ਇਹ ਫੋਟੋ ਢੁੱਡੀਕੇ ਖੇਡ ਮੇਲੇ ਦੇ ਆਖ਼ਰੀ ਦਿਨ 28 ਜਨਵਰੀ 2018 ਦੀ ਹੈ। 1960-70ਵਿਆਂ ਦੌਰਾਨ ਇਸ ਖੇਡ ਮੇਲੇ ਵਿਚ ਕੰਵਲ ਤੇ ਸਰਵਣ ਸਿੰਘ ‘ਕੱਠੇ ਕੁਮੈਂਟਰੀ ਕਰਿਆ ਕਰਦੇ। ਕੰਵਲ ਨੂੰ ਖਿਡਾਰੀ ਦੇ ਨਾਂ ਦਾ ਪਤਾ ਨਾ ਹੁੰਦਾ ਤਾਂ ਉਹ ਕਹਿੰਦਾ, ”ਚੱਲਿਆ ਲਾਲ ਰੰਗ ਦੇ ਕੱਛੇ ਵਾਲਾ ਮੁੰਡਾ ਕੌਡੀ ਪਾਉਣ। ਵੇਖੋ ਕਿਹੜਾ ਮਾਈ ਦਾ ਲਾਲ ਇਹਨੂੰ ਫੜਦਾ?”
ਉਹਨੀਂ ਦਿਨੀਂ ਕੰਵਲ ਲਾਲ ਰੰਗ ਦੇ ਕੱਛੇ ‘ਚੋਂ ਇਨਕਲਾਬ ਭਾਲਦਾ। ਫਿਰ ਕਦੇ ਬੱਗਿਆਂ ਨੂੰ ਭੰਡਦਾ, ਕਦੇ ਨੀਲਿਆਂ ਨੂੰ ਤੇ ਹੁਣ ਲਾਲਾਂ ਨੂੰ ਵੀ ਨਹੀਂ ਬਖਸ਼ਦਾ। ਇਕ ਵਾਰ ਦੋਵੇਂ ਰੈਫਰੀ ਬਣੇ ਕਬੱਡੀ ਦਾ ਮੈਚ ਖਿਡਾ ਰਹੇ ਸਨ। ਕੰਵਲ ਧੱਕੜ ਧਾਵੀ ਦੀ ਫੇਟ ‘ਚ ਆ ਗਿਆ। ਹੌਲੇ ਜੁੱਸੇ ਦੇ ਕੰਵਲ ਦੀਆਂ ਲੋਟ ਪੋਟਣੀਆਂ ਲੱਗ ਗਈਆਂ। ਉਹਦੀ ਪੱਗ ਲਹਿ ਗਈ, ਗੁਲੂਬੰਦ ਖੁੱਲ੍ਹ ਗਿਆ, ਘੜੀ ਡਿੱਗ ਪਈ ਪਰ ਅਸ਼ਕੇ ਕੰਵਲ ਦੇ ਕਿ ਵਿਸਲ ਉਹਦੇ ਮੂੰਹ ਵਿਚ ਹੀ ਰਹੀ। ਉਸ ਨੇ ਵਿਸਲ ਵਜਾ ਕੇ ਪੁਆਇੰਟ ਦਿੱਤਾ ਤੇ ਪੱਗ ਲੱਕ ਦੁਆਲੇ ਲਪੇਟ ਕੇ ਅਗਲੀ ਕਬੱਡੀ ਪੁਆਉਣ ਲੱਗਾ। ਐਸਾ ਸਿਰੜ ਹੈ ਬਾਈ ਕੰਵਲ ਦਾ। ਇਹੀ ਸਿਰੜ ਉਹਤੋਂ ਸੈਂਚਰੀ ਵੀ ਮਰਵਾ ਸਕਦੈ!