Breaking News
Home / ਨਜ਼ਰੀਆ / ਹਾਏ! ਲੋਕ ਕੀ ਕਹਿਣਗੇ

ਹਾਏ! ਲੋਕ ਕੀ ਕਹਿਣਗੇ

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ।
ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ ਬਿਨ੍ਹਾਂ ਪਰਵਾਹ ਕੀਤੇ ਲਗਜ਼ਰੀ ਚੀਜ਼ਾਂ ਖਰੀਦੀਆਂ ਜਾਂਦੀਆਂ ਭਾਵੇਂ ਉਹਨਾਂ ਦੀ ਜ਼ਰੂਰਤ ਤੋਂ ਬਿਨਾਂ ਵੀ ਸਰਦਾ ਹੋਵੇ। ਪੜ੍ਹ ਲਿਖ ਕੇ ਨੌਜਵਾਨਾਂ ਨੂੰ ਛੋਟਾ ਕੰਮ ਕਰਨ ਲੱਗਿਆ ਸ਼ਰਮ ਮਹਿਸੂਸ ਹੁੰਦੀ ਕਿ ਜੇ ਉਹਨਾਂ ਨੇ ਛੋਟਾ ਕੰਮ ਕੀਤਾ ਤਾਂ ਲੋਕ ਕਹਿਣਗੇ ਕਿ ਪੜ੍ਹ ਲਿਖ ਕੇ ਇਹ ਕੰਮ ਕਰ ਰਿਹਾ ਜਦ ਕਿ ਬਾਹਰਲੇ ਦੇਸ਼ ਜਾ ਕੇ ਇਹੋ ਨੌਜਵਾਨ ਹਰ ਨਿੱਕੇ ਤੋਂ ਨਿੱਕਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਪ੍ਰੰਤੁ ਇਥੇ ਲੋਕਾਂ ਦਾ ਕਰਕੇ ਕੰਮ ਕਰਨ ਦੀ ਬਜਾਏ ਵਿਹਲਾ ਬਹਿਣਾ ਚੰਗਾ ਸਮਝਦੇ। ਲੋਕਾਂ ਦੀ ਫਿਤਰਤ ਹੈ ਕਿ ਛੋਟੇ ਦੇਸ਼ ਵਿੱਚ ਬੱਚਿਆਂ ਨੂੰ ਨਹੀਂ ਭੇਜਣਾ ਭਾਵੇ ਏਜੰਟਾਂ ਕੋਲ ਦਸ-ਵੀਹ ਲੱਖ ਰੁਪਿਆ ਫਸ ਜਾਵੇ ਪਰ ਭੇਜਣਾ ਕੈਨੇਡਾ ਈ ਆ। ਸਿਹਤ ਭਾਵੇ ਜਵਾਬ ਦੇ ਜਾਵੇ ਪ੍ਰੰਤੂ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਸਾਈਕਲ ‘ਤੇ ਜਾਂਦੇ ਜਾਂ ਤੁਰ ਕੇ ਜਾਣ ‘ਚ ਬੜੀ ਸ਼ਰਮ ਆਉਦੀਂ।
ਅੱਜਕੱਲ੍ਹ ਕੁੜੀ ਵਿਆਉਣ ਵੇਲੇ ਸਿਰਫ ਅਮੀਰ ਪਰਿਵਾਰ ਹੀ ਵੇਖਿਆ ਜਾਂਦਾ, ਚੰਗਾ ਘਰਾਣਾ ਨਹੀਂ। ਵਿਆਹ ਸ਼ਾਦੀ ਕਰਨ ਲੱਗਿਆ ਲੋਕ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕ ਕੇ ਖਰਚ ਕਰਦੇ ਹਨ ਸਿਰਫ ਲੋਕ ਵਿਖਾਵੇ ਲਈ। ਫਿਰ ਭਾਵੇਂ ਸਾਰੀ ਉਮਰ ਕਰਜ਼ੇ ‘ਚ ਡੁੱਬੇ ਰਹਿਣ ਤੇ ਅਖੀਰ ਗੱਲ ਆਤਮ ਹੱਤਿਆ ਤੇ ਆਣ ਮੁੱਕਦੀ। ਵਿਆਹ ਦੌਰਾਨ ਸੂਟ-ਬੂਟ ਅਤੇ ਗਹਿਣਾ-ਗੱਟਾ ਵੀ ਏਸੇ ਕਰਕੇ ਹੀ ਮਹਿੰਗੇ ਤੋਂ ਮਹਿੰਗਾ ਪਾਇਆ ਜਾਂਦਾ ਹੈ ਤਾਂ ਕਿ ਅਸੀਂ ਕਿਸੇ ਤੋਂ ਘੱਟ ਨਾ ਦਿਸੀਏ ਅਤੇ ਸ਼ਰੀਕਾ ਵਿੱਚ ਨੱਕ ਉੱਚਾ ਰਹੇ। ਆਮ ਕਰਕੇ ਵੇਖਣ ਨੂੰ ਮਿਲਦਾ ਹੈ ਕਿ ਅਜੇ ਵੀ ਲੋਕਾਂ ਦੀ ਸੋੜੀ ਸੋਚ ਤੋ ਡਰਦਿਆਂ ਪਿੰਡਾਂ ਵਿੱਚ ਬੱਚਿਆਂ ਦੇ ਵਿਆਹ ਜਲਦੀ ਕਰ ਦਿੱਤੇ ਜਾਂਦੇ ਹਨ। ਰਿਸ਼ਤੇਦਾਰ ਵੀ ਇਹੋ ਕਹਿਣਾ ਸ਼ੁਰੂ ਕਰ ਦਿੰਦੇ ਕਿ ਬੱਚੇ ਵਿਆਹੁਣ ਦੀ ਕਰੋ ਅੱਜ ਕੱਲ੍ਹ ਜ਼ਮਾਨਾ ਨਹੀਂ ਚੰਗਾ। ਜ਼ਿਆਦਾ ਪੜ੍ਹਾ ਲਿਖਾ ਕੇ ਕੀ ਕਰਨਾ।ਕਰਨਾ ਤਾਂ ਘਰ ਦਾ ਕੰਮ ਈ ਆਂ।ਛੋਟੀ ਉਮਰੇ ਹੀ ਜਿੰਮੇਵਾਰੀਆਂ ਦੇ ਬੋਝ ਹੇਠਾ ਦੱਬੇ ਜਾਣ ਕਾਰਨ ਉਹਨਾਂ ਨੂੰ ਆਪਣਾ ਉਦੇਸ਼ ਪੂਰਾ ਕਰਨ ਲਈ ਅੱਗੇ ਵਧਣ ਦਾ ਮੌਕਾ ਹੀ ਨਹੀਂ ਮਿਲਦਾ।
ਗਰੀਬ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ। ਸ਼ਾਨ ‘ਚ ਫਰਕ ਪੈਂਦਾ। ਅਮੀਰ ਲੋਕ ਗਰੀਬ ਨੂੰ ਮਿਲਣ ‘ਚ ਸ਼ਰਮ ਮਹਿਸੂਸ ਕਰਦੇ। ਆਮ ਕਰਕੇ ਸਰਕਾਰੀ ਮਹਿਕਮਿਆਂ ‘ਚ ਵੇਖਣ ਵਿੱਚ ਆਉਂਦਾ ਹੈ ਕਿ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਰੱਖਦੇ। ਇਥੋਂ ਤੱਕ ਕਿ ਹੱਥ ਮਿਲਾਉਣਾ ਵੀ ਮੁਨਾਸਿਬ ਨਹੀਂ ਸਮਝਦੇ ਜਿਵੇਂ ਉਹਨਾਂ ਨੇ ਕੋਈ ਗੁਨਾਹ ਕੀਤਾ ਹੋਵੇ। ਆਪਣਾ ਰੁਤਬਾ ਉੱਚਾ ਸਮਝਦੇ ਨੇ ਤਾਂ ਹੀ ਤਾਂ ਧੜ੍ਹੇਬਾਜ਼ੀਆਂ ਬਣਦੀਆਂ। ਨਤੀਜੇ ਵਜੋਂ ਆਪਸੀ ਰੰਜ਼ਿਸ ਉਤਪੰਨ ਹੁੰਦੀ ਹੈ। ਸਮਾਜ ਵਿੱਚ ਬਹੁਤੇ ਚੌਧਰ ਪ੍ਰਧਾਨ ਲੋਕ ਇਨਸਾਨ ਨੂੰ ਇਨਸਾਨੀਅਤ ਪੱਖੋ ਨਹੀ ਸਗੋਂ ਪੈਸੇ ਪੱਖੋ ਦੇਖਦੇ। ਦੂਜਿਆਂ ਤੋਂ ਚੰਗੇ ਕੱਪੜੇ ਪਾਉਣੇ, ਉਧਾਰ ਚੁੱਕ ਕੇ ਬੁਲਟ ਤੇ ਵੱਡੀ ਗੱਡੀ ਲੈਣਾ ਸ਼ਾਨ ਸਮਝਿਆ ਜਾਂਦਾ। ਲੋਕ ਫੋਕੀ ਟੋਹਰ ਅਤੇ ਵਾਹ ਵਾਹ ਖੱਟਣ ਦੀ ਖਾਤਰ ਆਪਣਾ ਝੁੱਗਾ ਚੌੜ ਕਰਾ ਲੈਂਦੇ।
ਲੋਕ ਤਾਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ। ਜੇ ਕੋਈ ਵਿਦੇਸ਼ ਕੰਮ ਕਰਨ ਚਲਾ ਜਾਵੇ ਤਾਂ ਪੁੱਛਣਗੇ ਕਿ ਕਦੋਂ ਆ ਰਿਹਾ ਵਾਪਸ ਅਤੇ ਜੇ ਆ ਜਾਵੇ ਤਾਂ ਉਸ ਦਿਨ ਤੋਂ ਹੀ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਦੋਂ ਵਾਪਸੀ ਫਿਰ। ਇੱਥੇ ਰਹਿ ਕੇ ਕਿਹੜਾ ਗੁਜ਼ਾਰਾ ਉਥੇ ਤਾਂ ਪੈਸੇ ਚਾਰ ਬਣਦੇ। ਜੇ ਕੋਈ ਘਰ ਰਹੇ ਤਾਂ ਵੀ ਲੋਕ ਕਹਿਣਗੇ ਕੋਈ ਕੰਮ ਧੰਦਾ ਈ ਕਰ ਲਿਆ ਕਰ ਸਾਰਾ ਦਿਨ ਵਿਹਲਾ ਰੋਟੀਆਂ ਈ ਪਾੜੀ ਜਾਣਾ ਤੇ ਜੇ ਕੋਈ ਕੰਮ ਕਰਦਾ ਉਸਨੂੰ ਕਹਿੰਦੇ ਕਿ ਕਦੇ ਬਹਿ ਵੀ ਜਾਇਆ ਕਰ ਐਨੇ ਪੈਸੇ ਕਮਾ ਕੇ ਕੀ ਕਰਨਾ। ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋ ਪਾਸੇ ਨਹੀਂ, ਚਾਰ ਪਾਸੇ ਦੰਦੇ। ਲੋਕਾਂ ਵੱਲ ਵੇਖ ਕੇ ਤਰੱਕੀਆਂ ਨਹੀਂ ਹੁੰਦੀਆਂ। ਕਦੇ ਸੋਚੋ ਕਿ ਜੋ ਵੱਡੇ-ਵੱਡੇ ਬਿਜ਼ਨਸਮੈਨ ਤੇ ਧਨਾਢ ਬਣੇ ਕੀ ਉਹ ਇੱਕ ਦਿਨ ‘ਚ ਹੀ ਆਪਣੀ ਮੰਜ਼ਿਲ ਤੇ ਪਹੁੰਚ ਗਏ ਸਨ। ਉਹਨਾਂ ਨੂੰ ਵੀ ਬਹੁਤ ਸਾਰੀਆ ਮੁਸ਼ਕਿਲਾਂ ਤੇ ਤਾਹਨਿਆਂ ਮਿਹਣਿਆਂ ਦਾ ਸਾਹਮਣਾ ਕਰਨਾ ਪਿਆ। ਬਹੁਤੇ ਲੋਕ ਤਾਂ ਆਪਣੇ ਇਸਤਰੀ ਪਰਿਵਾਰਕ ਮੈਂਬਰ ਨੂੰ ਵੀ ਨਾਲ ਲਿਜਾਣ ‘ਤੇ ਕਹਿ ਦਿੰਦੇ ਕਿ ਪਤਾ ਨਹੀਂ ਅੱਜ ਕਿਸ ਨੂੰ ਬਿਠਾਈ ਜਾ ਰਿਹਾ ਸੀ।
ਸਾਡੇ ਮਨਾਂ ‘ਚ ਈ ਡਰ ਹੁੰਦਾ ਜਿਵੇਂ ਕੋਈ ਸਾਨੂੰ ਦੇਖ ਰਿਹਾ ਹੋਵੇ ਤੇ ਸਾਡੀ ਕਿਸੇ ਗੱਲ ‘ਤੇ ਹੱਸ ਰਿਹਾ ਹੋਵੇ ਪ੍ਰੰਤੂ ਜ਼ਰੂਰੀ ਨਹੀਂ ਕਿ ਉਹ ਸਾਡੇ ‘ਤੇ ਹੱਸ ਰਿਹਾ ਹੋਵੇ। ਹੋ ਸਕਦਾ ਉਹ ਆਪਣੇ ਮਨ ਦੇ ਵਿਚਾਰਾਂ ਕਰਕੇ ਖੁਸ਼ ਹੋ ਰਿਹਾ ਹੋਵੇ। ਹਕੀਕਤ ‘ਚ ਇੱਕ ਵਾਰ ਅਸੀਂ ਜਾ ਰਹੇ ਸੀ ਤਾਂ ਰਸਤਾ ਤੰਗ ਹੋਣ ਕਰਕੇ ਇੱਕ ਅੱਗੇ ਜਾ ਰਹੇ ਵਿਅਕਤੀ ਦੀ ਕਾਰ ਚਿੱਕੜ ਵਿੱਚ ਫਸ ਗਈ ਤਿਲਕਣ ਹੋਣ ਕਾਰਨ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਡਰਾਈਵਰ ਕੋਲੋ ਕਾਰ ਬਾਹਰ ਨਹੀਂ ਸੀ ਨਿਕਲ ਰਹੀ ਨਜ਼ਦੀਕ ਹੀ ਇੱਕ ਖੜ੍ਹਾ ਵਿਅਕਤੀ ਬਹੁਤ ਜ਼ੋਰ ਨਾਲ ਬਾਂਹਾ ਹਿਲਾ ਕੇ ਕਹਿ ਰਿਹਾ ਸੀ ਕਿ ਜੇ ਮੈਂ ਹੁੰਦਾ ਤਾਂ ਹੁਣ ਨੂੰ ਕਾਰ ਬਾਹਰ ਕੱਢ ਲੈਣੀ ਸੀ। ਉਸ ਦੀ ਗੱਲ ਸੁਣ ਕੇ ਡਰਾਇਵਰ ਨਰਵਸ ਹੋ ਗਿਆ। ਇਹ ਦੇਖ ਕੇ ਅਸੀਂ ਡਰਾਇਵਰ ਕੋਲੋ ਚਾਬੀ ਲੈ ਕੇ ਉਸ ਵਿਅਕਤੀ ਨੂੰ ਚਾਬੀ ਦਿੱਤੀ ਤਾਂ ਉਸ ਵਿਅਕਤੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਕਹਿੰਦਾ ਮੈਨੂੰ ਤਾਂ ਗੱਡੀ ਚਲਾਉਣ ਦੀ ਜਾਚ ਹੀ ਨਹੀਂ। ਇਸ ਬੀਤੀ ਘਟਨਾ ਤੋਂ ਪਤਾ ਚੱਲਦਾ ਹੈ ਕਿ ਅਕਸਰ ਅਸੀਂ ਆਪਣੇ ਮਨ ਵਿੱਚ ਦੂਜੇ ਵੱਲ ਵੇਖ ਕੇ ਹੀ ਆਪਣੀ ਯੋਗਤਾ ਘੱਟ ਹੋਣ ਦਾ ਗਲਤ ਅੰਦਾਜ਼ਾ ਲਾ ਲੈਂਦੇ ਹਾਂ। ਕੀ ਕਦੇ ਸੋਚਿਆ ਕਿ ਜਿਹਨਾਂ ਲੋਕਾਂ ਤੋਂ ਡਰਦੇ ਅਸੀ ਕੁੱਝ ਨਹੀਂ ਕਰ ਰਹੇ। ਉਹਨਾਂ ਤਾਂ ਆਪਣੀ ਜ਼ਿੰਦਗੀ ਵਿੱਚ ਕਦੇ ਕੁਝ ਨਹੀਂ ਕੀਤਾ। ਜੋ ਮਾੜਾ ਕਹਿੰਦਾ ਉਸਦਾ ਪਿਛੋਕੜ ਜ਼ਰੂਰ ਫਰੋਲੋ। ਘਰ ਲਈ ਤਾਂ ਹਰ ਕੋਈ ਕਮਾਉਂਦਾ। ਇਹ ਦੇਖੋ ਕਿ ਉਸਦੀ ਸਮਾਜ ਨੂੰ ਕੀ ਦੇਣ। ਕੀ ਕੀਤਾ ਸਮਾਜ ਦੇ ਲੋਕਾਂ ਲਈ। ਘਰੇ ਖਾਕੇ ਮਤ ਨਹੀਂ ਆਉਂਦੀ। ਜਦੋਂ ਕਿਸੇ ਦੇ ਅਤੀਤ ਵਿੱਚ ਕੀਤੇ ਕੰਮਾਂ ‘ਤੇ ਝਾਤ ਪਾਈ ਜਾਵੇ ਤਾਂ ਉਸਦੀ ਅਸਲੀ ਤਸਵੀਰ ਸਾਹਮਣੇ ਆ ਜਾਵੇਗੀ। ਜੇ ਕੋਈ ਤਕੜਾ ਤਾਂ ਆਪਣੇ ਘਰ ਹੋਉ। ਕਿਸੇ ਨੂੰ ਕੁਝ ਨਹੀਂ ਦਿੰਦਾ। ਰੋਟੀ ਆਪਣੀ ਹੀ ਕਮਾ ਕੇ ਖਾਣੀ ਪੈਂਦੀ ਭਾਵੇ ਚੰਗੀ ਹੋਵੇ ਜਾਂ ਮਾੜੀ। ਜੇ ਸੋਚਿਆ ਜਾਵੇ ਤਾਂ ਇਹਨਾਂ ਲੋਕਾਂ ਨੇ ਤਾਂ ਪੀਰ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਅਤੇ ਅਵਤਾਰਾਂ ਨੂੰ ਵੀ ਕਦੇ ਚੰਗਾਂ ਨਹੀਂ ਕਿਹਾ ਸਗੋਂ ਕੋਈ ਨਾ ਕੋਈ ਨੁਕਸ ਉਹਨਾਂ ‘ਚ ਵੀ ਕੱਢ ਦਿੱਤਾ ਫਿਰ ਅਸੀਂ ਕਿਸ ਬਾਗ ਦੀ ਮੂਲੀ ਹਾਂ।
ਸਮੇਂ ਦੀ ਚਾਲ ਦੇ ਨਾਲ-ਨਾਲ ਚੱਲਦਿਆਂ ਸਾਨੂੰ ਆਪਣੀਆਂ ਪੀੜ੍ਹੀਆਂ ਨੂੰ ਇਸ ਭਿਆਨਕ ਕੋਹੜ ਵਰਗੀ ਬਿਮਾਰੀ ਤੋਂ ਬਚਾਉਣ ਦੀ ਲੋੜ ਹੈ। ਹਮੇਸ਼ਾ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ। ਫੋਕੀ ਟੌਹਰ, ਅਡੰਬਰ ਅਤੇ ਰਿਸ਼ਤੇਦਾਰਾਂ ਤੋਂ ਵੱਡਾ ਦਿਸਣ ਦੀ ਚਾਹਤ ਨੂੰ ਤਿਆਗ ਕੇ ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੇ ਮਿਸ਼ਨ ਵਿੱਚ ਕਾਮਯਾਬ ਹੋਣ ਲਈ ਲਗਨ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਬਹੁਤ ਸਾਰੇ ਹੋਣਹਾਰ ਵੀ ਇਹੀ ਰੋਗੀ ਸੋਚ ਦਾ ਸ਼ਿਕਾਰ ਹੋਣ ਕਰਕੇ ਆਪਣੀ ਜ਼ਿੰਦਗੀ ਦਾ ਕੋਈ ਉਦੇਸ਼ ਪੂਰਾ ਨਹੀਂ ਕਰ ਪਾੳਂਦੇ। ਕਲਾ ਉਹਨਾਂ ਦੇ ਮਨਾਂ ਵਿੱਚ ਹੀ ਦੱਬ ਕੇ ਰਹਿ ਜਾਂਦੀ । ਲੋਕਾਂ ਤੋਂ ਡਰਦੇ ਹੀ ਉੱਪਰ ਨਾ ਉਠ ਕੇ ਆਪਣੀ ਜਿੰਦਗੀ ਨਰਕ ਬਣਾ ਲੈਂਦੇ ।
ਜ਼ਿੰਦਗੀ ਇੱਕ ਸ਼ੰਘਰਸ਼ ਹੈ। ਜੇ ਅਸੀਂ ਜਾਨਵਰਾਂ ਦੀ ਤਰ੍ਹਾਂ ਰੋਟੀ ਖਾਕੇ ਹੀ ਸਾਰੀ ਉਮਰ ਬੋਝ ਬਣ ਕੇ ਮਰ ਗਏ ਤਾਂ ਮਨੁੱਖ ਹੋਣ ਦਾ ਕੀ ਫਾਈਦਾ। ਗਰੀਬ ਹੋਣਾ ਕੋਈ ਪਾਪ ਨਹੀਂ। ਇਨਸਾਨ ਜਨਮ ਤੋਂ ਗਰੀਬ ਜਾਂ ਅਮੀਰ ਪੈਦਾ ਹੋ ਸਕਦਾ ਹੈ ਪਰ ਸਾਰੀ ਉਮਰ ਉਸ ਗਰੀਬੀ ਵਿੱਚ ਹੀ ਕੱਟ ਕੇ ਬਿਨ੍ਹਾਂ ਮਿਹਨਤ ਅਤੇ ਸ਼ੰਘਰਸ਼ ਕੀਤੇ ਮਰ ਜਾਣਾ ਪਾਪ ਹੈ।
ਆਉ ਸਮਾਜ ਵਿੱਚ ਪਈਆਂ ਹੋਈਆਂ ਰੂੜੀਵਾਦੀ ਪਗਡੰਡੀਆਂ ਛੱਡ ਕੇ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹੋਏ ਨਵੀਨ ਪੈੜਾਂ ਪਾਈਏ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਸਕਣ ਅਤੇ ਆਉਣ ਵਾਲੀ ਨਵੀਂ ਪੀੜੀ ਨੂੰ ਨਮੂਨਾ ਨਹੀਂ ਸਗੋਂ ਉਦਾਹਰਣ ਬਣਾਉਂਦੇ ਹੋਏ ਆਪਣੀ ਜ਼ਿੰਦਗੀ ਦਾ ਇੱਕ ਮਿਸ਼ਨ ਬਣਾਕੇ ਬੇਝਿਜਕ ਆਪਣੇ ਹੁਨਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ ਤਾਂ ਜੋ ਭਵਿੱਖ ਅੰਦਰ ਨਵੀਂ ਸੋਚ ਦੀ ਪਿਰਤ ਪੈ ਸਕੇ।
: : :

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …