Breaking News
Home / ਮੁੱਖ ਲੇਖ / ਵਧ ਰਹੇ ਬਲਾਤਕਾਰ ਅਤੇ ਔਰਤਾਂ ਦੀ ਸੁਰੱਖਿਆ

ਵਧ ਰਹੇ ਬਲਾਤਕਾਰ ਅਤੇ ਔਰਤਾਂ ਦੀ ਸੁਰੱਖਿਆ

ਗੁਰਮੀਤ ਸਿੰਘ ਪਲਾਹੀ
ਛੋਟੀ ਉਮਰ ਦੀਆਂ ਬੱਚੀਆਂ ਨਾਲ ਬਲਤਕਾਰ ਹੋ ਹਰੇ ਹਨ। ਬਲਾਤਕਾਰ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵੱਧ ਰਹੇ ਇਸ ਪਸ਼ੂ-ਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ?
ਆਓ ਬਲਾਤਕਾਰ ਦੇ ਅੰਕੜਿਆਂ ਉਤੇ ਇਕ ਝਾਤ ਮਾਰੀਏ। ਦੇਸ਼ ਵਿੱਚ ਸਲਾਨਾ 35 ਤੋਂ 36 ਹਜ਼ਾਰ ਦੇ ਲਗਭਗ ਬਲਾਤਕਾਰ ਹੁੰਦੇ ਹਨ। ਬਲਾਤਕਾਰ ਦਾ ਸ਼ਿਕਾਰ ਆਮ ਤੌਰ ਤੇ 18 ਤੋਂ 30 ਵਰ੍ਹਿਆਂ ਦੀਆਂ ਔਰਤਾਂ ਹੋ ਰਹੀਆਂ ਹਨ। ਔਰਤਾਂ ‘ਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ। ਰਾਤ-ਬਰਾਤੇ ਔਰਤਾਂ ਘਰੋਂ ਬਾਹਰ ਜਾਣ ਤੋਂ ਸੰਕੋਚ ਕਰਦੀਆਂ ਹਨ, ਡਰਦੀਆਂ ਹਨ। ਕਈ ਹਾਲਤਾਂ ‘ਚ ਤਾਂ ਇਕੱਲੀਆਂ ਲੜਕੀਆਂ, ਔਰਤਾਂ ਵੀ ਘਰ ਵਿੱਚ ਸੁਰੱਖਿਅਤ ਨਹੀਂ, ਉਹਨਾ ਨਾਲ ਛੇੜਛਾੜ, ਬਲਾਤਕਾਰ ਦੀਆਂ ਘਟਨਾਵਾਂ ਉਹਨਾ ਦੇ ਆਪਣੇ ਨਜ਼ਦੀਕੀ, ਜਾਣੂਆਂ, ਰਿਸ਼ਤੇਦਾਰਾਂ ਵਲੋਂ ਹੀ ਕੀਤੇ ਜਾਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਇਕ ਰਿਪੋਰਟ ਅਨੁਸਾਰ ਬਲਾਤਕਾਰ ਦੀਆਂ ਘਟਨਾਵਾਂ ‘ਚ ਲਿਪਤ ਮਰਦ 90 ਪ੍ਰਤੀਸ਼ਤ ਔਰਤਾਂ ਦੇ ਜਾਣੂ, ਰਿਸ਼ਤੇਦਾਰ ਜਾਂ ਨਜ਼ਦੀਕੀ ਪਾਏ ਗਏ ਹਨ। ਜੇਕਰ ਸਰਕਾਰੀ ਅੰਕੜਿਆਂ ਨੂੰ ਹੀ ਸਹੀ ਮੰਨ ਲਿਆ ਜਾਵੇ ਤਾਂ ਸਾਲ 2014 ਵਿੱਚ ਕੁਲ 3,29,243 ਅਤੇ 2016 ਵਿੱਚ 3,38,954 ਔਰਤਾਂ ਨਾਲ ਅਪਰਾਧ ਦੇ ਮਾਮਲੇ ਰਜਿਸਟਰਡ ਹੋਏ ਹਨ। ਪਰ ਔਰਤਾਂ ਨਾਲ ਅਪਰਾਧਾਂ ਦੇ ਮਾਮਲੇ ਦੇਸ਼ ਵਿੱਚ ਇਸਤੋਂ ਵੀ ਕਿਧਰੇ ਵੱਧ ਹਨ ਕਿਉਂਕਿ ਬਹੁਤੀਆਂ, ਬਲਾਤਕਾਰ, ਜਿਨਸੀ ਛੇੜਛਾੜ ਦੀਆਂ ਘਟਨਾਵਾਂ ਤਾਂ ਪੁਲਿਸ ਥਾਣਿਆਂ ਵਿੱਚ ਰਜਿਸਟਰਡ ਹੀ ਨਹੀਂ ਹੁੰਦੀਆਂ, ਇਸ ਵਿੱਚ ਬਹੁ-ਗਿਣਤੀ ਪੇਂਡੂ ਖੇਤਰ ਵਿੱਚ ਵਾਪਰੀਆਂ ਘਟਨਾਵਾਂ ਦੀ ਹੈ, ਜਿਥੇ ਪੇਂਡੂ ਔਰਤਾਂ, ਸ਼ਹਿਰੀ ਔਰਤਾਂ ਦੇ ਮੁਕਾਬਲੇ ਜਿਆਦਾ ਅਸੁਰੱਖਿਅਤ ਹਨ। ਜਿਹਨਾ ਦਾ ਜ਼ੋਨ ਸੋਸ਼ਨ ਤਾਂ ਹੁੰਦਾ ਹੀ ਹੈ, ਘਰੇਲੂ ਕੁੱਟ-ਮਾਰ, ਔਰਤਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵੀ ਵੱਧ ਹਨ। ਜਿਥੇ ਉਹਨਾ ਦੇ ਪਤੀ, ਸੁਹਰੇ ਪਰਿਵਾਰ ਵਲੋਂ ਉਸ ਨਾਲ ਅਣ ਮਨੁੱਖੀ ਵਰਤਾਰੇ ਦੀਆਂ ਘਟਨਾਵਾਂ ਆਮ ਹਨ, ਜਿਹਨਾ ਵਿੱਚ ਉਹਨਾ ਦੇ ਪੇਟ ਵਿੱਚ ਲੜਕੀਆਂ ਦਾ ਗਰਭਪਾਤ, ਦਾਜਦਹੇਜ ਕਾਰਨ ਕੁੱਟ-ਮਾਰ ਅਤੇ ਸਟੋਵ, ਗੈਸ ਨਾਲ ਉਹਨਾ ਨੂੰ ਸਾੜਨਾ, ਅਤੇ ਸਮਾਜ ਵਿੱਚ ਲੜਕੀਆਂ ਨੂੰ ਲੜਕਿਆਂ ਅਤੇ ਔਰਤਾਂ ਨੂੰ ਮਰਦਾਂ ਦੇ ਬਰੋਬਰ ਕਿਸੇ ਵੀ ਤਰ੍ਹਾਂ ਦੇ ਹੱਕ ਨਾ ਦੇਣਾ ਸ਼ਾਮਲ ਹਨ। ਭੈੜੇ, ਕੋਝੇ, ਅਣਮਨੁੱਖੀ ਵਰਤਾਰੇ ਕਾਰਨ ਔਰਤ ਘਰ ਵਿੱਚ ਵੀ ਅਤੇ ਘਰੋਂ ਬਾਹਰ ਵੀ ਅਣ ਸੁਰੱਖਿਅਤ ਮਹਿਸੂਸ ਕਰਦੀ ਹੈ।
ਥਾਮਸਨ ਰੂਟਿਰਸ ਫਾਊਂਡੇਸ਼ਨ ਨੇ ਇੱਕ ਰਿਪੋਰਟ ਛਾਪੀ ਹੈ, ਜਿਸਦਾ ਭਾਰਤ ਸਰਕਾਰ ਨੇ ਖੰਡਨ ਕੀਤਾ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਵੱਧ ਖਤਰਨਾਕ ਦੇਸ਼ ਹੈ। ਪਰ ਜਿਹਨਾ ਬਿੰਦੂਆਂ ਉਤੇ ਅਧਾਰਤ ਇਸ ਫਾਊਂਡੇਸ਼ਨ ਨੇ ਸਰਵੇ ਕੀਤਾ ਹੈ ਅਤੇ ਰਿਪੋਰਟ ਤਿਆਰ ਕੀਤੀ ਹੈ, ਉਸਨੂੰ ਅੱਖੋਂ-ਪਰੋਖੇ ਕਰਨਾ ਕੀ ਸੰਭਵ ਹੈ? ਰਿਪੋਰਟ ਵਿੱਚ ਪਹਿਲਾ ਬਿੰਦੂ ਜਿਸ ਬਾਰੇ ਸਰਵੇਖਣ ਕੀਤਾ ਗਿਆ ਹੈ ਕਿ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਿਹਤ ਕਿਹੋ ਜਿਹੀ ਹੈ? ਸਿਹਤ ਦਾ ਮਨੁੱਖੀ ਜੀਵਨ ਪੱਧਰ ਨਾਲ ਗਹਿਰਾ ਰਿਸ਼ਤਾ ਹੈ। ਜੇਕਰ ਔਰਤਾਂ ਦੀ ਸਿਹਤ ਚੰਗੀ ਹੈ ਤਾਂ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਸਮਾਜ ਦਾ ਜੀਵਨ ਪੱਧਰ ਉਚਾ ਹੈ। ਬੇਹਤਰ ਜੀਵਨ ਸੱਤਰ ਅਪਰਾਧ ਨੂੰ ਘੱਟ ਕਰਦਾ ਹੈ। ਭਾਰਤ ਵਿੱਚ ਲੜਕੀਆਂ, ਔਰਤਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ। ਲੜਕੀ ਦਾ ਕੁੱਖਾਂ ‘ਚ ਕਤਲ ਦੀਆਂ ਘਟਨਾਵਾਂ ਆਮ ਹਨ। ਪ੍ਰਸੂਤਾ ਔਰਤਾਂ ਨੂੰ ਸਹੀ ਖੁਰਾਕ ਨਾ ਮਿਲਣ ਕਾਰਨ ਗਰਭਪਾਤ ਦੀਆਂ ਘਟਨਾਵਾਂ ਵਾਪਰਦੀਆਂ ਹਨ। ਜੱਚਾ-ਬੱਚਾ ਲਈ ਸਰਕਾਰੀ ਸਕੀਮਾਂ ਤਾਂ ਬਹੁਤ ਹਨ, ਪਰ ਆਮ ਔਰਤਾਂ ਇਹਨਾ ਸਕੀਮਾਂ ਦੀ ਪਹੁੰਚ ਤੋਂ ਦੂਰ ਹਨ। ਇਕ ਸਰਕਾਰੀ ਰਿਪੋਰਟ ਅਨੁਸਾਰ 75 ਫੀਸਦੀ ਗਰਭਪਤੀ ਔਰਤਾਂ ਚੰਗੀ ਖੁਰਾਕ ਨਾ ਮਿਲਣ ਕਾਰਨ ਖੂਨ ਦੀ ਕਮੀ ਦਾ ਸ਼ਿਕਾਰ ਰਹਿੰਦੀਆਂ ਹਨ। ਏਡਜ਼ ਦੀ ਬੀਮਾਰੀ ਤੋਂ ਪੀੜ੍ਹਤ ਕੁਲ ਵਿਚੋਂ 40 ਫੀਸਦੀ ਤੋਂ ਵੱਧ ਔਰਤਾਂ ਹਨ। ਛਾਤੀ ਦਾ ਕੈਂਸਰ ਔਰਤਾਂ ‘ਚ ਲਗਾਤਾਰ ਵੱਧ ਰਿਹਾ ਹੈ। ਔਰਤਾਂ ਦੀ ਸੁਰੱਖਿਆ ਰਿਪੋਰਟ ਦਾ ਦੂਜਾ ਕੇਂਦਰ ਬਿੰਦੂ ਆਰਥਕ ਮਾਮਲਿਆਂ ਵਿੱਚ ਔਰਤਾਂ ਨਾਲ ਭੇਦਭਾਵ ਹੈ, ਵਿਤਕਰਾ ਹੈ। ਯੂਨਾਈਟਿਡ ਨੇਸ਼ਨਜ ਦੀ ਇੱਕ ਰਿਪੋਰਟ ਅਨੁਸਾਰ 187 ਦੇਸ਼ਾਂ ਵਿੱਚ ਔਰਤਾਂ ਨਾਲ ਆਰਥਿਕ ਮਾਮਲਿਆਂ ‘ਚ ਭੇਦਭਾਵ ‘ਚ ਭਾਰਤ ਦਾ 137ਵਾਂ ਥਾਂ ਹੈ। ਭਾਰਤ ਵਿੱਚ ਹਾਲੇ ਵੀ ਔਰਤਾਂ ਨੂੰ ਮਰਦਾਂ ਬਰੋਬਰ ਕਈ ਖੇਤਰਾਂ ਖਾਸ ਕਰਕੇ ਅਨਸੰਗਿਠਤ ਖੇਤਰਾਂ ‘ਚ ਤਨਖਾਹ ਨਹੀਂ ਮਿਲਦੀ। ਘਰ ਦਾ ਮਾਲਕ ਆਮ ਤੌਰ ‘ਤੇ ਮਰਦ ਨੂੰ ਗਿਣਿਆ ਜਾਂਦਾ ਹੈ। ਘਰ ਦੀ ਜ਼ਮੀਨ, ਜਾਇਦਾਦ ਉਸੇ ਦੇ ਨਾਮ ਰਹਿੰਦੀ ਹੈ। ਕਮਾਊ ਦੇ ਤੌਰ ‘ਤੇ ਕਮਾਊ ਪੁੱਤ ਦਾ ਨਾਮ ਗਿਣਿਆ ਜਾਂਦਾ ਹੈ, ਹਾਲਾਂਕਿ ਇਸ ਸਮੇਂ ਲੜਕੀਆਂ ਵੀ ਵੱਖੋ-ਵੱਖ ਖੇਤਰਾਂ ‘ਚ ਨੌਕਰੀਆਂ ਕਰਨ ਲੱਗੀਆਂ ਹਨ। ਪਰ ਸਮਾਜ ਵਿਸ਼ੇਸ਼ ਦੀ ਰੀਤੀ ਰਿਵਾਜਾਂ ਵਿੱਚ ਔਰਤਾਂ ਨੂੰ ਕਿੰਨੀ ਕੁ ਬਰੋਬਰੀ ਮਿਲੀ ਹੋਈ ਹੈ? ਰੀਤੀ ਰਿਵਾਜ ਘਰ ਅਤੇ ਸਮਾਜਕ ਸਭਿਆਚਾਰ ਨੂੰ ਦਰਸਾਉਂਦੇ ਹਨ। ਭਰਾ ਦੇ ਗੁੱਟ ਤੇ ਬੰਨ੍ਹੀ ਰੱਖੜੀ ਪਿਆਰ ਨਾਲੋਂ ਵੱਧ ਭੈਣ ਵਲੋਂ ਭਰਾ ਤੋਂ ਸੁਰੱਖਿਆ ਮੰਗਣ ਦਾ ਸਾਧਨ ਮੰਨੀ ਜਾਂਦੀ ਹੈ। ਸਮਾਜ ਵਿੱਚ ਲੜਕੀ, ਲੜਕੇ ਜਾਂ ਔਰਤ ਨਾਲ ਘਰ ਜਾਂ ਸਮਾਜ ਵਿੱਚ ਵਿਤਕਰਾ ਵੇਖਣ ਨੂੰ ਮਿਲਦਾ ਹੈ। ਜੇਕਰ ਹੱਕ ਬਰਾਬਰ ਹੋਣ ਤਾਂ ਫਿਰ ਸਮਾਜ ਵਿੱਚ ਔਰਤ ਮਰਦ ਦੇ ਬਰੋਬਰ ਦਾ ਸਹਿਕਰਮੀ ਹੈ।
ਸਮਾਜ ਵਿੱਚ ਜੋਨ-ਸੋਸ਼ਨ ਦੇ ਵੱਧ ਰਹੇ ਮਾਮਲੇ ਔਰਤਾਂ ਦੀ ਸੁਰੱਖਿਆ ਦੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਔਰਤਾਂ ਨਾਲ ਜੋਨ-ਸੋਸ਼ਣ ਹੁੰਦਾ ਹੈ, ਬਲਾਤਕਾਰ ਹੁੰਦਾ ਹੈ, ਔਰਤਾਂ ਦਾ ਦੇਹ ਵਪਾਰ ਕੀਤਾ ਜਾਂਦਾ ਹੈ, ਉਹਨਾ ਦਾ ਅਪਹਰਣ ਕੀਤਾ ਜਾਂਦਾ ਹੈ। ਇਹ ਘਟਨਾਵਾਂ ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਹਨ। ਛੋਟੀਆਂ ਬੱਚੀਆਂ ਨਾਲ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਦੁਨੀਆਂ ਵਿੱਚ ਦੇਸ਼ ਦਾ ਅਕਸ ਖਰਾਬ ਹੋਇਆ ਹੈ। ਇਹ ਘਟਨਾਵਾਂ ਕੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ ਉਤੇ ਕਲੰਕ ਨਹੀਂ ਹਨ?
ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇਸ਼ ਦੇ ਸਭਿਅਕ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹਨ। ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਗੈਰ-ਬਰਾਬਰੀ ਦਾ ਜਿਸ ਕਿਸਮ ਦਾ ਸਮਾਜ ਬਣ ਰਿਹਾ ਹੈ, ਉਸ ਵਿੱਚ ਪਸ਼ੂਪੁਣੇ ਉਤੇ ਕਾਬੂ ਪਾਉਣ ਦੇ ਬੰਧਨ ਟੁੱਟ ਰਹੇ ਹਨ। ਪਿੰਡਾਂ ਦੇ ਥਾਣਿਆਂ ਵਿੱਚ ਕਾਨੂੰਨ ਦਾ ਪਾਲਣ ਘੱਟ ਹੋ ਰਿਹਾ ਹੈ ਅਤੇ ਉਥੇ ਪ੍ਰਭਾਵੀ ਲੋਕਾਂ ਦਾ ”ਚਲੋ ਛੱਡੋ, ਪਾਉ ਮਿੱਟੀ” ਵਾਲਾ ਕਾਰਕ ਅਸਰਦਾਇਕ ਹੋ ਰਿਹਾ ਹੈ। ਇਹੋ ਜਿਹੇ ਹਾਲਾਤਾਂ ਵਿੱਚ ਕੀ ਬਲਾਤਕਾਰ ਦੀਆਂ ਘਟਨਾਵਾਂ ਅਤੇ ਜੋਨ ਹਿੰਸਾ ਨੂੰ ਸਿਰਫ ਕਾਨੂੰਨ ਬਣਾਕੇ ਖਤਮ ਕੀਤਾ ਜਾ ਸਕਦਾ ਹੈ?
ਸਰਕਾਰ ਨੇ ਬਾਰਾਂ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਨੂੰ ਮੌਤ ਦੀ ਸਜਾ ਦੇਣ ਦਾ ਕਾਨੂੰਨ ਪਾਸ ਕਰ ਦਿੱਤਾ ਹੈ। ਪਰ ਕੀ ਸਖ਼ਤ ਸਜਾਵਾਂ ਨਾਲ ਬਲਾਤਕਾਰ ਰੁਕ ਸਕਣਗੇ? ਜ਼ੋਨ-ਸੋਸ਼ਣ ਦਾ ਵਰਤਾਰਾ ਖਤਮ ਹੋ ਸਕੇਗਾ? ਸਰਕਾਰ ਨੂੰ ਇਹ ਗੱਲ ਮੰਨ ਕੇ ਚਲਣੀ ਹੋਵੇਗੀ ਕਿ ਦੇਸ਼ ਵਿੱਚ ਔਰਤਾਂ ਦੇ ਮਨਾਂ ‘ਚ ਅਸੁਰੱਖਿਅਤ ਦੀ ਭਾਵਨਾ ਵੱਧ ਰਹੀ ਹੈ। ਬਿਲਕੁਲ ਉਵੇਂ ਹੀ ਜਿਵੇਂ ਦੇਸ਼ ‘ਚ ਘੱਟ ਗਿਣਤੀ ਲੋਕਾਂ ਦੇ ਮਨਾਂ ‘ਚ ਅਸੁਰੱਖਿਆ ਵੱਧ ਰਹੀ ਹੈ। ਔਰਤਾਂ ਦੀ ਸੁਰੱਖਿਆ ਲਈ ਉਹਨਾ ਦੀ ਚੰਗੀ ਸਿਹਤ, ਬਰਾਬਰ ਦੇ ਹੱਕਾਂ, ਆਰਥਿਕ ਆਜ਼ਾਦੀ ਲਈ ਵਿਸ਼ੇਸ਼ ਉਪਰਾਲੇ ਕਰਨੇ ਹੀ ਪੈਣਗੇ। ਔਰਤਾਂ ਨਾਲ ਬਲਾਤਕਾਰਾਂ, ਜੋਨ-ਸੋਸ਼ਨ, ਅਪਹਰਣ, ਦੇਹ ਵਪਾਰ ਦੇ ਵਰਤਾਰੇ ਨੂੰ ਸਿਰਫ ਸਰਕਾਰੀ ਯਤਨਾਂ ਉਤੇ ਨਹੀਂ ਛੱਡਿਆ ਜਾ ਸਕਦਾ, ਸਮਾਜ ਸੁਧਾਰਕਾਂ, ਬੁੱਧੀਜੀਵੀਆਂ, ਮਨੋਚਕਿਤਸਕਾਂ, ਸਾਹਿਤਕਾਰਾਂ ਨੂੰ ਸਿਰ ਜੋੜਕੇ ਇਸ ਸਮਾਜਕ ਵਿਚਾਰ ਨੂੰ ਖਤਮ ਕਰਨ ਲਈ ਯਤਨ ਕਰਨੇ ਪੈਣਗੇ, ਨਹੀਂ ਤਾਂ ਦੁਨੀਆਂ ਦੀ ਨਜ਼ਰ ਵਿੱਚ ਭਾਰਤ ਹੋਰ ਵੀ ਘਿਨਾਉਣਾ ਬਣਿਆ ਦਿਸੇਗਾ।

Check Also

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

ਤਲਵਿੰਦਰ ਸਿੰਘ ਬੁੱਟਰ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ …