Breaking News
Home / ਰੈਗੂਲਰ ਕਾਲਮ / ਡਾਇਰੀ ਦੇ ਪੰਨੇ

ਡਾਇਰੀ ਦੇ ਪੰਨੇ

ਬੋਲ ਬਾਵਾ ਬੋਲ
ਖੇਤ ਮੇਰੇ ਪਿੰਡ ਦੇ…
ਨਿੰਦਰ ਘੁਗਿਆਣਵੀ
94174-21700
ਮੌਸਮੀ ਮਾਹਰਾਂ ਨੇ ਡਰਾ ਦਿੱਤਾ ਹੈ ਕਿ ਸਤੰਬਰ ਤੋਂ ਪੰਜਾਬ ਵਿਚ ਤੇਜ਼ ਮੀਂਹ ਝੱਖੜ ਤੇ ਕਿਤੇ ਗੜੇ ਵੀ ਪੈਣਗੇ। ਅਕਤੂਬਰ ਤੱਕ ਮੌਸਮ ਖਰਾਬ ਰਹੇਗਾ। ਇਹ ਕਾਲਮ ਲਿਖਦੇ ਵੇਲੇ ਲਾਹੌਰ ਵਾਲੇ ਪਾਸਿਓ ਬੱਦਲ ਚੜ੍ਹ ਰਿਹਾ ਹੈ। ਝੋਨੇ ਦੀ ਫਸਲ ਮੁੰਜਰਾਂ ਕੱਢ ਰਹੀ ਹੈ। ਖੇਤਾਂ ‘ઑਚ ਇਕਸਾਰ ਖੜ੍ਹੇ ਝੋਨੇ ਉਤੋਂ ਦੀ ਜੇਕਰ ਸਿੱਧੀ-ਸਪਾਟ ਤੇ ਉਡਦੀ ਨਜ਼ਰ ਮਾਰੀਏ, ਜਾਂ ਕਹਿ ਲਓ ਕਿ ਇਸਦੀ ਹਰਿਆਵਲ ਨੂੰ ਅੱਖਾਂ ਵਿਚ ਭਰੀਏ, ਤਾਂ ਲਗਦੈ ਕਿ ਕੁਦਰਤ ਨੇ ਸਾਨੂੰ ਹਰਿਆਵਲ ਨਾਲ ਲੱਦੀ ਲੰਮੀ ਤੋਂ ਲੰਮੀ ਤੇ ਚੌੜੀ ਤੋਂ ਚੌੜੀ ਚਾਦਰ ਸੌਗਾਤ ਵਜੋਂ ਦਿੱਤੀ ਹੈ, ਜਿਸਦੇ ਅਖਰੀਲੇ ਲੜਾਂ ਤੀਕ ਵੀ ਵੇਖੀ ਜਾਈਏ, ਨਾ ਅਕੇਵਾਂ ਲਾਗੇ ਆਵੇ ਨਾ ਥਕੇਵਾਂ! ਅੱਖੀਆਂ ਨੂੰ ਠੰਢਕ ਪੈਂਦੀ ਹੈ ਜਿਵੇਂ ਹਰੇ ਰੰਗੇ ਭਜਨ ਧਾਰਾ ਦੀ ਸਿਲਾਈ ਵਿਚ ਪਾ ਲਈ ਹੋਵੇ ਅੱਖੀਆਂ ਵਿਚ! ਮਨ ਚਾਹੇ ਮੈਂ ਪੰਛੀ ਹੋਵਾਂ, ਤੇ ਕਦੇ ਨਾ ਮੁੱਕਣ ਵਾਲੀ ਇੱਕ ਲੰਬੀ ਉਡਾਰੀ ਇਸ ਹਰੀ-ਭਰੀ ਚਾਦਰ ਉਤੋਂ ਦੀ ਭਰਾਂ, ਤੇ ਉਡਦਾ ਹੀ ਉਡਦਾ ਜਾਵਾਂ, ਮਸਤੀ ઑ’ਚ ਖੰਭ ਫੜਫੜਾਵਾਂ ਤੇ ਮਨ ਮਰਜ਼ੀ ਦਾ ਨਗਮਾ ਗਾਵਾਂ! ਪਰ ਮੇਰੀ ਕਿਸਮਤ ਵਿਚ ਏਹ ਕਿੱਥੇ ਲਿਖਿਆ ਹੈ ਤੈਂ ਕੁਦਰਤੇ, ਮੇਰਾ ਪੰਛੀ ਹੋਣਾ, ਹਰਿਆਵਲੀ ਚਾਦਰ ઑਤੇ ਉਡਣਾ-ਖੇਡਣਾ, ਗਾਉਣਾ ਤੇ ਮਸਤਾਉਣਾ। ਕਿੰਨੇ ਪਿਆਰੇ-ਪਿਆਰੇ ਤੇ ਭਾਗਵੰਤੇ ਨੇ ਇਹ ਪੰਛੀ ਨਿੱਕੇ-ਨਿੱਕੇ ਪਰਾਂ ਸਦਕੇ ਲੰਬੀਆਂ ਉਡਾਰੀਆਂ ਭਰਨ ਵਾਲੇ, ਕਰਮਾਂ ਵਾਲੜੇ ਇਹ ਪੰਛੀ ਹਰੀ ਚਾਦਰ ਉਤੇ ਉਡਦੇ ਚਹਿਕ ਰਹੇ ਨੇ, ਗਾ ਰਹੇ ਨੇ ਤੇ ਸਵੇਰ ਦੀ ਮਿੱਠੀ-ਮਿੱਠੀ ਠੰਢਕ ਨੂੰ ਰਮਣੀਕ ਬਣਾ ਰਹੇ ਹਨ। ਸੂਏ ਦੀ ਬੰਨੀ ਉਤੇ ਖਲੋਤਾ ਦੇਖ ਰਿਹਾ ਹਾਂ ਕਿ ਸੂਏ ਵਿਚ ਲਾਲ ਮਿੱਟੀ ਰੰਗਾ ਪਾਣੀ ਨੱਕੋ-ਨੱਕ ਭਰ ਭਰ ਵਗਦਾ ਜਾ ਰਿਹਾ ਹੈ, ਪਿਛਾਂਹ ਸ਼ੂਕਦੇ ਦਰਿਆਵਾਂ ਨੇ ਜਿਵੇਂ ਸਬਕ ਦੇ ਕੇ ਵਗਣ ਲਈ ਘੱਲਿਆ ਹੋਵੇ ਕਿ ਜਾ ਝੋਨੇ ਦੀ ਫਸਲ ਨੂੰ ਤਾਕਤਵਰ ਕਰ ਤੇ ਭਰ-ਭਰ ਵਗ। ਹੁਣ ਜੱਟਾਂ ਨੂੰ ਇਸ ਪਾਣੀ ਦੀ ਓਨੀ ਲੋੜ ਨਹੀਂ। ਝੋਨਾ ਮੁੰਜਰਾਂ ਕੱਢ ਖਲੋਤਾ ਹੈ ਤੇ ਜੱਟ ਉਡੀਕ ਕਰ ਰਹੇ ਨੇ ਝੋਨੇ ਦੇ ਮੁੱਢਾਂ ‘ઑਚੋਂ ਪਾਣੀ ਸੁੱਕਣ ਦੀ। ਸਪਰੇਆਂ ਜੋਰੋ-ਜੋਰ ਹੋ ਰਹੀਆਂ ਤੇ ਕਈ-ਕਈ ਬੋਰੇ ਖਾਦਾਂ ਦੇ ਸੁੱਟੇ ਗਏ ਨੇ ਝੋਨਾ ਚੰਗਾ ਕੱਢਣ ਵਾਸਤੇ। ਦੂਰ ਤੱਕ ਦੇਖਿਆ, ਸਾਡੇ ਪਿੰਡ ਦੀਆਂ ਬੁੱਢੀਆਂ ਦਲਿਤ ਔਰਤਾਂ ਕੋਡੀਆਂ ਹੋ-ਹੋ ਝੋਨੇ ઑ’ਚੋਂ ਤਾਲ (ਗੰਦ) ਕੱਢ ਰਹੀਆਂ ਨੇ। ਇਹ ਅੱਧੀ ਦਿਹਾੜੀ ਲਾਉਣਗੀਆਂ ਤੇ ਜਦ ਸੂਰਜ ਨੇ ਸਿਰੀ ਤਿੱਖੀ ਕਰ ਲਈ ਤਾਂ ਮੁੜ੍ਹਕੇ ਨਾਲ ਭਿੱਜੀਆਂ ਘਰਾਂ ਨੂੰ ਆਉਣਗੀਆਂ। ਮੈਂਨੂੰ ਤਰਸ ਆਉਂਦਾ ਹੈ ਇਨ੍ਹਾਂ ਉਤੇ ਪਰ ਮੈਨੂੰ ਅਫਸੋਸ ਹੈ ਕਿ ਮੈਂ ਮਨ ਮਸੋਸਣ ਤੋਂ ਬਿਨਾਂ ਇਹਨਾਂ ਵਾਸਤੇ ਕੁਝ ਨਹੀਂ ਕਰ ਸਕਦਾ। ਜੇ ਮੈਂ ਕੁਝ ਕਰ ਸਕਣ ਦੇ ਸਮਰੱਥ ਹੁੰਦਾ ਤਾਂ ਆਪਣੀ ਮਾਂ, ਦਾਦੀ ਤੇ ਤਾਈਆਂ ਦੀ ਥਾਵੇਂ ਲਗਦੀਆਂ ਮਜਦੂਰਨਾਂ ਲਈ ਕੁਝ ਜ਼ਰੂਰ ਕਰਦਾ ਪਰ ਮੇਰੇ ਵੱਸ ਨਹੀਂ।
ਜਦ ਕਦੇ ਹਲਕੀ ਕਾਲੀ ਬੱਦਲੀ ਬਣ ਕੇ ਉਡਣ ਲਗਦੀ ਹੈ ਤਾਂ ਕਿਸਾਨ ਫਿਕਰ ਕਰਨ ਲਗਦੇ ਨੇ-”ਰੱਬਾ ਹੁਣ ਹੋਰ ਨਹੀਂ ਲੋੜ, ਬਸ ਹੁਣ ਤਾਂ ਮਿਹਰ ਈ ਰੱਖ।” ਕਿਸਾਨ ਆਪਣੇ ਨਿੱਕੇ ਨਿਆਣਿਆਂ ਨੂੰ ਪੁਛਦੇ ਨੇ ਮੌਨਸੂਨ ਪੌਣਾਂ ਬਾਬਤ ਕਿ ਮੁੜ ਗਈਆਂ ਪਿਛਾਂਹ ਕਿ ਨਹੀਂ, ਜਾਂ ਹਾਲੇ ਏਥੇ ਈ ਫਿਰਦੀਆਂ ਗੇੜੇ ਦਿੰਦੀਆਂ ਮੁੰਡਿਓ, ਵੇਖੋ ਖਾਂ ਥੋਡਾ ਫੋਨ ਜਿਅ੍ਹਾ ਕੀ ਆਂਹਦੈ…ਆਹ ਤਿੱਤਰ ਖੰਭ੍ਹੀਆਂ ਤੋਂ ਡਰ ਲਗਦੈ…ਕਰੁੱਤੀਆਂ ਕਣੀਆਂ ਨਾ ਆ ਜਾਣ ਹੁਣ…। ਅੱਜ ਦੀ ਸੈਰ ਤੋਂ ਮੁੜਦਿਆਂ ਮੈਂ ਹਰੀ-ਭਰੀ ਚਾਦਰ ਨੂੰ ਅੱਖਾਂ ਵਿਚ ਭਰ ਕੇ ਮੁੜਿਆਂ ਹਾਂ, ਕਦੇ-ਕਦੇ ਮਨ ਹਰਿਆ-ਭਰਿਆ ਕਰਨ ਲਈ ਮੁੜ-ਮੁੜ ਸਕਾਰ ਕਰਾਂਗਾ ਅੱਖਾਂ ਅੱਗੇ ਇਹ ਹਰਿਆਵਲੀ ਚਾਦਰ!

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …