ਬੱਸਾਂ ਦੀ ਖਰੀਦ ਮਾਮਲੇ ‘ਚ ਵੜਿੰਗ ਖਿਲਾਫ ਜਾਂਚ ਸ਼ੁਰੂ
ਰਾਜਾ ਵੜਿੰਗ ਦੇ ਕਾਰਜਕਾਲ ਸਮੇਂ ਰੋਡਵੇਜ਼ ਲਈ ਖਰੀਦੀਆਂ ਗਈਆਂ ਸਨ 841 ਬੱਸਾਂ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਨਾਮ ਘੁਟਾਲੇ ਕਰਨ ਵਾਲੇ ਲੀਡਰਾਂ ਵਿਚ ਸ਼ਾਮਲ ਹੋ ਗਿਆ ਹੈ। ਪੰਜਾਬ ਵਿਜੀਲੈਂਸ ਨੇ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਰਹਿੰਦਿਆਂ 841 ਬੱਸਾਂ ਦੀਆਂ ਰਾਜਸਥਾਨ ਤੋਂ ਖਰੀਦੀਆਂ ਚੈਸੀਆਂ ਅਤੇ ਬਾਡੀ ਫਿਟਿੰਗ ਵਿਚ 100 ਕਰੋੜ ਰੁਪਏ ਘਪਲੇ ਦਾ ਸ਼ੱਕ ਜ਼ਾਹਰ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਰਾਜਾ ਵੜਿੰਗ ਨੇ ਬੱਸਾਂ ਦੀਆਂ ਚੈਸੀਆਂ ਰਾਜਸਥਾਨ ਤੋਂ ਮਹਿੰਗੇ ਭਾਅ ‘ਤੇ ਖਰੀਦ ਕੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ। ਸਰਕਾਰ ਕੋਲੋਂ ਜਾਂਚ ਦੀ ਮਨਜੂਰੀ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਟਰਾਂਸਪੋਰਟ ਵਿਭਾਗ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੜਿੰਗ 2021 ਵਿਚ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ ਟਰਾਂਸਪੋਰਟ ਮੰਤਰੀ ਸਨ। ਇਹ ਮਾਮਲਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਠਾਇਆ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਰਾਜਸਥਾਨ ਅਤੇ ਹਰਿਆਣਾ ਦੇ ਲੋਕਾਂ ਨੂੰ ਪੰਜਾਬ ਵਿਚ ਸਰਕਾਰੀ ਨੌਕਰੀਆਂ ਦੇਣ ਦਾ ਆਰੋਪ ਲਗਾਇਆ ਸੀ। ਉਸ ਸਮੇਂ ਭਗਵੰਤ ਮਾਨ ਨੇ ਕਿਹਾ ਸੀ ਕਿ ‘ਕੁਝ ਦਿਨ ਇੰਤਜ਼ਾਰ ਕਰੋ, ਤੁਹਾਡੇ ‘ਤੇ ਵੀ ਵੱਡੀ ਕਾਰਵਾਈ ਹੋਵੇਗੀ।’
ਵਿਜੀਲੈਂਸ ਦੇ ਕੋਲ ਉਪਲਬਧ ਦਸਤਾਵੇਜ਼ਾਂ ਦੇ ਅਨੁਸਾਰ ਰਾਜਾ ਵੜਿੰਗ ਦੇ ਕਾਰਜਕਾਲ ਵਿਚ ਪੰਜਾਬ ਰੋਡਵੇਜ਼ ਦੇ ਲਈ 814 ਨਵੀਆਂ ਬੱਸਾਂ ਖਰੀਦੀਆਂ ਗਈਆਂ ਸਨ। ਇਨ੍ਹਾਂ ਦੀ ਬਾਡੀ ਰਾਜਸਥਾਨ ਵਿਚ ਬਣਵਾਈ ਗਈ ਸੀ। ਵਿਜੀਲੈਂਸ ਬਿਊਰੋ ਨੂੰ ਸ਼ੱਕ ਹੈ ਕਿ ਇਸ ਖਰੀਦ ਵਿਚ ਕਮਿਸ਼ਨ ਦਾ ਵੱਡਾ ਖੇਡ ਹੋਇਆ ਹੈ। 841 ਬੱਸਾਂ ਦੀਆਂ ਚੈਸੀਆਂ ਦੀ ਫਿਟਿੰਗ ਦਾ ਠੇਕਾ ਜੈਪੁਰ ਦੀ ਬੀਐਮਐਮਐਸ ਕੰਪਨੀ ਨੂੰ ਪ੍ਰਤੀ ਚੈਸੀ 11.98 ਲੱਖ ਦੀ ਦਰ ਨਾਲ ਦਿੱਤਾ ਗਿਆ।
ਪੰਜਾਬ ਵਿਚ ਉਸ ਸਮੇਂ ਚੈਸੀਆਂ ਫਿਟਿੰਗ ਕਰਨ ਵਾਲੀਆਂ ਕੰਪਨੀਆਂ ਘੱਟ ਕੀਮਤ ‘ਤੇ ਇਹ ਕੰਮ ਕਰ ਰਹੀਆਂ ਸਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੈਮੀ ਡੀਲਕਸ ਬੱਸ ਦੀ ਚੈਸੀ ਦੀ ਫਿਟਿੰਗ 6-7 ਲੱਖ ਵਿਚ ਅਤੇ ਸਧਾਰਨ ਬੱਸ ਦੀ ਚੈਸੀ ਦੀ ਫਿਟਿੰਗ 4-5 ਲੱਖ ਰੁਪਏ ਵਿਚ ਹੋ ਜਾਂਦੀ ਸੀ, ਇਸਦੇ ਬਾਵਜੂਦ ਰਾਜਸਥਾਨ ਦੀ ਕੰਪਨੀ ਨੂੰ 11.98 ਲੱਖ ਰੁਪਏ ਪ੍ਰਤੀ ਚੈਸੀ ਦੇ ਹਿਸਾਬ ਨਾਲ ਪੈਸਾ ਦੇ ਕੇ ਫਿਟਿੰਗ ਕਰਵਾਈ ਗਈ। ਇਸ ਨਾਲ ਵਿਭਾਗ ਨੂੰ 100 ਕਰੋੜ ਰੁਪਏ ਦਾ ਚੂਨਾ ਲੱਗਾ ਹੈ।
ਰਾਜਾ ਵੜਿੰਗ ‘ਤੇ ਟਰਾਂਸਪੋਰਟ ਮੰਤਰੀ ਰਹਿੰਦਿਆਂ ਨਿੱਜੀ ਅਪਰੇਟਰਾਂ ਅਤੇ ਆਪਣੇ ਚਹੇਤਿਆਂ ਨੂੰ ਵੱਡੀ ਗਿਣਤੀ ਵਿਚ ਰੂਟ ਪਰਮਿਟ ਵੰਡਣ ਦਾ ਵੀ ਆਰੋਪ ਹੈ। ਵਿਜੀਲੈਂਸ ਨੇ ਟਰਾਂਸਪੋਰਟ ਵਿਭਾਗ ਦੇ ਉਨ੍ਹਾਂ ਪਰਮਿਟਾਂ ਦਾ ਬਿਓਰਾ ਮੰਗਿਆ ਹੈ, ਜੋ ਵੜਿੰਗ ਦੇ ਕਾਰਜਕਾਲ ਵਿਚ ਜਾਰੀ ਕੀਤੇ ਗਏ ਹਨ।
ਵੜਿੰਗ ਨੇ ਐਸ.ਆਈ. ਭਰਤੀ ‘ਤੇ ਚੁੱਕੇ ਸਨ ਸਵਾਲ
ਮਾਨਸਾ ਵਿਚ ਭਰਤੀ ਕੀਤੇ ਗਏ ਸੱਤ ਸਬ ਇੰਸਪੈਕਟਰਾਂ ਵਿਚੋਂ ਛੇ ਹਰਿਆਣਾ ਨਿਵਾਸੀ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਜਾ ਵੜਿੰਗ ਨੇ ਪੰਜਾਬ ਸਰਕਾਰ ‘ਤੇ ਪੰਜਾਬੀਆਂ ਦੀ ਅਣਦੇਖੀ ਕਰਨ ਦਾ ਆਰੋਪ ਲਗਾਇਆ ਸੀ। ਇਸਦੇ ਜਵਾਬ ਵਿਚ ਭਗਵੰਤ ਮਾਨ ਨੇ ਵੀ ਵੜਿੰਗ ‘ਤੇ ਟਰਾਂਸਪੋਰਟ ਮੰਤਰੀ ਰਹਿੰਦੇ ਹੋਏ ਚੈਸੀਆਂ ਦੀ ਖਰੀਦ ਵਿਚ ਗੜਬੜੀ ਅਤੇ ਬਾਡੀ ਫਿਟਿੰਗ ਮਹਿੰਗੇ ਭਾਅ ‘ਤੇ ਰਾਜਸਥਾਨ ਤੋਂ ਕਰਵਾਉਣ ਦਾ ਆਰੋਪ ਲਗਾਇਆ ਸੀ। ਭਗਵੰਤ ਮਾਨ ਨੇ ਕਿਹਾ ਸੀ ਕਿ ਕੁਝ ਦਿਨ ਇੰਤਜ਼ਾਰ ਕਰੋ, ਤੁਹਾਡੇ ‘ਤੇ ਵੀ ਵੱਡੀ ਕਾਰਵਾਈ ਹੋਵੇਗੀ। ਇਸ ਮਾਮਲੇ ਵਿਚ ਭਗਵੰਤ ਮਾਨ ਦਾ ਕਹਿਣਾ ਸੀ ਕਿ ਹੋਰ ਰਾਜਾਂ ਦੇ ਲੋਕ ਬੱਸਾਂ ਦੀ ਬਾਡੀ ਲਗਵਾਉਣ ਲਈ ਪੰਜਾਬ ਆਉਂਦੇ ਹਨ, ਪਰ ਰਾਜਾ ਵੜਿੰਗ ਰਾਜਸਥਾਨ ਜਾ ਕੇ ਬੱਸਾਂ ਦੀਆਂ ਬਾਡੀਆਂ ਲਗਵਾ ਰਹੇ ਸਨ।
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …