ਧੂੰਏਂ ਨਾਲ ਸਾਹ ਘੁਟਣ ਕਾਰਨ ਹੋਈਆਂ ਬਹੁਤੀਆਂ ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੁਵੈਤ ‘ਚ ਬੁੱਧਵਾਰ ਛੇ ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ‘ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ ਮੌਤ ਧੂੰਏਂ ਨਾਲ ਦਮ ਘੁਟਣ ਕਾਰਨ ਹੋਈ ਹੈ। ਬਚਾਅ ਕਾਰਜਾਂ ਦੌਰਾਨ ਪੰਜ ਅੱਗ ਬੁਝਾਊ ਕਰਮਚਾਰੀ ਵੀ ਜ਼ਖਮੀ ਹੋ ਗਏ। ਕੁਵੈਤ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੰਦਿਆਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦਾ ਅਹਿਦ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ‘ਤੇ ਅਫਸੋਸ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਕਾਰਨ ਝੁਲਸੇ ਭਾਰਤੀਆਂ ਦਾ ਹਾਲਚਾਲ ਜਾਨਣ ਅਤੇ ਉਥੋਂ ਦੇ ਹਾਲਾਤ ਦੀ ਜਾਣਕਾਰੀ ਹਾਸਲ ਕਰਨ ਲਈ ਕੁਵੈਤ ਪਹੁੰਚੇ ਅਤੇ ਉਨ੍ਹਾਂ ਨੇ ਜ਼ਖਮੀਆਂ ਦਾ ਹਾਲ ਪੁੱਛਿਆ ਹੈ। ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ‘ਤੇ ਕੁਵੈਤ ਗਏ ਕੀਰਤੀ ਵਰਧਨ ਸਿੰਘ ਹਾਦਸੇ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਦੇਹਾਂ ਮੁਲਕ ਲਿਆਉਣ ਦੇ ਪ੍ਰਬੰਧ ਵੀ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਵੈਤ ਵਿਚ ਭਾਰਤੀ ਸਫ਼ਾਰਤਖਾਨਾ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਪੀੜਤਾਂ ਦੀ ਮਦਦ ਲਈ ਉੱਥੋਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ।