Breaking News
Home / ਮੁੱਖ ਲੇਖ / ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ :

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ :

ਨਸਲਵਾਦ ਤੇ ਬਸਤੀਵਾਦ ਦੇ ਖ਼ਿਲਾਫ਼ ਸ਼ਹਾਦਤਾਂ ਦੇਣ ਵਾਲੇ ਗ਼ਦਰੀ ਯੋਧੇ ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ
ਡਾ. ਗੁਰਵਿੰਦਰ ਸਿੰਘ
ਦੁਨੀਆਂ ਦੀਆਂ ਮਹਾਨ ਕੌਮਾਂ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਉਸ ਤੋਂ ਸੇਧ ਲੈ ਕੇ ਵਰਤਮਾਨ ਵਿਚ ਜੂਝਦੀਆਂ ਅਤੇ ਭਵਿੱਖ ਲਈ ਨਵੇਂ ਦਿਸਹੱਦੇ ਕਾਇਮ ਕਰਦੀਆਂ ਹਨ। ਸੰਸਾਰ ਪ੍ਰਸਿੱਧ ਲਿਖਾਰੀ ਰਸੂਲ ਹਮਜ਼ਾਤੋਵ ‘ਮੇਰਾ ਦਾਗਿਸਤਾਨ’ ‘ਚ ਲਿਖਦਾ ਹੈ ਕਿ ਜੇਕਰ ਬੀਤੇ ‘ਤੇ ਪਿਸਤੌਲ ਨਾਲ ਗੋਲ਼ੀ ਚਲਾਓਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਬਰਾਹਿਮ ਲਿੰਕਨ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਭਵਿੱਖ ਵਿਚ ਕੁਝ ਵੀ ਨਹੀਂ ਸਿਰਜ ਸਕਦੀਆਂ। ਸਾਡੇ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ ਕਿ ਅਸੀਂ ਆਪਣਾ ਇਤਿਹਾਸ ਅਤੇ ਵਿਰਸਾ ਵਿਸਾਰਦੇ ਜਾ ਰਹੇ ਹਾਂ। ਅਜਿਹੀ ਹੀ ਇਕ ਇਤਿਹਾਸਕ ਗਾਥਾ, ਜੋ ਅਸੀਂ ਵਿਸਾਰ ਦਿੱਤੀ ਹੈ, ਆਓ ਉਸ ਦੀ ਸਾਂਝ ਪਾਉਂਦੇ ਹਾਂ।
ਇਹ ਗੌਰਵਮਈ ਗਾਥਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ ‘ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ ‘ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ । ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਅਰਦਾਸ ਹੋਣ ਹੀ ਲੱਗੀ ਸੀ ਕਿ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲਾ ਜਿਆਣ ਨੇ ਦੋਵਾਂ ਹੱਥਾਂ ‘ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ ‘ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ ‘ਚ ਖੜ੍ਹੇ ਇਕ ਹੋਰ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ। ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ‘ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਇਸ ਗੋਲ਼ੀਬਾਰੀ ‘ਚ ਅੱਠ ਹੋਰ ਬੰਦੇ ਵੀ ਜ਼ਖਮੀ ਹੋ ਗਏ । ਹਮਲਾਵਰ ਨੂੰ ਬਤਨ ਸਿੰਘ ਵਲੋਂ ਫੜਨ ਕਰਕੇ, ਉਲਝੇ ਬੇਲੇ ਜਿਆਣ ਦਾ ਨਿਸ਼ਾਨਾ ਚੂਕ ਜਾਣ ਕਾਰਨ, ਮਹਾਨ ਯੋਧੇ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਬਚਾਅ ਹੋ ਗਿਆ, ਜੋ ਉਸ ਵੇਲੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਨ ਤੇ ਤਾਬਿਆਂ ‘ਚ ਚੌਰ ਕਰ ਰਹੇ ਸਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ‘ਚੋਂ ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ ਤੇ ਭਾਈ ਬਤਨ ਸਿੰਘ ਪਿੰਡ ਦਲੇਲ ਸਿੰਘ ਵਾਲਾ ਸ਼ਹੀਦੀ ਪਾ ਗਏ ਤੇ ਬਾਕੀਆਂ ਦਾ ਇਲਾਜ ਚੱਲਦਾ ਰਿਹਾ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰਕੇ ਭਾਰਤ ਭੇਜ ਦਿੱਤਾ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਬੇਲਾ ਜਿਆਣ ਨੂੰ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। 108 ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ ‘ਤੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਇਹ ਕੋਈ ਸਾਧਾਰਨ ਘਟਨਾ ਨਹੀਂ , ਸਗੋਂ ਉੱਤਰੀ ਅਮਰੀਕਾ ਦੇ ਇਤਿਹਾਸ ‘ਚ ਗੁਰਦੁਆਰੇ ਅੰਦਰ ਪਾਈਆਂ ਗਈਆਂ ਸ਼ਹੀਦੀਆਂ ਦੀ ਤਰਜਮਾਨੀ ਕਰਦਾ ਗੌਰਵਮਈ ਇਤਿਹਾਸਕ ਅਧਿਆਇ ਹੈ, ਜਿਸ ਵਿੱਚ ਕੈਨੇਡਾ ਦੇ ਮੋਢੀ ਸਿੱਖ ਸ਼ਹੀਦਾਂ ਦੀ ਕੁਰਬਾਨੀ ਅੰਕਤ ਹੈ।
ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ‘ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਉਨ੍ਹਾਂ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਤੇ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ ‘ਗੁਰੂ ਨਾਨਕ ਜਹਾਜ਼’ ਕੌਮਾਗਾਟਾਮਾਰੂ ਦੇ ਮੁਸਾਫ਼ਰਾਂ ਦੇ ਹੱਕ ਵਿੱਚ ਅਗਵਾਈ ਕੀਤੀ। ਇਸ ਤੋਂ ਇਲਾਵਾ ਕੈਨੇਡਾ ‘ਚੋਂ ਭਾਰਤੀਆਂ ਨੂੰ ਕੱਢ ਕੇ ਹੋਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ ਤਮਗੇ, ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚਲੇ ਨਸਲਵਾਦ ਅਤੇ ਭਾਰਤ ਵਿਚਲੇ ਬਸਤੀਵਾਦ ਖਿਲਾਫ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਮਗਰੋਂ ਸ਼ਹੀਦੀ ਪਾਈ। ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦਕਿ ਆਪ ਦਾ ਸਹੀ ਨਾਂ ਬਤਨ ਸਿੰਘ, ਭਾਵ ਵਤਨ, ਦੇਸ਼ ਸ਼ਬਦ ਤੋਂ ਹੈ। ਖ਼ੈਰ ਨਾਂ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ ਵਤਨ ਲਈ ਦਿੱਤੀ, ਉੱਥੇ ਆਪਣਾ ਬਦਨ ਭਾਵ ਤਨ ਕੌਮ ਲਈ ਸਮਰਪਿਤ ਕਰ ਦਿੱਤਾ। ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਅਸੀਂ ਪੂਰੀ ਤਰ੍ਹਾਂ ਅਣਜਾਣ ਹਾਂ। ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ ਦੀਆਂ ਸ਼ਹੀਦੀਆਂ ਦੀ ਇਹ ਇਤਿਹਾਸਕ ਵਾਰਤਾ ਸਾਡੇ ਮਨਾਂ ਵਿੱਚੋਂ ਵਿਸਰ ਚੁੱਕੀ ਹੈ, ਹਾਲਾਂਕਿ ਇਨ੍ਹਾਂ ਸ਼ਹਾਦਤਾਂ ਮਗਰੋਂ ਮਹਾਨ ਗ਼ਦਰੀ ਯੋਧੇ ਅਤੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਨੇ 21 ਅਕਤੂਬਰ 1914 ਈਸਵੀ ਨੂੰ ਵੈਨਕੂਵਰ ਦੀ ਕਚਹਿਰੀ ‘ਚ ਅੰਗਰੇਜ਼- ਭਾਰਤੀ ਵਿਲੀਅਮ ਹੌਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ 11 ਜਨਵਰੀ 1915 ਨੂੰ ਹਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ ਸੀ। ਇਹ ਯੋਧੇ ਜਿੱਥੇ ਸਿੱਖ ਕੌਮ ਦੇ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ।
ਸ਼ਹੀਦ ਭਾਈ ਭਾਗ ਸਿੰਘ ਆਪਣੇ ਕੇਵਲ 32 ਮਹੀਨਿਆਂ ਦੇ ਪੁੱਤਰ ਜੋਗਿੰਦਰ ਸਿੰਘ ਸਣੇ ਅਮਰੀਕਾ ਦੀ ਸੂਮਸ ਜੇਲ ‘ਚ ਬੰਦ ਹੋੇਏ ਅਤੇ ਮਗਰੋਂ ਆਜ਼ਾਦੀ ਅਤੇ ਇਨਸਾਫ਼ ਲਈ ਜਾਨ ਵੀ ਕੁਰਬਾਨ ਕਰ ਦਿੱਤੀ। ਭਾਈ ਬਤਨ ਸਿੰਘ ਨੇ ਗੋਲ਼ੀਆਂ ਵਰ੍ਹਾ ਰਹੇ ਸਰਕਾਰੀ ਮੁਖਬਰ ਬੇਲੇ ਨੂੰ ਧੌਣ ਤੋਂ ਧੂਹ ਕੇ, ਖੁਦ ਮੌਤ ਨੂੰ ਸੱਦਾ ਦਿੱਤਾ। ਸ਼ਹੀਦ ਭਾਈ ਮੇਵਾ ਸਿੰਘ ਨੇ ਇਨ੍ਹਾਂ ਦੇ ਦੋਸ਼ੀ ਵਿਲੀਅਮ ਹੌਪਕਿਨਸਨ ਨੂੰ ਸੋਧਣ ਲਈ ਹਥਿਆਰ ਚੁੱਕਿਆ ਤੇ ਲਾੜੀ ਮੌਤ ਨਾਲ ਵਿਆਹ ਸਜਾਇਆ। ਅੱਜ ਕੈਨੇਡਾ-ਅਮਰੀਕਾ ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਕਲਪ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ।
ਅੱਜ ਲਾਲ ਕਿਲੇ ‘ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ ‘ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੇ ਸੰਘਰਸ਼ ਕਰਨ ਵਾਲੇ ਗਦਰ ਲਹਿਰ ਦੇ ਯੋਧਿਆਂ ਦੀਆਂ, ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲੀਆਂ ਮਹਾਨ ਕੁਰਬਾਨੀਆਂ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗ਼ਦਰੀ ਯੋਧਿਆਂ ਦੇ ਸ਼ਹੀਦੀ ਦਿਹਾੜੇ ਭਾਰਤ ਵਿੱਚ ਕਿਉਂ ਨਹੀਂ ਮਨਾਏ ਜਾਂਦੇ ? ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ, ਭਾਰਤ ਨੂੰ ਇਨ੍ਹਾਂ ਯੋਧਿਆਂ ਦੇ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ‘ਤੇ ਨਹੀਂ ਮਨਾਉਣੇ ਚਾਹੀਦੇ? ਅੱਜ ਪੰਜਾਬ ‘ਚ ਖਾਸ ਕਰਕੇ ਅਤੇ ਭਾਰਤ ‘ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਹੜੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ‘ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕੀਤਾ ਜਾਂਦਾ ਹੈ ?
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਹੜੀ ਜਮਾਤ ਦੇ ਸਿਲੇਬਸ ‘ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ ‘ਚ ਉਚੇਰੇ ਰੂਪ ‘ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ ‘ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ? ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ ‘ਨਾਂਹ’ ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ। ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਕੈਨੇਡਾ ਅਮਰੀਕਾ ਭਾਰਤ ਵਿਚ ਸਥਾਪਤ ਕੀਤੀਆਂ ਗਈਆਂ ਭਾਰਤੀ ਅੰਬੈਸੀਆਂ ‘ਚ ਸ਼ਹੀਦ ਮੇਵਾ ਸਿੰਘ ਸ਼ਹੀਦ ਭਾਗ ਸਿੰਘ ਤੇ ਸ਼ਹੀਦ ਬਤਨ ਸਿੰਘ ਸਣੇ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀਆਂ ਤਸਵੀਰਾਂ ਲੱਗਣ, ਨਾ ਕਿ ‘ਚੀਚੀ ‘ਤੇ ਲਹੂ’ ਲਗਾ ਕੇ ਸ਼ਹੀਦ ਅਖਵਾਉਣ ਵਾਲਿਆਂ ਦੀਆਂ ਫੋਟੋਆਂ ਸਜਾਈਆਂ ਜਾਣ। ਤਸਵੀਰਾਂ ਲਾਉਣ ਤੋਂ ਵੀ ਵੱਡੀ ਗੱਲ ਕਿ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦਿੱਤਾ ਜਾਵੇ, ਜੋ ਕਿ ਨਹੀਂ ਦਿੱਤਾ ਜਾ ਰਿਹਾ ਅਤੇ ਜਿਸ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ। ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਇਨ੍ਹਾਂ ਗ਼ਦਰੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ‘ਸੈਕਿੰਡ ਐਵਨਿਊ’ ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ। ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖਿਲਾਫ ਸ਼ਹੀਦੀਆਂ ਪਾਈਆਂ ਸਨ ਅਤੇ ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖਿਲਾਫ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂੰਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ ਤੇ ਜ਼ੁਲਮ ਢਾਹ ਰਹੀ ਹੈ, ਉਸ ਖਿਲਾਫ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ।
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ, ਐਬਟਸਫੋਰਡ, ਬੀ ਸੀ ਕੈਨੇਡਾ

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …