਰਹੇ ਹਨ। ਇੰਝ ਹੀ ਸਮਾਜਵਾਦੀ ਪਾਰਟੀ ਨੂੰ 100-150 ਦੇ ਦਰਮਿਆਨ ਹੀ ਰੱਖਿਆ ਜਾ ਰਿਹਾ ਹੈ। ਬਸਪਾ ਜਿੱਥੇ 60-80 ਵਿਚ ਝੂਲਦੀ ਨਜ਼ਰ ਆ ਰਹੀ ਹੈ, ਉਥੇ ਇਹ ਵੀ ਹੈ ਕਿ ਯੂਪੀ ਵਿਚ ਸਰਕਾਰ ਬਣਾਉਣ ਦੀ ਚਾਬੀ ਬਸਪਾ ਦੇ ਹੀ ਹੱਥ ਹੋਵੇਗੀ।

RELATED ARTICLES
POPULAR POSTS