Breaking News
Home / ਹਫ਼ਤਾਵਾਰੀ ਫੇਰੀ / ‘ਡਾਕੂ ਹਸੀਨਾ’ ਨੇ ਆਪਣੇ ਗਰੁੱਪ ਨਾਲ ਮਿਲ ਕੇ ਲੁੱਟੇ 8.49 ਕਰੋੜ ਰੁਪਏ

‘ਡਾਕੂ ਹਸੀਨਾ’ ਨੇ ਆਪਣੇ ਗਰੁੱਪ ਨਾਲ ਮਿਲ ਕੇ ਲੁੱਟੇ 8.49 ਕਰੋੜ ਰੁਪਏ

ਪੁਲਿਸ ਨੇ ਛੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ – 5 ਕਰੋੜ ਬਰਾਮਦ
ਲੁਧਿਆਣਾ/ਬਿਊਰੋ ਨਿਊਜ਼ : ਬੈਂਕਾਂ ਦੇ ਏਟੀਐਮ ‘ਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ਦੇ ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸਥਿਤ ਦਫਤਰ ਵਿਚ ਲੰਘੀ 10 ਜੂਨ ਨੂੰ ਪਏ 8.49 ਕਰੋੜ ਰੁਪਏ ਦੇ ਡਾਕੇ ਦਾ ਮਾਮਲਾ ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਨੇ ਹੱਲ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟ ਦੇ ਪੈਸਿਆਂ ‘ਚੋਂ 5 ਕਰੋੜ ਰੁਪਏ ਬਰਾਮਦ ਵੀ ਕਰ ਲਏ ਹਨ। ਇਸ ਤੋਂ ਇਲਾਵਾ ਕੰਪਨੀ ਦੀ ਕੈਸ਼ ਵੈਨ, ਤਿੰਨ ਰਾਈਫਲਾਂ ਤੇ ਕੁਝ ਹੋਰ ਔਜ਼ਾਰ ਵੀ ਬਰਾਮਦ ਕੀਤੇ ਗਏ ਹਨ। ਇਸ ਵਾਰਦਾਤ ਦਾ ਦਿਲਚਸਪ ਪਹਿਲੂ ਇਹ ਹੈ ਕਿ ਲੁੱਟ ਦੀ ਮਾਸਟਰ ਮਾਈਂਡ ਇਕ ਮਹਿਲਾ ਹੈ, ਜਿਸ ਨੇ ਕੰਪਨੀ ‘ਚ ਕੈਸ਼ ਵੈਨ ਚਲਾਉਂਦੇ ਇਕ ਵਿਅਕਤੀ ਤੇ ਪਤੀ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮਨਦੀਪ ਕੌਰ ਨਾਂ ਦੀ ਇਹ ‘ਡਾਕੂ ਹਸੀਨਾ’ ਬਰਨਾਲਾ ਦੀ ਰਹਿਣ ਵਾਲੀ ਹੈ। ਫਿਲਹਾਲ ਉਹ ਤੇ ਉਸਦੇ ਗਰੁੱਪ ਦੇ ਪੰਜ ਸਾਥੀ ਫਰਾਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ਼ ਤੋਂ ਮਿਲੇ ਸੁਰਾਗਾਂ ਦੇ ਅਧਾਰ ‘ਤੇ ਮੁੱਲਾਂਪੁਰ ਪੁੱਜੀ ਤਾਂ ਉਥੋਂ ਕੈਸ਼ ਵੈਨ ਤੇ ਉਸ ਵਿਚ ਪਈਆਂ 12 ਬੋਰ ਦੀਆਂ ਤਿੰਨ ਰਾਈਫਲਾਂ ਬਰਾਮਦ ਕੀਤੀਆਂ। ਇਸ ਤੋਂ ਬਾਅਦ ਕੈਸ਼ ਵੈਨ ਵਿਚ ਲੱਗੇ ਸੀਪੀਆਰਐਸ ਸਿਸਟਮ ਰਾਹੀਂ ਇਸ ਦੇ ਰੂਟਾਂ ਤੇ ਇਨ੍ਹਾਂ ਰੂਟਾਂ ‘ਤੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ਼ ਦੇ ਅਧਾਰ ‘ਤੇ ਇਸ ਲੁੱਟ ਵਿਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਬਰਨਾਲਾ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਸੀਐਮਐਸ ਵਿਚ ਕੈਸ਼ ਵੈਨ ਚਲਾਉਂਦੇ ਮਨਜਿੰਦਰ ਸਿੰਘ ਨਾਲ ਗੰਢ ਤੁੱਪ ਕਰਕੇ ਸਾਰੀ ਲੁੱਟ ਦੀ ਵਿਉਂਤ ਘੜੀ। ਉਸ ਨੇ ਇਸ ਕੰਮ ਵਿਚ ਆਪਣੇ ਪਤੀ ਜਸਵਿੰਦਰ ਸਿੰਘ ਤੇ ਕੁਝ ਹੋਰਾਂ ਨੂੰ ਵੀ ਸ਼ਾਮਲ ਕੀਤਾ।

 

Check Also

ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ

45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …