Breaking News
Home / ਨਜ਼ਰੀਆ / ਨੀਂਦ

ਨੀਂਦ

ਕਿਉਂ ਸੌਂਦੇ ਹਾਂ ਅਸੀਂ?ਕੀ ਮਨੁੱਖ ਐਂਵੇਂ ਹੀ ਸੌਂ ਕੇ ਅਪਣਾ ਵੱਕਤ ਅਜਾਈਂ ਗੁਆਉਂਦਾ ਹੈ ਜਾਂ ਫਿਰ ਇਹ ਜ਼ਰੂਰੀ ਹੈ?ਆਖਿਰ ਦਿਮਾਗ ਵਿਚ ਕੀ ਤਬਦੀਲੀਆਂ ਆਉਂਦੀਆਂ ਹਨ, ਨੀਂਦ ਸਮੇਂ? ਸਦੀਆਂ ਭਰ ਲੋਕ ਇਹ ਸੁਆਲ ਕਰਦੇ ਰਹੇ, ਵਿਦਵਾਨ ਸੋਚਦੇ ਰਹੇ, ਖੋਜੀ ਖੋਜ ਕਰਦੇ ਰਹੇ। ਅਰਸਤੂ ਨੇ ਵੀ 2350 ਸਾਲ ਪਹਿਲਾਂ ਇਹੀ ਸੁਆਲ ਕੀਤਾ, ਆਖਿਰ ਨੀਂਦ ਵਿਚ ਅਸੀਂ ਕੀ ਕਰਦੇ ਹਾਂ ਅਤੇ ਕਿਉਂ ਕਰਦੇ ਹਾਂ? ਕੁਝ ਖੋਜਾਂ ਹੋਈਆਂ ਪਰ ਨੀਂਦ ਤੇ ਅਸਲ ਖੋਜ ਜਰਮਨ ਮਾਨਸਿਕ ਖੋਜੀ ਹਾਂਸ ਬਰਗਰ ਦੀ ਈ ਈ ਜੀ (ਇਲੈਕਟਰੋ ਐਨਸੈਫਲੋ ਗਰਾਫ) ਦੀ ਕਾਢ ਮਗਰੋਂ ਹੀ ਸ਼ੁਰੂ ਹੋਈ ਜੋ ਦਿਮਾਗ ਵਿਚੋਂ ਨਿਕਲੀਆਂ ਬਿਜਲਈ ਤਰੰਗਾਂ ਨੂੰ ਕਾਗਜ਼ ਤੇ ਲਕੀਰਾਂ ਦੀ ਸ਼ਕਲ ਵਿਚ ਵਾਹ ਸਕਦਾ ਸੀ।
ਤਕਰੀਬਨ ਸਾਰੇ ਹੀ ਜੀਵ ਕਿਸੇ ਨਾ ਕਿਸੇ ਤਰ੍ਹਾਂ ਦੀ ਨੀਂਦ ਦਾ ਆਨੰਦ ਮਾਣਦੇ ਹਨ। ਇਥੋਂ ਤੱਕ ਕਿ ਕਈ ਜੀਵ ਜਿਨ੍ਹਾਂ ਵਿਚ ਦਿਮਾਗ ਵੀ ਪੂਰਾ ਵਿਕਸਤ ਨਹੀਂ ਹੋਇਆ ਜਿਵੇਂ ਪਲੈਂਕਟਨ (ਸਮੁੰਦਰਾਂ, ਛੱਪੜਾਂ ਵਿਚ ਤੈਰਦੇ ਇੱਕ ਸੈੱਲ ਵਾਲੇ ਜੀਵ) ਵਿਚ ਵੀ ਸਾਫ਼ ਤੌਰ ‘ਤੇ ਜ਼ਿਆਦਾ ਕਿਰਿਆਸ਼ੀਲ ਅਤੇ ਘੱਟ ਕਿਰਿਆਸ਼ੀਲ ਸਮਾਂ ਵੇਖਣ ਨੂੰ ਮਿਲਦਾ ਹੈ। ਸੋ ਨੀਂਦ ਜੀਵ ਵਿਕਾਸ ਦੇ ਪਹਿਲੇ ਪੜਾਵਾਂ ਵਿਚ ਹੀ ਆ ਗਈ ਸੀ, ਕਿਉਂਕਿ ਕੋਈ ਵੀ ਜੀਵ ਸਦਾ ਪੂਰੀ ਰਫਤਾਰ ‘ਤੇ ਕੰਮ ਨਹੀਂ ਕਰ ਸਕਦਾ। ਇੱਕ ਸੁਸਤ ਜਾਨਵਾਰ ਸਲੌਥ ਹਰ ਰੋਜ 10 ਘੰਟੇ ਸੁੱਤਾ ਰਹਿੰਦਾ ਹੈ, ਕਈ ਜਮਗਿਦੜ 20 ਘੰਟੇ ਤੱਕ ਵੀ ਸੌਂ ਲੈਂਦੇ ਹਨ। ਜਰਾਫ਼ 5 ਘੰਟੇ ਤੋਂ ਵੀ ਘੱਟ ਸੌਂਦਾ ਹੈ। ਘੋੜਾ ਅਧੀ ਨੀਂਦ ਖੜ੍ਹ ਕੇ ਅਤੇ ਅੱਧੀ ਪੈ ਕੇ ਪੂਰੀ ਕਰਦਾ ਹੈ। ਡੌਲਫਿਨ ਮੱਛੀ ਦਾ ਵਾਰੋ ਵਾਰੀ ਅੱਧਾ ਦਿਮਾਗ ਸੌਂ ਜਾਂਦਾ ਹੈ ਅਤੇ ਅੱਧਾ ਜਾਗਦਾ ਰਹਿੰਦਾ ਹੈ। ਕਈ ਪੰਛੀ ਹਵਾ ਵਿਚ ਉਡਦੇ ਸਮੇਂ ਹੀ ਸੌਂ ਲੈਂਦੇ ਹਨ। ਐਡੀਸਨ ਜਿਸ ਨੇ ਬੱਲਬ ਦੀ ਕਾਢ ਕੱਢੀ, ਨੀਂਦ ਨੂੰ ਸਮੇਂ ਦੀ ਬਰਬਾਦੀ ਕਹਿੰਦਾ ਸੀ। ਉਹ ਰਾਤ ਨੂੰ ਸਿਰਫ ਚਾਰ ਪੰਜ ਘੰਟੇ ਸੌਂਦਾ ਪਰ ਇਹ ਘਾਟਾ ਉਹ ਦਿਨ ਸਮੇਂ ਆਪਣੇ ਕੰਮ ਵਾਲੀ ਥਾਂ ਤੇ ਠੌਂਕਾ ਲਾ ਕੇ ਪੂਰਾ ਕਰਦਾ। ਉਸ ਨੇ ਬੱਲਬ ਦੀ ਕਾਢ ਕੱਢੀ ਤਾਂ ਰਾਤ ਦਾ ਹਨ੍ਹੇਰਾ ਕਾਫੀ ਹੱਦ ਤੱਕ ਦੂਰ ਹੋ ਗਿਆ, ਇਸ ‘ਤੇ ਐਡੀਸਨ ਦਾ ਕਹਿਣਾ ਸੀ ਕਿ ਆਖਿਰ ਅਸੀਂ ਰਾਤ ਖਤਮ ਕਰ ਦੇਵਾਂਗੇ ਅਤੇ ਨੀਂਦ ਵੀ। ਨੀਂਦ ਦੇ ਮਾਹਿਰ ਡਾ ਵਿਲੀਅਮ ਡੀਮੈਂਟ ਦੀ ਰੇਖ ਦੇਖ ਵਿਚ ਸਭ ਤੋਂ ਲੰਬਾ ਸਮਾਂ, 11 ਦਿਨ 25 ਮਿੰਟ, ਕੈਲੀਫੋਰਨੀਆ ਦੇ ਸੈਨ ਡੀਗੋ ਸ਼ਹਿਰ ਵਿਚ ਰੇਂਡੀ ਗਾਰਡਨਰ ਜਾਗਦਾ ਰਿਹਾ। ਉਹ ਹਾਈ ਸਕੂਲ ਦਾ ਵਿਦਿਆਰਥੀ ਸੀ ਅਤੇ ਇਸੇ ਸਕੂਲ ਦੇ ਦੋ ਵਿਦਿਆਰਥੀਆਂ ਨੇ ਉਸ ਦੇ ਜਾਗਦੇ ਰਹਿਣ ਦਾ ਰਿਕਾਰਡ ਰੱਖਿਆ। ਇਸ ਤੋਂ ਡੀਮੈਂਟ ਨੇ ਨਤੀਜਾ ਕੱਢਿਆ ਕਿ ਲਗਾਤਾਰ ਜਾਗਦੇ ਰਹਿਣ ‘ਤੇ ਉਸ ਨੂੰ ਕੁਝ ਥਕਾਣ ਤਾਂ ਹੋਈ ਪਰ ਉਸ ‘ਤੇ ਹੋਰ ਕੋਈ ਖਾਸ ਅਸਰ ਨਹੀਂ ਹੋਇਆ। ਪਰ ਉਸ ਦੀ ਸਿਹਤ ਦਾ ਖਿਆਲ ਰੱਖ ਰਹੇ ਡਾਕਟਰ ਜੌਹਨ ਰੌਸ ਦਾ ਕਹਿਣਾ ਸੀ ਕਿ ਉਸ ਦੀ ਸੋਚਣ ਸ਼ਕਤੀ ਅਤੇ ਸੁਭਾਅ ਵਿਚ ਵੱਡੀਆਂ ਤਬਦੀਲੀਆਂ ਆ ਗਈਆਂ ਸਨ। ਉਹ ਇਕਾਗਰਤਾ ਨਹੀ ਸੀ ਰੱਖ ਸਕਦਾ ਸੀ, ਯਾਦ ਸ਼ਕਤੀ ਘੱਟ ਗਈ ਸੀ, ਉਹ ਪਾਗਲਾਂ ਵਰਗੀਆਂ ਗੱਲਾਂ ਕਰਦਾ ਸੀ, ਜਾਗਦਾ ਸੁਪਨੇ ਲੈਂਦਾ ਸੀ। ਉਸ ਤੋਂ ਬਾਅਦ ਕਈਆਂ ਨੇ ਇਸ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸਿਹਤ ਵਿਚ ਕੋਈ ਪੱਕਾ ਨੁਕਸ ਪੈਣ ਦੇ ਡਰੋਂ, ਕੋਈ ਵੀ ਇਹ ਰਿਕਾਰਡ ਦਰਜ ਨਹੀਂ ਕਰਦਾ। ਪਰ ਇਹ ਵੀ ਸੱਚ ਹੈ ਕਿ ਕਦੇ ਵੀ ਕੋਈ ਮਨੁੱਖ ਅੱਜ ਤੱਕ ਨੀਂਦ ਨਾ ਆਉਣ ਕਾਰਨ ਨਹੀਂ ਮਰਿਆ।
ਜਦ ਦੇਰ ਤੱਕ ਕੋਈ ਸੌਂਦਾ ਨਹੀਂ ਅਤੇ ਫਿਰ ਕਿਤੇ ਸੌਣ ਦਾ ਮੌਕਾ ਮਿਲ ਜਾਵੇ ਤਾਂ ਸਰੀਰ ਉਸ ਦੀ ਮਰਜ਼ੀ ਦੇ ਖਿਲਾਫ ਵੀ ਦੇਰ ਤੱਕ ਸੌਂ ਕੇ ਨੀਂਂਦ ਪੂਰੀ ਕਰ ਲੈਂਦਾ ਹੈ। ਪੰਜਾਬ ਦੇ ਮਾਲਵਾ ਇਲਾਕੇ ਵਿਚ ਇੱਕ ਘਟਨਾ ਆਮ ਸੁਣਾਈ ਜਾਂਦੀ ਹੈ, ਕਿਸ ਪਿੰਡ ਦੀ ਹੈ ਇਹ ਤਾਂ ਪੱਕਾ ਪਤਾ ਨਹੀਂ ਪਰ ਗੱਲ ਸੱਚੀ ਹੈ। ਹਾੜ੍ਹੀ ਦੇ ਦਿਨ ਸਨ ਅਤੇ ਭੈਣ ਦੇ ਪਿੰਡੋ ਸੁਨੇਹਾ ਆਇਆ ‘ਵੀਰਾ ਬਲਦ ਬਿਨਾ ਦਾਣੇ ਕੱਢਣ ਤੋਂ ਬੈਠੇ ਹਾਂ, ਜਲਦੀ ਇੱਕ ਬਲਦ ਭੇਜ ਦਿਓ’। ਭਰਾ ਦਾ ਚੰਗਾ ਚਲਦਾ ਘਰ ਸੀ, ਸੀਰੀ ਨੂੰ ਕਿਹਾ ‘ਆਪਾਂ ਤਾਂ ਔਖੇ ਸੌਖੇ ਸਾਰ ਲਵਾਂਗੇ, ਇਹ ਸਾਵਾ ਬਲਦ ਭੈਣ ਕੋਲ ਛੱਡ ਆ, ਬਸ ਤੁਰਿਆ ਜਾਵੀ ਤੇ ਤੁਰਿਆ ਆਵੀਂ, ਭੈਣ ਦੇ ਘਰ ਜਾਂ ਹੋਰ ਕਿਤੇ ਖੜ੍ਹੀਂ ਨਾ, ਅਪਣਾ ਸਾਰਾ ਕੰਮ ਕਰਨਾ ਪਿਐ ਅਜੇ।’ ਚੰਗਾ ਸਰਦਾਰ ਜੀ ਕਹਿਕੇ ਸੀਰੀ ਤੁਰ ਪਿਆ। ਜਦ ਵਾਪਿਸ ਆਇਆ ਤਾਂ ਜੱਟ ਗਲ ਪੈ ਗਿਆ, ਜਾ.. ਤੈਨੂੰ ਕਿਹਾ ਸੀ ਵੀ ਭੈਣ ਦੇ ਘਰ ਰਾਤ ਨਹੀਂ ਕੱਟਣੀ, ਜਾਂਦਾ ਹੀ ਮੁੜ ਪੀਂ, ਤੂੰ ਫੇਰ ਨਾ ਹਟਿਆ, ਦੂਜਾ ਦਿਨ ਲਿਆਤਾ। ਸੀਰੀ ਕਹੇ ਮੈਂ ਰਾਤ ਨਹੀਂ ਰਿਹਾ ਸਿੱਧਾ ਗਿਆ ਤੇ ਮੁੜ ਆਇਆ, ਪਰ ਹਾਂ ਰਾਹ ਵਿਚ ਦੁਪਿਹਰੇ ਟਾਹਲੀ ਥੱਲੇ ਘੰਟਾ ਕੁ ‘ਰਾਮ ਕੀਤੈ। ਉਸ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਘੰਟਾ ਕੁ ਨਹੀਂ ਸਗੋਂ 25 ਘੰਟੇ ਸੌਂ ਲਿਆ ਸੀ।
ਨੀਂਦ ਅਤੇ ਬੇਹੋਸ਼ੀ ਤਕਰੀਬਨ ਇਕੋ ਜਿਹੀਆਂ ਕੁਦਰਤੀ ਅਵਸਥਾਵਾਂ ਹਨ, ਦੋਨਾਂ ਵਿਚ ਸਰੀਰ ਦੇ ਹਿਲਣ ਜੁਲਣ ਵਾਲੇ ਪੱਠੇ ਦਿਮਾਗ ਦੇ ਸਿੱਧੇ ਕੰਟਰੋਲ ਹੇਠਾਂ ਨਹੀਂ ਰਹਿੰਦੇ, ਗਿਆਨ ਇੰਦਰੀਆਂ ਆਲੇ ਦੁਆਲੇ ਵਾਪਰ ਰਹੀਆਂ ਤਬਦੀਲੀਆਂ ਵੱਲ ਘੱਟ ਧਿਆਨ ਦਿੰਦੀਆਂ ਹਨ ਪਰ ਕਿਉਂਕਿ ਮਨੁੱਖ ਆਖਿਰ ਜੰਗਲੀ ਜਾਨਵਰਾਂ ਨਾਲ ਰਹਿੰਦਿਆਂ ਵੱਡੇ ਖਤਰਿਆਂ ਵਿਚਕਾਰ ਹੀ ਅਜੋਕੇ ਰੂਪ ਵਿਚ ਆਇਆ ਹੈ, ਕੋਈ ਵੀ ਖਤਰੇ ਦੀ ਨਿਸ਼ਾਨੀ, ਆਵਾਜ਼, ਰੌਸ਼ਨੀ, ਗਰਮੀ ਸਰਦੀ, ਛੇੜ ਛਾੜ ਆਦਿ, ਨੀਂਦ ਤੋੜ ਸਕਦੀ ਹੈ। ਪਰ ਬੇਹੋਸ਼ੀ ਵਿਚੋਂ ਜਾਗਣਾ ਇਨ੍ਹਾਂ ਆਸਾਨ ਨਹੀਂ।
ਨੀਂਦ ਤੰਦਰੁਸਤ ਬਚਾਅ (ਇਮਿਊਨ) ਪ੍ਰਣਾਲੀ ਲਈ, ਸਰੀਰ ਦਾ ਤਾਪਮਾਨ ਅਤੇ ਬਲੱਡ ਪ੍ਰੈਸ਼ਰ ਸਹੀ ਰੱਖਣ ਲਈ ਵੀ ਜ਼ਰੂਰੀ ਹੈ। ਵਧੀਆ ਨੀਂਦ ਲੈਣ ਵਾਲੇ ਲੋਕਾਂ ਵਿਚ ਬੁਢਾਪੇ ਵੇਲੇ ਭੁੱਲਣ ਦੀ ਬਿਮਾਰੀ ਵੀ ਘੱਟ ਹੁੰਦੀ ਹੈ। ਖੋਜ ਦਸਦੀ ਹੈ ਕਿ ਜਾਗਦੇ ਸਮੇਂ ਸਾਡੇ ਦਿਮਾਗ ਦੇ ਸੈੱਲ ਪੂਰੇ ਫੁੱਲੇ ਹੋਣ ਕਾਰਨ ਉਨ੍ਹਾਂ ਦਰਮਿਆਨ ਕੋਈ ਵਿੱਥ ਨਹੀਂ ਹੁੰਦੀ, ਉਹ ਨਾਲ ਨਾਲ ਚਿਣੇ ਰਹਿੰਦੇ ਹਨ, ਪਰ ਨੀਂਦ ਸਮੇਂ ਇਹ ਤਕਰੀਬਨ 60% ਢਿੱਲੇ ਪੈ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਵਿਚਕਾਰ ਵਿਥ ਪੈ ਜਾਂਦੀ ਹੈ। ਦਿਮਾਗ ਦੇ ਸੈੱਲ ਅਪਣਾ ਰਹਿੰਦ ਖੂੰਹਦ ਇਨ੍ਹਾਂ ਵਿਰਲਾਂ ਵਿਚ ਸੁੱਟ ਦਿੰਦੇ ਹਨ, ਜਿਥੋਂ ਇਸ ਨੂੰ ਦਿਮਾਗ ਅਤੇ ਸੂਖਮ ਨਾਲੀ (ਸਪਾਇਨਲ ਕੋਰਡ ਜੋ ਰੀੜ੍ਹ ਦੀ ਹੱਡੀ ਵਿਚਕਾਰ ਹੁੰਦੀ ਹੈ) ਵਿਚਲਾ ਤਰਲ ਧੋ ਸੁੱਟਦਾ ਹੈ। ਇਹ ਵਿਅੱਰਥ ਪਦਾਰਥ (ਜ਼ਿਆਦਾਤਰ ਬੀਟਾ ਅਮਾਇਲੋਇਡ) ਜੇਕਰ ਨਾ ਕੱਢਿਆ ਜਾਵੇ ਤਾਂ ਦਿਮਾਗ ਦੇ ਸੈੱਲਾਂ ਦੇ ਇੱਕ ਦੂਜੇ ਵੱਲ ਜਾਣ ਵਾਲੇ ਸੁਨੇਹੇ ਨਹੀਂ ਜਾ ਸਕਦੇ।
ਨੀਂਦ ਨੂੰ ਮੁੱਖ ਰੂਪ ਵਿਚ ਦੋ ਅਵਸਥਾਵਾਂ ਵਿਚ ਵੰਡਿਆ ਜਾ ਸਕਦਾ ਹੈ, ਪਲਕਾਂ ਥੱਲੇ ਡੇਲਿਆਂ (ਅੱਖਾਂ) ਦੇ ਇੱਕ ਥਾਂ ਟਿਕੇ ਰਹਿਣ ਦੀ ਅਵੱਸਥਾ ਅਤੇ ਅੱਖਾਂ ਦੇ ਤੇਜੀ ਨਾਲ ਨਾਲ ਇਧਰ ਉਧਰ ਹਿਲਣ ਦੀ ਅਵੱਸਥਾ ਜਿਵੇਂ ਕਿਤੇ ਮਨੁੱਖ ਆਸੇ ਪਾਸੇ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਹਿਲੀ ਅਵਸਥਾ ਨੂੰ ਅੱਗੇ ਚਾਰ ਅਵਸਥਾਵਾਂ ਵਿਚ ਵੰਡਿਆ ਜਾਂਦਾ ਹੈ। ਇਹ ਚਾਰੇ ਤਕਰੀਬਨ 90 ਮਿੰਟ ਵਿਚ ਪੂਰੀਆਂ ਹੋ ਜਾਂਦੀਆਂ ਹਨ। ਅੱਖਾਂ ਦੇ ਹਿਲਣ ਜੁਲਣ ਵਾਲੀ ਅਵਸਥਾ ਇਨ੍ਹਾਂ ਦੇ ਪੂਰੇ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਇਸ ਅਵਸਥਾ ਵਿਚ ਆਮ ਕਰਕੇ ਸੁਪਨੇ ਆਉਂਦੇ ਹਨ। ਰਾਤ ਭਰ ਵਿਚ ਅਸੀਂ ਚਾਰ ਪੰਜ ਵਾਰ ਇਨ੍ਹਾਂ ਸਾਰੀਆਂ ਅਵਸਥਾਵਾਂ ਵਿਚੋਂ ਲੰਘਦੇ ਹਾਂ। ਪਹਿਲੇ ਗੇੜਾਂ ਵਿਚ ਸਥਿਰ ਅੱਖਾਂ ਵਾਲੀ ਨੀਂਦ ਦਾ ਸਮਾਂ ਜ਼ਿਆਦਾ ਰਹਿੰਦਾ ਹੈ ਅਤੇ ਇਹ ਅਗਲੇ ਗੇੜਾਂ ਵਿਚ ਘਟਦਾ ਜਾਂਦਾ ਹੈ ਅਤੇ ਸੁਪਨਿਆਂ ਵਾਲੀ ਨੀਂਦ ਦਾ ਸਮਾਂ ਵਧਦਾ ਜਾਂਦਾ ਹੈ। ਆਮ ਵਿਅਕਤੀਆਂ ਵਿਚ ਪਹਿਲੀ ਅਵਸਥਾ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ, ਅਸੀਂ ਪੈਂਦੇ ਹਾਂ ਅਤੇ ਦਿਮਾਗ ਦੀ ਪਾਇਨੀਅਲ ਗ੍ਰੰਥੀ ਨੀਂਦ ਦਾ ਹਾਰਮੋਨ ਮੈਲਾਟੋਨ ਛੱਡਣਾ ਸ਼ੁਰੂ ਕਰ ਦਿੰਦੀ ਹੈ। ਸਾਡੇ ਦਿਮਾਗ ਦੇ 86 ਅਰਬ ਨਿਊਰੋਨ (ਦਿਮਾਗ ਦੇ ਸੈੱਲ) ਸ਼ਾਂਤ ਹੋਣ ਲਗਦੇ ਹਨ ਤੇ ਅਸੀਂ ਸੌਂ ਜਾਂਦੇ ਹਾਂ। ਜਾਗਦੇ ਸਮੇਂ ਦਿਮਾਗ ਦੇ ਸੈੱਲ ਬਿਜਲਈ ਕਰੰਟ ਰਾਹੀਂ ਇੱਕ ਦੂਜੇ ਨੂੰ ਸੁਨੇਹੇ ਦਿੰਦੇ ਰਹਿੰਦੇ ਹਨ, ਜੋ ਈ ਈ ਜੀ ਦੇ ਗਰਾਫ ਤੇ ਤੇਜ਼ੀ ਨਾਲ ਬਦਲਦੀਆਂ ਲਹਿਰਾਂ ਦੇ ਰੂਪ ਵਿਚ ਦਿਸਦੇ ਹਨ। ਨੀਂਦ ਦੀ ਪਹਿਲੀ ਅਵਸਥਾ ਸ਼ੁਰੂ ਹੁੰਦੇ ਸਾਰ ਇਹ ਗਰਾਫ ਸ਼ਾਂਤ ਲਹਿਰਾਂ ਦਾ ਰੂਪ ਲੈ ਲੈਂਦਾ ਹੈ। ਕੰਨ, ਅੱਖਾਂ, ਨੱਕ, ਚਮੜੀ ਆਦਿ ਤੋਂ ਆ ਰਹੇ ਸੁਨੇਹੇ ਮੱਧਮ ਪੈ ਜਾਂਦੇ ਹਨ। ਇਹ ਪੇਤਲੀ ਨੀਂਦ ਹੈ।
ਫਿਰ ਦਿਮਾਗ ਦੇ ਵਿਚਕਾਰੋਂ ਬਾਹਰਲੀ ਸਤਿਹ ਵੱਲ ਰੁਕ ਰੁਕ ਕੇ ਤੇਜ਼ ਕਰੰਟ ਜਾਣਾ ਸ਼ੁਰੂ ਹੁੰਦਾ ਹੈ। ਇਸ ਕਰੰਟ ਨੂੰ ਈ ਈ ਜੀ ਦੇ ਗਰਾਫ਼ ਵਿਚ ਇੱਕ ਗਲੋਟੇ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ, ਇਨ੍ਹਾਂ ਅੱਧੇ ਸਕਿੰਟ ਦੇ ਬਿਜਲਈ ਝਟਕਿਆਂ ਵਾਲੀ (ਸਪਾਰਕ), ਨੀਂਦ ਦੀ ਇਹ ਦੂਸਰੀ ਅਵਸਥਾ ਹੈ। ਇਸ ਅਵਸਥਾ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ। ਸਾਇੰਸਦਾਨਾਂ ਮੁਤਾਬਿਕ ਸਾਰੇ ਦਿਨ ਵਿਚ ਇਕੱਠੀ ਕੀਤੀ ਜਾਣਕਾਰੀ ਨੂੰ ਇਸ ਸਮੇਂ ਸਾਡਾ ਦਿਮਾਗ ਛਾਂਟ ਰਿਹਾ ਹੁੰਦਾ ਹੈ। ਬੇਕਾਰ ਯਾਦਾਂ ਖਤਮ ਕਰ ਦਿਤੀਆਂ ਜਾਂਦੀਆਂ ਹਨ ਅਤੇ ਜ਼ਰੂਰੀ ਜਾਣਕਾਰੀ ਦਿਮਾਗ ਦੇ ਬਾਹਰਲੇ ਹਿੱਸੇ ਵਿਚ ਸਾਂਭ ਲਈ ਜਾਂਦੀ ਹੈ। ਇਹ ਸਾਡੀ ਲੰਬੇ ਸਮੇਂ ਦੀ ਯਾਦ ਬਣ ਜਾਂਦੀ ਹੈ। ਤਜ਼ਰਬਿਆਂ ਤੋਂ ਪਤਾ ਲੱਗਾ ਹੈ ਕਿ ਜਿੰਨਾ ਦਿਨ ਵੇਲੇ ਜ਼ਿਆਦਾ ਨਵੇਂ ਦਿਮਾਗੀ ਜਾਂ ਜਿਸਮਾਨੀ ਕੰਮ ਸਿੱਖੇ ਹੋਣ ਇਨ੍ਹਾਂ ਝਟਕਿਆਂ ਦੀ ਗਿਣਤੀ ਉਨੀ ਹੀ ਜ਼ਿਆਦਾ ਹੁੰਦੀ ਹੈ। ਪੂਰੀ ਨੀਂਦ ਦਾ ਅੱਧਾ ਸਮਾਂ ਇਸ ਅਵਸਥਾ ਵਿਚ ਗੁਜ਼ਰਦਾ ਹੈ। ਨੀਂਦ ਦੇ ਪਹਿਲੇ 90 ਮਿੰਟਾਂ ਦੇ ਪਹਿਲੇ ਗੇੜ ਵਿਚ, ਇਹ ਅਵਸਥਾ ਤਕਰੀਬਨ 50 ਮਿੰਟ ਰਹਿੰਦੀ ਹੈ। ਪਰ ਅਗਲੇ ਗੇੜਾਂ ਵਿਚ ਇਸ ਅਵਸਥਾ ਦਾ ਸਮਾਂ ਘਟਦਾ ਜਾਂਦਾ ਹੈ। ਇਹ ਸਪਾਰਕ ਕੁਝ ਕੁ ਸਕਿੰਟਾਂ ਦੀ ਵਿਥ ‘ਤੇ ਆਉਂਦੇ ਰਹਿੰਦੇ ਹਨ, ਪਰ ਜਦ ਇਹ ਘਟਦੇ ਹਨ ਤਾਂ ਨਾਲ ਹੀ ਸਾਡੇ ਦਿਲ ਦੀ ਧੜਕਣ ਘੱਟ ਹੋ ਜਾਂਦੀ ਹੈ, ਸਰੀਰ ਦਾ ਅੰਦਰੂਨੀ ਤਾਪਮਾਨ ਘੱਟ ਜਾਂਦਾ ਹੈ, ਬਾਹਰਲੇ ਸੰਸਾਰ ਨਾਲੋਂ ਨਾਤਾ ਹੋਰ ਟੁੱਟ ਜਾਂਦਾ ਹੈ ਅਤੇ ਅਸੀਂ ਗੁੜੀ ਨੀਂਦ ਵੱਲ ਨੂੰ ਚਲੇ ਜਾਂਦੇ ਹਾਂ। ਇਹ ਨੀਂਦ ਦੀ ਤੀਜੀ ਅਵਸਥਾ ਦਾ ਸ਼ੁਰੂ ਹੈ। ਚੌਥੀ ਅਵਸਥਾ ਵੀ ਗੁੜੀ ਨੀਂਦ ਦੀ ਹੈ। ਇਨ੍ਹਾਂ ਦੋਵਾਂ ਵਿਚ ਈ ਈ ਜੀ ਵਿਚ ਲਹਿਰਾਂ ਘਟ ਜਾਂਦੀਆਂ ਹਨ। ਇਸ ਸਮੇਂ ਸਰੀਰ ਪੂਰੇ ਅਰਾਮ ਦੀ ਸਥਿਤੀ ਵਿਚ ਹੁੰਦਾ ਹੈ। ਇਸ ਸਮੇਂ ਸਾਡੇ ਸੈੱਲ ਵਧਾਉਣ ਵਾਲਾ ਰਸ (ਹਾਰਮੋਨ) ਵੱਧ ਤੋਂ ਵੱਧ ਬਣਦਾ ਹੈ, ਜੋ ਸਾਡੀਆਂ ਹੱਡੀਆਂ ਅਤੇ ਪੱਠਿਆਂ ਲਈ ਸਾਰੀ ਉਮਰ ਜ਼ਰੂਰੀ ਰਹਿੰਦਾ ਹੈ। ਦਿਮਾਗ ਬਿਲਕੁਲ ਸ਼ਾਂਤ ਹੋ ਜਾਂਦਾ ਹੈ, ਬੇਹੋਸ਼ੀ ਜਾਂ ਮੌਤ ਦੇ ਨੇੜੇ ਤੇੜੇ ਵਾਂਗਰ ਸ਼ਾਂਤ। ਸੁਪਨੇ ਵੀ ਨਹੀਂ ਆਉਂਦੇ, ਦਰਦ ਵੀ ਘੱਟ ਮਹਿਸੂਸ ਹੁੰਦਾ ਹੈ। ਇਹ ਅਵਸਥਾ ਅੱਧੇ ਘੰਟੇ ਤੋਂ ਵੱਧ ਸਮਾਂ ਨਹੀਂ ਰਹਿੰਦੀ ਅਤੇ ਆਖਿਰ ਦਿਮਾਗ ਇਸ ਅਵਸਥਾ ਵਿਚੋਂ ਬਾਹਰ ਆ ਜਾਂਦਾ ਹੈ। ਨੀਂਦਰ ਵਿਚ ਤੁਰਨ ਵਾਲੇ ਵਿਅਕਤੀਆਂ ਵਿਚ ਖਾਸ ਕਰ ਇਹ ਬਦਲਾਅ ਸਮੇਂ ਸਰੀਰ ਝਟਕਾ ਮਾਰਦਾ ਹੈ।
ਸਥਿਰ ਅੱਖਾਂ ਵਾਲੀ ਨੀਂਦ ਦੀ ਚੌਥੀ ਅਵਸਥਾ ਮਗਰੋਂ ਅੱਖਾਂ ਦੇ ਤੇਜ਼ੀ ਨਾਲ ਨਾਲ ਇਧਰ ਉਧਰ ਹਿਲਣ ਦੀ ਅਵਸਥਾ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾ ਸੁਪਨੇ ਸਾਨੂੰ ਇਸ ਅਵਸਥਾ ਵਿਚ ਆਉਂਦੇ ਹਨ। ਦਿਮਾਗ ਵਿਚੋਂ ਨਿਕਲ ਰਹੀਆਂ ਬਿਜਲਈ ਤਰੰਗਾਂ ਦਸਦੀਆਂ ਹਨ ਕਿ ਇਸ ਸਮੇਂ ਦਿਮਾਗ ਜਾਗਣ ਦੀ ਅਵਸਥਾ ਜਿੰਨਾ ਹੀ ਕ੍ਰਿਆਸ਼ੀਲ ਹੁੰਦਾ ਹੈ। ਦਿਲ ਦੀ ਧੜਕਣ ਅਤੇ ਸਾਹ ਉਗੜ ਦੁੱਘੜੇ ਹੋ ਜਾਂਦੇ ਹਨ, ਕਦੇ ਤੇਜ਼ ਤੇ ਕਦੇ ਹੌਲੀ। ਸਰੀਰ ਦਾ ਤਾਪਮਾਨ ਵੀ ਸਥਿਰ ਨਹੀਂ ਰਹਿੰਦਾ। ਇਸ ਲਈ ਜੇਕਰ ਸੌਣ ਵਾਲੇ ਥਾਂ, ਤਾਪਮਾਨ ਜ਼ਿਆਦਾ ਗਰਮ ਜਾਂ ਠੰਡਾ ਹੋਵੇ ਤਾਂ ਸਰੀਰ ਦਾ ਤਾਪਮਾਨ ਜ਼ਿਆਦਾ ਵੱਧ ਜਾਂ ਘੱਟ ਨਾ ਹੋ ਜਾਣ ਦੇ ਡਰੋਂ, ਕੁਦਰਤੀ ਤੌਰ ‘ਤੇ ਹੀ, ਸਾਡਾ ਸਰੀਰ ਸੁਪਨਿਆਂ ਵਾਲੀ ਨੀਂਦ ਵਿਚ ਨਹੀਂ ਜਾਂਦਾ। ਬਾਹਰੀ ਜਣਨ ਅੰਗਾਂ ਵਿਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜਿਸ ਨਾਲ ਇਨ੍ਹਾਂ ਵਿਚ ਅਕੜੇਵਾਂ ਆ ਜਾਂਦਾ ਹੈ। ਇਸ ਅਵਸਥਾ ਵਿਚ ਸਰੀਰ ਦੇ ਬਾਕੀ ਪੱਠੇ ਨਿਢਾਲ ਹੋ ਜਾਂਦੇ ਹਨ ਅਤੇ ਸੁਪਨਿਆਂ ਦੇ ਨਾਲ ਨਾਲ ਹਿਲਦੇ ਜੁਲਦੇ ਨਹੀਂ। ਇਸ ਅਵਸਥਾ ਦੇ ਅੰਤ ਤੇ ਇੱਕ ਵਾਰ ਨੀਂਦ ਖੁੱਲ੍ਹ ਜਾਂਦੀ ਹੈ। ਅਕਸਰ ਅਸੀਂ ਰਾਤ ਸਮੇਂ ਕਈ ਵਾਰ ਜਾਗਦੇ ਹਾਂ, ਬੇਸ਼ੱਕ ਕਈਆਂ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ, ਅਸੀਂ ਫਿਰ ਤੋਂ ਸੌਂ ਜਾਂਦੇ ਹਾਂ ਅਤੇ ਦੁਬਾਰਾ ਤੋਂ ਸਾਰੀਆਂ ਅਵਸਥਾਵਾਂ ਚੱਲ ਪੈਂਦੀਆਂ ਹਨ। ਇੱਕ ਰਾਤ ਵਿਚ 4-5 ਵਾਰ ਇਹ ਚੱਕਰ ਪੂਰਾ ਹੁੰਦਾ ਹੈ।
ਇਨ੍ਹਾਂ ਅਵਸਥਾਵਾਂ ਵਿਚ ਕਿਤੇ ਵੀ ਜੇਕਰ ਸਾਡੇ ਦਿਮਾਗ ਨੂੰ ਕੋਈ ਖਤਰਾ ਲੱਗੇ ਤਾਂ ਅਸੀਂ ਇੱਕਦਮ ਜਾਗ ਪੈਂਦੇ ਹਾਂ। ਇਹ ਕਰੋੜਾਂ ਸਾਲਾਂ ਦੇ ਜੀਵ ਵਿਕਾਸ ਦਾ ਨਤੀਜਾ ਹੈ, ਜੋ ਸਾਡੇ ਪੂਰਵਜ਼ਾਂ ਨੂੰ ਖਤਰੇ ਤੋਂ ਬਚਾਉਂਦਾ ਰਿਹਾ। ਕਿਸੇ ਬੱਚੇ ਦੇ ਰੋਣ ਦੀ ਆਵਾਜ਼, ਖਤਰਨਾਕ ਜੰਗਲੀ ਜੀਵ ਦੇ ਆਉਣ ਦਾ ਖੜਾਕ ਆਦਿ। ਪਰ ਅੱਜ ਕੱਲ੍ਹ ਜੰਗਲੀ ਜੀਵਾਂ ਨਾਲੋਂ ਵੀ ਵੱਧ ਖਤਰਾ ਸਾਡੇ ਦਿਮਾਗ ਨੂੰ ਰੋਜ਼ਾਨਾ ਦੀਆਂ ਸੋਚਾਂ ਮਹਿਸੂਸ ਹੁੰਦੀਆਂ ਹਨ, ਕੱਲ੍ਹ ਨੂੰ ਆ ਰਹੇ ਇਮਿਤਿਹਾਨ ਦਾ ਫਿਕਰ, ਕਰਜ਼ਾ ਮੋੜਨ ਦਾ ਫਿਕਰ ਆਦਿ। ਕਈ ਵਿਅਕਤੀ ਸ਼ੇਖੀ ਮਾਰਦੇ ਹਨ, ਮੈਂ ਤਾਂ ਕੜੱਕ ਸੌਂ ਜਾਂਦਾ ਹਾਂ, ਪਰ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਅਸਲ ਵਿਚ ਘੱਟ ਸੌਣ ਕਾਰਨ ਨੀਂਦ ਦਾ ਕਰਜ਼ਾ ਸਿਰ ਚੁੱਕੀ ਫਿਰ ਰਹੇ ਹੁੰਦੇ ਹਨ ਅਤੇ ਗਾਹੇ ਵਗਾਹੇ ਸੌਂ ਜਾਂਦੇ ਹਨ।
ਬੇਸ਼ੱਕ ਬਹੁਤ ਵਿਅਕਤੀਆਂ ਨੂੰ ਸ਼ਰਾਬ ਪੀ ਕੇ ਪਹਿਲੇ ਪਹਿਰ ਗੂੜ੍ਹੀ ਨੀਂਦ ਆਉਂਦੀ ਹੈ ਪਰ ਸਾਰੀ ਰਾਤ ਚੰਗੀ ਨੀਂਦ ਨਹੀਂ ਆਉਂਦੀ। ਦਰਮਿਆਨੀ ਜਾਂ ਜਿਆਦਾ ਸ਼ਰਾਬ ਪੀਣ ‘ਤੇ ਸੁਪਨਿਆਂ ਵਾਲੀ ਨੀਂਦ ਦੇਰ ਬਾਅਦ ਸ਼ੁਰੂ ਹੁੰਦੀ ਹੈ ਤੇ ਘਟ ਜਾਂਦੀ ਹੈ, ਸਾਹ ਰੁੱਕ ਕੇ ਆਉਣ ਅਤੇ ਘਰਾੜਿਆਂ ਦੀ ਮੁਸ਼ਕਿਲ ਵੱਧਦੀ ਹੈ। ਸੁਪਨਿਆਂ ਬਾਰੇ ਕਈ ਸਿਧਾਂਤ ਦਿੱਤੇ ਗਏ ਹਨ, ਪਰ ਕਿਸੇ ਨੂੰ ਵੀ ਸੰਪੂਰਣ ਨਹੀਂ ਮੰਨਿਆ ਜਾ ਰਿਹਾ। ਸਾਇੰਸ ਮੁਤਾਬਿਕ ਸੁਪਨਿਆਂ ਦਾ ਵਿਅਕਤੀ ਦੀ ਜ਼ਿੰਦਗੀ ਵਿਚ ਕੋਈ ਵੱਡਾ ਮਹੱਤਵ ਨਹੀਂ। ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਕਰਕੇ ਇਹ ਫਿਕਰ, ਸਫਰ, ਬਿਮਾਰੀ ਜਾਂ ਨਿਤਨੇਮ ਵਿਚ ਵਿਘਨ ਪੈਣ ਕਾਰਨ ਹੁੰਦਾ ਹੈ। ਜੇਕਰ ਤੁਹਾਨੂੰ ਹਰ ਰੋਜ਼ ਹੀ ਸੌਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਤੁਸੀਂ ਨੀਂਦ ਨਾ ਆਉਣ ਦੀ ਬਿਮਾਰੀ ਦਾ ਸ਼ਿਕਾਰ ਹੋ। ਇਸ ਨਾਲ ਤੁਹਾਡੇ ਦਿਮਾਗ ਅਤੇ ਸਰੀਰ ਤੇ ਵੀ ਬੁਰਾ ਅਸਰ ਪੈਂਦਾ ਹੈ। ਗੱਲਾਂ ਭੁੱਲਣ ਲਗਦੇ ਹੋ, ਭਾਰ ਵੱਧਣ ਲਗਦਾ ਹੈ, ਸੁਭਾਅ ਵਿਚ ਤਲਖੀ ਆਉਦੀ ਹੈ ਅਤੇ ਚੁਸਤੀ ਘਟ ਜਾਂਦੀ ਹੈ। ਤੁਸੀਂ ਕਿਨੇ ਵੀ ਥੱਕੇ ਹੋਵੋਂ ਨੀਂਦ ਫਿਰ ਵੀ ਮੁਸ਼ਕਲ ਨਾਲ ਆਉਂਦੀ ਹੈ। ਕਈਆਂ ਨੂੰ ਤਾਂ ਨੀਂਦ ਨਾ ਆਉਣ ਦਾ ਭੁਲੇਖਾ ਹੀ ਹੁੰਦਾ ਹੈ। ਕਈ ਲੋਕ ਇਹ ਕਹਿੰਦੇ ਵੇਖੇ ਹਨ, ਕਿ ਮੈਨੂੰ ਰਾਤ ਭਰ ਨੀਂਦ ਨਹੀਂ ਆਉਂਦੀ ਪਰ ਉਹ ਅਸਲ ਵਿਚ ਕਾਫੀ ਸੌਂ ਰਹੇ ਹੁੰਦੇ ਹਨ। ਨੀਂਦ ਦਾ ਇੱਕ ਚੱਕਰ ਪੂਰਾ ਹੋਣ ਤੇ ਜਦ ਉਨ੍ਹਾਂ ਦੀ ਜਾਗ ਖੁੱਲ੍ਹਦੀ ਹੈ ਤਾਂ ਬੇਸ਼ੱਕ ਉਹ ਇਸ ਪੂਰੇ ਚੱਕਰ ਵਿਚ ਢੇਡ ਦੋ ਘੰਟੇ ਸੌਂ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਬੱਸ ਹੁਣੇ ਸੁਤੇ ਸੀ ਅਤੇ ਕੁਝ ਮਿੰਟਾਂ ਬਾਅਦ ਹੀ ਜਾਗ ਆ ਗਈ। ਉਹ ਖੁਦ ਜਾਗ ਆਉਣ ਤੇ ਸਮਾਂ ਵੇਖ ਕੇ ਇਸ ਬਾਰੇ ਪਤਾ ਲਾ ਸਕਦੇ ਹਨ, ਜਾਂ ਫਿਰ ਘਰ ਦਾ ਹੋਰ ਕੋਈ ਵਿਅਕਤੀ ਉਨ੍ਹਾਂ ਦੇ ਸ਼ਿਕਾਇਤ ਕਰਨ ‘ਤੇ ਦਸਦਾ ਹੈ ਕਿ ਅਸਲ ਵਿਚ ਹੁਣੇ ਤੁਸੀਂ ਘੁਰਾੜੇ ਮਾਰ ਕੇ ਹਟੇ ਹੋ। ਚੰਗੀ ਨੀਂਦ ਲਈ ਕੁਝ ਨੁਕਤੇ ਹੇਠ ਲਿਖੇ ਹਨ :
ਸੌਣ ਦਾ ਨਿਤਨੇਮ ਬਣਾਓ, ਜੇਕਰ ਤੁਸੀਂ ਹਰ ਰੋਜ਼ ਇੱਕੋ ਸਮੇਂ ਸੌਂਵੋਂ ਤੇ ਇੱਕੋ ਸਮੇਂ ਉਠੋ ਨੀਂਦ ਜਲਦੀ ਅਤੇ ਚੰਗੀ ਆਵੇਗੀ।
ਹਰ ਰੋਜ਼ ਕਸਰਤ ਕਰੋ ਪਰ ਸੌਣ ਤੋਂ 5-6 ਘੰਟੇ ਪਹਿਲਾਂ।
ਸੌਣ ਦਾ ਕਮਰਾ ਸ਼ੋਰ ਰਹਿਤ, ਹਨ੍ਹੇਰਾ ਅਤੇ ਠੰਡਾ ਹੋਵੇ। ਹਨ੍ਹੇਰਾ ਹੋਣ ਤੇ ਦਿਮਾਗ ਮੈਲਾਟੋਨਿਨ ਰਸ ਬਣਾਉਂਦਾ ਹੈ, ਜੋ ਨੀਂਦ ਲਿਆਉਣ ਅਤੇ ਸੁੱਤੇ ਰਹਿਣ ਵਿਚ ਸਹਾਈ ਹੁੰਦਾ ਹੈ।
ਸੌਣ ਤੋਂ ਪਹਿਲਾਂ ਪਾਣੀ, ਦੁੱਧ ਆਦਿ ਤਰਲ ਪਦਾਰਥ ਘੱਟ ਪੀਵੋ। ਸੌਣ ਤੋਂ ਪਹਿਲਾਂ ਪੜ੍ਹਨ ਜਾਂ ਸੰਗੀਤ ਸੁਣਨ ਨਾਲ ਨੀਂਦ ਚੰਗੀ ਆਵੇਗੀ, ਟੈਲੀਵਿਜ਼ਨ ਜਾਂ ਸੈੱਲ ਫੋਨ ‘ਤੇ ਵੀਡੀਓ ਵੇਖਣ ਨਾਲ ਨੀਂਦ ਉਡਦੀ ਹੈ।
ਇਹ ਨਾ ਸੋਚੋ ਕਿ ਵੀਕ ਐਂਡ (ਛੁੱਟੀ ਵਾਲੇ ਦਿਨੀ) ਤੇ ਜ਼ਿਆਦਾ ਸੌਂ ਕੇ ਨੀਂਦ ਦਾ ਘਾਟਾ ਪੂਰਾ ਕਰ ਲਵਾਂਗੇ, ਇਸ ਨਾਲ ਸਗੋਂ ਰੁਟੀਂਨ ਟੁੱਟਦਾ ਹੈ ਅਤੇ ਅਗਲੇ ਦਿਨ ਨੀਂਦ ਘੱਟ ਆਉਂਦੀ ਹੈ।
ਰਾਤ ਨੂੰ ਜਾਗ ਹਰ ਇੱਕ ਨੂੰ ਆਉਂਦੀ ਹੈ, ਜੇਕਰ ਦੁਬਾਰਾ ਜਲਦੀ ਨੀਂਦ ਨਹੀਂ ਆਉਂਦੀ ਤਾਂ ਇਸ ਬਾਰੇ ਫਿਕਰ ਕਰਨ ਦੀ ਥਾਂ ਆਪਣੇ ਸਰੀਰ ਨੂੰ ਰੀਲੈਕਸ ਕਰੋ, ਫਿਕਰ ਫਾਕੇ ਬਾਰੇ ਸੋਚਣ ਦੀ ਗੱਲ ਅਗਲੇ ਦਿਨ ਤੇ ਛੱਡ ਦਿਓ। ਜੇਕਰ ਜਾਗਦਿਆਂ ਅੱਧੇ ਘੰਟੇ ਤੋਂ ਵੀ ਵੱਧ ਸਮਾਂ ਹੋ ਗਿਆ ਹੋਵੇ ਤਾਂ ਬਿਸਤਰ ਵਿਚ ਪਾਸੇ ਪਰਤਣ ਅਤੇ ਵਾਰ ਵਾਰ ਸਮਾਂ ਵੇਖਣ ਦੀ ਥਾਂ, ਉੱਠ ਕੇ ਕੋਈ ਅਰਾਮ ਦੇਹ ਕੰਮ ਜਿਵੇਂ ਪੜ੍ਹਨਾ, ਜਾਂ ਸੰਗੀਤ ਸੁਣਨਾ ਚੰਗਾ ਹੋਵੇਗਾ।
ਜੇਕਰ ਫਿਰ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਅਪਣੇ ਡਾਕਟਰ ਤੋਂ ਸਲਾਹ ਲਓ।
001 905 781 1197

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …