ਗੁਜਰਾਲ ਦੀ ਮੰਨੀ ਹੁੰਦੀ ਤਾਂ ਨਾ ਹੁੰਦਾ ਦਿੱਲੀ ਦਾ ਸਿੱਖ ਕਤਲੇਆਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਖਿਆ ਹੈ ਕਿ ਜੇਕਰ ਨਰਸਿਮਹਾ ਰਾਓ ਉਸ ਵੇਲੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ 1984 ਦਾ ਸਿੱਖ ਕਤਲੇਆਮ ਟਾਲਿਆ ਜਾ ਸਕਦਾ ਸੀ। ਧਿਆਨ ਰਹੇ ਕਿ ਨਰਸਿਮਹਾ ਰਾਓ ਉਸ ਸਮੇਂ ਗ੍ਰਹਿ ਮੰਤਰੀ ਸਨ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ‘ਤੇ ਨਵੀਂ ਦਿੱਲੀ ਵਿਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ 1984 ਦਾ ਮੰਦਭਾਗਾ ਕਤਲੇਆਮ ਹੋਇਆ, ਗੁਜਰਾਲ ਜੀ ਉਸ ਸ਼ਾਮ ਨਰਸਿਮਹਾ ਰਾਓ ਕੋਲ ਗਏ ਤੇ ਆਖਿਆ ਕਿ ਹਾਲਾਤ ਬਹੁਤ ਗੰਭੀਰ ਹਨ ਅਤੇ ਸਰਕਾਰ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਛੇਤੀ ਤੋਂ ਛੇਤੀ ਫੌਜ ਸੱਦ ਲਵੇ। ਜੇਕਰ ਉਸ ਵੇਲੇ ਇਹ ਸਲਾਹ ਮੰਨ ਲਈ ਗਈ ਹੁੰਦੀ ਤਾਂ ਸ਼ਾਇਦ 1984 ਦਾ ਸਿੱਖ ਕਤਲੇਆਮ ਟਾਲਿਆ ਜਾ ਸਕਦਾ ਸੀ। ਮਨਮੋਹਨ ਸਿੰਘ ਨੇ ਇਹ ਵੀ ਦੱਸਿਆ ਕਿ ਐਮਰਜੈਂਸੀ ਮਗਰੋਂ ਉਹਨਾਂ ਦੇ ਗੁਜਰਾਲ ਨਾਲ ਸਬੰਧ ਕਿਸ ਤਰ੍ਹਾਂ ਬਣੇ।
ਜ਼ਿਕਰਯੋਗ ਹੈ ਕਿ ਡਾ. ਮਨਮੋਹਨ ਸਿੰਘ ਦੇ ਖੁਲਾਸੇ ਅਨੁਸਾਰ 1984 ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਲਗਾਤਾਰ ਵਿਗੜ ਰਹੇ ਹਾਲਾਤ ਨੂੰ ਵੇਖਦਿਆਂ ਇੰਦਰ ਕੁਮਾਰ ਗੁਜਰਾਲ ਨੇ ਉਸੇ ਦਿਨ ਹੀ ਸ਼ਾਮ ਨੂੰ ਉਸ ਸਮੇਂ ਦੇ ਗ੍ਰਹਿ ਮੰਤਰੀ ਨਰਸਿਮਾ ਰਾਓ ਨੂੰ ਸੁਚੇਤ ਕਰਦਿਆਂ ਫ਼ੌਜ ਬੁਲਾਉਣ ਦੀ ਸਲਾਹ ਦਿੱਤੀ ਸੀ। ਜੇਕਰ ਉਸ ਵੇਲੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲਈ ਹੁੰਦੀ ਤਾਂ ਉਸ ਸਮੇਂ ਹੋਏ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ। ਧਿਆਨ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਦਿੱਲੀ ‘ਚ ਕਰਵਾਏ ਇਕ ਸਮਾਗਮ ‘ਚ ਸੰਬੋਧਨ ਕਰ ਰਹੇ ਸਨ। ਡਾ: ਮਨਮੋਹਨ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ‘ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਡਾ: ਮਨਮੋਹਨ ਸਿੰਘ ਨੇ ਆਈ.ਕੇ. ਗੁਜਰਾਲ ਨੂੰ ਦਿੱਤੀ ਸ਼ਰਧਾਂਜਲੀ ‘ਚ ਉਨ੍ਹਾਂ ਦੇ ਪੰਜਾਬ ਸਬੰਧੀ ਵਿਸ਼ੇਸ਼ ਮੋਹ ਦਾ ਵੀ ਜ਼ਿਕਰ ਕੀਤਾ। ਡਾ: ਸਿੰਘ ਨੇ ਗੁਜਰਾਲ ਦੇ ਮਾਸਕੋ ਵਿਖੇ ਭਾਰਤ ਦੇ ਰਾਜਦੂਤ ਰਹਿੰਦੇ ਸਮੇਂ ਦੌਰਾਨ ਕੁਝ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪੰਜਾਬ ‘ਚ ਵੱਧ ਰਹੇ ਖਾੜਕੂਵਾਦ ਨੂੰ ਲੈ ਕੇ ਅਕਸਰ ਫਿਕਰਮੰਦ ਰਹਿੰਦੇ ਸਨ ਅਤੇ ਹਰ ਆਉਣ-ਜਾਣ ਵਾਲੇ ਤੋਂ ਪੰਜਾਬ ‘ਚ ਹੀ ਰਹੀਆਂ ਸਰਗਰਮੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਸਨ। ਇੰਦਰ ਕੁਮਾਰ ਗੁਜਰਾਲ ਦੇ ਬੇਟੇ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਕਰਵਾਏ ਗਏ ਇਸ ਸਮਾਗਮ ‘ਚ ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਆਈ.ਕੇ.ਗੁਜਰਾਲ ਵਲੋਂ ਵਿਦੇਸ਼ ਨੀਤੀ ‘ਤੇ ਦਿੱਤੇ ਮੂਲ ਮੰਤਰ, ਜਿਸ ਨੂੰ ‘ਗੁਜਰਾਲ ਸਿਧਾਂਤ’ ਕਿਹਾ ਜਾਂਦਾ ਹੈ, ‘ਤੇ ਚਰਚਾ ਕੀਤੀ ਗਈ। ਕੀ ਗੁਜਰਾਲ ਸਿਧਾਂਤ ਜਿਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦਾ ਮੀਲ ਪੱਥਰ ਵੀ ਕਿਹਾ ਜਾਂਦਾ ਹੈ, ਅਜੋਕੇ ਸਮੇਂ ‘ਚ ਵੀ ਢੁਕਵਾਂ ਹੈ।
‘ਡਾ. ਮਨਮੋਹਨ ਸਿੰਘ ਨੇ ਦਿਲ ‘ਤੇ ਪਿਆ ਵੱਡਾ ਬੋਝ ਉਤਰਾਇਆ’
1984 ਕਤਲੇਆਮ ਸਬੰਧੀ ਡਾ. ਮਨਮੋਹਨ ਸਿੰਘ ਦੇ ਬਿਆਨ ਤੋਂ ਬਾਅਦ ਬਵਾਲ ਮਚ ਗਿਆ ਅਤੇ ਸਿਆਸੀ ਆਗੂਆਂ ਨੇ ਆਪੋ ਆਪਣੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1984 ਸਿੱਖ ਕਤਲੇਆਮ ਨੂੰ ਦੇਸ਼ ਦਾ ਸਭ ਤੋਂ ਵੱਡਾ ਕਤਲੇਆਮ ਦੱਸ ਕੇ ਆਪਣੇ ਦਿਲ ‘ਤੇ ਪਿਆ ਬੋਝ ਉਤਰਾਇਆ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਵੱਲੋਂ ਜੋ ਖ਼ੁਲਾਸਾ ਕੀਤਾ ਹੈ, ਸ਼ਾਇਦ ਹੀ ਕੋਈ ਵੱਡਾ ਕਾਂਗਰਸੀ ਆਗੂ ਕਰਦਾ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਬਿਆਨ ਨਾਲ ਕਾਂਗਰਸ ਦਾ ਚਿਹਰਾ ਬੇਨਕਾਬ ਹੋ ਗਿਆ ਹੈ ਅਤੇ ਹੁਣ ਕਿਸੇ ਵੀ ਸਬੂਤ ਦੀ ਲੋੜ ਨਹੀਂ ਹੈ। ਇਸੇ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਸਬੰਧੀ ਇਨਕੁਆਰੀ ਕਮਿਸ਼ਨ ਬਿਠਾਉਣਾ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਸ ਮਾਮਲੇ ਦੀ ਜਾਂਚ ਕਿਉਂ ਨਹੀਂ ਕਰਵਾਈ। ਇਸ ਦੇ ਚੱਲਦਿਆਂ ਭਾਜਪਾ ਆਗੂ ਤਰੁਣ ਚੁੱਘ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਨੂੰ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …