ਜਸਵੰਤ ਸਿੰਘ ਅਜੀਤ
ਇੱਕ ਪਾਸੇ ਤਾਂ ਦੇਸ਼ ਵਿੱਚ ਸੂਚਨਾ ਅਤੇ ਸੰਚਾਰ ਦੇ ਖੇਤਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਅਸੀਂ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ ਉਸੇ ਵਿੱਚ ਹੀ ਭਟਕਦਿਆਂ ਰਹਿਣ ਨੂੰ ਆਪਣੀ ਨਿਯਤੀ ਸਮਝ ਬੈਠੇ ਹਾਂ। ਇਤਨਾ ਹੀ ਨਹੀਂ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਇੱਥੇ ਹਰ ਕੋਈ ਆਪਣੇ ਹੀ ‘ਸੱਚ’ ਨੂੰ ਦੂਸਰਿਆਂ ਪੁਰ ਠੋਸਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਦੁਸਰੇ ਦੇ ਸੱਚ ਨੂੰ ਨਾ ਤਾਂ ਉਹ ਸੱਚ ਮੰਨਣ ਤੱਕ ਲਈ ਤਿਆਰ ਵੀ ਨਜ਼ਰ ਨਹੀਂ ਆ ਰਿਹਾ। ਇਨ੍ਹਾਂ ਹਾਲਾਤ ਦੇ ਸੰਬੰਧ ਵਿੱਚ ਚਰਚਾ ਕਰਦਿਆਂ ਕਿਸੇ ਨੇ ਕਿਹਾ ਕਿ ਸੋਸ਼ਲ ਮੀਡੀਆ ਹੋਵੇ ਜਾਂ ਮੁੱਖਧਾਰਾ ਦਾ ਮੀਡੀਆ, ਬਹੁਤਾ ਕਰਕੇ ਲੋਕਾਂ ਦੇ ਆਪੋ-ਆਪਣੇ ਹੀ ਸੱਚ ਹੁੰਦੇ ਹਨ। ਕੁਝ ਸੱਚ ਤਾਂ ਉਸੇ ਤਰਜ਼ ਤੇ ਹੁੰਦੇ ਹਨ, ਜਿਵੇਂ ਕਿ ਇੱਕ ਪੁਰਾਣੀ ਕਹਾਣੀ ਅਨੁਸਾਰ ‘ਅਨ੍ਹਿਆਂ ਲਈ ਹਾਥੀ ਦਾ ਸੱਚ’ ਸੀ। ਹਰ ਘਟਨਾ ਦਾ ਕੋਈ ਇੱਕ ਪੱਖ ਹੀ ਲੈ ਲਉ, ਹਰ ਕੋਈ ਆਪਣੇ ਹੀ ਨਜ਼ਰੱਈਏ ਨਾਲ ਉਸਨੂੰ ਪੇਸ਼ ਕਰਦਾ ਵਿਖਾਈ ਦਿੰਦਾ ਹੈ। ਇਸਦੇ ਬਾਵਜੂਦ ਮੰਨਿਆ ਜਾਂਦਾ ਹੈ ਕਿ ਵਿਵੇਕਸ਼ੀਲ ਲੋਕੀ ਅਸਲੀ ਸੱਚ ਤਲਾਸ਼ ਕਰ ਹੀ ਲੈਂਦੇ ਹਨ। ਪ੍ਰੰਤੂ ਅਜਿਹਾ ਤਾਂ ਸੰਭਵ ਹੁੰਦਾ ਹੈ, ਜੇ ਕਿਸੇ ਇੱਕ ਵੀ ਪੱਖ ਨੂੰ ਪੇਸ਼ ਕਰਦਿਆਂ ਉਸਦਾ ਸ੍ਰੋਤ ਦਸਿਆ ਜਾਏ। ਪ੍ਰੰਤੂ ਇਹ ਗਲ ਬਦਕਿਸਮਤੀ ਦੀ ਹੈ ਕਿ ਅੱਧੇ-ਅਧੂਰੇ ਸੱਚ ਦੇ ਇਸ ਦੌਰ ਵਿੱਚ ਸ੍ਰੋਤ ਜਾਂ ਤਾਂ ਦਸੇ ਨਹੀਂ ਜਾਂਦੇ ਜੇ ਦਸੇ ਵੀ ਜਾਣ ਤਾਂ ਗ਼ਲਤ ਦਸ ਦਿੱਤੇ ਜਾਂਦੇ ਹਨ। ਇਸ ਹਾਲਤ ਵਿੱਚ ਕੁਝ ਲੋਕੀ ਸੁਆਲ ਉਠਾਂਦੇ ਹਨ ਕਿ ਕੀ ਇਹ ਮੰਨ ਲਿਆ ਜਾਏ ਕਿ ਪੂਰੇ ਸੱਚ ਨੂੰ ਛੁਪਾਣ ਅਤੇ ਆਪਣੇ ਹਿਤ ਵਿੱਚ ਆਪੋ-ਆਪਣੀ ਹਕੀਕਤ ਪੇਸ਼ ਕਰਨ ਦਾ ਸਮਾਂ ਜਾਂ ਦੌਰ ਆ ਗਿਆ ਹੈ? ਜਾਪਦਾ ਤਾਂ ਇਹੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਵਰਗ ਡੂੰਘੇ ਅਵਿਸ਼ਵਾਸ ਵਿੱਚ ਜ਼ਿੰਦਗੀ ਗੁਜ਼ਾਰਨ ਤੇ ਮਜਬੂਰ ਹੋ ਰਿਹਾ ਹੈ। ਹਰ ਦੂਸਰੇ ਪੜ੍ਹੇ-ਲਿਖੇ ਵਿਅਕਤੀ ਦਾ ਭਰੋਸਾ ਪਹਿਲੇ ਵਾਲੇ ਦੀਆਂ ਨਜ਼ਰਾਂ ਵਿੱਚ ਜਾਂ ਪਹਿਲੇ ਦਾ ਦੂਸਰੇ ਦੀਆਂ ਨਜ਼ਰਾਂ ਵਿੱਚ ਘਟ ਗਿਆ ਹੈ। ਸੁਆਲ ਉਠਦਾ ਹੈ ਕਿ ਕੀ ਅਜਿਹੇ ਮਾਹੌਲ ਵਿੱਚ ਏਕਤਾ ਦਾ ਅਲਾਪਿਆ ਜਾ ਰਿਹਾ ਰਾਗ ਕਾਰਗਰ ਹੋ ਸਕਦਾ ਹੈ? ਕੀ ਇਸੇ ਅਵਿਸ਼ਵਾਸ ਦੇ ਮਾਹੌਲ ਵਿੱਚ ਦੇਸ਼ ਅੱਗੇ ਵੱਧ ਸਕੇਗਾ? ਦੇਸ਼ ਦਾ ਇੱਕ ਵਰਗ, ਜੋ ਸਾਰੇ ਝੰਝਟਾਂ ਤੋਂ ਦੂਰ ਹੈ, ਉਸਨੂੰ ਵਿਸ਼ਵਾਸ ਹੈ ਕਿ ਦੇਸ਼ ਦਾ ਇੱਕ ਵੱਡਾ ਵਰਗ, ਜਿਸਨੂੰ ਅੱਧ-ਪੜ੍ਹਿਆ ਜਾਂ ਅਨਪੜ੍ਹ ਮੰਨਿਆ ਜਾਂਦਾ ਹੈ, ਦੇਸ਼ ਵਿੱਚ ਹੋ ਰਹੀ ਉਥਲ-ਪੁਥਲ ਦੇ ਬਾਵਜੂਦ ਇਸ ਅਰਧ-ਸੱਚ ਤੇ ਅਵਿਸ਼ਵਾਸ ਦੇ ਪੀੜਤ ਸਮਾਜ ਦੀ ਤੁਲਨਾ ਤੋਂ ਬਹੁਤ ਦੂਰ ਹੈ, ਉਹੀ ਦੇਸ਼ ਅਤੇ ਸਮਾਜ ਲਈ ਉਮੀਦ ਦੀ ਕਿਰਣ ਹੈ।
ਦੇਸ਼ ਭਗਤੀ ਦੇ ਮਾਪ-ਦੰਡ : ਦੇਸ਼ ਭਗਤੀ ਅਤੇ ਦੇਸ਼ਧ੍ਰੋਹ ਦੇ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਚਲ ਰਹੀ ਬਹਿਸ ਦੌਰਾਨ ਇੱਕ ਬੁਧੀਜੀਵੀ, ਸਹੀਰਾਮ ਨੇ ਇਸ ਚਰਚਾ ਪੁਰ ਵਿਅੰਗ ਕਰਦਿਆਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਵੇਂ ਗਰੀਬਾਂ ਦੀ ਸਰਕਾਰ ਆਉਣ ਨਾਲ ਗਰੀਬਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਉਸੇ ਹੀ ਤਰ੍ਹਾਂ ਦੇਸ਼ ਭਗਤਾਂ ਦੀ ਸਰਕਾਰ ਆਉਣ ਨਾਲ ਦੇਸ਼ ਭਗਤਾਂ ਦੀ ਗਿਣਤੀ ਵੀ ਵੱਧਦੀ। ਪ੍ਰੰਤੂ ਇਥੇ ਤਾਂ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ। ਦੇਸ਼-ਧ੍ਰੋਹੀਆਂ ਦੀ ਗਿਣਤੀ ਵੱਧਦੀ ਅਤੇ ਉਨ੍ਹਾਂ ਦੇ ਮੁਕਾਬਲੇ ਦੇਸ਼ ਭਗਤਾਂ ਦੀ ਗਿਣਤੀ ਘਟਦੀ ਚਲੀ ਜਾ ਰਹੀ ਹੈ। ਇਉਂ ਜਾਪਦਾ ਹੈ ਜਿਵੇਂ ਦੇਸ਼ ਭਗਤ ਗਿਣੇ-ਚੁਣੇ ਹੀ ਰਹਿ ਗਏ ਹਨ, ਜਦਕਿ ਪਹਿਲਾਂ ਦੇਸ਼-ਧ੍ਰੋਹੀ ਗਿਣੇ-ਚੁਣੇ ਹੁੰਦੇ ਸਨ। ਉਹ ਜੋ ਅੱਤਵਾਦੀ ਹੁੰਦਾ ਸੀ, ਉਹ ਜੋ ਬੰਬ ਫੌੜਦਾ ਸੀ ਜਾਂ ਫਿਰ ਉਹ, ਜੋ ਦੇਸ਼ ਦੇ ਵਿਰੁਧ ਜਾਸੂਸੀ ਕਰਦਾ ਸੀ, ਬਸ ਉਹੀ ਦੇਸ਼-ਧ੍ਰੋਹੀ ਹੁੰਦਾ ਸੀ। ਬਾਕੀ ਕਿਸਾਨ, ਮਜ਼ਦੂਰ, ਵਰਕਰ, ਬੁਧੀਜੀਵੀ, ਅਧਿਆਪਕ ਅਤੇ ਵਿਦਿਆਰਥੀ ਆਦਿ ਸਾਰੇ ਹੀ ਦੇਸ਼ ਭਗਤ ਹੁੰਦੇ ਸਨ। ਟੈਕਸ ਚੋਰੀ ਕਰਨ ਵਾਲਿਆਂ, ਬਲੈਕ-ਮਾਰਕੀਟੀਆਂ, ਮੁਨਾਫਾ-ਖੋਰਾਂ, ਜ਼ਖੀਰੇਬਾਜ਼ਾਂ ਤਕ ਨੂੰ ਵੀ ਕਦੀ ਦੇਸ਼-ਧ੍ਰੋਹੀ ਨਹੀਂ ਸੀ ਕਿਹਾ ਗਿਆ। ਇਥੋਂ ਤੱਕ ਕਿ ਝਗੜੇ-ਫਸਾਦ ਕਰਨ ਕਰਵਾਣ ਵਾਲਿਆਂ ਅਤੇ ਮਾਫੀਆ ਨੂੰ ਵੀ ਦੇਸ਼-ਧ੍ਰੋਹੀ ਨਹੀਂ ਸੀ ਕਿਹਾ ਗਿਆ। ਉਸ ਸਮੇਂ ਦੇਸ਼ ਭਗਤੀ ਲਈ ਵੀ ਕੋਈ ਸ਼ਰਤ ਨਹੀਂ ਸੀ, ਕੋਈ ਯੋਗਤਾ ਨਹੀਂ ਸੀ। ਉਸ ਬੁਧੀਜੀਵੀ ਅਨੁਸਾਰ, ਪ੍ਰੰਤੂ ਹੁਣ ਮਾਪ-ਦੰਡ ਸਖਤ ਹੋ ਗਏ ਹਨ। ਜਿਵੇਂ ਸਬਸਿਡੀ ਸਾਰਿਆਂ ਲਈ ਨਹੀਂ, ਉਸੇ ਤਰ੍ਹਾਂ ਦੇਸ਼ ਭਗਤੀ ਵੀ ਸਾਰਿਆਂ ਲਈ ਨਹੀਂ ਹੋ ਸਕਦੀ। ਦੇਸ਼ ਭਗਤੀ ਕੋਈ ਇਨਸਾਫ ਨਹੀਂ, ਜੋ ਸਾਰਿਆਂ ਨੂੰ ਹੀ ਮਿਲਣਾ ਜ਼ਰੂਰੀ ਹੋਵੇ। ਦੇਸ਼ ਭਗਤੀ ਮੌਲਿਕ ਅਧਿਕਾਰ ਨਹੀਂ ਕਿ ਸਾਰੇ ਹੀ ਉਸ ਪੁਰ ਆਪਣਾ ਦਾਅਵਾ ਕਰਨ ਲਗ ਪੈਣ। ਦੇਖਣਾ ਪਵੇਗਾ ਕਿ ਤਹਾਡੇ ਖਾਤੇ ਕਿਹੜੇ ਹਨ, ਤੁਹਾਡੀ ਰਾਜਨੀਤੀ ਕੀ ਹੈ? ਸਰਕਾਰ ਪ੍ਰਤੀ ਤੁਹਾਡੀ ਸੋਚ ਕੀ ਹੈ? ਸੋਚਣਾ ਪਵੇਗਾ ਕਿ ਤੁਸੀਂ ਨਾਹਰਾ ਕਿਹੜਾ ਲਾਂਦੇ ਹੋ? ਅੱਜਕਲ ਦੇਸ਼ ਭਗਤੀ ਕੁਝ-ਕੁਝ ਉਹੋ ਜਿਹੀ ਹੋ ਗਈ ਹੋਈ ਹੈ, ਜਿਵੇਂ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਘਟ ਹੁੰਦੇ ਹਨ, ਅਤੇ ਬੇਰੁਜ਼ਗਾਰ ਬਹੁਤੇ, ਉਸੇ ਹੀ ਤਰ੍ਹਾਂ ਇਧਰ ਦੇਸ਼ ਭਗਤ ਘਟ ਹਨ ਅਤੇ ਦੇਸ਼-ਧ੍ਰੋਹੀ ਜ਼ਿਆਦਾ। ਇਹ ਵੀ ਉਸੇ ਤਰ੍ਹਾਂ ਹੈ, ਜਿਵੇਂ ਫੌਜ ਵਿੱਚ ਭਰਤੀ ਹੋਣ ਵਾਲੇ ਘਟ ਹੁੰਦੇ ਹਨ ਤੇ ਅਯੋਗ ਕਰਾਰ ਦਿੱਤੇ ਜਾਣ ਵਾਲੇ ਜ਼ਿਆਦਾ! ਇਸੇ ਤਰ੍ਹਾਂ, ਜਿਵੇਂ ਫੌਜ ਵਿੱਚ ਭਰਤੀ ਹੋਣ ਵਾਂਗ ਹੀ ਦੇਸ਼ ਭਗਤੀ ਦੇ ਮਾਪ-ਦੰਡਾਂ ਪੁਰ ਖਰ੍ਹਿਆਂ ਉਤਰਨਾ ਵੀ ਮੁਸ਼ਕਿਲ ਹੈ। ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ਬੰਦ ਕਰ ਲੈਂਦੇ ਹਨ, ਤਾਂ ਜੋ ਹੋਰ ਕੋਈ ਅੰਦਰ ਦਾਖਿਲ ਨਾ ਹੋ ਸਕੇ। ਉਸੇ ਤਰ੍ਹਾਂ ਅੰਦਰ ਵਾਲਿਆਂ ਨੇ ਦੇਸ਼ ਭਗਤੀ ਦੇ ਡੱਬੇ ਦੇ ਸਾਰੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਹਨ। ਜਿਸ ਕਾਰਣ ਹੁਣ ਇਸ ਡੱਬੇ ਵਿੱਚ ਦਾਖਿਲ ਹੋਣਾ ਬਹੁਤ ਹੀ ਮੁਸਕਲ ਹੋ ਗਿਆ ਹੈ।
ਅਤੇ ਅੰਤ ਵਿੱਚ: ਅੱਜ ਜਦਕਿ ਦੇਸ਼ ਵਿੱਚ ‘ਭਾਰਤ ਮਾਤਾ ਦੀ ਜੈ’ ਦੇ ਮੁੱਦੇ ਨੂੰ ਲੈ ਕੇ ਕਥਤ ‘ਦੇਸ਼ ਭਗਤਾਂ ਅਤੇ ਦੇਸ਼ਧ੍ਰੋਹੀਆਂ’ ਵਿਚ ਇੱਕ ਨਾ ਮੁਕੱਣ ਵਾਲੀ ਬਹਿਸ ਚਲਣ ਦੇ ਨਾਲ ਹੀ, ਦੋਹਾਂ ਵਿੱਚ ਇੱਕ ਨਾ ਮੁਕਣ ਵਾਲੇ ਟਕਰਾਉ ਦਾ ਵਾਤਾਵਰਣ ਵੀ ਬਣ ਰਿਹਾ ਹੈ। ਇਨ੍ਹਾਂ ਹਾਲਾਤ ਤੇ ਟਿੱਪਣੀ ਕਰਦਿਆਂ ਇੱਕ ਟਿੱਪਣੀਕਾਰ ਨੇ ਲਿਖਿਆ ਹੈ ਕਿ ‘ਭਾਰਤ’ ਇੱਕ ਸੱਚਾਈ ਹੈ ਅਤੇ ‘ਭਾਰਤ ਮਾਤਾ’ ਇੱਕ ਕਲਪਨਾ! ਇਹ ਕਲਪਨਾ ਇੱਕ ਅਜਿਹੇ ਦੇਸ਼ ਦੀ ਹੈ, ਜਿਸ ਵਿੱਚ ਕੋਈ ਰੋਗ-ਸੋਗ, ਦੁੱਖ-ਮਾਤਮ, ਝਗੜੇ-ਫਸਾਦ ਨਾ ਹੋਣ। ਅਜਿਹੀ ‘ਭਾਰਤ ਮਾਤਾ’ ਲਈ ਹਰ ਕਿਸੇ ਦੇ ਮੂੰਹੋਂ ਅਪਣੇ-ਆਪ ਹੀ ‘ਜੈ’ ਨਿਕਲੇਗੀ, ਕਿਸੇ ਦੇ ਮੂੰਹੋਂ ਜਬਰਨ ‘ਜੈ’ ਕਢਵਾਣ ਦੀ ਲੋੜ ਹੀ ਮਹਿਸੂਸ ਨਹੀਂ ਹੋਵੇਗੀ। ਪਰ ਜ਼ਰੂਰੀ ਹੈ ਕਿ ਅਸੀਂ ਇਸ ਭਾਰਤ ਨੂੰ ‘ਭਾਰਤ ਮਾਤਾ’ ਦੇ ਆਦਰਸ਼ਾਂ ਦੇ ਅਨੁਰੂਪ ਢਾਲੀਏ। ਉਸ ਟਿੱਪਣੀਕਾਰ ਦੇ ਸ਼ਬਦਾਂ ਵਿੱਚ ਅਜਿਹਾ ਤਾਂ ਹੀ ਸੰਭਵ ਹੋਵੇਗਾ, ਜਦੋਂ ਅਸੀਂ ਧਾਰਮਕ ਦਵੈਸ਼ ਦੀ ਭਾਵਨਾ ਤੋਂ ਉਪਰ ਉਠਾਂਗੇ। ਉਨ੍ਹਾਂ ਅਸੰਤੋਸ਼ਾਂ ਨੂੰ ਪਚਾਣ ਦੀ ਕੌਸ਼ਿਸ਼ ਕਰਾਂਗੇ, ਜੋ ਭਾਰਤ ਦੇ ਅੰਦਰ ਪੈਦਾ ਹੋ ਰਹੇ ਹਨ। ਸਾਡਾ ਅਸਲੀ ਸੰਕਟ ਇਹ ਹੈ ਕਿ ‘ਭਾਰਤ ਮਾਤਾ’ ਦਾ ਨਾਂ ਲੈਣ ਵਾਲਿਆਂ ਦਾ ਇੱਕ ਵੱਡਾ ਵਰਗ, ਜਿਵੇਂ ਹਰ ਕਿਸੇ ਦੀ ਪ੍ਰੀਖਿਆ ਲੈਣ ਤੇ ਤੁਲਿਆ ਹੋਇਆ ਹੈ। ਉਹ ‘ਭਾਰਤ ਮਾਤਾ’ ਨੂੰ ਇੱਕ ਨਾਹਰੇ ਦੇ ਰੂਪ ਨੂੰ ਇੱਕ ਅਜਿਹੀ ਲਾਠੀ ਵਿੱਚ ਬਦਲਣਾ ਚਾਹੁੰਦਾ ਹੈ, ਜਿਸ ਨਾਲ ਉਸ ਵਲੋਂ ਉਨ੍ਹਾਂ ਲੋਕਾਂ ਨੂੰ ਕੁਟਾਪਾ ਚਾੜ੍ਹਿਆ ਜਾ ਸਕੇ, ਜੋ ਭਾਰਤੀ ਰਾਸ਼ਟਰ-ਰਾਜ ਦੇ ਅਲਗ-ਅਲਗ ਤੱਤਾਂ ਵਿਰੁਧ ਅਸੰਤੋਸ਼ ਪ੍ਰਗਟ ਕਰਦੇ ਹਨ। ਅਸਲ ਵਿੱਚ ‘ਭਾਰਤ’ ਨੂੰ ‘ਭਾਰਤ ਮਾਤਾ’ ਦਾ ਬਦਲ ਬਨਾਣਾ, ਉਸਦਾ ਬੇਟਾ ਬਣ, ਉਸ ਪੂਰੀ ਜ਼ਮੀਨ ਨੂੰ ਹਥਿਆਉਣ ਦੀ ਕੌਸ਼ਿਸ਼ ਕਰਨਾ ਹੈ, ਜਿਸ ਪੁਰ ਅਸਲ ਵਿੱਚ ਬਹੁਤ ਸਾਰੇ ਲੋਕਾਂ ਦਾ ਹੱਕ ਹੈ। ਜੇ ਕੁਝ ਲੋਕੀ ਇਹ ਮਹਿਸੂਸ ਕਰਦੇ ਹਨ ਕਿ ‘ਭਾਰਤ ਮਾਤਾ ਦੀ ਜੈ’ ਦੇ ਪਰਦੇ ਪਿਛੇ ਅਸਲੀ ਭਾਰਤ ਪੁਰ ਕਬਜ਼ਾ ਕਰਨ ਦੀ ਕੌਸ਼ਿਸ਼ ਹੋ ਰਹੀ ਹੈ, ਤਾਂ ਉਨ੍ਹਾਂ ਨੂੰ ਵਿਰੋਧ ਕਰਨ ਦਾ ਹੱਕ ਹੋ ਸਕਦਾ ਹੈ। ਪ੍ਰੰਤੂ ਜਦੋਂ ਇੱਕ ਨਾਹਰੇ ਨੂੰ ਦੇਸ਼ ਪ੍ਰੇਮ ਦੀ ਇੱਕਲੌਤੀ ਕਸੌਟੀ ਬਣਾ ਦਿੱਤਾ ਜਾਏ, ਤਾਂ ਕਈ ਲੋਕੀ ਅਸਾਨੀ ਨਾਲ ਦੇਸ਼ ਭਗਤੀ ਦਾ ਸਰਟੀਫਿਕੇਟ ਵੰਡਣ ਅਤੇ ਹਾਸਲ ਕਰਨ ਲਗਣਗੇ! ਫਿਰ ਇਹ ਦੇਸ਼ ਭਗਤੀ ਉਨ੍ਹਾਂ ਦੇ ਗੁਨਾਹਾਂ ਪੁਰ ਪਰਦਾ ਪਾਣ ਦੀ ਕੌਸ਼ਿਸ਼ ਕਰੇਗੀ।