Breaking News
Home / ਮੁੱਖ ਲੇਖ / ਬੇਜ਼ੁਬਾਨ ਦੇਸ਼ : ਪਰਵਾਸੀ ਮਜ਼ਦੂਰਾਂ ਦੀ ਹੋਣੀ

ਬੇਜ਼ੁਬਾਨ ਦੇਸ਼ : ਪਰਵਾਸੀ ਮਜ਼ਦੂਰਾਂ ਦੀ ਹੋਣੀ

ਸਵਰਾਜਬੀਰ
ਨਵੀਂ ਤਰ੍ਹਾਂ ਦੀ ਮਾਨਸਿਕਤਾ ਜਨਮ ਲੈ ਰਹੀ ਹੈ। ਲੋਕ ਆਪਣੇ ਹੱਥਾਂ ਤੋਂ ਵੀ ਡਰਨ ਲੱਗ ਪਏ ਹਨ। ਉਹ ਘਰਾਂ ਵਿਚ ਬੰਦ ਹਨ, ਕੋਈ ਆ-ਜਾ ਨਹੀਂ ਰਿਹਾ। ਉਹ ਸਿਹਤਮੰਦ ਹਨ। ਫਿਰ ਅਚਾਨਕ ਘਰ ਦਾ ਕੁੰਡਾ ਖੋਲ੍ਹ ਕੇ ਉਹ ਬਾਹਰ ਆਉਂਦੇ ਹਨ। ਬਾਹਰ ਗਲੀਆਂ-ਸੜਕਾਂ ਭਾਂ-ਭਾਂ ਕਰ ਰਹੀਆਂ ਹਨ। ਉਹ ਵਾਪਸ ਘਰ ਦੇ ਅੰਦਰ ਚਲੇ ਜਾਂਦੇ ਹਨ। ਫਿਰ ਹੱਥ ਧੋਂਦੇ ਹਨ। ਕਿਉਂ? ਕਿਉਂਕਿ ਉਨ੍ਹਾਂ ਦੇ ਹੱਥ ਘਰਾਂ ਦੇ ਕੁੰਡੇ ਤੇ ਚਿਟਕਣੀਆਂ ਨੂੰ ਛੂਹ ਚੁੱਕੇ ਹਨ ਅਤੇ ਖ਼ਬਰਾਂ ਅਨੁਸਾਰ ਕਰੋਨਾਵਾਇਰਸ ਸਟੀਲ ਤੇ ਪਲਾਸਟਿਕ ‘ਤੇ ਚਾਰ ਦਿਨ ਤਕ ਜਿਊਂਦਾ ਰਹਿ ਸਕਦਾ ਹੈ ਪਰ ਘਰ ਤਾਂ ਕੋਈ ਆਇਆ ਈ ਨਹੀਂ ਤੇ ਕਿਸੇ ਨੇ ਘਰ ਦੇ ਕੁੰਡੇ ਤੇ ਚਿਟਕਣੀਆਂ ਨੂੰ ਛੂਹਿਆ ਈ ਨਹੀਂ।
ਇਹ ਮਾਨਸਿਕਤਾ ਸਭ ਵਰਗਾਂ ਵਿਚ ਨਹੀਂ ਹੈ। ਇਹ ਮਾਨਸਿਕਤਾ ਸਿਰਫ਼ ਉਚੇਰੇ ਵਰਗ, ਮੱਧ ਵਰਗ ਤੇ ਨਿਮਨ-ਮੱਧ ਵਰਗ ਦੇ ਲੋਕਾਂ ਵਿਚ ਹੈ। ਹੇਠਲੇ ਵਰਗ ਦੇ ਲੋਕਾਂ, ਦਿਹਾੜੀਦਾਰਾਂ, ਕਿਸਾਨਾਂ, ਮਜ਼ਦੂਰਾਂ, ਖੇਤ ਮਜ਼ਦੂਰਾਂ ਤੇ ਕਿਰਤੀਆਂ ਦੀਆਂ ਸਮੱਸਿਆਵਾਂ ਵੱਖਰੀਆਂ ਹਨ। ਦਿਹਾੜੀਦਾਰ ਮਜ਼ਦੂਰ ਇਸ ਲੌਕਡਾਊਨ ਤੇ ਕਰਫ਼ਿਊ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਾਡੇ ਦੇਸ਼ ਵਿਚ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਪਹਿਲਾਂ ਤਾਂ ਇਸ ਸਮੱਸਿਆ ਬਾਰੇ ਅਵੇਸਲੀਆਂ ਰਹੀਆਂ, ਤੇ ਫਿਰ ਲੋਕਾਂ ਵਿਚਕਾਰ ਫ਼ਾਸਲਾ ਬਣਾਉਣ ਲਈ ਅੱਭੜਵਾਹੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਨਾਲ ਲੋਕਾਂ ਵਿਚ ਡਰ ਤੇ ਸਹਿਮ ਵਧੇ। ਮੁੰਬਈ, ਕਲਕੱਤੇ, ਦਿੱਲੀ, ਲਖ਼ਨਊ ਅਤੇ ਹੋਰ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ‘ਤੇ ਘਰਾਂ ਨੂੰ ਵਾਪਸ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਦੀਆਂ ਭੀੜਾਂ ਦੱਸਦੀਆਂ ਹਨ ਕਿ ਉਨ੍ਹਾਂ ਦੇ ਮਨ ‘ਤੇ ਕੀ ਵਾਪਰੀ ਹੋਵੇਗੀ।
ਜਦ ਪ੍ਰਧਾਨ ਮੰਤਰੀ ਤੇ ਸਰਕਾਰਾਂ ਕਹਿ ਰਹੀਆਂ ਸਨ ਕਿ ਡਰਨ ਦੀ ਕੋਈ ਗੱਲ ਨਹੀਂ ਤਾਂ ਸਵਾਲ ਉੱਠਦਾ ਹੈ ਕਿ ਉਹ ਭੀੜਾਂ ਕਿਉਂ ਲੱਗੀਆਂ? ਕੀ ਲੋਕਾਂ ਨੂੰ ਪ੍ਰਧਾਨ ਮੰਤਰੀ ਤੇ ਸਰਕਾਰਾਂ ਵਿਚ ਵਿਸ਼ਵਾਸ ਨਹੀਂ ਹੈ? ਲੋਕ ਵਿਸ਼ਵਾਸ ਕਰਨ ਤੇ ਅਫ਼ਵਾਹਾਂ ਵਿਚਲੇ ਸੰਸਾਰ ਵਿਚ ਡਿਕਡੋਲੇ ਖਾ ਰਹੇ ਹਨ। ਇਨ੍ਹਾਂ ਲੋਕਾਂ ਦੇ ਮਨ ਵਿਚਲੇ ਸਹਿਮ ਬਾਰੇ ਕਲਪਨਾ ਹੀ ਕੀਤੀ ਜਾ ਸਕਦੀ ਹੈ।ਇਹ ਪਰਵਾਸੀ ਮਜ਼ਦੂਰ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਰਹਿੰਦੇ ਹਨ। ਘਰਾਂ ਤੋਂ ਦੂਰ ਤਾਂ ਫ਼ੌਜ, ਸੁਰੱਖਿਆ ਦਲ ਅਤੇ ਹੋਰ ਸਰਕਾਰੀ ਕਰਮਚਾਰੀ ਵੀ ਹਨ ਪਰ ਉਹ ਸਰਕਾਰ ਦੇ ਨੁਮਾਇੰਦੇ ਹਨ। ਦੇਸ਼ ਦੇ ਸੈਨਿਕ ਹੋਣ ਲਈ ਉਨ੍ਹਾਂ ਨੂੰ ਮਾਣ-ਸਨਮਾਨ, ਰਹਿਣ ਲਈ ਥਾਂ, ਇਲਾਜ ਕਰਾਉਣ ਲਈ ਹਸਪਤਾਲ, ਤਨਖਾਹਾਂ, ਭੱਤੇ ਅਤੇ ਸਮਾਜਿਕ ਸੁਰੱਖਿਆ ਮਿਲਦੀ ਹੈ ਜਿਸ ਦੇ ਉਹ ਯੋਗ ਅਧਿਕਾਰੀ ਹਨ। ਸਮਾਜ ਵਿਚ ਉਨ੍ਹਾਂ ਦਾ ਸਥਾਨ ਗੌਰਵਮਈ ਹੈ। ਪਰਵਾਸੀ ਮਜ਼ਦੂਰ ਭੀੜੀਆਂ ਤੇ ਗੰਦੀਆਂ ਬਸਤੀਆਂ ਤੇ ਸਲੱਮਜ਼ ਵਿਚ ਰਹਿੰਦੇ ਹਨ; ਇਕ ਇਕ ਛੋਟੇ ਕਮਰੇ ਵਿਚ ਪੰਜ-ਪੰਜ ਸੱਤ-ਸੱਤ ਜਣੇ; ਬਹੁਤੇ ਲੋਕਾਂ ਦੇ ਪਾਖਾਨਾ ਜਾਣ ਅਤੇ ਇਸ਼ਨਾਨ ਕਰਨ ਦਾ ਵੀ ਕੋਈ ਬੰਦੋਬਸਤ ਨਹੀਂ; ਰੁਜ਼ਗਾਰ ਦੀ ਵੀ ਕੋਈ ਗਾਰੰਟੀ ਨਹੀਂ। ਉਹ ਕਿਰਤੀ ਹਨ। ਘੱਟ ਉਜਰਤਾਂ ‘ਤੇ ਕੰਮ ਕਰਕੇ ਦੇਸ਼ ਦੀ ਦੌਲਤ ਵਧਾਉਣ ਵਿਚ ਸਭ ਤੋਂ ਵੱਡਾ ਹਿੱਸਾ ਪਾਉਂਦੇ ਹਨ। ਘੱਟ ਉਜਰਤਾਂ ‘ਤੇ ਕੰਮ ਕਰਾ ਕੇ ਵੱਡੀਆਂ ਸਨਅਤਾਂ ਤੇ ਕੰਪਨੀਆਂ ਹਰ ਤਿਮਾਹੀ ਹਜ਼ਾਰਾਂ ਕਰੋੜ ਦੇ ਮੁਨਾਫ਼ਿਆਂ ਦਾ ਐਲਾਨ ਕਰਦੀਆਂ ਹਨ ਜਿਹੜੇ ਕੰਪਨੀਆਂ ਦੇ ਹਿੱਸੇਦਾਰਾਂ ਤੇ ਸ਼ੇਅਰ-ਹੋਲਡਰਾਂ ਨੂੰ ਦਿੱਤੇ ਜਾਂਦੇ ਹਨ ਪਰ ਸਾਡਾ ਸਮਾਜ ਉਨ੍ਹਾਂ ਕਿਰਤੀਆਂ, ਜਿਹੜੇ ਇਹ ਮੁਨਾਫ਼ਾ ਕਮਾਉਣ ਵਿਚ ਆਪਣੇ ਮਾਲਕਾਂ ਲਈ ਲਹੂ-ਪਸੀਨੇ ਵਹਾਉਂਦੇ ਹਨ, ਦੀ ਉਹ ਇੱਜ਼ਤ ਨਹੀਂ ਕਰਦਾ ਜਿਹੜੀ ਕਿਰਤੀਆਂ ਦੀ ਹੋਣੀ ਚਾਹੀਦੀ ਹੈ।
ਪਰਵਾਸੀ ਮਜ਼ਦੂਰ ਆਪਣੇ ਦੇਸ਼ ਵਿਚ ਬੈਠਾ ਵੀ ਆਪਣੇ ‘ਦੇਸ’ ਭਾਵ ਆਪਣੇ ਘਰ ਤੋਂ ਦੂਰੀ, ਜਿਸ ਨੂੰ ਆਪ-ਸਹੇੜੀ ਜਲਾਵਤਨੀ ਕਿਹਾ ਜਾ ਸਕਦਾ ਹੈ, ਹੰਢਾਉਂਦਾ ਹੈ। ਇਹ ਉਸ ਦੀ ਹੋਣੀ ਹੈ। ਉਹ ਘਰ ਜਾਣ ਲਈ ਤਰਸਦਾ ਹੈ। ਵਰ੍ਹੇ ਵਿਚ ਉਹ 15-20 ਦਿਨ ਲਈ ਆਪਣੇ ਘਰ ਜਾਂਦਾ ਹੈ, ਆਪਣੇ ਮਾਂ-ਪਿਉ, ਬੀਵੀ, ਭੈਣ-ਭਰਾਵਾਂ, ਆਪਣੀ ਸੰਤਾਨ ਤੇ ਰਿਸ਼ਤੇਦਾਰਾਂ ਨੂੰ ਮਿਲਦਾ ਹੈ; ਇਹ ਦੋ-ਚਾਰ ਹਫ਼ਤੇ ਉਹਦੇ ਲਈ ‘ਬਸੰਤ’ ਹਨ; ਇਸ ‘ਬਸੰਤ’ ਤੋਂ ਬਾਅਦ ਉਹ ਆਪਣੇ ਕੰਮ ਕਰਨ ਵਾਲੇ ਸ਼ਹਿਰ ਆਪਣੀ ‘ਪੱਤਝੜ’ ਨੂੰ ਹੰਢਾਉਣ ਪਰਤ ਆਉਂਦਾ ਹੈ। ਇਹ ਪੱਤਝੜਾਂ ਉਹਦੀ ਉਮਰ ਜਾਂ ਜ਼ਿੰਦਗੀ ਬਣ ਜਾਂਦੀਆਂ ਹਨ। ਇਹ ਉਸ ਦੀ ਮਜਬੂਰੀ ਵੀ ਤੇ ਆਦਤ ਵੀ। ਘਰ ਤੋਂ ਦੂਰ ਉਹ ਕਿਰਤ ਕਰਦਾ ਹੋਇਆ ਮਨੁੱਖ ਵੀ ਹੈ ਤੇ ਮਨੁੱਖਤਾ ਤੋਂ ਦੂਰ ਵੀ। ਉਹ ਦੇਸ਼ ਦੀਆਂ ਮਜ਼ਬੂਤ ਪਾਰਟੀਆਂ ਤੇ ਆਗੂਆਂ ‘ਤੇ ਵਿਸ਼ਵਾਸ ਕਰਦਾ ਹੈ; ਉਨ੍ਹਾਂ ਦੀ ਹਰ ਗੱਲ ਨੂੰ ਸੱਚ ਕਰ ਕੇ ਜਾਣਦਿਆਂ ਉਹ ਉਨ੍ਹਾਂ ਦੀ ਪੂਜਾ ਕਰਦਾ ਤੇ ਉਨ੍ਹਾਂ ਨੂੰ ਵੋਟਾਂ ਪਾਉਂਦਾ ਹੈ। ਜਦ ਕਰੋਨਾਵਾਇਰਸ ਦਾ ਭੈਅ ਫੈਲਦਾ ਹੈ ਤਾਂ ਉਹ ਭੈ-ਭੀਤ ਹੁੰਦਾ ਹੈ। ਡਰਦਾ ਹੋਇਆ ਬੰਦਾ ਅਫ਼ਵਾਹਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਬਿਮਾਰੀ ਆਈ ਕਿ ਆਈ, ਤੇ ਉਸ ਨੇ ਇੱਥੇ ਹੀ ਮਰ ਜਾਣਾ ਹੈ। ਉਸ ਨੂੰ ਘਰ ਦੀ ਯਾਦ ਆਉਂਦੀ ਹੈ। ਉੱਧਰ ਕਾਰਖਾਨੇ, ਕਾਰੋਬਾਰ ਤੇ ਵਪਾਰਕ ਅਦਾਰੇ ਬੰਦ ਹੋਣ ਲੱਗ ਪਏ ਹਨ। ਉਸ ਕੋਲ ਕੁਝ ਪੈਸੇ ਤੇ ਕੁਝ ਦਿਨਾਂ ਲਈ ਰਾਸ਼ਨ ਹੈ। ਸਰਕਾਰ ਦੀ ਸਲਾਹ ਕਿ ਡਰਨ ਦੀ ਕੋਈ ਲੋੜ ਨਹੀਂ, ਉਸ ਨੂੰ ਜਚ ਨਹੀਂ ਰਹੀ। ਕਰੋੜਾਂ ਬੰਦਿਆਂ ਦੇ ਸ਼ਹਿਰ ਵਿਚ ਉਹ ਇਕਲਾਪਾ ਭੋਗਦਾ ਹੈ। ਉਹ ਆਪਣੇ ਘਰ ਪਹੁੰਚ ਜਾਣਾ ਚਾਹੁੰਦਾ ਹੈ; ਹੋ ਸਕਦਾ ਹੈ ਉਹਦੇ ਅਚੇਤ ਵਿਚ ਇਹ ਡਰ ਹੋਵੇ ਕਿ ਜੇ ਮਰਨਾ ਵੀ ਹੈ ਤਾਂ ਆਪਣੇ ਘਰ ਦੇ ਲੋਕਾਂ ਵਿਚ ਜਾ ਕੇ ਮਰਿਆ ਜਾਵੇ। ਉਹ ਫਟਾ-ਫਟ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆ ਵੱਲ ਭੱਜਦਾ ਹੈ; ਉਹ ਆਪਣੇ ਮਹਾਨ ਆਗੂ ਦਾ ਸੰਦੇਸ਼ ਕਿ ਇਕ-ਦੂਜੇ ਤੋਂ ਦੂਰੀ ਬਣ ਕੇ ਰੱਖੋ, ਭੁੱਲ ਜਾਂਦਾ ਹੈ।
ਸਟੇਸ਼ਨ ‘ਤੇ ਬੰਦੇ ‘ਤੇ ਬੰਦਾ ਚੜ੍ਹਿਆ ਹੈ। ਸਰੀਰਾਂ ਵਿਚ ਕੋਈ ਦੂਰੀ ਨਹੀਂ। ਰੇਲ ਗੱਡੀਆਂ ਦੇ ਡੱਬੇ ਤੂਸੇ ਹੋਏ ਹਨ। ਕੁਝ ਪਰਵਾਸੀ ਮਜ਼ਦੂਰ ਪੂਰੀ ਵਾਹ ਲਾ ਕੇ ਗੱਡੀ ‘ਤੇ ਚੜ੍ਹ ਜਾਂਦੇ ਹਨ ਤੇ ਕਈ ਸਟੇਸ਼ਨਾਂ ‘ਤੇ ਪਹੁੰਚਣ ਬਾਅਦ 100-300 ਕਿਲੋਮੀਟਰ ਤੇ ਕਈ ਇਸ ਤੋਂ ਵੱਧ ਫ਼ਾਸਲਾ ਪੈਦਲ ਤੁਰ ਕੇ ਘਰ ਪਹੁੰਚਦੇ ਹਨ। ਅਗਲੇ ਦਿਨ ਤੋਂ ਰੇਲ ਗੱਡੀਆਂ ਚੱਲਣੀਆਂ ਬੰਦ ਕਰਾ ਦਿੱਤੀਆਂ ਗਈਆਂ। ਜਿਹੜੇ ਰੇਲ-ਗੱਡੀਆਂ ‘ਤੇ ਨਹੀਂ ਚੜ੍ਹ ਸਕੇ, ਉਹ ਵਾਪਸ ਰੁਜ਼ਗਾਰ ਦੇ ਸ਼ਹਿਰ ਵਾਲੀਆਂ ਬਸਤੀਆਂ ਤੇ ਸਲੱਮਜ਼ ਵਿਚ ਆ ਬੈਠੇ ਹਨ ਜਿੱਥੇ ਸਰਕਾਰ ਦੁਆਰਾ ਸਮਾਜਿਕ ਦੂਰੀ ਰੱਖਣ ਦਾ ਆਦੇਸ਼ ਲਾਗੂ ਹੀ ਨਹੀਂ ਹੋ ਸਕਦਾ। ਦੇਸ਼ ਦੇ ਮੱਧ ਅਤੇ ਕੁਲੀਨ ਵਰਗ ਦੇ ਲੋਕ ਸਟੇਸ਼ਨਾਂ ‘ਤੇ ਰੇਲ ਗੱਡੀਆਂ ਵਿਚਲੀ ਭੀੜ ਨੂੰ ਵੇਖ ਕੇ ਥੂਹ ਥੂਹ ਕਰਦੇ ਟਿੱਪਣੀ ਕਰਦੇ ਹਨ, ”ਇਨ੍ਹਾਂ ਲੋਕਾਂ ਨੂੰ ਅਕਲ ਨਹੀਂ ਆ ਸਕਦੀ ।”
ਸਿਧਾਂਤਕ ਤੌਰ ‘ਤੇ ਇਹ ਕਹਿਣਾ ਕਿ ਕਿਰਤੀਆਂ ਦਾ ਕੋਈ ਵਤਨ ਨਹੀਂ ਹੁੰਦਾ, ਬਹੁਤ ਸੌਖਾ ਹੈ; ਇਸ ਦੇ ਉਲਟ ਕਿਰਤੀ ਦਾ ਘਰ ਹੁੰਦਾ ਹੈ, ਉਸ ਦੇ ਮਾਪੇ, ਭੈਣ, ਭਰਾ, ਪਤਨੀ ਤੇ ਸੰਤਾਨ ਹੁੰਦੀ ਹੈ; ਉਹ ਆਪਣੀ ਜਨਮ-ਭੋਇੰ, ਜਿੱਥੇ ਉਸ ਨੂੰ ਦੁਰਕਾਰਿਆ ਗਿਆ, ਨਾਲ ਜੁੜਿਆ ਹੁੰਦਾ ਹੈ।
ਇਹ ਸਵਾਲ ਜ਼ਰੂਰ ਪੁੱਛਿਆ ਜਾਵੇਗਾ ਕਿ 21 ਦਿਨ ਲੰਮੇ ਲੌਕਡਾਊਨ ਤੋਂ ਪਹਿਲਾਂ ਕੀ ਤਿਆਰੀ ਕੀਤੀ ਗਈ? ਦੇਸ਼ ਦੇ ਕਰੋੜਾਂ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ, ਬਿਰਧਾਂ ਤੇ ਵਿਧਵਾਵਾਂ ਬਾਰੇ ਕੀ ਯੋਜਨਾ ਬਣਾਈ ਗਈ? ਲੋਕਾਂ ਨੂੰ ਆਪਣੇ ਘਰਾਂ ਵਿਚ ਪਹੁੰਚਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਘਰਾਂ ਵਿਚ ਪਹੁੰਚਾਉਣ ਦੇ ਕੀ ਪ੍ਰਬੰਧ ਕੀਤੇ ਗਏ?
ਇਹ ਕਿਹਾ ਜਾ ਸਕਦਾ ਹੈ ਕਿ ਮਹਾਨ ਆਗੂਆਂ ਨੂੰ ਸਵਾਲ ਨਹੀਂ ਪੁੱਛੇ ਜਾਂਦੇ। ਨੋਟਬੰਦੀ ਦੀ ਮਾਰ ਵੀ ਹਰ ਵਰਗ ‘ਤੇ ਪਈ ਸੀ ਪਰ ਜ਼ਿਆਦਾ ਕਹਿਰ ਹੇਠਲੇ ਵਰਗ ਦੇ ਲੋਕਾਂ ਨੂੰ ਝੱਲਣਾ ਪਿਆ ਸੀ। ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਕਈ ਨੋਟ ਵਟਾਉਣ ਲਈ ਲੱਗੀਆਂ ਲਾਈਨਾਂ ਵਿਚ ਖੜ੍ਹੇ ਖੜ੍ਹੇ ਫ਼ੌਤ ਹੋ ਗਏ। ਉਦੋਂ ਸਾਡੇ ਮਹਾਨ ਆਗੂ ਨੇ ਕਿਹਾ ਸੀ ਕਿ ਇਹ ਨੋਟਬੰਦੀ ਬਹੁਤ ਵੱਡੀ ਮਾਤਰਾ ਵਿਚ ਕਾਲਾ ਧਨ ਬਾਹਰ ਲਿਆਏਗੀ, ਅਤਿਵਾਦ ਤੇ ਮਾਓਵਾਦ ਦਾ ਖ਼ਾਤਮਾ ਹੋ ਜਾਏਗਾ ਅਤੇ ਦੇਸ਼ ਤੇਜ਼ੀ ਨਾਲ ਤਰੱਕੀ ਕਰਨ ਲੱਗ ਪਏਗਾ। ਹੋਇਆ ਇਸ ਤੋਂ ਉਲਟ। ਅਰਥਚਾਰੇ ਨੇ ਇਹੋ ਜਿਹਾ ਗੋਤਾ ਖਾਧਾ ਕਿ ਹੁਣ ਤਕ ਨਹੀਂ ਸੰਭਲਿਆ। ਦੇਸ਼ ਦਾ ਕੁੱਲ ਘਰੇਲੂ ਉਤਪਾਦਨ 7.8 ਫ਼ੀਸਦੀ ਤੋਂ ਘਟ ਕੇ 4.5 ਫ਼ੀਸਦੀ ਰਹਿ ਗਿਆ ਹੈ। ਬੇਰੁਜ਼ਗਾਰੀ ਸਿਖ਼ਰਾਂ ‘ਤੇ ਹੈ ਅਤੇ ਵੱਖ ਵੱਖ ਸਨਅਤਾਂ ਵਿਚ ਮੰਦੀ ਕਾਰਨ ਲੱਖਾਂ ਲੋਕ ਨੌਕਰੀਆਂ ਤੋਂ ਹੱਥ ਧੋ ਚੁੱਕੇ ਹਨ। ਮਹਾਨ ਆਗੂ ਦੇਸ਼ ਦੇ ਸਾਹਮਣੇ ਹਮੇਸ਼ਾ ਨਵੇਂ ਟੀਚੇ ਰੱਖ ਦਿੰਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਵਿਕਾਸ, ਜਿਸ ਦਾ ਉਸ ਨੇ 2014 ਵਿਚ ਵਾਅਦਾ ਕੀਤਾ ਸੀ, ਦਾ ਹਿਸਾਬ ਦੇਣ ਦੀ ਥਾਂ ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐੱਫ਼ ਦੇ ਜਵਾਨਾਂ ਦੀ ਕੁਰਬਾਨੀ ਦੀ ਓਟ ਲਈ। ਦਹਿਸ਼ਤਗਰਦ ਹਮਲੇ ਤੋਂ ਬਾਅਦ ਹਵਾਈ ਫ਼ੌਜ ਦੁਆਰਾ ਪਾਕਿਸਤਾਨ ਵਿਚ ਬਾਲਾਕੋਟ ਨਾਂ ਦੇ ਸਥਾਨ ‘ਤੇ ਕੀਤੀ ਗਈ ਬੰਬਾਰੀ ਦਾ ਸਿਹਰਾ ਆਪਣੇ ਸਿਰ ਸਜਾਉਂਦਿਆਂ ਮਹਾਨ ਆਗੂ ਨੇ ਲੋਕਾਂ ਨੂੰ ਦੱਸਿਆ ਕਿ ਉਹੀ ਐਸਾ ਨੇਤਾ ਹੈ ਜਿਹੜਾ ਪਾਕਿਸਤਾਨ ਦੇ ਘਰ ਅੰਦਰ ਜਾ ਕੇ ਉਨ੍ਹਾਂ ਨੂੰ ਮਾਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਸ਼ਹਿ ਦਿੰਦਾ ਰਿਹਾ ਹੈ ਪਰ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਪਾਕਿਸਤਾਨ ਨੂੰ ਖ਼ੁਦ ਵੀ ਦਹਿਸ਼ਗਰਦਾਂ ਹੱਥੋਂ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਪਾਕਿਸਤਾਨ-ਵਿਰੋਧ ਅਤੇ ਦੇਸ਼ ਦੀ ਵੱਡੀ ਘੱਟਗਿਣਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਇਸ ਦੇ ਸਿਰ ਉੱਤੇ ਚੋਣਾਂ ਜਿੱਤਣਾ ਲੋਕਾਂ ਨੂੰ ਕੁਰਾਹੇ ਪਾਉਣਾ ਹੈ। ਵੱਡਾ ਦੁਖਾਂਤ ਇਹ ਹੈ ਕਿ ਇਹ ਕੁਰਾਹਾ ਸਾਡੇ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਦੀ ਸ਼ਾਹ-ਰਾਹ ਬਣ ਗਿਆ ਹੈ।
2019 ਵਿਚ ਵੱਡੀ ਬਹੁਗਿਣਤੀ ਵਿਚ ਸੀਟਾਂ ਜਿੱਤ ਕੇ ਮਹਾਨ ਆਗੂ ਨੇ ਆਪਣੀ ਪਾਰਟੀ ਦੇ ਸਾਰੇ ਏਜੰਡੇ ਨੂੰ ਛੇਤੀ ਤੋਂ ਛੇਤੀ ਲਾਗੂ ਕਰਨੇ ਸ਼ੁਰੂ ਕੀਤੇ। ਅਗਸਤ 2019 ਵਿਚ ਧਾਰਾ 370 ਮਨਸੂਖ਼ ਕਰਕੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ। ਉੱਥੇ ਏਨੀ ਵੱਡੀ ਪੱਧਰ ‘ਤੇ ਪਾਬੰਦੀਆਂ ਲਗਾਈਆਂ ਗਈਆਂ ਜਿਸ ਦਾ ਨਜ਼ਾਰਾ ਹੁਣ ਸਾਰੇ ਦੇਸ਼ ਨੂੰ ਵੇਖਣ ਨੂੰ ਮਿਲ ਰਿਹਾ ਹੈ। ਅਰਥਚਾਰੇ ਦੀ ਠੀਕ ਸਾਂਭ-ਸੰਭਾਲ ਨਾ ਹੋਣ ਕਾਰਨ ਕੇਂਦਰੀ ਬੈਂਕ- ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਆਪਣੇ ਰਾਖਵੇਂ ਫੰਡ ਵਿਚੋਂ 1 ਲੱਖ 67 ਹਜ਼ਾਰ ਕਰੋੜ ਰੁਪਏ ਦੇਣ ਲਈ ਕਿਹਾ ਗਿਆ। ਅਜਿਹਾ ਪੈਸਾ ਜੰਗ ਜਾਂ ਹੁਣ ਲੋਕਾ ‘ਤੇ ਕਹਿਰ ਢਾਹ ਰਹੀ ਮਹਾਮਾਰੀ ਜਿਹੇ ਹਾਲਾਤ ਨਾਲ ਲੜਨ ਲਈ ਵਰਤਿਆ ਜਾਂਦਾ ਹੈ। ਸਾਰੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਵਿਸਾਰਦੇ ਹੋਏ ਮਹਾਨ ਆਗੂ ਦੀ ਅਗਵਾਈ ਵਿਚ ਕਰਨਾਟਕ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਗ਼ੈਰ-ਜਮਹੂਰੀ ਤਰੀਕੇ ਨਾਲ ਤੁੜਵਾਈਆਂ ਗਈਆਂ ਤੇ ਭਾਜਪਾ ਦਾ ਰਾਜ ਸਥਾਪਿਤ ਕੀਤਾ ਗਿਆ।
ਇਸੇ ਲੀਹ ‘ਤੇ ਚਲਦਿਆਂ ਅਸਾਮ ਵਿਚ ਨਾਗਰਿਕਾਂ ਦੇ ਕੌਮੀ ਰਜਿਸਟਰ ਦੀ ਕਾਰਵਾਈ ਅਸਫ਼ਲ ਹੋ ਜਾਣ ਬਾਅਦ ਨਾਗਰਿਕਤਾ ਸੋਧ ਕਾਨੂੰਨ ਪਾਸ ਕੀਤਾ ਗਿਆ ਜਿਸ ਵਿਚ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਵਸਦੇ ਗ਼ੈਰ-ਮੁਸਲਿਮ ਫ਼ਿਰਕਿਆਂ ਨੂੰ ਨਾਗਰਿਕਤਾ ਦੇਣ ਦਾ ਆਧਾਰ ਧਰਮ ਨੂੰ ਬਣਾਇਆ ਗਿਆ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਚ ਫ਼ੀਸਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਅਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋਏ ਅੰਦੋਲਨਾਂ ਦੌਰਾਨ ਗੁੰਡਿਆਂ ਅਤੇ ਪੁਲੀਸ ਨੇ ਯੂਨੀਵਰਸਿਟੀਆਂ ਵਿਚ ਦਾਖ਼ਲ ਹੋ ਕੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨਾਲ ਕੁੱਟਮਾਰ ਕੀਤੀ। ਇਨ੍ਹਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ‘ਟੁਕੜੇ ਟੁਕੜੇ ਗੈਂਗ’ ਅਤੇ ‘ਦੇਸ਼ ਧਰੋਹੀ’ ਦੱਸਿਆ ਗਿਆ। ਸ਼ਾਹੀਨ ਬਾਗ਼ ਅਤੇ ਹੋਰ ਥਾਵਾਂ ‘ਤੇ ਲੱਗੇ ਮੋਰਚਿਆਂ ਨੂੰ ਪਾਕਿਸਤਾਨ ਦੀ ਸ਼ਹਿ ‘ਤੇ ਹੁੰਦੇ ਅੰਦੋਲਨ ਦਰਸਾਇਆ ਗਿਆ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਦੇਸ਼ ਦੇ ਵੱਡੇ ਘੱਟਗਿਣਤੀ ਫ਼ਿਰਕੇ ਨੂੰ ਗੱਦਾਰ ਦੱਸਦਿਆਂ ‘ਦੇਸ਼ ਕੋ ਗੱਦਾਰੋਂ ਕੋ, ਗੋਲੀ ਮਾਰੋ ਕੋ’ ਦੇ ਨਾਅਰੇ ਬੁਲੰਦ ਕੀਤੇ ਗਏ।
ਮਾਰਚ ਵਿਚ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਲੌਕਡਾਊਨ ਦਾ ਐਲਾਨ ਕੀਤਾ ਗਿਆ। ਇਉਂ ਲੱਗਦਾ ਹੈ ਜਿਵੇਂ ਸਾਡੇ ਦੇਸ਼ ਦੇ ਲੋਕ ਬੇਜ਼ੁਬਾਨ ਹੋ ਗਏ ਹੋਣ। ਉਨ੍ਹਾਂ ਨੇ ਪਹਿਲਾਂ ਵੀ ਇਸ ਮਹਾਨ ਆਗੂ ਨੂੰ ਕੋਈ ਸਵਾਲ ਨਹੀਂ ਪੁੱਛਿਆ ਅਤੇ ਹੁਣ ਵੀ ਉਨ੍ਹਾਂ ਦੀ ਵੱਡੀ ਗਿਣਤੀ ਉਸ ਦੇ ਭਾਸ਼ਣ ‘ਤੇ ਤਾਲੀਆਂ ਮਾਰਨ ਵਿਚ ਮਗਨ ਹਨ।
ਪਰਵਾਸੀ ਮਜ਼ਦੂਰਾਂ ਵਿਚੋਂ ਬਹੁਤੇ ਉਸੇ ਮਹਾਨ ਆਗੂ ਦੇ ਭਗਤ ਹਨ। ਅੱਜ ਉਹ ਲੰਮੀਆਂ ਵਾਟਾਂ ਝਾਗ ਕੇ ਆਪਣੇ ਘਰਾਂ ਨੂੰ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੁਝ ਆਪਣੀਆਂ ਆਪਣੀਆਂ ਬਸਤੀਆਂ ਵਿਚ ਨਜ਼ਰਬੰਦ ਹਨ। ਇਸ ਦੇਸ਼ ਵਿਚ ਸਵਾਲ ਪੁੱਛਣ ਵਾਲੇ ਲੋਕਾਂ ਨੂੰ ‘ਦੇਸ਼ ਧਰੋਹੀ’ ਜਾਂ ‘ਸ਼ਹਿਰੀ ਨਕਸਲੀ’ ਕਹਿ ਕੇ ਗਰਦਾਨਿਆ, ਜੇਲ੍ਹਾਂ ਵਿਚ ਡੱਕਿਆ ਅਤੇ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਹੈ। ਸਵਾਲ ਇਹ ਹੈ ਕਿ ਕੀ ਇਹ ਦੇਸ਼ ਬੇਜ਼ੁਬਾਨਾਂ ਦਾ ਦੇਸ਼ ਬਣਦਾ ਜਾ ਰਿਹਾ ਹੈ? ਕੀ ਇਹ ਪਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਹੋਰ ਕਰੋੜਾਂ ਸਾਥੀ, ਜਿਨ੍ਹਾਂ ਵਿਚ ਕਿਸਾਨ, ਖੇਤ ਮਜ਼ਦੂਰ ਅਤੇ ਹੋਰ ਖੇਤਰਾਂ ਦੇ ਕਾਮੇ ਸ਼ਾਮਲ ਹਨ, ਇਸ ਆਗੂ ਤੋਂ ਇਸ ਲੌਕਡਾਊਨ ਬਾਰੇ ਕੋਈ ਸਵਾਲ ਨਹੀਂ ਪੁੱਛਣਗੇ?
-ਲੇਖਕ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਹਨ
(ਪੰਜਾਬੀ ਟ੍ਰਿਬਿਊਨ ‘ਚੋਂ ਧੰਨਵਾਦ ਸਹਿਤ)

Check Also

ਜਮਾਤੀ ਤੇ ਜਾਤੀ ਦਰਾੜਾਂ ਬਨਾਮ ਪੇਂਡੂ ‘ਸਾਂਝ’

ਜਤਿੰਦਰ ਸਿੰਘ ਪਿਛਲੇ ਦਿਨੀਂ ਪਿੰਡਾਂ ਵਿਚਲੀ ਕਿਸਾਨ-ਮਜ਼ਦੂਰ ‘ਸਾਂਝ’ ਬਾਰੇ ਫਿਰ ਚਰਚਾ ਛਿੜੀ ਹੈ। ਕਾਰਨ ਝੋਨੇ …