Breaking News
Home / ਪੰਜਾਬ / 10 ਪੰਜਾਬੀਆਂ ਦੀ ਆਬੂਧਾਬੀ ਅਦਾਲਤ ਨੇ ਸਜ਼ਾ ਕੀਤੀ ਮੁਆਫ਼

10 ਪੰਜਾਬੀਆਂ ਦੀ ਆਬੂਧਾਬੀ ਅਦਾਲਤ ਨੇ ਸਜ਼ਾ ਕੀਤੀ ਮੁਆਫ਼

ਓਬਰਾਏ ਨੇ ਪਾਕਿਸਤਾਨੀ ਪਰਿਵਾਰ ਨੂੰ 60 ਲੱਖ ਰੁਪਏ ਬਲੱਡ ਮਨੀ ਦਿੱਤੀ
ਪਟਿਆਲਾ/ਬਿਊਰੋ ਨਿਊਜ਼
ਅਬੂਧਾਬੀ ਵਿਚ ਪਾਕਿਸਤਾਨੀ ਵਿਅਕਤੀ ਦੇ ਕਤਲ ਮਾਮਲੇ ਵਿਚ ਉਥੋਂ ਦੀ ਐੱਲਐੱਨ ਅਦਾਲਤ ਨੇ 10 ਪੰਜਾਬੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਮੁਆਫ਼ੀ ਪੱਤਰ ਬਦਲੇ ਪਾਕਿਸਤਾਨੀ ਪਰਿਵਾਰ ਨੂੰ ਉਘੇ ਸਮਾਜ ਸੇਵੀ ਤੇ ਇਸ ਕੇਸ ਦੀ ਪੈਰਵਾਈ ਕਰ ਰਹੇ ਐੱਸਪੀ ਸਿੰਘ ਓਬਰਾਏ ਨੇ 60 ਲੱਖ ਰੁਪਏ ਦੀ ਰਾਸ਼ੀ ਅਦਾ ਕੀਤੀ ਹੈ ਜਦੋਂਕਿ ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਵਿਚ ਸੁਣਵਾਈ 12 ਅਪ੍ਰੈਲ ‘ਤੇ ਪਾਈ ਗਈ ਹੈ।
ਪਾਕਿਸਤਾਨੀ ਸ਼ਹਿਰ ਪੇਸ਼ਾਵਰ ਦੇ ਮੁਹੰਮਦ ਫਰਹਾਨ ਮੁਹੰਮਦ ਰਿਆਜ਼ ਦੇ ਪਰਿਵਾਰ ਵੱਲੋਂ ਬਲੱਡ ਮਨੀ ਸਵੀਕਾਰ ਕਰਨ ਦਾ ਫ਼ੈਸਲਾ ਕਰਨ ‘ਤੇ ਇਸ ਸਬੰਧੀ ਮੁਆਫ਼ੀ ਦੀ ਚਿੱਠੀ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਵਿਭਾਗ ਅਤੇ ਨਿਆਂ ਵਿਭਾਗ ਕੋਲੋਂ ਤਸਦੀਕ ਕਰਵਾਈ ਗਈ। ਇਹ ਚਿੱਠੀ ਅਦਾਲਤ ਨੂੰ ਸੌਂਪਣ ਤੋਂ ਬਾਅਦ ਇਨ੍ਹਾਂ 10 ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਨ ਦਾ ਫ਼ੈਸਲਾ ਸੁਣਾਇਆ। ਬੇਸ਼ੱਕ ਅਦਾਲਤ ਨੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ ਪਰ ਹਾਲੇ ਵੀ ਇਨ੍ਹਾਂ ਨੌਜਵਾਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ, ਕਿਉਂਕਿ ਗ਼ੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਵੇਚਣ ਦੇ ਕੇਸ ਵਿਚ ਅਦਾਲਤ ਵੱਲੋਂ ਹੁਣ 12 ਅਪ੍ਰੈਲ ਨੂੰ ਅਗਲੀ ਸੁਣਵਾਈ ਰੱਖੀ ਗਈ ਹੈ।
ਪਾਕਿਸਤਾਨੀ ਪਰਿਵਾਰ ਵੱਲੋਂ ਦਿੱਤੀ ਗਈ ਚਿੱਠੀ 27 ਫਰਵਰੀ ਨੂੰ ਅਦਾਲਤ ਵਿਚ ਜਮ੍ਹਾਂ ਕਰਵਾਈ ਗਈ ਸੀ। ਪਰਿਵਾਰ ਨੂੰ 60 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਓਬਰਾਏ ਨੇ ਦੱਸਿਆ ਕਿ ਮਰਹੂਮ ਫਰਹਾਨ ਰਿਆਜ਼ ਦੇ ਪਿਤਾ ਮੁਹੰਮਦ ਰਿਆਜ਼ ਉਚੇਚੇ ਤੌਰ ‘ਤੇ ਪੇਸ਼ਾਵਰ ਪਾਕਿਸਤਾਨ ਤੋਂ ਅਬੂਧਾਬੀ ਆਏ ਅਤੇ ਅਦਾਲਤ ਵਿਚ ਪੇਸ਼ ਹੋ ਕੇ ਮੁਆਫ਼ੀਨਾਮਾ ਪੇਸ਼ ਕੀਤਾ। ਮੁਹੰਮਦ ਰਿਆਜ਼ ਅਨੁਸਾਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦਾ ਪੁੱਤਰ ਤਾਂ ਦੁਨੀਆਂ ਤੋਂ ਰੁਖ਼ਸਤ ਹੋ ਗਿਆ, ਪਰ ਉਨ੍ਹਾਂ ਨੇ ਓਬਰਾਏ ਦੇ ਕਹਿਣ ‘ਤੇ 10 ਪਰਿਵਾਰਾਂ ਦੇ ਚਿਰਾਗ਼ਾਂ ਨੂੰ ਬੁਝਣ ਤੋਂ ਬਚਾਅ ਲਿਆ।
ਇਨ੍ਹਾਂ ਪੰਜਾਬੀਆਂ ਦੀ ਸਜ਼ਾ ਹੋਈ ਮੁਆਫ਼
ਅਲ ਐਨ ਅਦਾਲਤ ਨੇ 10 ਪੰਜਾਬੀ ਨੌਜਵਾਨਾਂ ਨੂੰ ਮੁਹੰਮਦ ਫਰਾਨ ਦੇ ਕਤਲ ਦੇ ਕੇਸ ਵਿਚ 26 ਅਕਤੂਬਰ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੇਣ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਫਾਂਸੀ ਦੀ ਸਜ਼ਾ ਮੁਆਫ਼ੀ ਦੇ ਫ਼ੈਸਲੇ ਨਾਲ ਇਨ੍ਹਾਂ ਪੰਜਾਬੀ ਗੱਭਰੂਆਂ ਦੀਆਂ ਜਾਨਾਂ ਬਚ ਗਈਆਂ। ਇਨ੍ਹਾਂ ‘ਚ ਸਤਮਿੰਦਰ ਸਿੰਘ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ, ਚੰਦਰ ਸ਼ੇਖਰ ਨਵਾਂਸ਼ਹਿਰ, ਚਮਕੌਰ ਸਿੰਘ ਮਾਲੇਰਕੋਟਲਾ, ਕੁਲਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਚੌਲਾਂਗ,  ਧਰਮਵੀਰ ਸਿੰਘ ਸਮਰਾਲਾ, ਹਰਜਿੰਦਰ ਸਿੰਘ ਮੁਹਾਲੀ, ਤਰਸੇਮ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਪਟਿਆਲਾ ਤੇ ਜਗਜੀਤ ਸਿੰਘ ਗੁਰਦਾਸਪੁਰ ਸ਼ਾਮਲ ਹਨ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …