Breaking News
Home / ਨਜ਼ਰੀਆ / ਬਜ਼ੁਰਗਾਂ ਦੀ ਸਰੀਰਕ ਦੂਰੀ

ਬਜ਼ੁਰਗਾਂ ਦੀ ਸਰੀਰਕ ਦੂਰੀ

ਗੁਰਮੀਤ ਸਿੰਘ ਪਲਾਹੀ
ਕਰੋਨਾ ਜਿਹਾ ਦੁਖਾਂਤ ਚੀਨ ਦੇ ਵੁਹਾਨ ਸ਼ਹਿਰ ਤੋਂ ਚਲਕੇ ਦੁਨੀਆ ਦੇ ਹਰ ਘਰ ਵਿੱਚ ਪਹੁੰਚਿਆ ਹੈ। ਇਸ ਅਣਦੇਖੇ ਵੈਰੀ ਨਾਲ ਕਿਵੇਂ ਨਿਪਟਿਆ ਜਾਵੇ, ਜਿਸ ਲਈ ਦਵਾ ਰੂਪੀ ਹਥਿਆਰ ਵੀ ਸਾਡੇ ਕੋਲ ਨਹੀਂ ਹੈ। ਉਹ ਅਮਰੀਕਾ ਅਤੇ ਯੂਰਪੀ ਦੇਸ਼, ਜੋ ਅਕਸਰ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੀਆਂ ਚੰਗੀਆਂ ਸਿਹਤ ਸਹੂਲਤਾਂ ਦਾ ਹਵਾਲਾ ਦੇਕੇ ਦੰਦ ਚਿੜਾਉਂਦੇ ਹਨ, ਅੱਜ ਕਰਾਹ ਰਹੇ ਹਨ। ਅਮਰੀਕਾ, ਇਟਲੀ ਅਤੇ ਸਪੇਨ ਵਿੱਚ ਹਜ਼ਾਰਾਂ ਲੋਕਾਂ ਦਾ ਇਸ ਤਰਾਂ ਮਰਨਾ ਇੱਕ ਵੱਡੀ ਘਟਨਾ ਹੈ, ਕਿਉਂਕਿ ਉਥੋਂ ਦੀ ਆਬਾਦੀ ਘੱਟ ਹੈ।
ਕੋਰੋਨਾ ਬਿਪਤਾ ਦੀ ਮਾਰ ਜਿਆਦਾ ਕਰਕੇ ਬਜ਼ੁਰਗਾਂ ਤੇ ਪਈ ਹੈ। ਇਟਲੀ ਵਿੱਚ ਬਜ਼ੁਰਗਾਂ ਨੂੰ ਬਿਨਾਂ ਇਲਾਜ ਛੱਡ ਦਿੱਤਾ ਗਿਆ ਅਤੇ ਉਥੇ ਕੋਰੋਨਾ ਦੇ ਕਾਰਨ ਮਰਨ ਵਾਲਿਆਂ ਵਿੱਚ ਸੱਠ ਫੀਸਦੀ ਬਜ਼ੁਰਗ ਹਨ। ਆਰਗੇਨਾਈਜੇਸ਼ਨ ਫਾਰ ਇਕੋਨੋਮਿਕ ਕੋ-ਅਪ੍ਰੇਸ਼ਨ ਐਂਡ ਡਿਵੈਲਪਮੈਂਟ ਦੇ ਅਨੁਸਾਰ ਬਜ਼ੁਰਗਾਂ ਦੀ ਆਬਾਦੀ ਦੇ ਮਾਮਲੇ ਵਿੱਚ ਇਟਲੀ ਸਪੇਨ ਤੋਂ ਬਾਅਦ ਦੂਜੇ ਨੰਬਰ ਤੇ ਹੈ। ਉਥੋਂ ਦੀ 23 ਫੀਸਦੀ ਆਬਾਦੀ 65 ਵਰਿਆਂ ਤੋਂ ਜਿਆਦਾ ਉਮਰ ਦੇ ਲੋਕਾਂ ਦੀ ਹੈ। ਸਪੇਨ ਵਿੱਚ ਹਾਲਾਂ ਕਿ ਬਜ਼ੁਰਗਾਂ ਦੀ ਆਬਾਦੀ ਦਾ ਅਨੁਪਾਤ ਇਟਲੀ ਤੋਂ ਘੱਟ ਹੈ, ਪਰ ਉਸਨੇ ਵੀ ਇਲਾਜ ਦੇ ਮਾਮਲੇ ਵਿੱਚ ਬਜ਼ੁਰਗਾਂ ਦੀ ਵਿਜਾਏ ਨੌਜਵਾਨਾਂ ਨੂੰ ਤਵੱਜੋਂ ਦਿੱਤੀ ਹੈ। ਕਾਰਨ ਇਹ ਹੈ ਕਿ ਨੌਜਵਾਨਾਂ ਨੂੰ ਬਚਾਉਣਗੇ ਤਾਂ ਉਹ ਕੰਮ ਵੀ ਆਉਣਗੇ। ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਇਹ ਕਹਿਣ ਦੀ ਹੋੜ ਜਿਹੀ ਮਚੀ ਹੋਈ ਹੈ ਕਿ ਬਜ਼ੁਰਗ ਅਰਥ ਵਿਵਸਥਾ ਉਤੇ ਬੋਝ ਹੁੰਦੇ ਹਨ। ਆਪਣੇ ਇਥੇ ਵੀ ਅਨੇਕਾਂ ਐਕਸਪਰਟ ਇਹ ਕਹਿੰਦੇ ਪਾਏ ਜਾਂਦੇ ਹਨ। ਇਥੋਂ ਤੱਕ ਕਿ ਇਹ ਅਘੋਸ਼ਿਤ ਨਿਯਮ ਜਿਹਾ ਬਣ ਚੱਲਿਆ ਹੈ ਕਿ ਪੰਜਾਹ ਵਰਿਆਂ ਤੋਂ ਬਾਅਦ ਲੋਕਾਂ ਨੂੰ ਕਿਸੇ ਵੀ ਤਰਾਂ ਨੌਕਰੀਆਂ ਤੋਂ ਹਟਾ ਦਿੱਤਾ ਜਾਵੇ। ਹਾਲਾਂ ਕਿ ਇਟਲੀ ਨੇ ਆਪਣੇ ਬਜ਼ੁਰਗਾਂ ਨੂੰ ਆਫ਼ਤ ਦੇ ਸਮੇਂ ਇੱਕਲਿਆਂ ਛੱਡ ਦਿੱਤਾ, ਉਥੇ ਹੋਰ ਯੂਰਪੀ ਦੇਸ਼ਾਂ ਦੇ ਮੁਕਾਬਲੇ ਪਰਿਵਾਰਿਕ ਰਿਸ਼ਤੇ ਬਹੁਤ ਮਜ਼ਬੂਤ ਹਨ। ਉਥੇ ਪਰਿਵਾਰ ਦੇ ਲੋਕ ਅਮਰੀਕਾ ਦੀ ਤਰਾਂ ਇੱਕਲੇ ਨਹੀਂ ਹਨ। ਲੇਕਿਨ ਜਦ ਜਾਨ ਤੇ ਬਣ ਜਾਂਦੀ ਹੈ, ਤਾਂ ਸਾਰੇ ਸਭ ਤੋਂ ਪਹਿਲਾਂ ਖ਼ੁਦ ਨੂੰ ਬਚਾਉਂਦੇ ਹਨ।
ਪਿਛਲੇ ਸਾਲ ਮੈਂ ਜਨੇਵਾ, ਸਵਿਟਰਜਰਲੈਂਡ ਵਿੱਚ ਆਪਣੇ ਬੇਟੇ ਦੇ ਘਰ ਦੇ ਕੋਲ ਇੱਕ ਬੁਢਾਪਾ ਆਸ਼ਰਮ ਵੇਖਿਆ। ਉਥੇ ਬਜ਼ੁਰਗਾਂ ਦੇ ਰਹਿਣ, ਖਾਣ-ਪੀਣ, ਮਨੋਰੰਜਨ ਦੀ ਜੋ ਵਿਵਸਥਾ ਸੀ, ਉਸ ਨੂੰ ਦੇਖਕੇ ਲਗਿਆ ਕਿ ਕਾਸ਼, ਸਾਡੇ ਦੇਸ਼ ਵਿੱਚ ਵੀ ਇਹੋ ਜਿਹਾ ਹੋ ਸਕਦਾ, ਕਿਉਂਕਿ ਹੁਣ ਆਪਣੇ ਦੇਸ਼ ਵਿੱਚ ਵੀ ਬਹੁਤ ਸਾਰੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਉਥੇ ਬਜ਼ੁਰਗਾਂ ਨੂੰ ਇੰਨੇ ਅੱਛੇ ਢੰਗ ਨਾਲ ਕਿਵੇਂ ਰੱਖਿਆ ਜਾਂਦਾ ਹੈ, ਇਸ ਬਾਰੇ ਜਦੋਂ ਮੈਂ ਪੁੱਛਿਆ ਤਾਂ ਮੈਨੂੰ ਦੱਸਿਆ ਗਿਆ ਕਿ ਜਦ ਇਹ ਬਜ਼ੁਰਗ ਨੌਜਵਾਨ ਸਨ, ਤਦ ਇਹ ਕਿਸੇ ਨਾ ਕਿਸੇ ਰੋਜ਼ਗਾਰ ਵਿੱਚ ਲੱਗੇ ਹੋਏ ਸਨ, ਦੇਸ਼ ਦੀ ਤਰੱਕੀ ‘ਚ ਇਹਨਾ ਦਾ ਵੀ ਯੋਗਦਾਨ ਸੀ। ਹੁਣ ਜਦੋਂ ਇਹ ਉਮਰ ਦੇ ਚੌਥੇਪਨ ਵਿੱਚ ਹਨ, ਤਦ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਹਨਾ ਦੀ ਦੇਖਭਾਲ ਕਰੇ। ਇਹ ਸੁਣਕੇ ਮੈਨੂੰ ਬਹੁਤ ਅੱਛਾ ਲੱਗਿਆ।
ਲੇਕਿਨ ਕੋਰੋਨਾ ਦੇ ਦੁਖਾਂਤ ਸਮੇਂ ਬਜ਼ੁਰਗਾਂ ਦੀ ਮੌਤ ਅਲੱਗ ਹੀ ਕਹਾਣੀ ਕਹਿ ਰਹੀ ਹੈ। ਇਟਲੀ ਅਤੇ ਸਪੇਨ ਵਿੱਚ ਵੱਡੀ ਗਿਣਤੀ ਵਿੱਚ ਜੋ ਬਜ਼ੁਰਗ ਰਹਿੰਦੇ ਹਨ, ਉਹਨਾ ਨੇ ਵੀ ਤਾਂ ਆਪਣੇ-ਆਪਣੇ ਦੇਸ਼ਾਂ ਦੀ ਤਰੱਕੀ ਵਿੱਚ ਕੁਝ ਨਾ ਕੁਝ ਯੋਗਦਾਨ ਦਿੱਤਾ ਹੋਏਗਾ। ਲੇਕਿਨ ਦੁਖਾਂਤ ਇਹ ਹੈ ਕਿ ਮੁਸੀਬਤ ਦੇ ਸਮੇਂ ਉਹਨਾ ਨੂੰ ਮਰਨ ਲਈ ਛੱਡ ਦਿੱਤਾ ਗਿਆ। ਹੁਣ ਬਰਤਾਨੀਆ ਵਿੱਚ ਵੀ ਇਹੋ ਜਿਹਾ ਹੀ ਹੋਣ ਵਾਲਾ ਹੈ। ਲੇਕਿਨ ਕਿਸੇ ਵੀ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਬਾਰੇ ਸ਼ਾਇਦ ਹੀ ਆਵਾਜ਼ ਉਠਾਈ ਹੈ। ਬਜ਼ੁਰਗਾਂ ਨੂੰ ਕੋਰੋਨਾ ਦੇ ਵਾਇਰਸ ਦਾ ਜਿਆਦਾ ਖਤਰਾ ਹੈ। ਦੂਜੇ ਪਾਸੇ ਲਾਂਸੇਟ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ”ਸਮਾਜਿਕ ਦੂਰੀ” (ਸੋਸ਼ਲ ਡਿਸਟੇਂਸਿੰਗ) ਦਾ ਸਭ ਤੋਂ ਜਿਆਦਾ ਪ੍ਰਭਾਵ ਬਜ਼ੁਰਗਾਂ ਉਤੇ ਹੀ ਪੈਣ ਵਾਲਾ ਹੈ। ਉਹ ਹੀ ਬਾਹਰ ਜਾਕੇ ਆਪਣੇ ਜਾਣੂੰ-ਪਛਾਣੂੰ ਮਿੱਤਰਾਂ-ਦੋਸਤਾਂ ਦੇ ਨਾਲ ਸਮਾਂ ਬਿਤਾਉਂਦੇ ਸਨ। ਉਹ ਹੁਣ ਕਿਥੇ ਜਾਣ? ਨਿਊਯਾਰਕ ਵਿੱਚ ਵੱਡੀ ਸੰਖਿਆ ‘ਚ ਬਜ਼ੁਰਗ ਰਹਿੰਦੇ ਹਨ। ਸਧਾਰਨ ਹਾਲਾਤਾਂ ਵਿੱਚ ਉਹ ਕਮਿਊਨਿਟੀ ਸੈਂਟਰਾਂ ਵਿੱਚ ਜਾਕੇ ਅਨੇਕਾਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ। ਲੇਕਿਨ ਹੁਣ ਉਹ ਕਿਥੇ ਜਾਣ? ਜੇਕਰ ਉਹ ਬਿਮਾਰ ਹੋਣ , ਤਾਂ ਇਲਾਜ ਵੀ ਮਿਲਣਾ ਔਖਾ ਹੈ। ਵੈਸੇ ਅਮਰੀਕਾ ਵਿੱਚ ਸਿਰਫ਼ 14.5 ਫੀਸਦੀ ਆਬਾਦੀ 65 ਸਾਲਾਂ ਤੋਂ ਜਿਆਦਾ ਲੋਕਾਂ ਦੀ ਹੈ, ਪਰ ਕੋਰੋਨਾ ਤੋਂ ਸਭ ਤੋਂ ਜਿਅਦਾ ਖਤਰਾ ਉਹਨਾ ਨੂੰ ਹੀ ਹੈ। ਆਪਣੇ ਦੇਸ਼ ਵਿੱਚ ਵੀ ਛੇ ਫੀਸਦੀ ਬਜ਼ੁਰਗ ਇਕੱਲੇ ਰਹਿੰਦੇ ਹਨ। ਉਹਨਾ ਦੀ ਤਕਲੀਫ ਵੀ ਇਹੋ ਜਿਹੀ ਹੈ।
ਬਜ਼ੁਰਗਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਏ, ਸ਼ਾਇਦ ਇਸਦੀ ਜੁਗਤ ਦੁਨੀਆ ਦੇ ਹਰ ਦੇਸ਼ ਵਿੱਚ ਲਗਾਈ ਗਈ ਹੈ। ਆਪਣੇ ਦੇਸ਼ ਵਿੱਚ ਵੀ ਵਣਪ੍ਰਸਥ ਦੀ ਵਿਵਸਥਾ ਰਹੀ ਹੈ। ਅਰਥਾਤ ਬੁੱਢੇ ਹੋਣ ‘ਤੇ ਜੰਗਲ ਵਿੱਚ ਚਲੇ ਜਾਓ। ਆਪਣੇ ਖਾਣ-ਪੀਣ ਦਾ ਜੁਗਾੜ ਵੀ ਖ਼ੁਦ ਕਰੋ। ਉਥੇ ਜੰਗਲਾਂ ਵਿੱਚ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣਦੇ ਹਨ ਤਾਂ ਬਣ ਜਾਣ। ਇਹੋ ਜਿਹੀਆਂ ਲੋਕ-ਕਥਾਵਾਂ ਵੀ ਮਿਲਦੀਆਂ ਹਨ। ਇਹ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਹੋਰ ਦੇਸ਼ਾਂ ਵਿੱਚ ਵੀ ਮਿਲਦੀਆਂ ਹਨ। ਇਹ ਕਥਾ ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਜਿਥੇ ਇੱਕ ਬੁੱਢੇ ਨੂੰ ਟੁੱਟੇ ਭਾਂਡਿਆਂ ਵਿੱਚ ਖਾਣਾ ਦਿੱਤਾ ਜਾਂਦਾ ਸੀ। ਇੱਕ ਦਿਨ ਇੱਕ ਬੱਚਾ ਜਦੋਂ ਇੱਕ ਟੁੱਟੇ ਭਾਂਡੇ ਨੂੰ ਸੰਭਾਲਕੇ ਰੱਖਦਾ ਹੈ ਤਾਂ ਉਸਦਾ ਪਿਤਾ ਉਸਨੂੰ ਪੁੱਛਦਾ ਹੈ ਕਿ ਉਹ ਐਸਾ ਕਿਉਂ ਕਰ ਰਿਹਾ ਹੈ ਤਾਂ ਉਹ ਬੱਚਾ ਕਹਿੰਦਾ ਹੈ ਕਿ ਜਦੋਂ ਪਿਤਾ ਬੁੱਢਾ ਹੋ ਜਾਏਗਾ ਤਾਂ ਉਹ ਉਸੇ ਭਾਂਡੇ ਵਿੱਚ ਉਸਨੂੰ ਖਾਣਾ ਦੇਵੇਗਾ। ਇਹੋ ਜਿਹੀਆਂ ਕਥਾਵਾਂ ਇਹੀ ਦਸਦੀਆਂ ਹਨ ਕਿ ਉਮਰ ਨੂੰ ਕਿਸੇ ਨੇ ਫੜਕੇ ਨਹੀਂ ਰੱਖਿਆ। ਅੱਜ ਜਿਹੜਾ ਕਿਸੇ ਦੇ ਬੁੱਢੇ ਹੋਣ ਤੇ ਹੱਸ ਰਿਹਾ ਹੈ, ਉਸਨੂੰ ਮਖੌਲ ਕਰ ਰਿਹਾ ਹੈ, ਉਸਦੀਆਂ ਸਾਰੀਆਂ ਸੁਵਿਧਾਵਾਂ ਖੋਹ ਰਿਹਾ ਹੈ, ਕੱਲ ਨੂੰ ਉਸ ਨਾਲ ਵੀ ਇਹੋ ਕੁਝ ਹੋਏਗਾ। ਕਿਉਂਕਿ ਅੱਜ ਜੋ ਜਵਾਨ ਹੈ, ਕੱਲ ਉਮਰ ਉਸ ਨਾਲ ਵੀ ਇਹੋ ਕੁਝ ਕਰੇਗੀ, ਜੋ ਅਜਕੱਲ ਉਸਦੇ ਪਿਤਾ ਜਾਂ ਦਾਦੇ ਨਾਲ ਹੋਇਆ ਸੀ। ਲੇਕਿਨ ਅਕਸਰ ਜਦ ਤੱਕ ਅਸੀਂ ਯੁਵਕ ਰਹਿੰਦੇ ਹਾਂ, ਸਾਨੂੰ ਕਦੇ ਲੱਗਦਾ ਹੀ ਨਹੀਂ ਕਿ ਜੀਵਨ ਵਿੱਚ ਐਸਾ ਵੀ ਕੋਈ ਪੜਾਅ ਆਏਗਾ, ਜਦੋਂ ਅਸੀਂ ਕਮਜ਼ੋਰ ਹੋਵਾਂਗੇ, ਸਰੀਰ ਸਾਡਾ ਸਾਥ ਛੱਡੇਗਾ ਅਤੇ ਸਾਨੂੰ ਦੂਜਿਆਂ ਤੇ ਨਿਰਭਰ ਹੋਣਾ ਪਵੇਗਾ। ਇਟਲੀ ਜਾਂ ਸਪੇਨ ਦੇ ਜਿਨਾਂ ਬਜ਼ੁਰਗਾਂ ਨੇ ਵੱਡੀ ਗਿਣਤੀ ‘ਚ ਜਾਨ ਗੁਆਈ ਹੈ, ਉਹਨਾ ਨੇ ਵੀ ਕਦੇ ਇਹ ਸੋਚਿਆ ਹੋਵੇਗਾ ਕਿ ਅੰਤ ਸਮੇਂ ਵੀ ਉਹਨਾ ਦੇ ਨਾਲ ਕੋਈ ਨਹੀਂ ਹੋਏਗਾ। ਨਾ ਪਰਿਵਾਰ, ਜਿਹਨਾ ਲਈ ਉਸ ਆਪਣਾ ਜੀਵਨ ਲਗਾ ਦਿੱਤਾ, ਨਾ ਇਹ ਸਰਕਾਰ ਜਿਸਨੂੰ ਚਲਾਉਣ ਲਈ ਉਹਨਾ ਨੇ ਹਮੇਸ਼ਾ ਵੋਟ ਦਿੱਤੀ, ਨਾ ਉਹ ਡਾਕਟਰ ਜਿਹਨਾ ਲਈ ਜੀਵਨ ਭਰ ਸਿਹਤ ਬੀਮਾ ਦੀ ਰਾਸ਼ੀ ਦਿੱਤੀ ਸੀ। ਅੰਤ ਸਮਾਂ ਇੰਨਾ ਭਿਆਨਕ ਹੋਏਗਾ, ਕਿਸਨੂੰ ਪਤਾ ਸੀ?
ਹੁਣੇ ਜਿਹੇ ਕੈਲੇਫੋਰਨੀਆ ‘ਚ ਰਹਿਣ ਵਾਲੀ ਇੱਕ ਰਿਸ਼ਤੇਦਾਰ ਔਰਤ ਨੇ ਕਿਹਾ ਸੀ ਕਿ ਅਗਰ ਤੁਹਾਡਾ ਇੱਕ ਵੀ ਚਿੱਟਾ ਵਾਲ ਦਿਸ ਜਾਏ ਤਾਂ ਅਮਰੀਕਾ ਵਿੱਚ ਨੌਕਰੀ ਮਿਲਣੀ ਮੁਸ਼ਕਿਲ ਹੈ। ਇਹ ਅੱਜ ਇਹਨਾਂ ਦਿਨਾਂ ਵਿੱਚ ਦੁਨੀਆਂ ਦਾ ਸੱਚ ਹੈ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …