Breaking News
Home / ਨਜ਼ਰੀਆ / ਵਿਗਿਆਨ ਗਲਪ ਰਚਨਾ

ਵਿਗਿਆਨ ਗਲਪ ਰਚਨਾ

ਦੂਸਰਾ ਮੌਕਾ
ਡਾ. ਦੇਵਿੰਦਰ ਪਾਲ ਸਿੰਘ
(ਅਜੋਕੇ ਸਮੇਂ ਦੌਰਾਨ ਸਟੈੱਮ ਸੈੱਲ ਟੈਕਨਾਲੋਜੀ ਦੀ ਵਰਤੋਂ ਨਾਲ ਬਰੈਨ ਡੈੱਡ ਵਿਅਕਤੀਆਂ ਨੂੰ ਮੁੜ ਜ਼ਿੰਦਾ ਕਰਨਾ ਸੰਭਵ ਹੋ ਚੁੱਕਾ ਹੈ। ਇੰਝ ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਦੂਸਰਾ ਮੌਕਾ ਮਿਲਣਾ ਸੰਭਵ ਹੋ ਗਿਆ ਹੈ। ਭਵਿੱਖ ਵਿਚ ਅਜਿਹੀ ਤਕਨੀਕ ਦੇ ਉੱਨਤ ਰੂਪ ਦੀ ਵਰਤੋਂ ਨਾਲ ਪ੍ਰਾਚੀਨ ਇਤਹਾਸਿਕ ਹਸਤੀਆਂ ਨੂੰ ਜ਼ਿੰਦਾ ਕਰ ਸਕਣ ਦੀ ਸੰਭਵਨਾ ਵੀ ਜਨਮ ਲੈ ਚੁੱਕੀ ਹੈ। ਜਿਸ ਦੇ ਫਲਸਰੂਪ ਉਹ ਹਸਤੀਆਂ, ਆਪਣੀ ਜ਼ਿੰਦਗੀ ਦੇ ਦੂਸਰੇ ਮੌਕੇ ਦੌਰਾਨ, ਅਜੋਕੇ ਯੁੱਗ ਵਿਚ ਵੀ ਆਪਣਾ ਅਹਿਮ ਰੋਲ ਅਦਾ ਕਰਨ ਦੀ ਸਮਰਥਾ ਹਾਸਿਲ ਕਰ ਸਕਦੀਆਂ ਹਨ। ਅਜਿਹੀ ਹੀ ਇਕ ਹਾਲਤ ਦਾ ਜ਼ਿਕਰ ਕਰ ਰਹੀ ਹੈ, ਵਿਗਿਆਨ ਗਲਪ ਕਹਾਣੀ -ਦੂਸਰਾ ਮੌਕਾ।)
ੲੲੲ
ਬਸੰਤ ਰੁੱਤ ਦੇ ਆਉਂਦਿਆਂ ਹੀ ਰਜ਼ੀਆ ਸੁਲਤਾਨਾ ਨੇ ਸਲਵਾਰ-ਕਮੀਜ਼ ਪਹਿਨਣੀ ਸ਼ੁਰੂ ਕਰ ਦਿੱਤੀ। ਜਿਸ ਦੇ ਫਲਸਰੂਪ ਅਮਰ ਪਾਸ਼ਾ ਮਲਿਕ ਨੂੰ ਰਜ਼ੀਆ ਸੰਬੰਧੀ ਆਪਣੀਆਂ ਭਾਵਨਾਵਾਂ ਬਾਰੇ ਦੁਵਿਧਾ ਪੈਦਾ ਹੋ ਗਈ। ਉਸ ਦਾ ਖਿਆਲ ਸੀ ਕਿ ਖੂਬਸੂਰਤ ਤੇ ਸੁਡੋਲ ਬਾਹਵਾਂ ਹੀ ਪ੍ਰਦਰਸ਼ਨੀ ਯੋਗ ਮੰਨੀਆਂ ਜਾ ਸਕਦੀਆਂ ਹਨ ਤੇ… ਉਹ ਨਿਰਾਸ਼ ਸੀ ਕਿ ਰਜ਼ੀਆ ਦੇ ਹੁਣ ਤਕ ਨਜ਼ਰ ਆਏ ਨੰਗੇ ਅੰਗਾਂ ਵਿਚੋਂ ਉਸ ਦੀਆਂ ਬਾਹਵਾਂ ਸੱਭ ਤੋਂ ਘੱਟ ਸੋਹਣੀਆਂ ਸਨ। ਗੂੜ੍ਹੇ ਸਾਂਵਲੇ ਰੰਗ ਵਾਲੀਆਂ ਬਾਹਵਾਂ ਉੱਤੇ ਨੀਲੀਆਂ ਨਾੜਾਂ ਦਾ ਅਜੀਬ ਜਮਘਟ ਸੀ ਤੇ ਕੂਹਣੀਆਂ ਤਾਂ ਇਮਲੀ ਦੀ ਸੁੱਖੀ ਪੇਪੜੀ ਵਰਗੀਆਂ ਹੀ ਸਨ।
ਯੂਨੀਵਰਸਿਟੀ ਵਿਖੇ ਆਪਣੇ ਦਫ਼ਤਰ ਵਿਚ ਬੈਠੀ ਰਜ਼ੀਆ, ਸਾਹਮਣਲੇ ਮੇਜ਼ ਉੱਤੇ ਰੱਖੇ ਕੰਪਿਊਟਰ ਵਿਚ ਮਗਨ ਸੀ ਜਿਵੇਂ ਉਹ ਆਪਣੀ ਤਕਨੀਕੀ ਮੁਹਾਰਤ ਦਾ ਪ੍ਰਭਾਵ ਪਾਉਣਾ ਚਾਹੁੰਦੀ ਹੋਵੇ। ਸਰਦੀਆਂ ਦੇ ਮੌਸਮ ਵਿਚ ਤਾਂ ਉਹ ਹਮੇਸ਼ਾਂ ਹੀ ਸੁਲਤਾਨੀ ਟੋਪੀ ਤੇ ਸ਼ੇਰਵਾਨੀ ਪਹਿਨੀ ਨਜ਼ਰ ਆਉਂਦੀ ਰਹੀ ਸੀ। ਉਸ ਦੀ ਇਸੇ ਦਿੱਖ ਦਾ ਹੀ ਤਾਂ ਅਮਰ ਪਾਸ਼ਾ ਦੀਵਾਨਾ ਸੀ। ਚਿੱਟੇ ਧੱਬਿਆਂ ਵਾਲੇ ਸਾਂਵਲੇ ਹੱਥਾਂ ਨੂੰ ਢੱਕਣ ਲਈ ਉਹ ਹਮੇਸ਼ਾਂ ਸਫ਼ੈਦ ਦਸਤਾਨੇ ਪਹਿਨੀ ਰੱਖਦੀ ਸੀ ਤੇ ਪੈਰਾਂ ਵਿਚ ਤਿੱਲੇਦਾਰ ਜੁੱਤੀ। ਪਰ ਹੁਣ ਉਸ ਨੇ ਸੈਂਡਲ ਪਹਿਨੇ ਹੋਏ ਸਨ ਤੇ ਉਸ ਦੀਆਂ ਅੱਡੀਆਂ ਬਿਲਕੁਲ ਹੀ ਕਾਲੀਆਂ ਨਜ਼ਰ ਆ ਰਹੀਆਂ ਸਨ।
ਰਜ਼ੀਆ ਸੁਲਤਾਨਾ ਦੀ ਦੁਬਾਰਾ ਜ਼ਿੰਦਾ ਹੋਣ ਤੋਂ ਕਾਫੀ ਸਮਾਂ ਪਹਿਲਾਂ ਤੋਂ ਹੀ ਅਮਰ ਪਾਸ਼ਾ ਮਲਿਕ ਉਸ ਉੱਤੇ ਫਿਦਾ ਸੀ। ਉਸ ਦਾ ਤਾਂ ਸੁਭਾਅ ਹੀ ਅਜਿਹਾ ਸੀ ਕਿ ਉਹ ਕਿਸੇ ਨਾ ਕਿਸੇ ਉੱਤੇ ਫਿਦਾ ਹੋਏ ਬਿਨ੍ਹਾਂ ਰਹਿ ਹੀ ਨਹੀਂ ਸੀ ਸਕਦਾ। ਇਹ ਤਾਂ ਇਕ ਤਰ੍ਹਾਂ ਦਾ ਅਮਲ ਸੀ ਉਸ ਲਈ। ਇਸ ਆਦਤ ਨੂੰ ਕਾਬੂ ਹੇਠ ਰੱਖਣ ਲਈ ਉਹ ਖੁੱਦ ਨੂੰ ਅਜਿਹੀ ਹਸਤੀ ਉੱਤੇ ਫਿਦਾ ਕਰੀ ਰੱਖਦਾ ਜਿਸ ਨੂੰ ਉਹ ਹਾਸਿਲ ਨਾ ਕਰ ਸਕਦਾ ਹੋਵੇ।
ਉਸ ਦੀਆਂ ਮਹਿਬੂਬਾਂ ਹਮੇਸ਼ਾਂ ਹੀ ਕਲਪਿਤ ਰਹੀਆਂ ਸਨ। ਜੋ ਉਸ ਦੇ ਸੌਣ ਤੋਂ ਪਹਿਲਾਂ, ਅੱਧੇ ਕੁ ਘੰਟੇ ਲਈ ਉਸ ਕੋਲ ਆ ਹਾਜ਼ਰ ਹੁੰਦੀਆਂ ਤੇ ਸਹੀ ਸਮੇਂ ‘ਤੇ ਸਹੀ ਗੱਲ ਕਰਦੀਆਂ ਤੇ ਉਨ੍ਹਾਂ ਕਦੋਂ ਚੁੱਪ ਕਰਨਾ ਹੈ ਇਸ ਦਾ ਉਨ੍ਹਾਂ ਨੂੰ ਪਹਿਲੋਂ ਹੀ ਪਤਾ ਹੁੰਦਾ ਸੀ। ਬਿਨ੍ਹਾਂ ਕਿਸੇ ਦੀਆਂ ਖ਼ਾਹਸ਼ਾਂ ਤੇ ਲੋੜਾਂ ਦੀ ਗੌਰ ਕੀਤੇ, ਪਾਸਾ ਪਲਟ ਗਹਿਰੇ ਸੁਪਨਿਆਂ ਵਿਚ ਗੜੂੰਦ ਹੋ ਜਾਣ ਦਾ ਸਕੂੰਨ ਉਹ ਹੀ ਜਾਣਦਾ ਸੀ।
ਕਿਸੇ ਜ਼ਿੰਦਾ ਔਰਤ ਵਿਚ, ਕਿਸੇ ਤਰ੍ਹਾਂ ਦੀ ਵੀ ਦਿਲਚਸਪੀ ਨਾ ਹੋਣ ਕਾਰਣ, ਉਸ ਕੋਲ ਸਮੇਂ ਦੀ ਬਹੁਤਾਤ ਸੀ, ਜੋ ਉਸ ਨੇ ਆਪਣੇ ਪੇਸ਼ੇ ਨੂੰ ਸਮਰਪਿਤ ਕੀਤਾ ਹੋਇਆ ਸੀ। ਉਹ ਇਕ ਇਤਹਾਸਕਾਰ ਸੀ ਤੇ ਉਸ ਨੂੰ ਭਾਰਤ ਦੇ ਮੱਧਕਾਲੀਨ ਇਤਹਾਸ ਵਿਚ ਖ਼ਾਸ ਰੁਚੀ ਸੀ। ਰਜ਼ੀਆ ਸੁਲਤਾਨਾ, ਉਸ ਦੀ ਪਹਿਲੀ ਇਤਿਹਾਸਕ ਪਸੰਦ ਨਹੀਂ ਸੀ। ਇਸ ਤੋਂ ਪਹਿਲਾਂ ਉਹ ਨੂਰ ਜਹਾਂ ਦਾ ਵੀ ਪ੍ਰਸੰਸਕ ਰਿਹਾ ਸੀ। ਖ਼ਾਸ ਕਰ ਉਸ ਦੀਆਂ ਮਿਰਗਨੈਣੀ ਅੱਖਾਂ ਤੇ ਰਹੱਸਮਈ ਮੁਸਕਾਣ ਦਾ। ਇਸੇ ਲਈ ਗਰਮੀ ਦੀਆਂ ਹਰ ਛੁੱਟੀਆਂ ਦੌਰਾਨ, ਉਹ ਨੈਸ਼ਨਲ ਮਿਊਜ਼ੀਅਮ ਦੀ ਪੋਰਟਰੇਟ ਗੈਲਰੀ ਜਾਣਾ ਨਹੀਂ ਸੀ ਭੁੱਲਦਾ।
ਅਜਿਹੇ ਹੀ ਇਕ ਮੌਕੇ ਉਸ ਨੇ ਦੇਖਿਆ ਕਿ ਮਿਊਜ਼ੀਅਮ ਦੇ ਕਰਮਚਾਰੀ ਰਜ਼ੀਆ ਸੁਲਤਾਨਾ ਦੀ ਇਕ ਵੱਡੀ ਤਸਵੀਰ, ਹਾਲ ਵਿਚ ਸਜਾ ਰਹੇ ਸਨ। ਉਸ ਨੇ ਰਜ਼ੀਆ ਨੂੰ ਉਸ ਦੀ ਵਿਸ਼ੇਸ਼ ਟੋਪੀ ਤੋਂ ਪਛਾਣ ਲਿਆ ਸੀ। ਉਹ ਘੋੜੇ ‘ਤੇ ਸਵਾਰ ਦੂਰ ਤਕ ਫੈਲੇ ਜੰਗਲ ਨੂੰ ਨਿਹਾਰ ਰਹੀ ਸੀ। ਨੀਲੇ ਅੰਬਰ ਵਿਚ ਸਫ਼ੈਦ ਬਦਲੋਟੀਆਂ ਨਜ਼ਰ ਆ ਰਹੀਆਂ ਸਨ। ਉਹ ਕੀ ਨਿਹਾਰ ਰਹੀ ਸੀ?……ਕੀ ਇਹ ਸੂਰਜ ਅਸਤ ਦਾ ਦ੍ਰਿਸ਼ ਸੀ ਜਾਂ ਫਿਰ ਦਿੱਲੀ ਦੀ ਸਲਤਨਤ ਦੀ ਨਵੀਂ ਸਵੇਰ ਦਾ ਉਜਾਲਾ? ਉਸ ਦੇਖਿਆ ਰਜ਼ੀਆ ਦਾ ਗਠੀਲਾ ਬਦਨ ਤੇ ਸੁਰਾਹੀਦਾਰ ਗਰਦਨ ਮਨਲੁਭਾਵਣੀ ਸੀ। ਉਸ ਦੇ ਚਿਹਰੇ ਉੱਤੇ ਅਜਬ ਮੁਸਕਾਣ ਸੀ। ਉਸ ਦਿਨ ਮਿਊਜ਼ੀਅਮ ‘ਚੋਂ ਬਾਹਰ ਆਉਣ ਤਕ ਉਹ ਨੂਰਜਹਾਂ ਨੂੰ ਭੁੱਲ ਚੁੱਕਾ ਸੀ। ਰਜ਼ੀਆ ਸੁਲਤਾਨਾ ਦੀ ਖੂਬਸੂਰਤੀ ਦਾ ਕਾਇਲ ਹੋ ਹੁਣ ਉਹ ਉਸ ਉੱਤੇ ਪੂਰੀ ਤਰ੍ਹਾਂ ਫਿਦਾ ਹੋ ਚੁੱਕਾ ਸੀ।
ੲੲੲ
ਘਰ ਆ ਉਸ ਨੇ ਇੰਟਰਨੇੱਟ ਰਾਹੀਂ ਰਜ਼ੀਆ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਜ਼ਜ਼ਬਾਤੀ ਸੁਭਾਅ ਬਾਰੇ ਜਾਣ ਲਿਆ। ਰਜ਼ੀਆ ਆਪਣੇ ਨਵੇਂ ਮਹਿਬੂਬ ਅਸੀਰੀਅਨ ਹਬਸ਼ੀ ਜਮਾਲ ਉਦ-ਦੀਨ ਯਾਕੂਤ (ਤਦ ਉਹ ਆਪਣੇ ਪਹਿਲੇ ਪ੍ਰੇਮੀ ਮਲਿਕ ਇਖਤਿਆਰ ਉਦ-ਦੀਨ ਅਲਤੂਨੀਆ ਨਾਲੋਂ ਤੋੜ ਵਿਛੋੜਾ ਕਰ ਚੁੱਕੀ ਸੀ।) ਬਾਰੇ ਇੰਨੀ ਜ਼ਜ਼ਬਾਤੀ ਸੀ ਕਿ ਸ਼ਾਹੀ ਪ੍ਰੰਪਰਾਵਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਉਹ ਉਸ ਨੂੰ ਮਿਲਣ ਤੁਰ ਜਾਂਦੀ ਸੀ। ਘੋੜੇ ਦੀ ਸਵਾਰੀ ਤੋਂ ਉਤਰਣ ਸਮੇਂ ਉਹ ਹਮੇਸ਼ਾਂ ਹੀ ਯਾਕੂਤ ਦੀਆਂ ਬਾਹਵਾਂ ਦਾ ਸਹਾਰਾ ਢੂੰਡਦੀ। ਇਹੋ ਜਿਹੀ ਮਹਿਬੂਬਾ ਉਸ ਲਈ ਬਿਲਕੁਲ ਉਚਿਤ ਹੈ – ਪਾਸ਼ਾ ਮਲਿਕ ਦੀ ਸੋਚ ਸੀ।
ਇਸ ਘਟਨਾ ਪਿੱਛੋਂ, ਰਜ਼ੀਆ ਸੁਲਤਾਨਾ ਉਸ ਨੂੰ ਕਈ ਵਾਰ ਮਿਲਣ ਆਈ। ਬੇਸ਼ਕ ਉਸ ਨੂੰ ਮਿਲਣ ਆਉਣ ਲਈ ਰਜ਼ੀਆ ਨੂੰ ਬਹੁਤ ਵਾਰ ਸ਼ਾਹੀ ਕੰਮਾਂ ਨੂੰ ਵਿਚੇ ਹੀ ਛੱਡ ਤੇ ਕਈ ਵਾਰ ਜੰਗਾਂ ਵਿਚੋਂ ਬੜੀ ਮੁਸ਼ਕਲ ਨਾਲ ਸਮਾਂ ਕੱਢ ਕੇ ਆਉਣਾ ਪੈਂਦਾ ਸੀ, ਪਰ ਪਾਸ਼ਾ ਮਲਿਕ ਨਾਲ ਹਰ ਮਿਲਣੀ ਉਸ ਲਈ ਬਹੁਤ ਹੀ ਅਹਿਮ ਸੀ। ਉਸ ਦੇ ਸੁਪਨਿਆਂ ਦੀ ਰਜ਼ੀਆ ਹਮੇਸ਼ਾਂ ਹੀ ਖੂਬਸੂਰਤ, ਖੁਸ਼ਦਿਲ ਤੇ ਜ਼ਜ਼ਬਾਤੀ ਹੁੰਦੀ ਸੀ ਨਾ ਕਿ ਅਲਤੂਨੀਆ ਦੀ ਕੈਦ ਵਿਚ ਫਸੀ ਮਜ਼ਬੂਰ, ਹਤਾਸ਼ ਤੇ ਉਦਾਸ ਰਜ਼ੀਆ।
ਉਸ ਨੂੰ ਨੂਰਜਹਾਂ ਬਾਰੇ ਸੋਚ ਕੇ ਥੋੜ੍ਹੀ ਉਦਾਸੀ ਹੋਈ। ਪਰ ਉਸ ਦਾ, ਨੂਰਜਹਾਂ ਪ੍ਰਤੀ ਲਗਾਅ ਹੁਣ ਖ਼ਤਮ ਹੋ ਚੁੱਕਾ ਸੀ। ਉਹ ਦਾ ਖਿਆਲ ਸੀ ਕਿ ਨੂਰਜਹਾਂ ਇੰਨੀ ਵਫ਼ਾਦਾਰ ਨਹੀਂ ਸੀ ਤੇ ਉਸ ਨੂੰ ਇਹ ਵੀ ਸ਼ੱਕ ਸੀ ਕਿ ਉਹ, ਉਸ ਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਉਂਦੀ ਸੀ।
ੲੲੲ
ਰਜ਼ੀਆ ਦੇ ਦੁਬਾਰਾ ਜ਼ਿੰਦਾ ਹੋਣ ਦੀ ਘਟਨਾ ਨੇ ਪਾਸ਼ਾ ਮਲਿਕ ਦੇ ਮਨ ਵਿਚ ਖ਼ਲਬਲੀ ਪੈਦਾ ਕਰ ਦਿੱਤੀ ਸੀ। ਇਸ ਬਾਰੇ ਉਸ ਨੂੰ ਪਹਿਲੀ ਵਾਰ ਉਦੋਂ ਪਤਾ ਲੱਗਾ, ਜਦੋਂ ‘ਪੀਸ ਆਨ ਅਰਥ’ ਸੰਸਥਾ ਨੇ ਪ੍ਰਯੋਗਿਕ ਤੌਰ ਉਤੇ ਦੁਬਾਰਾ ਜ਼ਿੰਦਾ ਕੀਤੇ ਸਾਰੇ ਵਿਅਕਤੀਆਂ ਨੂੰ ਰਿਹਾ ਕਰਾਉਣ ਲਈ ਜਨਤਕ ਮੁਹਿੰਮ ਸ਼ੁਰੂ ਕਰ ਲਈ। ਪ੍ਰਤੱਖ ਸੀ ਕਿ ਵਿਗਿਆਨ ਦੀ ਅਜਿਹੀ ਦੁਰਵਰਤੋਂ, ਕਾਫ਼ੀ ਦੇਰ ਤੋਂ ਗੁਪਤ ਰੂਪ ਵਿਚ, ਪ੍ਰਚਲਿਤ ਸੀ।
ਉਸ ਨੂੰ ਤਾਂ ਇਹ ਸੋਚ ਵੀ ਹਰਗਿਜ਼ ਨਾਪਸੰਦ ਸੀ ਕਿ ਰਜ਼ੀਆ ਕਿਸੇ ਪ੍ਰਯੋਗਸ਼ਾਲਾ ਵਿਚ ਕੈਦ ਕੀਤੀ ਜਾ ਸਕਦੀ ਸੀ ਤੇ ਉਸ ਦਾ ਜੀਵਨ ਚਲਣ ਸਿਰਫ਼ ਪ੍ਰਯੋਗ ਕਰਤਾ ਦੇ ਇਸ਼ਾਰਿਆਂ ‘ਤੇ ਨਿਰਭਰ ਸੀ। ਉਸ ਨੂੰ ਰਜ਼ੀਆ ਦੇ ਸਰੀਰਕ ਰੂਪ ਵਿਚ ਜ਼ਿੰਦਾ ਹੋਣ ਬਾਰੇ ਪੱਕ ਨਹੀਂ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਜਿਵੇਂ ਹੁਣ ਰਜ਼ੀਆ ਉਸ ਦੀ ਨਹੀਂ ਸੀ।
ਤਾਂ ਵੀ ਉਸ ਨੇ ‘ਪੀਸ ਆਨ ਅਰਥ’ ਦੀ ਜਨਤਕ ਮੁਹਿੰਮ ਵਿਚ ਸ਼ਮੂਲੀਅਤ ਕਰ ਲਈ ਤੇ ਰਜ਼ੀਆ ਨੂੰ ਵੀ ਇਕ ਨਿੱਜੀ ਪੱਤਰ ਭੇਜ ਦਿੱਤਾ, ਜਿਸ ਵਿਚ ਉਸ ਨੇ, ਰਜ਼ੀਆ ਦੇ ਇੱਕੀਵੀਂ ਸਦੀ ਵਿਚ ਆਗਮਨ ਲਈ ‘ਜੀ ਆਇਆਂ’ ਕਿਹਾ ਸੀ। ਉਸ ਦੇ ਪੱਤਰ ਦਾ ਜਵਾਬ ਵੀ ਆਇਆ ਜਿਸ ਵਿਚ ਨੱਪੇ ਤੁਲੇ ਸ਼ਬਦਾਂ ਵਿਚ ਉਸ ਦਾ ਧੰਨਵਾਦ ਕੀਤਾ ਗਿਆ ਸੀ।
ਕੁਝ ਮਹੀਨੇ ਬਾਅਦ ਰਜ਼ੀਆ ਨੂੰ ਆਜ਼ਾਦ ਕਰ ਦਿੱਤਾ ਗਿਆ ਤੇ ਉਸ ਨੂੰ ਭਾਰਤ ਦੇ ਮੱਧਕਾਲੀਨ ਇਤਿਹਾਸ ਦੇ ਵਿਸ਼ੇਸ਼ਗ ਵਜੋਂ ਨਵਾਂ ਜੀਵਨ ਸ਼ੁਰੂ ਕਰਨ ਦਾ ਮੌਕਾ ਮਿਲ ਗਿਆ।
ਤਦ ਹੀ ਹਲਚਲ ਮਚ ਗਈ। ਦਿੱਲੀ ਯੂਨੀਵਰਸਿਟੀ ਨੇ ਰਜ਼ੀਆ ਦੇ ਦੁਬਾਰਾ ਜ਼ਿੰਦਾ ਹੋਣ ਪਿਛੋਂ, ਉਸ ਦੁਆਰਾ ਸੰਨ 1205 ਤੋਂ ਸੰਨ 1240 (ਜੋ ਰਜ਼ੀਆ ਦੇ ਪਹਿਲੇ ਜੀਵਨ ਕਾਲ ਦਾ ਸਮਾਂ ਸੀ।) ਸੰਬੰਧੀ ਭਾਰਤੀ ਇਤਿਹਾਸ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ ਆਨਰੇਰੀ ਡਾਕਟਰੇਟ ਪ੍ਰਦਾਨ ਕਰ ਦਿੱਤੀ ਸੀ। ਦਿੱਲੀ ਸਰਕਾਰ ਤੋਂ ਮਿਲੀ ਵਿਸ਼ੇਸ਼ ਗ੍ਰਾਂਟ ਤੋਂ ਉਤਸ਼ਾਹਿਤ ਹੋ ਯੂਨੀਵਰਸਿਟੀ ਨੇ ਡਾ. ਰਜ਼ੀਆ ਲਈ ਵਿਸ਼ੇਸ਼ ਪ੍ਰੋਫੈਸਰਸ਼ਿਪ ਦਾ ਇੰਤਜ਼ਾਮ ਕਰ ਲਿਆ। ਪਰ ਆਮ ਖੁਸਰ-ਫੁਸਰ ਇਹ ਸੀ ਕਿ ਅਫਗਾਨਿਸਤਾਨ ਸਰਕਾਰ ਉਸ ਨੂੰ ਪਸੰਦ ਨਹੀਂ ਸੀ ਕਰਦੀ, ਪਾਕਿਸਤਾਨ ਸਰਕਾਰ ਨੂੰ ਉਸ ਉੱਤੇ ਭਰੋਸਾ ਨਹੀਂ ਸੀ ਤੇ ਭਾਰਤ ਸਰਕਾਰ ਦਾ ਇਹ ਫੈਸਲਾ ਸੀ ਦਿੱਲੀ ਯੂਨੀਵਰਸਿਟੀ ਦਾ ਇਤਹਾਸ ਵਿਭਾਗ ਹੀ ਅਜਿਹਾ ਸਥਾਨ ਹੈ ਜਿਥੇ ਉਸ ਵਲੋਂ ਕਿਸੇ ਤਰ੍ਹਾਂ ਦੇ ਵੀ ਸੰਭਾਵੀ ਨੁਕਸਾਨ ਦੀ ਆਸ਼ੰਕਾ ਘੱਟ ਤੋਂ ਘੱਟ ਸੀ।
ੲੲੲ
ਡਾ. ਰਜ਼ੀਆ ਨੂੰ ਦੇਖਣ ਲਈ, ਇੰਟਰਵਿਊ ਰੂਮ ਵਿਚ ਇਤਿਹਾਸ ਵਿਭਾਗ ਦਾ ਸਾਰਾ ਸਟਾਫ ਹੀ ਹਾਜ਼ਿਰ ਸੀ। ਹਰ ਕੋਈ ਜਾਣਦਾ ਸੀ ਕਿ ਨਿਯੁਕਤੀ ਪ੍ਰਕ੍ਰਿਆ ਤਾ ਸਿਰਫ ਰਸਮ ਹੀ ਸੀ। ਡਾ. ਰਜ਼ੀਆ ਦਾ ਨਾਂ ਤਾਂ ਪਹਿਲਾਂ ਹੀ ਯੂਨੀਵਰਸਿਟੀ ਪ੍ਰਾਸਪੈਕਟ ਵਿਚ ਛਾਪਿਆ ਜਾ ਚੁੱਕਾ ਸੀ ਤੇ ਇਸੇ ਤੱਥ ਦੇ ਬਲਬੂਤੇ ਵਿਦਿਆਰਥੀ ਦਾਖ਼ਲ ਕੀਤੇ ਜਾ ਰਹੇ ਸਨ। ਸਾਥੀ ਕਰਮਚਾਰੀ ਤਾਂ ਅਜਿਹੀ ਮਸ਼ਹੂਰ ਹਸਤੀ ਨੂੰ ਦੇਖ ਸਕਣ ਦੇ ਵਿਚਾਰ ਨਾਲ ਹੀ ਡਾਢੇ ਉਤਸਕ ਸਨ।
ਉਹ, ਉਸ ਔਰਤ ਦੀ ਤੁਲਨਾ ਵਿਚ ਜਿਸ ਨੇ 900 ਸਾਲ ਕਬਰ ਵਿਚ ਗੁਜ਼ਾਰੇ ਹੋਣ ਕਾਫੀ ਠੀਕ ਲੱਗ ਰਹੀ ਸੀ। ਹਾਂ, ਉਸ ਦੇ ਚਿਹਰੇ ਉੱਤੇ, ਪੋਟਰੇਟ ਗੈਲਰੀ ਵਾਲੀ ਤਸਵੀਰ ਵਿਚ ਨਜ਼ਰ ਆ ਰਿਹਾ ਜਲੋਅ, ਮੌਜੂਦ ਨਹੀਂ ਸੀ। ਅੱਖਾਂ ਹੇਠ ਕਾਲੇ ਘੇਰੇ ਸਨ ਤੇ ਉਸ ਦੇ ਬੁੱਲ ਵੀ ਕਾਲੇ ਹੀ ਨਜ਼ਰ ਆ ਰਹੇ ਸਨ। ਪਰ ਚਿੰਤਾ ਦੀ ਗੱਲ ਨਹੀਂ ਸੀ। ਵਿਸ਼ਵ ਭਰ ਦੀਆਂ ਪ੍ਰਯੋਗਸ਼ਾਲਾਵਾਂ ਵਿਚ ਉਸ ਲਈ ਨਵੇਂ ਅੰਗ ਤਿਆਰ ਕੀਤੇ ਜਾ ਰਹੇ ਸਨ। ਥੋੜ੍ਹਾ ਥੋੜ੍ਹਾ ਕਰ ਕੇ ਉਸ ਵਿਚ ਜੀਵਨ ਦੀ ਸਫੁਰਤੀ ਭਰੀ ਜਾ ਰਹੀ ਸੀ।
ਉਸ ਦੀਆਂ ਨਵੀਆਂ ਅੱਖਾਂ, ਇਤਿਹਾਸ ਵਿਭਾਗ ਦੇ ਸਟਾਫ ਦੇ ਚਿਹਰਿਆਂ ਨੂੰ ਨਿਹਾਰ ਰਹੀਆਂ ਸਨ। ਉਸ ਨੇ ਪਾਸ਼ਾ ਮਲਿਕ ਵੱਲ ਧਿਆਨ ਨਾਲ ਦੇਖਿਆ ਤੇ ਉਸ ਦੇ ਸਿਰ ਤੋਂ ਪੈਰਾਂ ਤੱਕ ਨਜ਼ਰ ਮਾਰੀ। ਉਹ ਅਜਿਹੀ ਤੱਕਣੀ ‘ਤੇ ਸ਼ਰਮਾ ਗਿਆ ਸੀ। ਤਦ ਉਹ ਛੱਤ ਤੋਂ ਲਟਕ ਰਹੇ ਫਾਨੂਸ ਵੱਲ ਦੇਖਣ ਲੱਗ ਪਈ। ਉਹ ਕੁਝ ਨਾ ਬੋਲੀ। ਉਸ ਦੀਆਂ ਵੋਕਲ ਕੋਰਡਜ਼, ਨੈਸ਼ਨਲ ਬਾਇਲੋਜੀਕਲ ਲੈਬ ਵਿਖੇ, ਇਕ ਖ਼ਰਗੋਸ਼ ਦੀ ਹਿੱਕ ਵਿਚ ਤਿਆਰ ਕੀਤੀਆਂ ਜਾ ਰਹੀਆਂ ਸਨ। ਜੋ ਅਗਲੇ ਦਸ ਕੁ ਦਿਨਾਂ ਤਕ ਤਿਆਰ ਹੋਣ ‘ਤੇ ਲਗਾਈਆਂ ਜਾਣੀਆਂ ਸਨ।
ਕਿਸੇ ਨੇ ਕੋਈ ਗੱਲ ਨਾ ਕੀਤੀ। ਕਿਸੇ ਨੂੰ ਇਹ ਪੱਕ ਹੀ ਨਹੀਂ ਸੀ ਕਿ ਉਹ ਅੰਗਰੇਜ਼ੀ ਜਾਂ ਹਿੰਦੀ ਸਮਝ ਸਕਦੀ ਸੀ। ਕਿਸੇ ਨੇ ਵੀ ਉਸ ਦੇ ਜੀਵਨ ਬਿਰਤਾਂਤ (Resume) ਵਿਚ ਮੌਜੂਦ ਵਿਸ਼ਾਲ ਪਾੜੇ ਦੀ ਗੱਲ ਨਾ ਕੀਤੀ।
ਪਾਸ਼ਾ ਮਲਿਕ ਦੀ ਇੱਛਾ ਸੀ ਕਿ ਉਹ ਉਸ ਵੱਲ ਦੁਬਾਰਾ ਦੇਖੇ ਤਾਂ ਕਿ ਉਹ ਉਸ ਦਾ ਧਿਆਨ ਖਿੱਚ ਸਕੇ। ਅਜਿਹੀ ਸੋਚ ਉੱਤੇ ਉਹ ਠਹਾਕਾ ਮਾਰ ਹੱਸ ਪਿਆ। ਰਜ਼ੀਆ ਸੁਲਤਾਨਾ ਦੇ ਚਿਹਰੇ ਉੱਤੇ ਗੁੱਸੇ ਦੇ ਭਾਵ ਪ੍ਰਗਟ ਹੋ ਗਏ। ਉਸ ਨੇ ਉਸ ਵੱਲ ਗੁੱਸੇ ਭਰੀ ਨਜ਼ਰ ਨਾਲ ਦੇਖਿਆ ਤੇ ਕੁਰਸੀ ਤੋਂ ਉੱਠ ਕਮਰੇ ਤੋਂ ਬਾਹਰ ਨਿਕਲ ਗਈ।
ਉਹ ਇਹ ਦੇਖਣ ਲਈ ਰੁਕੇ ਰਹੇ ਕਿ ਕੀ ਸੁਲਤਾਨਾ ਵਾਪਸ ਆਏਗੀ ਪਰ ਉਹ ਨਾ ਆਈ। ਕੁਝ ਦੇਰ ਬਾਅਦ ਉਹ ਸਾਰੇ ਵੀ ਉਸ ਦੇ ਪਿੱਛੇ ਬਾਹਰ ਵੱਲ ਤੁਰ ਗਏ।
ਪਾਸ਼ਾ ਮਲਿਕ ਨੇ ਆਪਣੀ ਗੁਸਤਾਖ਼ੀ ਲਈ ਮਾਫੀ ਮੰਗਣੀ ਚਾਹੀ ਪਰ ਰਜ਼ੀਆ ਨੇ ਉਸ ਨੂੰ ਇਸ ਲਈ ਮੌਕਾ ਦੇਣ ਤੋਂ ਨਾਂਹ ਕਰ ਦਿੱਤੀ। ਕਦੇ ਪੌੜੀਆਂ ਚੜ੍ਹਦਿਆਂ ਜੇ ਉਨ੍ਹਾਂ ਦਾ ਸਾਹਮਣਾ ਹੋ ਜਾਂਦਾ ਤਾਂ ਉਹ ਉਸ ਵੱਲ ਧਿਆਨ ਹੀ ਨਾ ਦਿੰਦੀ। ਕਿਧਰੇ ਲਾਇਬਰੇਰੀ ਵਿਚ ਟਾਕਰਾ ਹੋ ਜਾਂਦਾ ਤਾਂ ਉਹ ਮੂੰਹ ਦੂਜੇ ਪਾਸੇ ਕਰ ਲੈਂਦੀ। ਰਜ਼ੀਆ ਦਾ ਮਨ ਜਿੱਤਣ ਦੀਆਂ ਪਾਸ਼ਾ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੀ ਰਹੀਆਂ ਸਨ। ਉਹ, ਉਸ ਤੋਂ ਅਜੇ ਵੀ ਉਨ੍ਹੀ ਹੀ ਦੂਰ ਸੀ ਜਿੰਨੀ ਪਹਿਲਾਂ।
ੲੲੲ
ਵਿਭਾਗ ਦੇ ਮੁੱਖੀ ਨੇ ਇਕ ਦਿਨ ਉਸ ਨੂੰ ਦੱਸਿਆ ਕਿ ਰਜ਼ੀਆ ਨੇ ਉਸ ਦੇ ਖਿਲਾਫ਼ ਸ਼ਿਕਾਇਤ ਕੀਤੀ ਹੈ। ਅਸ਼ੁੱਧ ਤੇ ਅਸਪਸ਼ਟ ਅੰਗਰੇਜ਼ੀ ਵਿਚ ਉਸ ਨੇ ਕਿਹਾ ਸੀ ਕਿ ਉਸ ਨੂੰ ਇਕ ਟੱਕ ਦੇਖਦੇ ਆਦਮੀਆਂ ਦੀ ਨਜ਼ਰਸਾਨੀ ਪਸੰਦ ਨਹੀਂ ਹੈ।
ਵਿਭਾਗ ਦੇ ਮੁੱਖੀ ਨੂੰ ਇਹ ਜਾਣ ਕੇ ਸੁੱਖ ਦਾ ਸਾਹ ਆਇਆ ਸੀ ਕਿ ਉਸ ਨੂੰ ਰਜ਼ੀਆ ਨਾਲ ਅਫਗਾਨੀ ਭਾਸ਼ਾ ਵਿਚ ਗੱਲ ਕਰਨ ਦੀ ਲੋੜ ਨਹੀਂ ਸੀ। ਉਸ ਨੇ, ਮੁਸਕਰਾ ਕੇ ਝੁਕਦੇ ਹੋਏ, ਰਜ਼ੀਆ ਨੂੰ ਯੂਨੀਵਰਸਿਟੀ ਦਾ ‘ਸਮਾਨ ਵਿਵਹਾਰ ਪਾਲਿਸੀ’ ਦਸਤਾਵੇਜ਼ ਪੇਸ਼ ਕੀਤਾ ਤੇ ਦਰਵਾਜ਼ੇ ਤਕ ਵਿਦਾ ਕਰਨ ਗਿਆ ਸੀ। ਗੁੱਸੇ ਨਾਲ ਭਰੀ ਪੀਤੀ ਰਜ਼ੀਆ ਨੇ ਉਸ ਦਸਤਾਵੇਜ਼ ਦੇ ਟੁੱਕੜੇ ਟੁੱਕੜੇ ਕਰ ਕੇ ਉੱਥੇ ਹੀ ਸੁੱਟ ਦਿੱਤੇ ਸਨ।
ਉਹ ਆਪਣੇ ਦਫ਼ਤਰ ਵਿਚ ਜਾ ਵੜੀ ਤੇ ਆਪਣਾ ਬਹੁਤਾ ਸਮਾਂ ਉਸ ਨੇ ਇੰਟਰਨੇੱਟ ਦੀ ਵਰਤੋਂ ਬਾਰੇ ਜਾਣਨ ਵਿਚ ਹੀ ਗੁਜ਼ਾਰਿਆ। ਉਸ ਨੂੰ ਬਹੁਤ ਕੁਝ ਜਾਨਣ ਦੀ ਲੋੜ ਜੂ ਸੀ।
ਪਾਸ਼ਾ ਮਲਿਕ ਨੇ ਉਸ ਬਾਰੇ ਭੁੱਲ ਜਾਣਾ ਹੀ ਠੀਕ ਸਮਝਿਆ ਪਰ ਇਹ ਸੌਖੀ ਗੱਲ ਨਹੀਂ ਸੀ। ਉਹ ਕਿੰਨ੍ਹੀ ਨੱਕਚੜ੍ਹੀ ਸੀ, ਕਿੰਨ੍ਹੀ ਸਨਕੀ, ਪਰ ਫਿਰ ਵੀ ਉਸ ਨੂੰ ਜਦ ਵੀ ਉਹ ਨਜ਼ਰ ਆ ਜਾਂਦੀ, ਉਹ ਜ਼ਜ਼ਬਾਤੀ ਝਟਕਾ ਜਿਹਾ ਮਹਿਸੂਸ ਕਰਦਾ। ਉਸ ਨੂੰ ਖੁੱਦ ਵਿਚ ਪ੍ਰੇਮ-ਪਰੁੰਨੇ ਪੁਰਸ਼ ਵਾਲੇ ਲੱਛਣ ਨਜ਼ਰ ਆਉਣ ਲੱਗ ਪਏ ਸਨ। ਜਦ ਕਦੇ ਵੀ ਉਹ ਉਸ ਦੇ ਨੇੜੇ ਤੇੜੇ ਹੁੰਦੀ ਤਾਂ ਉਹ ਉੱਚੀ ਉੱਚੀ ਹਿੜ ਹਿੜ ਕਰਦਾ। ਉਸ ਦਾ ਧਿਆਨ ਖਿੱਚਣ ਲਈ ਉਹ ਉਸ ਦੇ ਰਸਤੇ ‘ਚੋਂ ਤ੍ਰਭਕ ਕੇ ਪਰ੍ਹੇ ਹੱਟਦਿਆਂ, ਜਾਣ-ਬੁੱਝ ਕੇ ਆਪਣੇ ਹੀ ਪੈਰ ਉੱਤੇ ਪੈਰ ਧਰ ਡਿੱਗਣ ਦਾ ਨਾਟਕ ਕਰਦਾ। ਹੋਰ ਤਾਂ ਹੋਰ ਹੁਣ ਤਾਂ ਉਸ ਨੇ ਦੀਵਾਨੇਪਣ ਕਾਰਣ ਆਪਣੇ ਦੋਸਤਾਂ ਨੂੰ ਵੀ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਇਹ ਜਾਨਣ ਲਈ ਉਸ ਵੱਲ ਝਾਂਕਦਾ ਰਹਿੰਦਾ ਸੀ ਕਿ ਕਿਧਰੇ ਉਹ ਉਸ ਵੱਲ ਤਾਂ ਦੇਖ ਨਹੀਂ ਰਹੀ। ਰਜ਼ੀਆ ਦੇ ਨਜ਼ਰ ਆਉਂਦਿਆਂ ਹੀ ਉਸ ਦਾ ਦਿਲ ਤੇਜ਼ੀ ਨਾਲ ਧੱਕ ਧੱਕ ਕਰਨ ਲੱਗਦਾ। ਕੀ ਰਜ਼ੀਆ ਦਾ ਵੀ ਦਿਲ ਸੀ? ਕਾਸ਼ ਉਹ, ਰਜ਼ੀਆ ਨੂੰ ਨਾਪਸੰਦ ਕਰਣ ਦਾ ਕੋਈ ਕਾਰਣ ਲੱਭ ਸਕਦਾ।
ਯੂਨੀਵਰਸਿਟੀ ਦਾ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਵਿਦਿਆਰਥੀ ਰਜ਼ੀਆ ਦੀਆਂ ਕਲਾਸਾਂ ਲਈ ਉੱਮਡ ਪਏ ਸਨ। ਪਰ ਉਸ ਦੀਆਂ ਵੋਕਲ ਕੋਰਡਜ਼ ਸਮੇਂ ਸਿਰ ਤਿਆਰ ਨਹੀਂ ਸਨ ਹੋਈਆ। ਨੈਸ਼ਨਲ ਬਾਇਲੋਜੀਕਲ ਲੈਬ ਵਿਚ ਖ਼ਰਗੋਸ਼ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਵੋਕਲ ਕੋਰਡਜ਼ ਵਿਚ ਲੋੜੀਂਦਾ ਵਾਧਾ ਨਹੀਂ ਸੀ ਹੋ ਰਿਹਾ।
ਗਰੀਨ ਪਾਰਟੀ ਨਾਲ ਸੰਬੰਧਤ ਇਕ ਵਿਦਿਆਰਥੀ ਨੇ ਤਾਂ ਸਥਾਨਕ ਮੈਗਜ਼ੀਨ ‘ਦਿੱਲੀ ਟਾਈਮਜ਼’ ਵਿਚ ਸੁਲਤਾਨਾ ਦੇ ਜੀਵਨ ਦੇ ਦੂਸਰੇ ਮੌਕੇ ਨੂੰ ਕਾਇਮ ਰੱਖਣ ਲਈ ਛੋਟੇ ਜਾਨਵਰਾਂ ਉੱਤੇ ਕੀਤੇ ਜਾ ਰਹੇ ਤਜਰਬਿਆਂ ਵਿਰੁੱਧ ਲੇਖ ਛਾਪ ਦਿੱਤਾ।
ਲੇਖ਼ਕ ਦਾ ਕਹਿਣਾ ਸੀ ਕਿ ਸੁਲਤਾਨਾ ਨੂੰ ਕਬਰ ਵਿਚੋਂ ਕੱਢਿਆ ਹੀ ਨਹੀਂ ਸੀ ਜਾਣਾ ਚਾਹੀਦਾ। ਕੀ ਉਸ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਦਿੱਤਾ ਜਾਣਾ ਸਹੀ ਹੈ?
ਰਜੀ ਦੇ ਲੈਕਚਰ ਯੋਜਨਾ ਅਨੁਸਾਰ ਚਲਦੇ ਰਹੇ। ਉਸ ਦੇ ਗੁੰਗੇਪਣ ਦੇ ਬਾਵਜੂਦ ਉਸ ਦੇ ਲੈਕਚਰਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਭਰਪੂਰ ਰਹਿੰਦੀ ਸੀ। ਉਸ ਦੇ ਵਿਦਿਆਰਥੀ, ਉਸ ਦੁਆਰਾ ਮੁਹੰਮਦ ਗੌਰੀ, ਕੁਤਬਦੀਨ ਐਬਕ ਤੇ ਅਲਤਮਸ਼ ਬਾਰੇ ਲਿਖੇ ਉਸ ਦੇ ਲੇਖਾਂ ਨੂੰ ਉੱਚੀ ਉੱਚੀ ਪੜ੍ਹਦੇ। ਉਹ ਤਾਂ ਭਾਰਤ ਦੇ ਮੱਧਕਾਲੀਨ ਇਤਿਹਾਸ ਤਕ ਹੀ ਸੀਮਿਤ ਨਹੀਂ ਸੀ ਰਹਿਣਾ ਚਾਹੁੰਦੀ।
ਉਸ ਨੂੰ ਤਾਂ ਇਤਿਹਾਸ ਦੇ ਹੋਰ ਖੇਤਰਾਂ ਵਿਚ ਵੀ ਡੂੰਘੀ ਦਿਲਚਸਪੀ ਸੀ। ਇੰਝ ਉਹ ਆਪਣੇ ਸਾਥੀ ਪ੍ਰੋਫੈਸਰਾਂ ਦੇ ਕਾਰਜ ਖੇਤਰਾਂ ਵਿਚ ਵੀ ਜਾ ਵੜਦੀ ਸੀ। ਉਸ ਨੇ ਅਕਬਰ ਦੀ ਸ਼ਾਸਨ ਪ੍ਰਣਾਲੀ, ਮੁਗਲ ਕਾਲ ਦੀ ਇਮਾਰਤੀ ਕਲਾ, ਅੋਰੰਗਜ਼ੇਬ ਦੇ ਇਸਲਾਮੀ ਰਾਜ ਤੇ ਭਾਰਤ ਦੇ ਪਹਿਲੇ ਗਦਰ ਬਾਰੇ ਵੀ ਲੇਖ ਲਿਖ ਦਿੱਤੇ। ਹੁਣ ਤਾਂ ਉਸ ਨੇ ਅਲਤਮਸ਼ ਦੀ ਜੀਵਨੀ ਲਿਖਣੀ ਆਰੰਭ ਕਰ ਲਈ ਸੀ।
(ਚਲਦਾ)
ਡਾ. ਦੇਵਿੰਦਰ ਪਾਲ ਸਿੰਘ ਖੋਜੀ, ਲੇਖਕ ਤੇ ਅਧਿਆਪਕ ਹੈ ਜੋ ਮਿਸੀਸਾਗਾ, ਓਂਟਾਰੀਓ, ਕੈਨੇਡਾ ਦਾ ਵਾਸੀ ਹੈ।
Website: drdpsinghauthor.wordpress.com
Email: [email protected]

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …