Breaking News
Home / ਨਜ਼ਰੀਆ / ‘ਪੰਖੇਰੂ’ ਮੈਗਜ਼ੀਨ ਦੇ ਸਿਲਵਰ ਜੁਬਲੀ ਮੌਕੇ ਉੱਤੇ ਵਿਸ਼ੇਸ਼

‘ਪੰਖੇਰੂ’ ਮੈਗਜ਼ੀਨ ਦੇ ਸਿਲਵਰ ਜੁਬਲੀ ਮੌਕੇ ਉੱਤੇ ਵਿਸ਼ੇਸ਼

ਬਾਲ-ਸਾਹਿਤ ਮੈਗਜ਼ੀਨ ‘ਪੰਖੇਰੂ’ – ਜਨਾਬ ਅਸ਼ਰਫ਼ ਸੁਹੇਲ ਅਤੇ ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਦੇ ਵਿੱਲਖਣ ਯੋਗਦਾਨ ਦਾ ਪ੍ਰਤੀਕ
ਡਾ. ਡੀ ਪੀ ਸਿੰਘ
416-859-1856
ਬਾਲਾਂ ਦਾ ਮਾਸਿਕ ਰਸਾਲਾ ‘ਪੰਖੇਰੂ’, ਜਨਾਬ ਅਸ਼ਰਫ ਸੁਹੇਲ ਦੀ ਰਾਹਨੁਮਾਈ ਤੇ ਸੰਪਾਦਨਾ ਵਿਚ ਲਾਹੌਰ, ਪਾਕਿਸਤਾਨ ਤੋਂ ਪਿਛਲੇ ਪੰਝੀ ਸਾਲਾਂ ਤੋਂ ਲਗਾਤਾਰ ਛੱਪ ਰਿਹਾ ਹੈ। ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਦੇ ਵਿਕਾਸ ਤੇ ਪ੍ਰਸਾਰ ਵਿਚ ਇਹ ਇਕ ਰੌਸ਼ਨ ਮੀਨਾਰ ਦਾ ਕੰਮ ਕਰ ਰਿਹਾ ਹੈ। ਬਾਲ-ਸਾਹਿਤ ਮੈਗਜ਼ੀਨ ‘ਪੰਖੇਰੂ’ ਦਾ ਸੰਸਥਾਪਕ ਤੇ ਸੰਪਾਦਕ ਜਨਾਬ ਅਸ਼ਰਫ ਸੁਹੇਲ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕ ਹਲਕਿਆਂ ਦੀ ਇਕ ਚਰਚਿਤ ਸਖ਼ਸ਼ੀਅਤ ਹੈ। ਉਹ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਲਹਿੰਦੇ ਪੰਜਾਬ ਵਿਚ ਸਮਾਜਿਕ, ਸਭਿਆਚਾਰਕ, ਅਤੇ ਸਾਹਿਤਕ ਖੇਤਰਾਂ ਵਿਚ ਕਾਰਜਸ਼ੀਲ ਹੈ। ਆਪ ਦਾ ਨਾਮ, ਉਨ੍ਹਾਂ ਦੁਰਲੱਭ ਸਾਹਿਤ-ਸੇਵਕਾਂ ਵਿਚ ਸ਼ੁਮਾਰ ਹੈ, ਜਿਨ੍ਹਾਂ ਨੇ ਵੱਖਰੇ ਨਿੱਜੀ ਪ੍ਰੋਫ਼ੈਸ਼ਨ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਦੀ ਵੀ ਭਰਪੂਰ ਸੇਵਾ ਕੀਤੀ ਹੈ।ઠ
ਮੂਲ ਰੂਪ ਵਿਚ ਰੇਲਵੇ ਦੇ ਮੁਲਾਜ਼ਮ ਜਨਾਬ ਅਸ਼ਰਫ ਸੁਹੇਲ ਨੂੰ ਪੰਜਾਬੀ ਵਿਚ ਬਾਲ-ਸਾਹਿਤ ਅਤੇ ਵਿਦਿਆ ਪ੍ਰਸਾਰ ਕਾਰਜਾਂ ਨਾਲ ਉਚੇਚਾ ਪਿਆਰ ਹੈ। ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਦੌਰਾਨ ਹੀ ਆਪ ਨੇ ਜਾਣ ਲਿਆ ਕਿ ਬਾਲਾਂ ਨੂੰ ਉਸਾਰੂ ਸਾਹਿਤ ਨਾਲ ਜੋੜਣਾ ਜਿਥੇ ਸਮੇਂ ਦੀ ਲੋੜ ਹੈ, ਉਥੇ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਸਮੇਂ ਦੇ ਹਾਣ ਦੀ ਜਾਣਕਾਰੀ ਮੁਹਈਆ ਕਰਵਾਉਣੀ ਬਹੁਤ ਅਹਿਮ ਹੈ। ਇਸੇ ਲੋੜ ਦੀ ਪੂਰਤੀ ਲਈ ਆਪ ਨੇ ਸੰਨ 1996 ਵਿਚ ਪੰਜਾਬੀ ਬਾਲ ਅਦਬੀ ਬੋਰਡ ਲਾਹੌਰ ਦੀ ਸਥਾਪਨਾ ਕੀਤੀ ਅਤੇ ਇਸ ਅਦਾਰੇ ਦੀ ਦੇਖ ਰੇਖ ਹੇਠ ਮਾਸਿਕ ਬਾਲ-ਸਾਹਿਤ ਰਸਾਲੇ ‘ਪੰਖੇਰੂ’ ਦਾ ਆਰੰਭ ਕੀਤਾ। ਪਿਛਲੇ 25 ਸਾਲਾਂ ਦੌਰਾਨ ਆਪ ਨੇ ‘ਪੰਖੇਰੂ’ ਦੇ ਲਗਾਤਾਰ ਸੰਪਾਦਨ ਅਤੇ ਪ੍ਰਕਾਸ਼ਨ ਰਾਹੀਂ, ਪੰਜਾਬੀ ਭਾਸ਼ਾ ਦੇ ਖਜ਼ਾਨੇ ਨੂੰ ਹੋਰ ਅਮੀਰ ਬਣਾਇਆ ਹੈ।ઠ
ਸੰਨ 2020 ਦਾ ਸਾਲ ‘ਪੰਖੇਰੂ’ ਰਸਾਲੇ ਦਾ ਸਿਲਵਰ ਜੁਬਲੀ ਸਾਲ ਹੈ। ਇਸ ਮੌਕੇ ‘ਪੰਖੇਰੂ’ ਦੇ ਬਾਲ-ਸਾਹਿਤ ਖੇਤਰ ਵਿਚ ਪਾਏ ਗਏ ਯੋਗਦਾਨ ਦਾ ਮੁਲਾਂਕਣ ਕਰਨਾ ਜ਼ਰੂਰੀ ਬਣਦਾ ਹੈ। ਵਰਨਣਯੋਗ ਹੈ ਕਿ ‘ਪੰਖੇਰੂ’ ਵਿਚ ਛਾਪੇ ਜਾਂਦੇ ਗਿਆਨ-ਵਿਗਿਆਨ ਦੀ ਪੁੱਠ ਨਾਲ ਸਜਾਏ ਜਾਣਕਾਰੀ ਭਰਪੂਰ, ਸਰਲ ਅਤੇ ਦਿਲਚਸਪ ਲੇਖਾਂ, ਕਹਾਣੀਆਂ, ਗੀਤਾਂ ਤੇ ਕਵਿਤਾਵਾਂ ਆਦਿ ਦੇ ਪ੍ਰਕਾਸ਼ਨ ਨੇ ਪੰਜਾਬੀ ਬਾਲ-ਸਾਹਿਤ ਪ੍ਰਤੀ ਪਾਠਕਾਂ ਦੀ ਭੁੱਖ ਨੂੰ ਜਾਗ੍ਰਿਤ ਕੀਤਾ ਹੈ। ਵੰਨ-ਸੁਵੰਨੇ ਚਿੱਤਰਾਂ ਨਾਲ ਸੁਸਜਿਤ ‘ਪੰਖੇਰੂ’ ਬਾਲ ਪਾਠਕਾਂ ਦਾ ਮਨ ਮੋਹ ਲੈਣ ਦੇ ਸਮਰਥ ਹੈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਮਵਰ ਬਾਲ-ਸਾਹਿਤ ਲੇਖਕਾਂ ਦੀਆਂ ઠਰਚਨਾਵਾਂ ਅਕਸਰ ਹੀ ‘ਪੰਖੇਰੂ’ ਦੇ ਬਾਲ-ਸੰਸਾਰ ਨੂੰ ਸੁਹੱਪਣ ਤੇ ਰੋਚਕਤਾ ਬਖ਼ਸ਼ਦੀਆਂ ਹਨ। ‘ਪੰਖੇਰੂ’ ਦੇ ਪਾਠਕਾਂ ਦੀ ਡਾਕ ਕਾਲਮ ਵਿਚ ਸਮੇਂ-ਸਮੇਂ ਛੱਪਦੇ ਬਾਲਾਂ, ਮਾਪਿਆਂ ਤੇ ਬਾਲ ਸਾਹਿਤ ਲੇਖਕਾਂ ਦੇ ਪੱਤਰ ਇਸ ਦੀ ਹਰਮਨ ਪਿਆਰਤਾ ਤੇ ਇਸ ਦੇ ਮਿਆਰੀਪਣ ਦਾ ਪ੍ਰਤੱਖ ਸਬੂਤ ਹਨ।
ਪੰਖੇਰੂ ਰਸਾਲੇ ਦੇ ‘ਬਾਲ-ਕਹਾਣੀ’, ‘ਬਾਲ-ਗੀਤ’, ‘ਬਾਲ-ਨਾਵਲ’ ਅਤੇ ‘ਪੰਜਾਬੀ ਬਾਲ-ਸਾਹਿਤ ਲਿਖਾਰੀ’ ਵਿਸ਼ੇਸ਼ ਅੰਕ ਛਾਪੇ ਗਏ ਹਨ ਜੋ ਪੰਜਾਬੀ ਬਾਲ-ਸਾਹਿਤ ਦੇ ਖੇਤਰ ਵਿਚ ਅਹਿਮ ਯੋਗਦਾਨ ਦਾ ਜ਼ਿਕਰਯੋਗ ਸਬੂਤ ਹਨ। ਭਾਰਤ ਅਤੇ ਪਕਿਸਤਾਨ ਦੇ ਬਾਲ-ਸਾਹਿਤ ਲੇਖਕਾਂ ਦੀਆਂ ਰਚਨਾਵਾਂ ਨੂੰ ‘ਪੰਖੇਰੂ’ ਵਿਚ ਛਪਣ ਨਾਲ ਦੋਨਾਂ ਦੇਸ਼ਾਂ ਦੇ ਬਾਲ-ਪਾਠਕਾਂ, ਲੇਖਕਾਂ ਤੇ ਮਾਪਿਆਂ ਵਿਚਕਾਰ ਆਪਸੀ ਸਾਂਝ ਹੋਰ ਪੱਕੀ ਹੋਈ ਹੈ। ਅਨੇਕ ਭਾਰਤੀ ਬਾਲ-ਸਾਹਿਤ ਲੇਖਕਾਂ ਦੀਆਂ ਰਚਨਾਵਾਂ ਦਾ ਗੁਰਮੁਖੀ ਤੋਂ ਸ਼ਾਹਮੁੱਖੀ ਵਿਚ ਲਿਪੀਅੰਤਰਨ ਤੇ ਪ੍ਰਕਾਸ਼ਨ ਦੁਆਰਾ ‘ਪੰਖੇਰੂ’ ਨੇ ਪਾਕਿਸਤਾਨੀ ਬਾਲਾਂ ਨੂੰ ਸਰਹੱਦ ਦੇ ਪਾਰ ਵੱਸਦੇ ਹਮਜੋਲੀਆਂ ਨਾਲ ਸਾਂਝ ਪੁਆਈ ਹੈ। ਇਸ ਦੇ ਨਾਲ ਹੀ, ਅਦਾਰਾ ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਨੇ ਦੇਸ਼ ਤੇ ਵਿਦੇਸ਼ ਦੇ ਅਨੇਕ ਪੰਜਾਬੀ ਬਾਲ-ਸਾਹਿਤ ਲੇਖਕਾਂ ਦੀਆਂ ਕਿਤਾਬਾਂ ਛਾਪ ਕੇ ਮਾਂ-ਬੋਲੀ ਪੰਜਾਬੀ ਦੀ ਝੋਲੀ ਨੂੰ ਹੋਰ ਭਰਪੂਰ ਕੀਤਾ ਹੈ।ઠ
ਪੰਖੇਰੂ ਦੇ ਢਾਈ ਦਹਾਕਿਆਂ ਦੇ ਲੰਮੇ ਜੀਵਨ ਕਾਲ ਦੌਰਾਨ ਇਸ ਦੀਆਂ ਵਿਲੱਖਣ ਪ੍ਰਾਪਤੀਆਂ ਦਾ ਸਿਹਰਾ, ਜਨਾਬ ਅਸ਼ਰਫ ਸੁਹੇਲ ਨੂੰ ਜਾਂਦਾ ਹੈ। ਜਿਨ੍ਹਾਂ ਦੀ ਬੇਮਿਸਾਲ ਲਗਨ, ਅਣਥਕ ਮਿਹਨਤ, ਬਾਲਾਂ ਲਈ ਕੁਝ ਨਿਵੇਕਲਾ ਕਰਣ ਦੀ ਚਾਹਤ, ਤੇ ਦ੍ਰਿੜ ਨਿਸ਼ਚੇ ਨੇ ਪੰਖੇਰੂ ਨੂੰ ਅਜੋਕੇ ਮੁਕਾਮ ਉੱਤੇ ਪਹੁੰਚਾਇਆ ਹੈ। ਇਸ ਲੰਮੇ ਸਫਰ ਦੌਰਾਨ ਜਨਾਬ ਅਸ਼ਰਫ ਸੁਹੇਲ ਨੇ ਆਰਥਿਕ ਮੁਸ਼ਿਕਲਾਂ, ਸਮਾਜਿਕ ਅੜਚਨ੍ਹਾਂ ਤੇ ਸਿਆਸੀ ਪਾਬੰਦੀਆਂ ਦੇ ਦਰਪੇਸ਼ ਕਦੇ ਵੀ ਹਿੰਮਤ ਨਹੀਂ ਹਾਰੀ ਅਤੇ ਪੰਖੇਰੂ ਦੀ ਉਡਾਣ ਨੂੰ ਨਿਰੰਤਰ ਬਣਾਈ ਰੱਖਣ ਵਿਚ ਬੇਮਿਸਾਲ ਘਾਲਣਾ ਘਾਲੀ ਹੈ। ઠਜਨਾਬ ਅਸ਼ਰਫ ਸੁਹੇਲ ਦੇ ਅਣਥੱਕ ਯਤਨਾਂ ਸਦਕਾ, ਪੰਜਾਬੀ ਬਾਲਾਂ ਦਾ ਹਰਮਨ ਪਿਆਰਾ ‘ਪੰਖੇਰੂ’ ਹੁਣ ਤਾਂ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਹਰ ਮਾਪੇ ਦੀ ਪਹਿਲੀ ਚੋਣ ਦਾ ਰੁਤਬਾ ਹਾਸਿਲ ਕਰਨ ਲਈ ਯਤਨਸ਼ੀਲ ਹੈ। ਸੰਨ 2016 ਵਿਚ ਜਨਾਬ ਅਸ਼ਰਫ ਸੁਹੇਲ ਦੀ ਕੈਨੇਡਾ ਫੇਰੀ ਦੌਰਾਨ, ਕੈਨੇਡਾ ਦੇ ਪੰਜਾਬੀ ਭਾਈਚਾਰੇ ਵਲੋਂ, ਉਨ੍ਹਾਂ ਦੇ ਪੰਜਾਬੀ ਬੋਲੀ ਦੇ ਵਿਕਾਸ ਵਿਚ ਪਾਏ ਯੋਗਦਾਨ ਅਤੇ ਬਾਲਾਂ ਵਿਚ ਪੰਜਾਬੀ ਸਾਹਿਤ ਬਾਰੇ ਰੁਚੀ ਪੈਦਾ ਕਰਨ ਦੇ ਯਤਨਾਂ ਦੀ ਭਰਭੂਰ ਸ਼ਲਾਘਾ ਕੀਤੀ ਗਈ। ਸੰਚਾਰ ਮਾਧਿਅਮਾਂ ਖਾਸ ਕਰ ਰੇਡੀਓ, ਟੈਲੀਵਿਯਨ ਅਤੇ ਅਖਬਾਰਾਂ ਵਿਚ ‘ਪੰਖੇਰੂ’ ਤੇ ਜਨਾਬ ਅਸ਼ਰਫ ਸੁਹੇਲ ਦੇ ਵਿਲੱਖਣ ਕਾਰਜਾਂ ਤੇ ਯੋਗਦਾਨ ਦਾ ਭਰਭੂਰ ਚਰਚਾ ਰਿਹਾ। ਸ਼ਾਲਾ! ਜਨਾਬ ਅਸ਼ਰਫ ਸੁਹੇਲ ਦੀ ਤੰਦਰੁਸਤੀ ਚਿਰਕਾਲ ਤਕ ਕਾਇਮ ਰਹੇ ਤਾਂ ਜੋ ਉਹ ਬਾਲਾਂ ਲਈ ਆਪਣੀ ਸੇਵਾ ਤੇ ‘ਪੰਖੇਰੂ’ ਦੀ ਨਿਰੰਤਰਤਾ ਹਮੇਸ਼ਾ ਕਾਇਮ ਰੱਖ ਸਕਣ।
——–
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ ਬਾਲ-ਸਾਹਿਤ ਦੇ ਖੇਤਰ ਵਿਚ 10 ਕਿਤਾਬਾਂ ਤੇ ਲਗਭਗ 300 ਰਚਨਾਵਾਂ ਛਪ ਚੁੱਕੀਆਂ ਹਨ। ਅੱਜ ਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਨਬ੍ਰਿਜ ਲਰਨਿੰਗ ਸੰਸਥਾ ਦੇ ઠਡਾਇਰੈਕਟਰ ਵਜੋਂ ਸੇਵਾ ਕਾਰਜ ਨਿਭਾ ਰਹੇ ਹਨ।

Check Also

ਜਾਗ ਵੇ ਸੁੱਤਿਆ ਵੀਰਨਾ!

ਡਾ. ਗੁਰਬਖ਼ਸ਼ ਸਿੰਘ ਭੰਡਾਲ 001-216-556-2080 ਜਾਗ ਵੇ ਸੁੱਤਿਆ ਵੀਰਨਾ! ਤੇਰਾ ਗਰਾਂ ਲੁਟੀਂਦਾ ਆ। ਸਾੜਸੱਤੀ ਵਾਪਰ …