Breaking News
Home / ਪੰਜਾਬ / ਰਹਿਣਯੋਗ ਸ਼ਹਿਰਾਂ ਦੀ ਸੂਚੀ ‘ਚ ਚੰਡੀਗੜ੍ਹ ਪੰਜਵੇਂ ਸਥਾਨ ‘ਤੇ, ਪੰਜਾਬ ਫਾਡੀ

ਰਹਿਣਯੋਗ ਸ਼ਹਿਰਾਂ ਦੀ ਸੂਚੀ ‘ਚ ਚੰਡੀਗੜ੍ਹ ਪੰਜਵੇਂ ਸਥਾਨ ‘ਤੇ, ਪੰਜਾਬ ਫਾਡੀ

ਬਿਹਤਰ ਸ਼ਹਿਰਾਂ ਦੀ ਸੂਚੀ ‘ਚ ਪੂਣੇ ਰਿਹਾ ਅੱਵਲ – ਯੂਪੀ, ਬਿਹਾਰ ਤੇ ਹਰਿਆਣੇ ਦਾ ਹਾਲ ਵੀ ਪੰਜਾਬ ਵਾਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਹਾਰਾਸ਼ਟਰ ਦਾ ਪੂਣੇ ਸ਼ਹਿਰ ਦੇਸ਼ ਵਿਚ ਵਸਣ ਦੇ ਲਿਹਾਜ਼ ਨਾਲ ਸਭ ਤੋਂ ਚੰਗਾ ਸ਼ਹਿਰ ਹੈ, ਜਦਕਿ ਆਪਣੀ ਖੁਸ਼ਹਾਲੀ ਤੇ ਹਰਿਆਲੀ ਲਈ ਜਾਣੇ ਜਾਂਦੇ ਪੰਜਾਬ ਦਾ ਕੋਈ ਸ਼ਹਿਰ ਇਸ ਸੂਚੀ ਵਿਚ ਪਹਿਲੇ 20 ਸ਼ਹਿਰਾਂ ਵਿਚ ਵੀ ਨਹੀਂ ਆ ਸਕਿਆ। ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਈਜ਼ ਆਫ ਲਿਵਿੰਗ ਇੰਡੈਕਸ ਵਿਚ ਇਹ ਗੱਲ ਸਾਹਮਣੇ ਆਈ। ਵੱਖ-ਵੱਖ ਮਾਪਦੰਡਾਂ ਦੇ ਅਧਾਰ ‘ਤੇ ਮੰਤਰਾਲੇ ਵਲੋਂ ਤਿਆਰ 111 ਸ਼ਹਿਰਾਂ ਦੀ ਇਸ ਸੂਚੀ ਵਿਚ ਉਤਰ ਭਾਰਤ ਦੇ ਚੰਡੀਗੜ੍ਹ ਤੋਂ ਇਲਾਵਾ ਕੋਈ ਵੀ ਸ਼ਹਿਰ ਟਾਪ 20 ਵਿਚ ਥਾਂ ਨਹੀਂ ਬਣਾ ਸਕਿਆ। ਰਾਜਧਾਨੀ ਦਿੱਲੀ ਨੂੰ ਸੂਚੀ ਵਿਚ 65ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਸੂਚੀ ਵਿਚ ਅੱਵਲ ਰਹੇ ਪੂਣੇ ਵਿਚ ਸ਼ੁੱਧ ਹਵਾ, ਪਾਣੀ, ਸੁਰੱਖਿਆ, ਰੋਜ਼ੀ ਰੁਜ਼ਗਾਰ, ਰਿਹਾਇਸ਼, ਆਵਾਜਾਈ, ਸਿੱਖਿਆ, ਸਿਹਤ, ਸਵੱਛਤਾ ਤੇ ਮਜ਼ਬੂਤ ਬੁਨਿਆਦੀ ਸਹੂਲਤਾਂ ਮੁਹੱਈਆ ਹਨ। ਮੱਧ ਪ੍ਰਦੇਸ਼ ਦੇ ਇੰਦੌਰ ਤੇ ਭੋਪਾਲ ਨੂੰ ਟਾਪ 10 ਦੀ ਸੂਚੀ ਵਿਚ ਥਾਂ ਮਿਲੀ ਹੈ। ਮਹਾਰਾਸ਼ਟਰ ਦੇ ਹੀ ਤਿੰਨ ਹੋਰ ਸ਼ਹਿਰਾਂ ਨਵੀਂ ਮੁੰਬਈ, ਗ੍ਰੇਟ ਮੁੰਬਈ ਤੇ ਠਾਣੇ ਨੇ ਟਾਪ 10 ਵਿਚ ਥਾਂ ਬਣਾਈ ਹੈ। ਚੰਡੀਗੜ੍ਹ ਪੰਜਵੇਂ ਸਥਾਨ ‘ਤੇ ਹੈ। 111 ਸ਼ਹਿਰਾਂ ਦੀ ਸੂਚੀ ਵਿਚ ਰਾਮਪੁਰ ਸ਼ਹਿਰ ਸਭ ਤੋਂ ਹੇਠਲੇ ਡੰਡੇ ‘ਤੇ ਹੈ। ਪੰਜਾਬ, ਹਰਿਆਣਾ ਤੇ ਉਤਰਾਖੰਡ ਦੇ ਸ਼ਹਿਰਾਂ ਦੀ ਸਥਿਤੀ ਡਾਵਾਂਡੋਲ ਹੈ। ਇੱਥੋਂ ਦਾ ਕੋਈ ਵੀ ਸ਼ਹਿਰ ਟਾਪ 20 ਵਿਚ ਥਾਂ ਨਹੀਂ ਬਣਾ ਸਕਿਆ। ਦੇਹਰਾਦੂਨ 80ਵੇਂ ਸਥਾਨ ‘ਤੇ ਰਿਹਾ। ਮੱਧ ਪ੍ਰਦੇਸ਼ ਦੇ ਇੰਦੌਰ ਤੇ ਭੋਪਾਲ ਅੱਠਵੇਂ ਤੇ 10ਵੇਂ ਸਥਾਨ ‘ਤੇ ਹਨ। ਗਵਾਲੀਅਰ 32ਵੇਂ, ਸਤਨਾ 62ਵੇਂ, ਜਬਲਪੁਰ 15ਵੇਂ, ਸਾਗਰ 66ਵੇਂ ਤੇ ਉਜੈਨ 24ਵੇਂ ਸਥਾਨ ‘ਤੇ ਰਿਹਾ। ਛੱਤੀਸਗੜ੍ਹ ਦੇ ਰਾਏਪੁਰ ਨੂੰ ਸੱਤਵਾਂ ਤੇ ਬਿਲਾਸਪੁਰ ਨੂੰ 13ਵਾਂ ਸਥਾਨ ਮਿਲਿਆ ਹੈ। ਟਾਪ 10 ਦੀ ਸੂਚੀ ਵਿਚ ਪੁਣੇ, ਨਵੀਂ ਮੁੰਬਈ, ਗ੍ਰੇਟਰ ਮੁੰਬਈ, ਤਿਰੁਪਤੀ, ਚੰਡੀਗੜ੍ਹ, ਠਾਣੇ, ਰਾਇਪੁਰ, ਇੰਦੌਰ, ਵਿਜੇਵਾੜਾ ਤੇ ਭੋਪਾਲ ਦਾ ਨਾਂ ਹੈ। ਚਾਰ ਵਰਗਾਂ ‘ਚ ਵੰਡੇ ਗਏ ਸ਼ਹਿਰਾਂ ਦੀ ਸੂਚੀ ਵਿਚ ਵੀ ਉਤਰ ਭਾਰਤ ਵਿਚੋਂ ਉਤਰ ਪ੍ਰਦੇਸ਼ ਦੇ 14 ਸ਼ਹਿਰਾਂ ਨੂੰ ਸਰਵੇਖਣ ਲਈ ਚੁਣਿਆ ਗਿਆ ਸੀ। ਇਨ੍ਹਾਂ ਵਿਚ ਬਨਾਰਸ ਨੂੰ 33ਵੇਂ, ਝਾਂਸੀ ਨੂੰ 34ਵੇਂ, ਇਲਾਹਾਬਾਦ ਨੂੰ 73ਵੇਂ, ਆਗਰਾ ਨੂੰ 55ਵੇਂ, ਅਲੀਗੜ੍ਹ ਨੂੰ 86ਵੇਂ, ਬਰੇਲੀ ਨੂੰ 81ਵੇਂ, ਮੇਰਠ ਨੂੰ 101ਵੇਂ, ਗਾਜ਼ੀਆਬਾਦ ਨੂੰ 46ਵੇਂ, ਮੁਰਾਦਾਬਾਦ ਨੂੰ 88ਵੇਂ, ਸਹਾਰਨਪੁਰ ਨੂੰ 103ਵੇਂ ਤੇ ਰਾਮਪੁਰ ਨੂੰ 111ਵੇਂ ਸਥਾਨ ‘ਤੇ ਰੱਖਿਆ ਗਿਆ ਹੈ।
ਪੰਜਾਬ ‘ਚੋਂ ਲੁਧਿਆਣੇ ਨੇ ਮਾਰੀ ਬਾਜ਼ੀ
ਪੰਜਾਬ ਦੇ ਤਿੰਨ ਸ਼ਹਿਰ ਸਰਵੇਖਣ ਵਿਚ ਰੱਖੇ ਗਏ। ਇਨ੍ਹਾਂ ਵਿਚੋਂ ਕੋਈ ਵੀ ਸ਼ਹਿਰ ਬੇਸ਼ੱਕ ਟਾਪ 20 ਵਿਚ ਨਹੀਂ ਆਇਆ, ਪਰ ਆਪਸੀ ਮੁਕਾਬਲੇ ਵਿਚ ਲੁਧਿਆਣਾ ਬਾਜ਼ੀ ਮਾਰ ਗਿਆ। ਇਸ ਸਰਵੇਖਣ ਵਿਚ ਅੰਮ੍ਰਿਤਸਰ ਨੂੰ 76ਵਾਂ, ਜਲੰਧਰ ਨੂੰ 77ਵਾਂ ਤੇ ਲੁਧਿਆਣਾ ਨੂੰ 35ਵਾਂ ਸਥਾਨ ਮਿਲਿਆ ਹੈ। ਹਾਲਾਂਕਿ ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਲੁਧਿਆਣਾ ਪ੍ਰਦੂਸ਼ਿਤ ਸ਼ਹਿਰ ਹੈ।

Check Also

ਚੰਡੀਗੜ੍ਹ ’ਚ ਆਏਗਾ ‘ਇੰਡੀਆ’ ਗੱਠਜੋੜ ਦਾ ਲੋਕਲ ਚੋਣ ਮੈਨੀਫੈਸਟੋ

ਕਾਂਗਰਸ ਤੇ ‘ਆਪ’ ਨੇ ਬਣਾਈ ਕਮੇਟੀ, ਨਾਮਜ਼ਦਗੀ ਤੋਂ ਬਾਅਦ ਮੈਨੀਫੈਸਟੋ ਕੀਤਾ ਜਾਵੇਗਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ …