Breaking News
Home / ਹਫ਼ਤਾਵਾਰੀ ਫੇਰੀ / ਜਸਟਿਨ ਟਰੂਡੋ ਨੇ 5ਵੀਂ ਵਾਰ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਜਸਟਿਨ ਟਰੂਡੋ ਨੇ 5ਵੀਂ ਵਾਰ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪ੍ਰਧਾਨ ਮੰਤਰੀ ਨੇ ਆਪਣੇ ਹਲਕੇ ਦੇ ਲੋਕਾਂ ਦਾ ਕੀਤਾ ਧੰਨਵਾਦ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਹਲਕੇ ਦੇ ਸੰਸਦ ਮੈਂਬਰ ਵਜੋਂ ਲਗਾਤਾਰ 5ਵੀਂ ਵਾਰ ਸਹੁੰ ਚੁੱਕੀ। ਉਹ ਪਹਿਲੀ ਵਾਰੀ 2008 ‘ਚ ਕਿਊਬਕ ਦੇ ਪਾਪੀਨੋ ਹਲਕੇ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ। 2015, 2019 ਅਤੇ 2021 ‘ਚ ਸੰਸਦੀ ਚੋਣਾਂ ਤੋਂ ਬਾਅਦ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ ਰਹੇ ਹਨ। ਇਹ ਵੀ ਕਿ 2015 ‘ਚ ਉਹ ਸੰਸਦ ਮੈਂਬਰ ਤੋਂ ਬਾਅਦ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਨ ‘ਚ ਸਫਲ ਰਹੇ ਸਨ ਅਤੇ ਟਰੂਡੋ ਕਿਸੇ ਹੋਰ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ‘ਚ ਕਦੇ ਮੰਤਰੀ ਜਾਂ ਸੰਸਦੀ ਸਕੱਤਰ ਨਹੀਂ ਰਹੇ। ਟਰੂਡੋ ਨੇ ਇਸ ਮੌਕੇ ‘ਤੇ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਪੀਨੋ ਹਲਕੇ ਦੀ ਸੰਸਦ ‘ਚ ਨੁਮਾਇੰਦਗੀ ਕਰਦਿਆਂ ਉਹ ਮਾਣ ਮਹਿਸੂਸ ਕਰਦੇ ਹਨ। ਲੰਘੀ 20 ਸਤੰਬਰ ਨੂੰ ਕੈਨੇਡਾ ‘ਚ ਹੋਈ 44ਵੀਂ ਸੰਸਦੀ ਚੋਣ ਤੋਂ ਬਾਅਦ ਜਿੱਤੇ ਸਾਰੇ 338 ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਇਨੀਂ ਦਿਨੀ ਪੜਾਅਵਾਰ ਰਾਜਧਾਨੀ ਓਟਾਵਾ ਵਿਖੇ ਸੰਸਦ ਭਵਨ ਵਿਚ ਹੁੰਦੇ ਹਨ। ਸੰਸਦ ਦਾ ਇਜਲਾਸ 22 ਨਵੰਬਰ ਨੂੰ ਸ਼ੁਰੂ ਹੋਵੇਗਾ। ਇਸੇ ਦੌਰਾਨ ਮੁੱਖ ਵਿਰੋਧੀ ਧਿਰ, ਕੰਸਰਵੇਟਿਵ ਪਾਰਟੀ ਦੇ ਆਗੂ ਏਰਿਨ ਓਟੂਲ ਵਲੋਂ ਆਪਣੀ ‘ਸ਼ੈਡੋ ਕੈਬਨਿਟ’ ਦਾ ਐਲਾਨ ਵੀ ਕੀਤਾ ਗਿਆ ਜਿਸ ‘ਚ ਹੋਰਨਾਂ ਤੋਂ ਇਲਾਵਾ ਟਿੱਮ ਉਪਲ ਅਤੇ ਜਸਰਾਜ ਸਿੰਘ ਹੱਲਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ਼ੈਡੋ ਕੈਬਨਿਟ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸਰਕਾਰ ਦੇ ਮੰਤਰੀਆਂ ਦੇ ਆਲੋਚਕਾਂ ਵਜੋਂ ਨਿਯੁਕਤ ਕੀਤਾ ਜਾਂਦਾ ਹੈ ਪਰ ਉਨ੍ਹਾਂ ਆਲੋਚਕਾਂ ਨੂੰ ਇਸ ਕੰਮ ਵਾਸਤੇ ਤਨਖਾਹ ਜਾਂ ਭੱਤੇ ਨਹੀਂ ਮਿਲਦੇ।

ਟਰੂਡੋ ਤੇ ਲੋਪੇਜ ਨਾਲ ਇਨ-ਪਰਸਨ ਮੀਟਿੰਗ ਦੀ ਯੋਜਨਾ ਬਣਾ ਰਹੇ ਹਨ ਬਾਇਡਨ
ਓਟਵਾ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੈਨੇਡਾ ਤੇ ਮੈਕਸੀਕੋ ਦੇ ਆਗੂਆਂ ਨਾਲ 18 ਨਵੰਬਰ ਨੂੰ ਇਨ-ਪਰਸਨ ਮੀਟਿੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਆਪਣੀ ਕਿਸਮ ਦੀ ਵਿਲੱਖਣ ਮੀਟਿੰਗ ਹੋਵੇਗੀ। ਇਹ ਜਾਣਕਾਰੀ ਓਟਵਾ ਤੋਂ ਮਾਮਲੇ ਦੇ ਜਾਣਕਾਰ ਸੂਤਰ ਵੱਲੋਂ ਦਿੱਤੀ ਗਈ। ਇਸ ਮਾਮਲੇ ਤੋਂ ਜਾਣੂ ਤਿੰਨ ਹੋਰਨਾਂ ਵਿਅਕਤੀਆਂ ਨੇ ਆਖਿਆ ਕਿ ਮੀਟਿੰਗ ਲਈ ਫਾਈਨਲ ਡੀਟੇਲਜ ਉੱਤੇ ਕੰਮ ਚੱਲ ਰਿਹਾ ਹੈ ਅਤੇ ਜੇ ਮੀਟਿੰਗ ਹੁੰਦੀ ਹੈ ਤਾਂ ਉਹ ਅਗਲੇ ਹਫਤੇ ਕਿਸੇ ਸਮੇਂ ਵਾਸ਼ਿੰਗਟਨ ਵਿੱਚ ਹੋਵੇਗੀ। ਓਟਵਾ ਤੇ ਮੈਕਸੀਕੋ ਸਿਟੀ ਦੇ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਦਿੱਤੀ ਕਿਉਂਕਿ ਅਜੇ ਤੱਕ ਇਹ ਪਲੈਨ ਜਨਤਕ ਨਹੀਂ ਕੀਤਾ ਗਿਆ ਹੈ।

 

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …