Breaking News
Home / ਹਫ਼ਤਾਵਾਰੀ ਫੇਰੀ / ਗੁਰਦਾਸਪੁਰ ਦੇ ‘ਨਵਾਂ ਪਿੰਡ ਸਰਦਾਰਾਂ’ ਨੇ ਸਿਰਜਿਆ ਇਤਿਹਾਸ

ਗੁਰਦਾਸਪੁਰ ਦੇ ‘ਨਵਾਂ ਪਿੰਡ ਸਰਦਾਰਾਂ’ ਨੇ ਸਿਰਜਿਆ ਇਤਿਹਾਸ

ਭਾਰਤ ਦੇ 750 ਪਿੰਡਾਂ ਨੂੰ ਪਛਾੜ ਕੇ ਹਾਸਲ ਕੀਤਾ ਸਰਬੋਤਮ ਸੈਰ ਸਪਾਟਾ ਪਿੰਡ ਦਾ ਐਵਾਰਡ
ਗੁਰਦਾਸਪੁਰ/ਬਿਊਰੋ ਨਿਊਜ਼ : ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਸਿੱਧ ਪਿੰਡ ‘ਨਵਾਂ ਪਿੰਡ ਸਰਦਾਰਾਂ’ ਨੇ ਉਸ ਸਮੇਂ ਇਤਿਹਾਸ ਸਿਰਜ ਦਿੱਤਾ ਜਦੋਂ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਉਸ ਨੂੰ ਦੇਸ਼ ਦਾ ਸਰਬੋਤਮ ਸੈਰ ਸਪਾਟਾ ਪਿੰਡ 2023 ਦੇ ਐਵਾਰਡ ਨਾਲ ਨਿਵਾਜਿਆ ਗਿਆ। ਗੁਰਦਾਸਪੁਰ ਤੋਂ ਸਿਰਫ਼ 7 ਕਿੱਲੋਮੀਟਰ ਦੂਰ ਇਸ ਪਿੰਡ ਨੂੰ ਸੈਰ ਸਪਾਟੇ ਰਾਹੀਂ ਪੰਜਾਬ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ, ਸੰਭਾਲਣ ਅਤੇ ਟਿਕਾਊ ਵਿਕਾਸ ਲਈ ਇਸ ਮਾਣਮੱਤੇ ਪੁਰਸਕਾਰ ਲਈ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਐਵਾਰਡ ਲਈ ਹੋਣ ਵਾਲੇ ਮੁਕਾਬਲੇ ਲਈ ਦੇਸ਼ ਦੇ 31 ਰਾਜਾਂ/ਯੂਟੀ ਦੇ 750 ਤੋਂ ਵੱਧ ਪਿੰਡਾਂ ਨੇ ਅਰਜ਼ੀਆਂ ਦਿੱਤੀਆਂ ਸਨ। ਪਿੰਡ ਦੀ ਖਾਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਵਿਰਸੇ ਨੂੰ ਸੰਭਾਲਣ ਅਤੇ ਇਸ ਨੂੰ ਸੈਰ ਸਪਾਟੇ ਦੇ ਨਕਸ਼ੇ ‘ਤੇ ਲਿਆਉਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਅਪਾਰਬਾਰੀ ਨਹਿਰ ਦੇ ਕੰਢੇ ਵਸੇ ਪਿੰਡ ਨਵਾਂ ਪਿੰਡ ਸਰਦਾਰਾਂ ਵਿਚ ਦੇਖਣ ਨੂੰ ਮਿਲਦੀ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਬੱਬੇਹਾਲੀ ਤੋਂ ਥੋੜ੍ਹੀ ਦੂਰ ਇਕ ਨਹਿਰ ਦੇ ਕੰਢੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਦੇ ਸਰਦਾਰਾਂ ਵੱਲੋਂ ਵਸਾਏ ਪਿੰਡ ਦਾ ਨਾਂ ਨਵਾਂ ਪਿੰਡ ਸਰਦਾਰਾਂ ਪੈ ਗਿਆ ਸੀ। ਉਸ ਸਮੇਂ ਇੱਥੇ ਬਰਤਾਨਵੀ ਅਤੇ ਭਾਰਤੀ ਡਿਜ਼ਾਈਨ ਦੀਆਂ ਹਵੇਲੀਆਂ ਬਣੀਆਂ ਸਨ। ਅੱਜ ਵੀ ਇੱਥੇ ਸਿੰਘਪੁਰਾ ਦੇ ਸਰਦਾਰਾਂ ਦੇ ਪਰਿਵਾਰ ਰਹਿੰਦੇ ਹਨ। ਪਿੰਡ ਆਬਾਦੀ ਪੱਖੋਂ ਛੋਟਾ ਹੋਣ ਦੇ ਬਾਵਜੂਦ ਵਿਰਾਸਤ ਨੂੰ ਸੰਭਾਲਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਾਮਲੇ ਵਿਚ ਵੱਡੇ ਪਿੰਡਾਂ ਵਿਚ ਗਿਣਿਆ ਜਾਂਦਾ ਹੈ। ਭਾਰਤੀ ਫ਼ੌਜ ਦੇ ਪਾਇਲਟ ਗੁਰਪ੍ਰੀਤ ਸਿੰਘ ਸੰਘਾ, ਉਨ੍ਹਾਂ ਦੀ ਪਤਨੀ ਸਤਵੰਤ ਕੌਰ, ਉਨ੍ਹਾਂ ਦੀ ਬੇਟੀ ਸਿਮਰਨ ਸੰਘਾ, ਗੁਰਮੀਤ ਰਾਏ, ਮਨਪ੍ਰੀਤ ਸੰਘਾ, ਗੀਤਾ ਸੰਘਾ ਅਤੇ ਨੂਰ ਸੰਘਾ ਨੇ ਨਵਾਂ ਪਿੰਡ ਸਰਦਾਰਾਂ ਨੂੰ ਸੈਰ-ਸਪਾਟੇ ਦੇ ਨਕਸ਼ੇ ‘ਤੇ ਲਿਆਉਣ ਲਈ ਅਹਿਮ ਯੋਗਦਾਨ ਪਾਇਆ ਹੈ। ਕਰੀਬ ਦੋ ਦਹਾਕੇ ਪਹਿਲਾਂ ਇਨ੍ਹਾਂ ਨੇ ਵਿਰਾਸਤੀ ਹਵੇਲੀਆਂ ਦਾ ਪ੍ਰਬੰਧਨ ਕਰਨਾ ਸ਼ੁਰੂ ਕੀਤਾ ਅਤੇ ਸੈਰ-ਸਪਾਟਾ ਵਿਭਾਗ ਨਾਲ ਤਾਲਮੇਲ ਕਰਕੇ ਪਿੰਡ ਨੂੰ ਇਕ ਪੇਂਡੂ ਸੈਰ-ਸਪਾਟਾ ਸਥਾਨ ਵਜੋਂ ਪ੍ਰਫੁੱਲਤ ਕੀਤਾ। ਪਿੰਡ ਵਿਚ ਅੰਗਰੇਜ਼ਾਂ ਦੇ ਸਮੇਂ ਦੇ ਸਰਦਾਰਾਂ ਦੀਆਂ ਹਵੇਲੀਆਂ ਸੈਲਾਨੀਆਂ ਦੀ ਰਿਹਾਇਸ਼ ਲਈ ਵਿਕਸਤ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਇੱਕ ਹਵੇਲੀ ਦਾ ਨਾਮ ‘ਕੋਠੀ’ ਅਤੇ ਦੂਜੀ ਦਾ ਨਾਮ ‘ਪਿੱਪਲ ਹਵੇਲੀ’ ਹੈ।
ਸੰਨੀ ਦਿਓਲ ਵੀ ਹਵੇਲੀ ਵਿਚ ਰਹੇ
ਇਨ੍ਹਾਂ ਹਵੇਲੀਆਂ ਦੇ ਕਮਰੇ ਕਿਸੇ ਫਾਈਵ ਸਟਾਰ ਹੋਟਲ ਦੇ ਕਮਰਿਆਂ ਤੋਂ ਘੱਟ ਨਹੀਂ ਹਨ। ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਨਹਿਰ ਦੇ ਕੰਢੇ ਪੇਂਡੂ ਸੱਭਿਆਚਾਰ ਇੱਥੇ ਦੇਖਿਆ ਜਾ ਸਕਦਾ ਹੈ। ਜਦੋਂ ਵੀ ਕੋਈ ਵਿਦੇਸ਼ੀ ਸੈਲਾਨੀ ਰੁਕਣ ਆਉਂਦਾ ਹੈ ਤਾਂ ਪਿੰਡ ਦੇ ਲੋਕ ਉਸ ਦੀ ਪੂਰੀ ਮਹਿਮਾਨ-ਨਿਵਾਜ਼ੀ ਕਰਦੇ ਹਨ। ਲੋਕ ਸਭਾ ਚੋਣ ਲੜਨ ਸਮੇਂ ਸੰਨੀ ਦਿਓਲ ਨੇ ਨਵਾਂ ਪਿੰਡ ਸਰਦਾਰਾਂ ਦੀ ਇਸ ਹਵੇਲੀ ਵਿਚ ਆਪਣੀ ਰਿਹਾਇਸ਼ ਰੱਖੀ ਸੀ।
ਸੰਘਾ ਭੈਣਾਂ ਨੇ ਪਿੰਡ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਔਰਤਾਂ ਦੇ ਸਵੈ-ਸਹਾਇਤਾ ਗਰੁੱਪ ਬਣਾਏ ਜੋ ਦਸਤਕਾਰੀ ਦੀਆਂ ਵਸਤੂਆਂ ਤਿਆਰ ਕਰਦੇ ਸਨ। ਪਿੰਡ ਦੀਆਂ ਔਰਤਾਂ ਵੀ ਪ੍ਰਦਰਸ਼ਨੀਆਂ ਵਿਚ ਸਾਮਾਨ ਵੇਚ ਕੇ ਆਮਦਨ ਕਮਾ ਰਹੀਆਂ ਹਨ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …