ਇਸਲਾਮਾਬਾਦ: ਪਾਕਿਸਤਾਨ ਦੀ ਪੰਜਾਬ ਅਸੈਂਬਲੀ ਦੇ ਮੈਂਬਰ ਹੁਣ ਸਦਨ ਵਿੱਚ ਅੰਗਰੇਜ਼ੀ ਅਤੇ ਉਰਦੂ ਜ਼ੁਬਾਨਾਂ ਤੋਂ ਇਲਾਵਾ ਪੰਜਾਬੀ ਸਣੇ ਘੱਟੋ-ਘੱਟ ਚਾਰ ਸਥਾਨਕ ਭਾਸ਼ਾਵਾਂ ਵਿੱਚ ਬੋਲ ਵੀ ਸਕਣਗੇ। ਇਸ ਸਬੰਧ ਵਿੱਚ ਇਕ ਸੋਧ ਕੀਤੀ ਗਈ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਮੁਤਾਬਕ, ਪੰਜਾਬ ਅਸੈਂਬਲੀ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦੀ ਪ੍ਰਧਾਨਗੀ ਵਾਲੇ ਸਦਨ ਦੀ ਕਮੇਟੀ ਨੇ ਉਨ੍ਹਾਂ ਤਰਮੀਮਾਂ ਨੂੰ ਮਨਜ਼ੂਰੀ ਦੇ ਦਿੱਤੀ ਜਿਨ੍ਹਾਂ ਵਿੱਚ ਮੈਂਬਰਾਂ ਨੂੰ ਸਦਨ ‘ਚ ਅੰਗਰੇਜ਼ੀ, ਉਰਦੂ, ਪੰਜਾਬੀ, ਸਰਾਇਕੀ, ਪੋਠੋਹਾਰੀ ਤੇ ਮੇਵਾਤੀ ਭਾਸ਼ਾਵਾਂ ‘ਚ ਸੰਬੋਧਨ ਕਰਨ ਦੀ ਇਜਾਜ਼ਤ ਹੋਵੇਗੀ। ਇਸ ਤੋਂ ਪਹਿਲਾਂ ਕਿਸੇ ਮੈਂਬਰ ਨੂੰ ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਹੋਰ ਕਿਸੇ ਭਾਸ਼ਾ ਵਿੱਚ ਬੋਲਣ ਵਾਸਤੇ ਅਸੈਂਬਲੀ ਦੇ ਸਪੀਕਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ।