‘ਆਪ’ ਨੇ ਪੰਜਾਬ ‘ਚ ਐਲਾਨੇ ਪੰਜ ਲੋਕ ਸਭਾ ਉਮੀਦਵਾਰ
ਬਾਗੀ ਗੁੱਟ ਦੇ ਖਹਿਰਾ ਨੇ ਕਿਹਾ ਕਿ ਸਾਰਿਆਂ ਦੀਆਂ ਜ਼ਮਾਨਤਾਂ ਹੋਣਗੀਆਂ ਜ਼ਬਤ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਲੋਕ ਸਭਾ ਚੋਣਾਂ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਹੀ ਆਪਣੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿਚ ਦੋ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਅਤੇ ਸਾਧੂ ਸਿੰਘ ਵੀ ਹਨ, ਜਦਕਿ ਹੋਰ ਤਿੰਨਾਂ ਵਿਚੋਂ ਦੋ ਨੇ 2017 ਵਿਚ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ। ਉਧਰ, ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਧੜ੍ਹੇ ਨੇ ਉਨ੍ਹਾਂ ਨਾਲ ਗੱਲਬਾਤ ਕੀਤੇ ਬਗੈਰ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ, ਜਦਕਿ ਉਹ ਉਨ੍ਹਾਂ ਨਾਲ ਇਕੱਠੇ ਚੋਣਾਂ ਲੜਨ ਦੀ ਗੱਲ ਕਰ ਰਹੇ ਸਨ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਧੜ੍ਹੇ ਦੇ ਇਰਾਦੇ ਠੀਕ ਨਹੀਂ ਹਨ। ਖਹਿਰਾ ਨੇ ਕਿਹਾ ਕਿ ਇਹ ਪੰਜ ਉਮੀਦਵਾਰ ਤਦ ਤੱਕ ਨਹੀਂ ਜਿੱਤ ਸਕਦੇ , ਜਦੋਂ ਤੱਕ ਦੋਵੇਂ ਧੜ੍ਹੇ ਮਿਲ ਕੇ ਚੋਣਾਂ ਨਹੀਂ ਲੜਨਗੇ। ਖਹਿਰਾ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇਨ੍ਹਾਂ ਪੰਜਾਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਅੱਠ ਬਾਗੀ ਵਿਧਾਇਕਾਂ ਦੀ ਅਗਵਾਈ ਕਰ ਰਹੇ ਖਹਿਰਾ ਨੇ ਕਿਹਾ ਕਿ 8 ਨਵੰਬਰ ਤੱਕ ਇਨ੍ਹਾਂ ਪੰਜ ਸੀਟਾਂ ਦੇ ਬਾਰੇ ਵਿਚ ਗੱਲਬਾਤ ਨਾ ਕੀਤੀ ਤਾਂ ਉਹ ਵੱਖਰਾ ਫਰੰਟ ਬਣਾ ਲੈਣਗੇ।
ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਦਿੱਲੀ ‘ਚ ਕੀਤੇ ਕੰਮਾਂ ਦਾ ਸਹਾਰਾ
ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਿਰਫ ਪੰਜਾਬ ਵਿਚ ਹੀ ‘ਆਪ’ ਨੇ ਚਾਰ ਸੀਟਾਂ ਜਿੱਤੀਆਂ ਸਨ। ਜ਼ਿਆਦਾਤਰ ਸੀਟਾਂ ‘ਤੇ ‘ਆਪ’ ਦੇ ਉਮੀਦਵਾਰ ਦੂਜੇ ਜਾਂ ਬਹੁਤ ਨਜ਼ਦੀਕੀ ਤੀਜੇ ਨੰਬਰ ‘ਤੇ ਰਹੇ ਸਨ। ਇਸ ਵਾਰ ਪਾਰਟੀ ਨੂੰ ਫਿਰ ਬਿਹਤਰ ਨਤੀਜਿਆਂ ਦੀ ਉਮੀਦ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਖਿਲਾਫ ਲੋਕਾਂ ਵਿਚ ਗੁੱਸਾ ਹੈ। ‘ਆਪ’ ਆਗੂ ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ, ਕਿਉਂਕਿ ਉਹ ਕੋਈ ਵੀ ਚੁਣਾਵੀ ਵਾਅਦਾ ਪੂਰਾ ਨਹੀਂ ਕਰ ਸਕੀ। ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਆਪਣੇ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਬਿਹਤਰ ਕੰਮ ਕੀਤਾ ਹੈ। ਪਾਰਟੀ ਉਮੀਦਵਾਰ ਦਿੱਲੀ ਸਰਕਾਰ ਦੇ ਕੰਮਾਂ ਨੂੰ ਲੋਕਾਂ ਵਿਚ ਪੇਸ਼ ਕਰਨਗੇ ਅਤੇ ਉਸ ਦੇ ਅਧਾਰ ‘ਤੇ ਚੋਣ ਪ੍ਰਚਾਰ ਕਰਨਗੇ।
ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ’ਚੋਂ ਕੱਢਣ ਦੀ ਤਿਆਰੀ
ਆਮ ਆਦਮੀ ਪਾਰਟੀ ਲਈ ਚੁਣੌਤੀ ਬਣ ਚੁੱਕੇ ਸੁਖਪਾਲ ਖਹਿਰਾ ਸਣੇ ਉਨ੍ਹਾਂ ਦੇ ਸਾਥੀ ਵਿਧਾਇਕ ਕੰਵਰ ਸੰਧੂ ਨੂੰ ਵੀ ਪਾਰਟੀ ‘ਚੋਂ ਕੱਢਣ ਦੀਆਂ ਤਿਆਰੀਆਂ ਦੀ ਕਨਸੋਅ ਮਿਲ ਰਹੀ ਹੈ ਜਦੋਂਕਿ ਚੰਡੀਗੜ੍ਹ ਆਏ ਪਾਰਟੀ ਪ੍ਰਮੁੱਖ ਕੇਜਰੀਵਾਲ ਨੇ ਇਸ ਸਬੰਧੀ ਕੋਈ ਸਿੱਧੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਪਰ ਇੰਨਾ ਜ਼ਰੂਰ ਕਿਹਾ ਕਿ ਜੇ ਲੋੜ ਪਈ ਤਾਂ ਸਮਾਂ ਆਉਣ ‘ਤੇ ਖਹਿਰਾ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।
ਕੇਜਰੀਵਾਲ ਨੇ ਮੁਕਾ ਦਿੱਤੀ ਏਕਤਾ ਦੀ ਗੱਲਬਾਤ : ਖਹਿਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲਾਂ ਹੀ ਏਕਤਾ ਦੀ ਗੱਲ ਮੁਕਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਖਹਿਰਾ ਧੜਾ ਕਿਸੇ ਸਮੇਂ ਵੀ ਵੱਖਰੇ ਸੰਗਠਨ ਦਾ ਐਲਾਨ ਕਰ ਸਕਦਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …