Breaking News
Home / ਨਜ਼ਰੀਆ / ਅੰਤਰਰਾਸ਼ਟਰੀ ਪੱਧਰ ਉੱਤੇ ਸਰਗਰਮ : ਸਾਹਿਤ, ਸਿੱਖਿਆ, ਵਿਗਿਆਨ ਤੇ ਧਰਮ ਦਾ ਸੁਮੇਲ – ਡਾ. ਡੀ.ਪੀ. ਸਿੰਘ

ਅੰਤਰਰਾਸ਼ਟਰੀ ਪੱਧਰ ਉੱਤੇ ਸਰਗਰਮ : ਸਾਹਿਤ, ਸਿੱਖਿਆ, ਵਿਗਿਆਨ ਤੇ ਧਰਮ ਦਾ ਸੁਮੇਲ – ਡਾ. ਡੀ.ਪੀ. ਸਿੰਘ

ਪੇਸ਼ਕਰਤਾ : ਪ੍ਰਿੰਸੀਪਲ ਵਿਜੈ ਕੁਮਾਰ
98726-27136
ਕੈਨੇਡਾ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਰਹਿੰਦੇ ਹੋਏ ਇੱਕ ਸੱਜਣ ਨੇ ਮੈਨੂੰ ਕੈਨੇਡਾ ਦੇ ਇੱਕ ਟੈਲੀਵਿਜ਼ਨ ਦੇ ਨਾਮੀ ਚੈਨਲ ਉੱਤੇ ਰਿਕਾਰਡ ਹੋਈ ਇੱਕ ਅੰਤਰਰਾਸ਼ਟਰੀ ਵਿਗਿਆਨੀ ਦੀ ਮੁਲਾਕਾਤ ਭੇਜੀ ਤੇ ਨਾਲ ਹੀ ਇਹ ਕਿਹਾ ਕਿ ਇਹ ਵੀਡਿਓ ਸੁਣਨ ਵਾਲਾ ਹੈ। ਇਹ ਵੀਡਿਓ 45 ਮਿੰਟ ਦਾ ਸੀ। ਮੈਂ ਤਾਂ ਇਹ ਸੋਚਕੇ ਭੇਜਿਆ ਹੋਇਆ ਵੀਡਿਓ ਖੋਲ੍ਹਿਆ ਸੀ ਕਿ ਵੇਖ ਲੈਂਦੇ ਹਾਂ ਕਿ ਇਹ ਵੀਡੀਓ ਕਿਸਦਾ ਹੈ ਪਰ ਇਸ ਨੂੰ ਸੁਣਾਂਗਾ ਕਿਤੇ ਫੇਰ। ਪਰ ਉਹ ਵੀਡਿਓ ਇਕ ਵੇਰ ਖੋਲ੍ਹ ਕੇ ਮੈਂ ਉਸਨੂੰ ਮੁੜ ਬੰਦ ਨਹੀਂ ਕਰ ਸਕਿਆ। ਕਿਉਂਕਿ ਇਹ ਵੀਡੀਓ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀ ਲੇਖਕ ਡਾ. ਡੀ. ਪੀ. ਸਿੰਘ ਦਾ ਸੀ। ਇਸ ਅੰਤਰਰਾਸ਼ਟਰੀ ਵਿਗਿਆਨੀ ਲੇਖਕ ਦੀ ਮੁਲਾਕਾਤ ਨੂੰ ਸੁਣ ਕੇ ਮੇਰੇ ਮਨ ਵਿਚ ਉਸ ਨੂੰ ਮਿਲਣ ਅਤੇ ਉਸ ਬਾਰੇ ਲਿਖਣ ਦੀ ਕਾਹਲ ਪੈਦਾ ਹੋ ਗਈ।
ਡਾ. ਡੀ. ਪੀ. ਸਿੰਘ ਦਾ ਮੇਰੇ ਨਾਲ ਪਿਛਲੇ 25 ਸਾਲ ਤੋਂ ਰਾਬਤਾ ਸੀ ਪਰ ਉਸ ਦੇ ਕੈਨੇਡਾ ਵਿੱਚ ਆ ਵਸਣ ਕਾਰਨ ਸਾਡਾ ਇੱਕ ਦੂਜੇ ਨਾਲ ਸੰਪਰਕ ਨਹੀਂ ਰਿਹਾ ਸੀ। ਉਂਜ ਤਾਂ ਪੰਜਾਬ ਦੇ ਸ਼ਿਵਾਲਕਕਾਲਜ’ਚ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦਿਆਂ ਉਨ੍ਹਾਂ ਦੀਆਂ ਹਰ ਖੇਤਰ’ਚ ਪ੍ਰਾਪਤੀਆਂ ਉੱਚ ਪੱਧਰ ਦੀਆਂ ਸਨ, ਪਰ ਕੈਨੇਡਾ ‘ਚ ਆ ਕੇ ਉਹ ਅੰਤਰ ਰਾਸ਼ਟਰੀ ਪੱਧਰ ‘ਤੇ ਵੀ ਆਪਣਾ ਕਾਫੀ ਨਾਂ ਬਣਾ ਚੁੱਕੇ ਹਨ। ਉਨ੍ਹਾਂ ਦੀ ਮੁਲਾਕਾਤ ਨੂੰ ਸੁਣ ਕੇ, ਮੈਂ ਇਹ ਸੋਚ ਕੇ ਪ੍ਰਿੰਟ ਮੀਡੀਆ ‘ਚ ਉਨ੍ਹਾਂ ਬਾਰੇ ਲਿਖਣ ਦਾ ਮਨ ਬਣਾਇਆ ਕਿ ਹੋ ਸਕਦੈ ਕਿ ਬਿਜਲਈ ਮੀਡੀਆ ਰਾਹੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਜਿਆਦਾ ਲੋਕਾਂ ਤੱਕ ਨਾ ਪਹੁੰਚ ਸਕਣ। ਮੈਂ ਉਨ੍ਹਾਂ ਨਾਲ ਰਾਬਤਾ ਕਰਕੇ ਯਤਨ ਕੀਤਾ ਕਿ ਉਨ੍ਹਾਂ ਦੀ ਸਖਸ਼ੀਅਤ ਬਾਰੇ ਵੱਧ ਤੋਂ ਵੱਧ ਲੋਕਾਂ ਤੱਕ ਜਾਣਕਰੀ ਪਹੁੰਚ ਸਕੇ।
ਸੰਤ ਸੁਭਾਅ ਵਾਲੇ, ਇੰਡੋ ਕੈਨੇਡੀਅਨ, ਸਿੱਖਿਆ ਸ਼ਾਸਤਰੀ, ਖੋਜੀ, ਸਾਹਿਤ ਤੇ ਵਿਗਿਆਨ ਦੇ ਸੁਮੇਲ, ਅਨੁਭਵੀ ਤੇ ਹਰ ਖੇਤਰ ਦੇ ਚਾਨਣ ਮੁਨਾਰੇ ਡਾ. ਡੀ. ਪੀ. ਸਿੰਘ ਨੇ ਸੰਨ 1956 ‘ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ‘ਚ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਤੇ ਸਰਦਾਰ ਅਰਜਨ ਸਿੰਘ ਦੇ ਵਿਹੜੇ ਵਿੱਚ ਸੂਰਜ ਦੀ ਪਹਿਲੀ ਕਿਰਨ ਨੂੰ ਵੇਖਿਆ। ਸੰਨ 1972 ‘ਚ ਕੌਮੀ ਪੱਧਰ ਦਾ ਵਜੀਫਾ ਹਾਸਲ ਕਰਕੇ ਬੀਰਮਪੁਰ ਹਾਈ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕਰਨਾ, ਸੰਨ 1972-76 ‘ਚ ਸਰਕਾਰੀ ਕਾਲਜ, ਟਾਂਡਾ ਉੜਮੁੜ ਤੋਂ ਪੰਜਾਬ ਯੂਨੀਵਰਸਟੀ ‘ਚ ਪਹਿਲੇ ਸਥਾਨ ‘ਤੇ ਆ ਕੇ ਬੀ. ਐੱਸਸੀ. ਦੀ ਡਿਗਰੀ ਹਾਸਲ ਕਰਨਾ, ਸੰਨ 1976-78 ‘ਚ ਪੰਜਾਬ ਯੂਨੀਵਰਸਟੀ ਦੀ ਐੱਮ. ਐੱਸਸੀ. ਭੌਤਿਕ ਵਿਗਿਆਨ ਦੀ ਪ੍ਰੀਖਿਆ ਵਿੱਚੋਂ ਦੂਸਰੇ ਸਥਾਨ ‘ਤੇ ਰਹਿਣਾ ਅਤੇ ਸੰਨ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇੱਕ ਵਿਲੱਖਣ ਵਿਸ਼ੇ ਅਣੂਵੀ ਪ੍ਰਕਿਰਿਆਵਾਂ ਉੱਤੇ ਪੀਐਚ. ਡੀ ਦੀ ਡਿਗਰੀ ਹਾਸਲ ਕਰਕੇ ਇੱਕ ਵਿਲੱਖਣ ਪ੍ਰਤਿਭਾ ਵਾਲੇ ਵਿਦਿਆਰਥੀ ਹੋਣ ਦਾ ਸਬੂਤ ਦਿੱਤਾ।
ਸੰਨ 1978 ‘ਚ ਪੰਜਾਬ ਯੂਨੀਵਰਸਟੀ ਤੋਂ ਐੱਮ. ਐਸਸੀ. ਦੀ ਡਿਗਰੀ ਹਾਸਲ ਕਰਦੇ ਹੀ ਡੀ.ਪੀ. ਸਿੰਘ ਦੀ ਬੌਧਿਕ ਪ੍ਰਤਿਭਾ ਨੂੰ ਵੇਖਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਉਨ੍ਹਾਂ ਨੂੰ ਭੌਤਿਕ ਵਿਗਿਆਨ ਵਿਸ਼ੇ ਦਾ ਪ੍ਰੋਫੈਸਰ ਨਿਯੁੱਕਤ ਕਰ ਲਿਆ। ਹੋਰ ਚੰਗੇ ਭਵਿੱਖ ਤੇ ਪੀਐਚ. ਡੀ. ਕਰਨ ਦੇ ਉਦੇਸ਼ ਨਾਲ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਉਣ ਲੱਗ ਪਏ। ਸੰਨ 1980 ਵਿੱਚ ਉਹ ਸ਼ਿਵਾਲਕ ਕਾਲਜ, ਨਯਾ ਨੰਗਲ ਵਿਖੇ ਸੇਵਾ ਨਿਭਾਉਣ ਲੱਗ ਪਏ ਸਨ। ਸੰਨ 1986 ‘ਚ ਉਨ੍ਹਾਂ ਦੇ ਖੋਜ ਕਾਰਜਾਂ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਨ੍ਹਾਂ ਨੂੰ ਪੀਐਚ. ਡੀ. ਡਿਗਰੀ ਨਾਲ ਨਿਵਾਜਿਆ। ਸ਼ਿਵਾਲਕ ਕਾਲਜ, ਨਯਾ ਨੰਗਲ ਦੇ ਸਰਕਾਰੀ ਹੋਣ ਤੋਂ ਬਾਅਦ ਉਹ ਪੰਜਾਬ ਦੇ ਕਈ ਕਾਲਜਾਂ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦੇ ਰਹੇ। ਵਿਦੇਸ਼ ਜਾਣ ਤੱਕ ਉਨ੍ਹਾਂ ਨੇ ਸੰਨ 2008 ਤੱਕ ਆਪਣੇ ਦੇਸ਼ ਭਾਰਤ ਵਿਚ ਲੱਗਭਗ 30 ਵਰ੍ਹੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ। ਉਹ ਅਧਿਆਪਨ ਕਾਰਜ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨੋਲੋਜੀ, ਪਟਿਆਲਾ ਦੀਆਂ ਸੈਨੈਟ ਸਭਾਵਾਂ ਤੇ ਬੋਰਡ ਆਫ ਸਟਡੀਜ ਦੇ ਮੈਂਬਰ, ਡੀਂਨ ਸਟੂਡੈਂਟ ਵੈਲਫੇਅਰ, ਬਰਸਰ, ਡਿਪਟੀ ਰਜਿਸਟਰਾਰ (ਪ੍ਰੀਖਿਆਵਾਂ), ਅਧਿਆਪਕ ਜਥੇਬੰਦੀ ਦੇ ਜਨਰਲ ਸੈਕਟਰੀ ਦੇ ਅਹੁਦਿਆਂ ‘ਤੇ ਕਾਰਜ ਕਰਕੇ ਆਪਣੀ ਕਾਬਲੀਅਤ ਨੂੰ ਸਿੱਧ ਕਰਦੇ ਰਹੇ।
ਕੈਨੇਡਾ ਵਿੱਚ ਵਸਣ ਤੋਂ ਬਾਅਦ ਉਹ ਸੰਨ 2008 ਤੋਂ ਹੀ ਟੋਰਾਂਟੋ ਵਿੱਖੇ ਸੈਕੰਡਰੀ ਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜਾਂ ਨਾਲ ਜੁੱਟੇ ਹੋਏ ਹਨ। ਕਰ ਰਹੇ ਹਨ। ਸੰਨ 2013 ਤੋਂ ਵਿਦਿਅਕ ਕਾਰਜਾਂ ਨਾਲ ਜੁੜੀ ਕੈਨਬ੍ਰਿਜ ਲਰਨਿੰਗ ਸੰਸਥਾ ਦੇ ਬਾਨੀ ਡਾਇਰੈਕਟਰ ਵਜੋਂ ਅਧਿਆਪਨ ਕਾਰਜ ਕਰ ਰਹੇ ਹਨ। ਸਿੱਖਿਆ, ਸਾਹਿਤ, ਧਰਮ ਤੇ ਵਿਗਿਆਨ ਦਾ ਸੁਮੇਲ ਡਾ. ਡੀ. ਪੀ. ਸਿੰਘ ਅੰਤਰਰਾਸ਼ਟਰ ਪੱਧਰ ਤੇ ਆਪਣੀ ਪਹਿਚਾਣ ਬਣਾ ਚੁੱਕੇ ਹਨ। ਉਹ ਅੰਤਰਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਤੇ ਰੇਡੀਓ ਸਟੇਸ਼ਨਾਂ ਤੇ ਆਪਣੀ ਗੱਲ ਹੀ ਨਹੀਂ ਕਹਿੰਦੇ ਸਗੋਂ ਮਾਹਿਰਾਂ ਨਾਲ ਮੁਲਾਕਾਤਾਂ ਕਰਕੇ ਗਿਆਨ ਵੀ ਵੰਡਦੇ ਹਨ।ਆਪਣੇ ਪਰਿਵਾਰ ਦੇ ਸਾਹਿਤਕ ਮਹੌਲ, ਪਿੰਡ ਦੇ ਸਕੂਲ ਦੀ ਲਾਇਬ੍ਰੇਰੀ, ਤੇ ਪੰਜਾਬੀ ਅਧਿਆਪਕ ਗੁਰਦਿਆਲ ਸਿੰਘ ਸ਼ਾਹੀ ਦੀ ਪ੍ਰੇਰਨਾ ਸਦਕਾ ਉਨ੍ਹਾਂ ਦੇ ਮਨ ਅੰਦਰ ਸਾਹਿਤ ਪੜ੍ਹਨ ਤੇ ਲਿਖਣ ਦਾ ਬੀਜ ਬਚਪਨ ਵਿਚ ਹੀ ਪੁੰਗਰ ਪਿਆ ਸੀ। ਪੰਜਾਬੀ ਤੇ ਹਿੰਦੀ ਭਾਸ਼ਾਵਾਂ ਦੇ ਚੋਟੀ ਦੇ ਲੇਖਕਾਂ ਨੂੰ ਪੜ੍ਹਦਿਆਂ ਉਨ੍ਹਾਂ ਨੇ ਸਕੂਲ ਤੇ ਕਾਲਜ ਪੱਧਰ ਤੋਂ ਲਿਖਣਾ ਤੇ ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ।
ਸੰਨ 1988 ਤੋਂ ਉਹ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬੀ, ਹਿੰਦੀ, ਅੰਗਰੇਜੀ ਤੇ ਉਰਦੂ ਭਾਸ਼ਾਵਾਂ’ਚ ਅਨੇਕਾਂ ਅਖ਼ਬਾਰਾਂ ਤੇ ਰਸਾਲਿਆਂ ‘ਚ ਛਪ ਰਹੇ ਹਨ। ਸਾਹਿਤ ਦੀਆਂ ਵੱਖ ਵੱਖ ਭਾਸ਼ਾਵਾਂ ਤੇ ਵਿਧਾਵਾਂ ‘ਚ ਲਿਖਣ ਵਾਲੇ ਡਾ. ਡੀ. ਪੀ. ਸਿੰਘ ਦੀਆਂ ਸਾਹਿਤਕ ਲਿਖਤਾਂ ਅਤੇ ਪੁਸਤਕਾਂ ਦੀ ਸੂਚੀ ਬਹੁਤ ਲੰਬੀ ਹੈ। ਉਹ ਸਾਹਿਤ ਦੇ ਖੇਤਰ ਵਿਚ ਇਕ ਮਕਬੂਲ ਲੇਖਕ, ਅਨੁਵਾਦਕ, ਸਮੀਖਿਅਕ ਤੇ ਸੰਪਾਦਕ ਵੀ ਹੈ। ਉਹ ਪੰਜਾਬੀ ਟ੍ਰਿਬਿਊਨ, ਅਜੀਤ, ਦੇਸ਼ ਸੇਵਕ, ਨਵਾਂ ਜ਼ਮਾਨਾ, ਸਪੋਕਸਮੈਨ, ਅੱਜ ਦੀ ਅਵਾਜ, ਚੜ੍ਹਦੀ ਕਲਾ, ਦੀ ਟ੍ਰਿਬਿਊਨ, ਇੰਡੀਅਨ ਐਕਸਪ੍ਰੇਸ, ਇੰਪਲਾਈਮੈਂਟ ਨਿਊਜ, ਅਜੀਤ ਸਮਾਚਾਰ, ਸਪਿਤ੍ਰਿਕਾ, ਰੋਜ਼ਗਾਰ ਸਮਾਚਾਰ, ਜਾਗ੍ਰਿਤੀ, ਪ੍ਰੀਤਲੜੀ, ਤਸਵੀਰ, ਯੋਜਨਾ, ਮਹਿਰਮ, ਜਨਸਹਿਤ, ਵਿਗਿਆਨ ਦੇ ਨਕਸ਼, ਸਿੱਖ ਫੁਲਵਾੜੀ, ਸਾਡਾ ਵਿਰਸਾ ਸਾਡਾ ਗੌਰਵ, ਗੁਰਮਤਿ ਪ੍ਰਕਾਸ਼, ਅੱਲ੍ਹੜ ਬਲ੍ਹੜ, ਪ੍ਰਾਇਮਰੀ ਸਿੱਖਿਆ, ਪੰਖੜੀਆਂ, ਬਾਲ ਸੰਦੇਸ਼ ਤੇ ਨਿੱਕੀਆਂ ਕਰੂੰਬਲਾਂ’ਚ ਉਨ੍ਹਾਂ ਦੀਆਂ ਰਚਨਾਵਾਂ ਨਿਰੰਤਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ਤੇ ਹੁਣ ਵੀ ਹੋ ਰਹੀਆਂ ਹਨ। ਉਹ ਅੰਗਰੇਜੀ ਮੈਗਜੀਨਾਂ ਸਾਇੰਸ ਰਿਪੋਰਟਰ, ਸਾਇੰਸ ਇੰਡੀਆ, ਇਨਵੈਸ਼ਨ ਇੰਟੈਲੀਜੈਂਸ, ਯੂਨੀਅਨ ਸਾਇੰਸ ਡਾਇਜੈਸਟ, ਐਡਵਾਂਸ, ਅਲਾਇਵ, ਵਿਮੈਂਨ ਇਰਾ, ਆਇਡੈਂਟਟੀ, ਦਾ ਸਿੱਖ ਰੀਵਿਊ, ਦਾ ਸਿੱਖ ਬੁਲਟਿਨ, ਅੰਡਰਸਟੈਂਡਿੰਗ ਸਿੱਖਇਜਮ ਅਤੇ ਯੋਜਨਾ ‘ਚ ਵਿਗਿਆਨ ਤੇ ਧਰਮ ਦੇ ਵਿਸ਼ਿਆਂ ਨੂੰ ਲੈ ਕੇ ਲਿਖ ਰਹੇ ਹਨ। ਉਹ ਵਿਗਿਆਨ,ਧਰਮ ਤੇ ਵਾਤਾਵਰਣੀ ਵਿਸ਼ਿਆਂ ਨੂੰ ਲੈਕੇ ਪੰਜਾਬੀ, ਅੰਗਰੇਜੀ ਤੇ ਸ਼ਾਹਮੁਖੀ ਵਿਚ ਕੁੱਲ 26 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਉਨ੍ਹਾਂ ਨੇ 10 ਪੁਸਤਕਾਂ ਬੱਚਿਆਂ ਲਈ ਲਿਖੀਆਂ ਹਨ। ਉਨ੍ਹਾਂ ਦੀਆਂ ਪੁਸਤਕਾਂ ਪੰਜਾਬੀ ਯੂਨੀਵਰਸਟੀ, ਪਟਿਆਲਾ; ਭਾਸ਼ਾ ਵਿਭਾਗ ਪੰਜਾਬ; ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ; ਨੈਂਸ਼ਨਲ ਬੁੱਕ ਟਰੱਸਟ ਆਫ਼ ਇੰਡੀਆ, ਦਿੱਲੀ; ਸੂਚਨਾ ਤੇ ਪ੍ਰਸਾਰਨ ਮੰਤਰਾਲਾ, ਭਾਰਤ ਸਰਕਾਰ, ਅਤੇ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਛਾਪੀਆਂ ਗਈਆਂ ਹਨ। ਉਨ੍ਹਾਂ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਨ ਅਧੀਨ ਹਨ। ਪਾਕਿਸਤਨ ਤੋਂ ਪ੍ਰਕਾਸ਼ਿਤ ਹੋ ਰਹੇ ਰਸਾਲੇ ਪੰਖੇਰੂ ‘ਚ ਸ਼ਾਹ ਮੁਖੀ ਲਿਪੀ’ਚ ਉਹ ਬਾਲ ਕਹਾਣੀਆਂ ਅਤੇ ਬਾਲ ਨਾਵਲ ਲਿਖ ਚੁੱਕੇ ਹਨ। ਅੱਡ ਅੱਡ ਮਹਾਨ ਵਿਦਵਾਨਾਂ ਵਲੋਂ ਸੰਪਾਦਿਤ ਪੁਸਤਕਾਂ ਵਿੱਚ ਉਨ੍ਹਾਂ ਦੀਆਂ ਦੋ ਦਰਜਨ ਕਹਾਣੀਆਂ, ਲੇਖ, ਨਾਟਕ ਸ਼ਾਮਲ ਕੀਤੇ ਗਏ ਹਨ।
ਪੁਸਤਕਾਂ ਦੇ ਮੁੱਖ ਬੰਧ ਲਿਖਣਾ, ਅਨੁਵਾਦ ਕਰਨਾ ਤੇ ਸਾਹਿਤ ਸਭਾਵਾਂ ਦੀ ਸਥਾਪਨਾ ਕਰਨਾ ਉਨ੍ਹਾਂ ਦੇ ਸਾਹਿਤਕ ਕਾਰਜਾਂ ਦੀ ਸੂਚੀ ਵਿੱਚ ਵਾਧਾ ਕਰਦਾ ਹੈ।ਉਨ੍ਹਾਂ ਦੀਆਂ ਰਚਨਾਵਾਂ ਹਿੰਦੀ, ਅੰਗਰੇਜੀ, ਮਰਾਠੀ ਅਤੇ ਪਾਕਿਸਤਾਨ ਵਿਚ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵਿਦੇਸ਼ੀ ਅਖ਼ਬਾਰਾਂ ਅਤੇ ਰਸਾਲਿਆਂ ਪੰਜਾਬ ਟਾਈਮਜ਼, ਪੰਜਾਬ ਮੇਲ (ਯੂ.ਐੱਸ.ਏ) ਪ੍ਰਵਾਸੀ ਵੀਕਲੀ, ਪੰਜਾਬੀ ਡੇਲੀ, ਅਜੀਤ ਵੀਕਲੀ, ਪੰਜਾਬ ਸਟਾਰ, ਖ਼ਬਰਨਾਮਾ, ਇੰਡੋ ਕੈਨੇਡੀਅਨ ਟਾਈਮਜ਼ (ਕੈਨੇਡਾ), ਏਸ਼ੀਆ ਸਮਾਚਾਰ (ਮਲੇਸ਼ੀਆ) ‘ਚ ਉਨ੍ਹਾਂ ਦੀਆਂ ਰਚਨਾਵਾਂ ਛਪਣਾ ਤੇ ਭਾਰਤ, ਕੈਨੇਡਾ, ਹਾਂਗਕਾਂਗ, ਪਾਕਿਸਤਾਨ, ਥਾਈਲੈਂਡ, ਇੰਗਲੈਂਡ ਅਤੇ ਅਮਰੀਕਾ’ਚ ਆਪਣੇ ਖੋਜ ਪੱਤਰ ਪੜ੍ਹਨਾ ਉਨ੍ਹਾਂ ਦੇ ਅੰਤਰ ਰਾਸ਼ਟਰੀ ਵਿਦਵਾਨ ਹੋਣ ਦੀ ਹਾਮੀ ਭਰਦਾ ਹੈ। ਪਾਕਿਸਤਾਨ ਤੇ ਭਾਰਤ ਵਿੱਚ ਉਨ੍ਹਾਂ ਦੀਆਂ ਵਾਤਾਵਰਣ ਸਬੰਧੀ ਪੁਸਤਕਾਂ ਉੱਤੇ ਵਿਦਿਆਰਥੀ ਪੀਐਚ.ਡੀ ਵੀ ਕਰ ਚੁੱਕੇ ਹਨ।
ਭੌਤਿਕ ਵਿਗਿਆਨ ਵਿਸ਼ੇ ਸੰਬੰਧਤ ਅਮਰੀਕਾ, ਕੈਨੇਡਾ, ਜਰਮਨੀ, ਇੰਗਲੈਂਡ, ਰੋਮਾਨੀਆ, ਇਰਾਕ, ਚੀਨ ਤੇ ਭਾਰਤ ਦੀਆਂ ਪ੍ਰਸਿੱਧ ਖੋਜ ਪੱਤ੍ਰਿਕਾਵਾਂ ਵਿੱਚ ਉਨ੍ਹਾਂ ਦੇ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਸਾਇੰਸ ਦੇ ਵਿਦਿਆਰਥੀ ਹੋਣ ਦੇ ਨਾਤੇ ਉਨ੍ਹਾਂ ਨੇ ਵਿਗਿਆਨ ਤੇ ਵਾਤਾਵਰਣ ਸੰਬੰਧਤ ਕਾਰਜਾਂ ਦੇ ਸੰਚਾਰ ਰਾਹੀਂ, ਵਿਦਿਆਰਥੀਆਂ ਤੇ ਦੇਸ਼ ਨੂੰ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਲਈ ਬਹੁਤ ਹੀ ਦ੍ਰਿੜਤਾ ਤੇ ਨਿਸ਼ਠਾ ਦਿਖਾਈ ਹੈ। ਉਹ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਤਕਨੋਲੋਜੀ, ਚੰਡੀਗੜ੍ਹ ਵੱਲੋਂ ਕਰਵਾਈਆਂ ਗਈਆਂ ਵਿਗਿਆਨ ਸੰਚਾਰ ਵਰਕਸ਼ਾਪਾਂ ‘ਚ 11ਵਰ੍ਹੇ ਰਿਸੋਰਸ ਪਰਸਨ ਵਜੋਂ ਭੂਮਿਕਾ ਨਿਭਾਉਦੇ ਰਹੇ।ਕੌਮੀ ਵਾਤਾਵਰਣ ਜਾਗਰੂਕਤਾ ਮੁਹਿੰਮ ਅਧੀਨ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਤਕਨੋਲੋਜੀ, ਚੰਡੀਗੜ੍ਹ ਵੱਲੋਂ ਉਨ੍ਹਾਂ ਨੂੰ 5 ਵਰ੍ਹੇ ਲਈ ਰੋਪੜ ਜਦਿੀਆਂ ਗੈਰ ਸਰਕਾਰੀ ਸੰਸਥਾਵਾਂ ਵਲੋਂ ਵਾਤਾਵਰਣ ਸੁਰੱਖਿਆ ਲਈ ਕੀਤੇ ਜਾ ਰਹੇ ਕਾਰਜਾਂ ਲਈ ਵਿਭਾਗੀ ਆਬਜ਼ਰਬਰ ਨਿਯੁੱਕਤ ਕੀਤਾ ਜਾ ਚੁੱਕਾ ਹੈ। ਉਹ ਜ਼ਿਲ੍ਹਾ ਰੋਪੜ ਦੀਆਂ ਵਾਤਾਵਰਣ ਸਬੰਧੀ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਾਲੀ ਕਮੇਟੀ ਤੇ ਭਾਰਤ ਸਰਕਾਰ ਵਲੋਂ ਕੌਮੀ ਵਾਤਾਵਰਣ ਸੁਰੱਖਿਆ ਬ੍ਰਿਗੇਡ ਕਮੇਟੀ ਦੇ 4 ਸਾਲ ਲਈ ਮੈਂਬਰ ਰਹੇ। ਵਾਤਾਵਰਣ ਸਬੰਧੀ ਗਿਆਨ ਦੇ ਵਾਧੇ ਲਈ ਉਨ੍ਹਾਂ ਨੂੰ ਕੌਮੀ ਅਤੇ ਰਾਜ ਪੱਧਰ ਦੀਆਂ ਵਰਕਸ਼ਾਪਾਂ ‘ਚ ਭਾਗ ਲੈਣ ਦਾ ਮੌਕਾ ਮਿਲਿਆ।
700 ਏਕੜ ਭੂਮੀ ‘ਚ ਫੈਲੀ ਨੰਗਲ ਵੈਟਲੈਂਡ, ਜਿੱਥੇ ਹਰ ਸਾਲ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਹਨ, ਨੂੰ ਕੌਮੀ ਪੱਧਰ ਦੀ ਵੈਟਲੈਂਡ ਦਾ ਦਰਜਾ ਦਵਾਉਣ’ਚ ਉਨ੍ਹਾਂ ਦੀ ਸ਼ਲਾਘਾ ਯੋਗ ਭੂਮਿਕਾ ਰਹੀ ਹੈ। ਫੈਕਟਰੀਆਂ ਅਤੇ ਭੱਠਿਆਂ ਤੋਂ ਪੈਦਾ ਹੋਣ ਵਾਲੇ ਹਵਾਈ ਪ੍ਰਦੂਸ਼ਣ, ਸਤਲੁਜ ਦਰਿਆ ‘ਚ ਗੈਰਕਾਨੂੰਨੀ ਤੌਰ ਉੱਤੇ ਸੁੱਟੀ ਜਾ ਰਹੀ ਸਲੱਰੀ, ਗੈਰਕਨੂੰਨੀ ਮਾਇਨਿੰਗ, ਰੋਪੜ ਥਰਮਲ ਪਲਾਂਟਾਂ ਦੀ ਸੱਲਰੀ ਦਾ ਰੋਪੜ ਵੈਟਲੈਂਡ ਵਿੱਚ ਪੈ ਰਹੇ ਪ੍ਰਦੂਸ਼ਣ, ਚੌੜੀ ਕੀਤੀ ਜਾ ਰਹੀ ਨੰਗਲ-ਰੋਪੜ ਸੜਕ ਕਾਰਨ ਰੁੱਖਾਂ ਦੀ ਕਟਾਈ ਕਰਨ ਦੀ ਥਾਂ ਨਵੇਂ ਰੁੱਖ ਲਗਾਉਣ ਲਈ ਪ੍ਰੇਰਨਾ ਅਤੇ ਸਕੂਲਾਂ, ਕਾਲਜਾਂ ਵਿੱਚ ਵਾਤਾਵਰਣ ਦੇ ਚੇਤਨਾ ਲਈ ਵਰਕਸ਼ਾਪਾਂ ਲਗਵਾਉਣੀਆਂ, ਲੈਕਚਰ ਦੇਣੇ, ਉਨ੍ਹਾਂ ਦੇ ਵਾਤਾਵਰਣ ਸੁੱਧਤਾ ਲਈ ਕੀਤੇ ਗਏ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹਨ।
ਡਾ. ਡੀ. ਪੀ. ਸਿੰਘ ਕਈ ਸਾਹਿਤਕ ਮੈਗਜ਼ੀਨਾਂ ਤੇ ਧਾਰਮਿਕ ਖੋਜ ਪੱਤ੍ਰਿਕਾਵਾਂ ਦੇ ਸਲਾਹਕਾਰ ਬੋਰਡ ਦਾ ਮੈਂਬਰ ਵੀ ਹੈ। ਅਜਿਹੀਆਂ ਪੱਤ੍ਰਿਕਾਵਾਂ ਵਿਚ ਸਾਂਝੀ ਵਿਰਾਸਤ, ਕੈਲਗਰੀ (ਕੈਨੇਡਾ), ਉਡਾਣ, ਬੋਸਟਨ (ਅਮਰੀਕਾ) ਤੇ ਦਾ ਸਿੱਖ ਰਿਵਿਊ, ਕੋਲਕਾਤਾ (ਭਾਰਤ) ਪ੍ਰਮੁੱਖ ਹਨ। ਪਿਛਲੇ ਕੁਝ ਅਰਸੇ ਤੋਂ ਉਹ ਪੰਜਾਬੀ ਭਾਸ਼ਾ ਵਿਚ ਵਿਗਿਆਨ ਗਲਪ ਰਚਨਾ ਕਾਰਜਾਂ ਦੇ ਵਿਕਾਸ ਤੇ ਪ੍ਰਚਾਰ ਕਾਰਜਾਂ ਵਿਚ ਲਗਾਤਾਰ ਯਤਨਸ਼ੀਲ ਹੈ। ਡਾ. ਡੀ. ਪੀ. ਸਿੰਘ ਨੇ ਵਿਗਿਆਨ ਗਲਪ ਦੇ ਖੇਤਰ ਵਿਚ ਹੁਣ ਤਕ ਬੱਚਿਆ ਲਈ ਚਾਰ ਕਿਤਾਬਾਂ ਅਤੇ ਆਮ ਪਾਠਕਾਂ ਲਈ ਦੋ ਕਿਤਾਬਾਂ ਦੀ ਰਚਨਾ ਕੀਤੀ ਹੈ। ਇਸ ਖੇਤਰ ਵਿਚ ਉਹ ਲਗਪਗ 50 ਵਿਗਿਆਨ ਗਲਪ ਕਹਾਣੀਆਂ ਰਚ ਚੁੱਕੇ ਹਨ ਜੋ ਦੇਸ਼ ਵਿਦੇਸ਼ ਦੇ ਪ੍ਰਮੁੱਖ ਪੰਜਾਬੀ ਅਖ਼ਬਾਰਾਂ ਤੇ ਮੈਗਜ਼ੀਨਾਂ ਜਿਵੇਂ ਕਿ ਪੰਜਾਬੀ ਨਕਸ਼, ਸੰਵਾਦ (ਕੈਨੇਡਾ) ਅਤੇ ਉਡਾਣ (ਅਮਰੀਕਾ) ਮੈਗਜ਼ੀਨਾਂ ਤੋਂ ਇਲਾਵਾ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ (ਭਾਰਤ), ਪੰਜਾਬ ਟਾਈਮਜ਼, ਪੰਜਾਬ ਮੇਲ (ਯੂ.ਐੱਸ.ਏ), ਖ਼ਬਰਨਾਮਾ ਵੀਕਲੀ, ਪਰਵਾਸੀ ਵੀਕਲੀ (ਕੈਨੇਡਾ) ਤੇ ਪੰਖੇਰੂ (ਪਾਕਿਸਤਾਨ) ਆਦਿ ਤੋਂ ਵਿਚ ਛਪੀਆਂ ਹਨ ਤੇ ਨਿਰੰਤਰ ਛੱਪ ਰਹੀਆਂ ਹਨ। ਉਸ ਦੀ ਦੇਖ ਰੇਖ ਵਿਚ ਪੰਜਾਬੀ ਵਿਗਿਆਨ ਗਲਪ ਨੂੰ ਪੂਰੀ ਤਰ੍ਹਾਂ ਸਮਰਪਿਤ ਪਹਿਲਾ ਪੰਜਾਬੀ ਮੈਗਜ਼ੀਨ ‘ਉਡਾਣ’ ਸ. ਅਮਨਦੀਪ ਸਿੰਘ ਦੀ ਸੰਪਾਦਨਾ ਹੇਠ ਸੰਨ 2022 ਵਿਚ ਜਾਰੀ ਕੀਤਾ ਗਿਆ। ਇਸ ਤਿਮਾਹੀ ਰਸਾਲੇ ਦੇ ਹੁਣ ਤਕ ਚਾਰ ਅੰਕ ਜਾਰੀ ਕੀਤੇ ਜਾ ਚੁੱਕੇ ਹਨ। ਵਰਨਣਯੋਗ ਹੈ ਕਿ ਡਾ. ਸਿੰਘ ਦੇ ਵਿਗਿਆਨ, ਧਰਮ ਤੇ ਵਾਤਾਵਰਣ ਸੰਬੰਧੀ 100 ਤੋਂ ਵੀ ਵਧੇਰੇ ਪ੍ਰੋਗਰਾਮ ਕੈਨੇਡਾ, ਅਮਰੀਕਾ ਤੇ ਭਾਰਤ ਦੇ ਟੈਲੀਵਿਯਨ ਅਦਾਰਿਆਂ ਵਲੋਂ ਟੈਲੀਕਾਸਟ ਕੀਤੇ ਜਾ ਚੁੱਕੇ ਹਨ, ਜੋ ਯੂਟਿਊਬ ਉੱਤੇ ਵੀ ਉਪਲਬਧ ਹਨ। ਉਨ੍ਹਾਂ ਬਾਰੇ ਹੋਰ ਜਾਣਕਾਰੀ drdpsinghauthor.wordpress.com ਤੋਂ ਲਈ ਜਾ ਸਕਦੀ ਹੈ।
ਉਨ੍ਹਾਂ ਨੇ ਖੁਦ ਹੀ ਸਾਹਿਤ ਤੇ ਵਿਗਿਆਨ ਦੇ ਖੇਤਰ ਵਿੱਚ ਸ਼ਲਾਘਾ ਯੋਗ ਕੰਮ ਨਹੀਂ ਕੀਤਾ ਸਗੋਂ ਅਨੇਕ ਲੇਖਕ ਅਤੇ ਵਿਗਿਆਨੀ ਵੀ ਪੈਦਾ ਕੀਤੇ ਹਨ। ਅੱਜ ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਡਾਕਟਰ, ਵਕੀਲ, ਸਾਇੰਸਦਾਨ, ਪ੍ਰੋਫੈਸਰ, ਪੱਤਰਕਾਰ ਤੇ ਹੋਰ ਖੇਤਰਾਂ ਵਿਚ ਨਾਮੀ ਅਹੁਦਿਆਂ ਉਤੇ ਕੰਮ ਕਰ ਰਹੇ ਹਨ। ਹੁਣ ਜੇਕਰ ਉਨ੍ਹਾਂ ਨੂੰ ਸਾਹਿਤ ਅਤੇ
ਵਿਗਿਆਨ ਦੇ ਖੇਤਰ ਵਿੱਚ ਦੇਸ਼ ਵਿਦੇਸ਼ ਵਿੱਚ ਮਿਲੇ ਮਾਨ ਸਨਮਾਨਾਂ ਦੀ ਗੱਲ ਸਾਂਝੀ ਕੀਤੀ ਜਾਵੇ ਤਾਂ ਇਸ ਦੀ ਸੂਚੀ ਬਹੁਤ ਲੰਬੀ ਹੈ। ਉਨ੍ਹਾਂ ਵਿੱਚੋ ਸੰਖੇਪ ਰੂਪ ਵਿਚ ਕੁਝ ਕੁ ਮਾਨ ਸਨਮਾਨਾਂ ਦਾ ਵਰਨਣ ਇਸ ਤਰ੍ਹਾਂ ਹੈ। ਭਾਸ਼ਾ ਵਿਭਾਗ, ਪੰਜਾਬ ਵਲੋਂ ਉਨ੍ਹਾਂ ਦੀਆਂ ਤਿੰਨ ਪੁਸਤਕਾਂ ਨੂੰ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਦਿੱਤਾ ਜਾ ਚੁੱਕਾ ਹੈ। ਸਾਹਿਤ ਰੰਗ ਗਠਨ ਸੰਸਥਾ, ਚੰਡੀਗੜ੍ਹ ਵੱਲੋਂ ਹੈਨੀਬਲ ਸਾਹਿਤ ਰਤਨ ਐਵਾਰਡ, ਪੰਜਾਬੀ ਸੱਥ ਲਾਂਬੜਾ ਵੱਲੋਂ ਗਿਆਨ ਸਾਹਿਤ ਪੁਰਸਕਾਰ, ਭਾਰਤੀ ਵਿਗਿਆਨ ਲੇਖਕ ਸੰਘ, ਦਿੱਲੀ ਵਲੋਂ ਇਸਵਾ ਐਵਾਰਡ, ਕੈਨੇਡਾ ਦੀ ਪੀਸ ਆਨ ਅਰਥ ਸੰਸਥਾ ਵਲੋਂ ਲਾਈਫ ਟਾਈਮ ਅਚੀਵਮਿੰਟ ਐਵਾਰਡ, ਕੈਨੇਡਾ ਦੀਆਂ ਸੰਸਥਾਵਾਂ ਅੱਜ ਦੀ ਅਵਾਜ਼ (ਰੇਡੀਓ) ਤੇ ਡੇਲੀ ਪੰਜਾਬੀ ਅਖ਼ਬਾਰ ਵਲੋਂ ਵਿਗਿਆਨ ਲੇਖਣ ਲਈ ਉੱਤਮ ਲੇਖਕ ਐਵਾਰਡ, ਉਨ੍ਹਾਂ ਦੀ ਝੋਲੀ ਵਿਚ ਪਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਵਿਕਾਸ ਪਰਿਸ਼ਦ, ਨੰਗਲ ਟਾਊਨਸ਼ਿਪ ਪੰਜਾਬੀ ਰੰਗਮੰਚ, ਨੰਗਲ, ਜਿਲ੍ਹਾ ਲਿਖਾਰੀ ਸਭਾ ਰੋਪੜ, ਸੈਣੀ ਭਵਨ, ਰੋਪੜ, ਹੁਸ਼ਿਆਰਪੁਰ ਅਤੇ ਰੋਪੜ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ। ਡਾ. ਡੀ.ਪੀ. ਸਿੰਘ ਇੱਕ ਵਿਅਕਤੀ ਨਹੀਂ ਸਗੋਂ ਗਿਆਨ-ਵਿਗਿਆਨ ਦੀ ਇੱਕ ਸੰਸਥਾ ਹੈ। ਵਿਦੇਸ਼ ਵਿੱਚ ਵਸਣ ਤੋਂ ਬਾਅਦ ਵੀ ਉਹ ਆਪਣੇ ਦੇਸ਼ ਦੀ ਧਰਤ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਕਲਮ ਅਜੇ ਵੀ ਨਿਰੰਤਰ ਸਾਹਿਤ ਰਚਨਾ ਕਰ ਰਹੀ ਹੈ।

Check Also

CLEAN WHEELS

* Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ …