Breaking News
Home / ਨਜ਼ਰੀਆ / ਕਰੋਨਾ ਨੇ ਕੀਤਾ ਭਾਰਤ ਦੇ ਸਿਸਟਮ ਨੂੰ ਬੇਨਕਾਬ

ਕਰੋਨਾ ਨੇ ਕੀਤਾ ਭਾਰਤ ਦੇ ਸਿਸਟਮ ਨੂੰ ਬੇਨਕਾਬ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਤਬਾਹੀ ਮਚਾਅ ਰੱਖੀ ਹੈ। ਅਜੇ ਇਸ ਭਿਆਨਕ ਬਿਮਾਰੀ ਦਾ ਕੋਈ ਇਲਾਜ ਉਪਲੱਬਧ ਨਾ ਹੋਣ ਕਾਰਨ ਮਨੁੱਖਤਾ ਵਿਚ ਭਾਰੀ ਦਹਿਸ਼ਤ ਦਾ ਮਹੌਲ ਹੈ। ਵਿਗਿਆਨੀਕੋਵਿਡ-19 ਦੇ ਇਲਾਜ ਲਈ ਦਵਾਈ/ਵੈਕਸੀਨ ਦੀ ਖੋਜ ਵਿਚ ਲੱਗੇ ਨੇ। ਭਾਰਤ ਵਿਚ ਵੀ 3 ਕੰਪਨੀਆਂ ਟੀਕਾ/ਵੈਕਸੀਨ ਤਿਆਰ ਕਰਨ ਦੇ ਨਜ਼ਦੀਕ ਨੇ। ਦੇਸ਼ ਵਿਚ ਵੀ ਕੋਵਿਡ-19 ਦਾ ਫੈਲਾਅ ਸਮਾਜ ਵਿਚ ਅੱਗੇ ਤੋਂ ਅੱਗੇ ਵੱਧਣ ਦੇ ਨੇੜੇ ਪੁੱਜ ਚੁੱਕੈ। ਮਰੀਜ਼ਾਂ ਦਾ ਅੰਕੜਾ 47000 ਦੇ ਪਾਰ ਜਾ ਰਿਹੈ ਅਤੇ 1568 ਮੌਤਾਂ ਹੋ ਚੁੱਕੀਆਂ ਨੇ। ਸ਼ਾਨਦਾਰ ਮੈਡੀਕਲ ਸਹੂਲਤਾਂ ਵਾਲੇ ਦੇਸ਼ਾਂ ਵਿਚ ਸਥਿਤੀ ਭਾਰਤ ਨਾਲੋਂ ਵੀ ਵਧੇਰੇ ਵਿਗੜ ਚੁੱਕੀ ਹੈ। ਭਾਰਤ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਨਾਲਾਇਕੀ ਕਾਰਨ ਸਰਕਾਰੀ ਸਿਹਤ ਪ੍ਰਬੰਧ ਪੂਰੀ ਤਰ੍ਹਾਂ ਤਹਿਸ ਨਹਿਸ ਹੋਇਆ ਪਿਐ। ਹਸਪਤਾਲਾਂ ਵਿਚ ਮੈਡੀਕਲ ਸਟਾਫ ਅਤੇ ਸਾਮਾਨ ਦੀ ਘਾਟ ਹੈ। ਸਮੁੱਚੇ ਸਰਕਾਰੀ ਸਿਸਟਮ ਨੂੰ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਲਪੇਟਾ ਮਾਰ ਚੁੱਕੈ। ਭ੍ਰਿਸ਼ਟਾਚਾਰ ਹਰ ਚੋਣ ਦਾ ਮੁੱਖ ਮੁੱਦਾ ਤਾਂ ਬਣਦੈ, ਪਰ ਸੱਤਾ ਵਿਚ ਆਉਣ ਤੇ ਇਮਾਨਦਾਰੀ ਦੇ ਦਾਅਵੇ ਕਰਨ ਵਾਲੇ ਪਹਿਲੇ ਸਾਰੇ ਰਿਕਾਰਡ ਤੋੜ ਦਿੰਦੇ ਨੇ। ਵਿਕਸਿਤ ਦੇਸ਼ਾਂ ਵਿਚ ਸਿਖਿਆ, ਸਿਹਤ ਅਤੇ ਸਮਾਜਿਕ ਸੁਰੱਖਿਆ ਸਰਕਾਰਾਂ ਦੀ ਪਹਿਲੀ ਤਰਜੀਹ ਨੇਂ । ਪਰ ਸਾਡੇ ਦੇਸ਼ ਵਿਚ ਇਹ ਰਾਮ ਭਰੋਸੇ ਨੇ। ਪੂਰੀ ਦੁਨੀਆਂ ‘ਚ ਫੈਲੀ ਕੋਵਿਡ-19 ਦੀ ਮਹਾਂਮਾਰੀ ਨੇ ਭਾਰਤ ਦੇ ਭ੍ਰਿਸ਼ਟ ਸਿਹਤ ਢਾਂਚੇ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਵਿਚ ਫੈਲਿਆ ਭ੍ਰਿਸ਼ਟਾਚਾਰ ਵੀ ਸਿਰ ਚੜ੍ਹ ਕੇ ਬੋਲ ਰਿਹੈ। ਆਪਾਤਕਾਲ ਦੇ ਸਮੇਂ ਇਸ ਦਾ ਜ਼ਿਕਰ ਕਰਨਾਸਰਕਾਰ ਦੀ ਨੁਕਤਾਚੀਨੀ ਹਰਗਿਜ਼ ਨਹੀਂ, ਬਲਕਿ ਮੰਤਵ ਸਿਸਟਮ ਦੀਆਂ ਨਾਕਾਮੀਆਂ ਅਤੇ ਸਰਕਾਰ ਦੀ ਉਦਾਸੀਨਤਾ ਤੋਂ ਸਾਵਧਾਨ ਕਰਨ ਦਾ ਹੈ, ਜਿਸ ਕਾਰਨ ਮਰੀਜ਼ਾਂ ਦਾ ਹਸਪਤਾਲਾਂ ਵਿਚ ਅਤੇ ਭੁੱਖ ਨਾਲ ਜੂਝਦੇ ਮਜ਼ਦੂਰਾਂ ਦਾ ਸੜਕਾਂ ‘ਤੇ ਘਾਣ ਹੋ ਰਿਹੈ ।
ਟੈਸਟਿੰਗ ਕਿੱਟਾਂ ਦੀ ਖਰੀਦ ‘ਚ ਘਪਲਾ : ਵੱਡੇ ਸੌਦਿਆਂ ਵਿਚੋਂ ਦਲਾਲੀ ਖਾਣ ਦੇ ਮਾਮਲੇ ਸਾਡੇ ਦੇਸ਼ ਵਿਚ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ। ਉੱਚ ਅਹੁਦਿਆਂ ਤੇ ਬੈਠੇ ਭੇੜੀਏ ਬਹੁਤ ਵਾਰ ਨੰਗੇ ਵੀ ਹੋਏ ਨੇ, ਪਰ ਮਾਮਲੇ ਰਫਾ ਦਫਾ ਹੋ ਜਾਂਦੇ ਨੇ। ਅਜਿਹੇ ਲੋਕ ਸਮਾਂ ਮਿਲਣ ਤੇ ਮੋਟਾ ਹੱਥ ਮਾਰਨ ਤੋਂ ਰਹਿ ਨਹੀਂ ਸਕਦੇ। ਅੱਜ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਨਾਲ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਲੋਕ ਜਾਨ ਬਚਾਉਣ ਲਈ ਘਰਾਂ ਅੰਦਰ ਸਹਿਮੇ ਬੈਠੇ ਨੇ ।ਅਜਿਹੀ ਸਥਿਤੀ ਵਿਚ ਕਠੋਰ ਤੋਂ ਕਠੋਰ ਵਿਅਕਤੀ ਦਾ ਹਿਰਦਾ ਵੀ ਪਸੀਜਦੈ ਅਤੇ ਮਰ ਰਹੀ ਮਨੁੱਖਤਾ ਨੂੰ ਬਚਾਉਣ ਲਈ ਸਮੱਰਥਾ ਅਨੁਸਾਰ ਯੋਗਦਾਨ ਦੇਣ ਦਾ ਯਤਨ ਕਰਦੈ। ਪਰ ਸਰਕਾਰੀ ਸਿਸਟਮ ਵਿਚ ਬੈਠੇ ਭ੍ਰਿਸ਼ਟ ਲੋਕ ਅਜੇਹੇ ਸਮੇਂ ਵੀ ਕਮਿਸ਼ਨਾਂ ਦਾ ਗੰਦ ਖਾਣ ਦੀ ਤਾਕ ਵਿਚ ਰਹਿੰਦੇ ਨੇ। ਅਜੇਹਾ ਹੀ ਵੱਡਾ ਘਪਲਾ ਹੁਣ ਚੀਨ ਦੀ ਵਾਂਡਫੋ ਕੰਪਨੀ ਤੋਂ ਕੋਵਿਡ 19 ਦੇ ਟੈਸਟਾਂ ਲਈ ਵਰਤੀਆਂ ਜਾਂਦੀਆਂ 5 ਲੱਖ ਕਿੱਟਾਂ ਦੀ ਖਰੀਦ ਵਿਚ ਸਾਹਮਣੇ ਆਇਆ ਹੈ । 245 ਰੁਪਏ ਕੀਮਤ ਵਾਲੀ ਟੈਸਟਿੰਗ ਕਿੱਟ ਆਈ ਸੀ ਐਮ ਆਰ ਵਲੋਂ 600 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਖਰੀਦੀਆਂ ਨੇ। ਇਹ ਵਿਰੋਧੀਆਂ ਵੱਲੋਂ ਲਗਾਏ ਗਏ ਦੋਸ਼ ਨਹੀਂ, ਸਗੋਂ ਘਪਲੇ ਦਾ ਖੁਲਾਸਾ ਖੁਦ ਡਿਸਟ੍ਰੀਬਿਊਟਰ ਅਤੇ ਇੰਮਪੋਰਟਰ ਵਿਚ ਦਲਾਲੀ ਦੀ ਵੰਡ ਤੋਂ ਸਾਹਮਣੇ ਆਇਆ। ਮਾਮਲਾ ਦਿੱਲੀ ਹਾਈਕੋਰਟ ਵਿਚ ਪੁੱਜਿਆ। ਅਦਾਲਤ ਨੇ ਸੁਣਵਾਈ ਕਰਦੇ ਗੜਬੜ ਨੂੰ ਸ਼ਰਮਨਾਕ ਕਰਾਰ ਦਿੱਤੈ। ਪਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਸਿਰਫ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਸ ਨਾਲ ਦੇਸ਼ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਲੋਕਾਂ ਵਿਚ ਮਹਾਂਮਾਰੀ ਦੀ ਤਬਾਹੀ ਤੋਂ ਜਾਨ ਬਚਾਉਣ ਦੇ ਲਾਲੇ ਪਏ ਨੇ, ਇਹ ਕਮੀਨੇ ਦਲਾਲੀ ਖਾਣ ਤੋਂ ਬਾਜ ਨਹੀਂ ਆ ਰਹੇ। ਦੇਸ਼ ਵਿਚ ਪਹਿਲਾਂ ਵੀ ਬੌਫਰ ਤੋਪ ਖ੍ਰੀਦ (1980), ਕੋਲਗੇਟ(2004-09), 27 ਸਪੈਕਟਰਮ, ਕੌਮਨ ਵੈਲਥ ਗੇਮਜ਼ (2010), ਕਾਰਗਿਲ ਤਾਬੂਤ (1998-99) ਆਦਿ ਵੱਡੇ ਘਪਲੇ ਹੋਏ ਨੇ। ਪਰ ਜਾਂਚ ਏਜੰਸੀਆਂ ਅਤੇ ਅਦਾਲਤਾਂ ਦੀ ਪ੍ਰੀਕਿਰਿਆ ਹੀ ਕੁੱਝ ਅਜੇਹੀ ਹੈ ਕਿ ਅੰਤ ਸਬੂਤ ਨਾ ਮਿਲਣ ਕਾਰਨ ਦੋਸ਼ੀਬਰੀ ਹੋ ਜਾਂਦੇ ਰਹੇ।
ਪੰਜਾਬ ‘ਚ ਘਟੀਆ ਕਿੱਟਾਂ ਦੇ ਦੋਸ਼ : ਪੰਜਾਬ ਦਾ ਸਿਹਤ ਵਿਭਾਗ ਸਰਕਾਰਾਂ ਦੀ ਨਾਲਾਇਕੀ ਕਾਰਨ ਬਿਖਰਿਆ ਪਿਐ। ਜਨਤਾ ਸਰਕਾਰੀ ਹਸਪਤਾਲਾਂ ‘ਚ ਇਲਾਜ ਲਈ ਜਾਣ ਤੋਂ ਡਰਦੀ ਹੈ। ਡਾਕਟਰ ਅਤੇ ਸਟਾਫ ਪੀਪੀਈ ਕਿੱਟਾਂ ਅਤੇ ਸੁਰੱਖਿਆਉਪਕਰਣਾਂ ਦੀ ਘਟੀਆ ਕੁਆਲਟੀ ਦੀ ਸ਼ਕਾਇਤ ਕਰ ਰਹੇ ਨੇ। ਅੰਮ੍ਰਿਤਸਰ ਸਰਕਾਰੀ ਹਸਪਤਾਲ ਲਈ ਐਮਪੀ ਫੰਡ ਵਿਚੋਂ 700 ਰੁਪਏ ਵਾਲੀਆਂ ਕਿੱਟਾਂ 2400 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਖਰੀਦੀਆਂ ਨੇ । ਇਸ ਸਬੰਧੀ ਅੰਮ੍ਰਿਤਸਰ ਦੇ ਐਮ ਪੀ ਵਲੋਂ ਪੜਤਾਲ ਦੀ ਮੰਗ ਵੀ ਹੋਈ ਹੈ। ਪੰਜਾਬ ਵਿਚ ਨੰਦੇੜ ਸਾਹਿਬ ਤੋਂ ਸ਼ਰਧਾਲੂਆਂ ਅਤੇ ਕਾਮਿਆਂ ਨੂੰ ਲਿਆਉਣ ਪਿੱਛੋਂ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵੱਧੀ ਹੈ। ਇਕ ਹਫਤੇ ਵਿਚ ਹੀ ਮਰੀਜ਼ਾਂ ਦਾ ਅੰਕੜਾ ਵੱਧ ਕੇ 15 ਸੌ ਤੋਂ ਟੱਪ ਚੁੱਕਾ ਹੈ ਅਤੇ 27 ਮੌਤਾਂ ਹੋਈਆਂ ਨੇ। ਨਵੇਂ ਮਰੀਜ਼ਾਂ ਵਿਚ 1000 ਤੋਂ ਵੱਧ ਨੰਦੇੜ ਨਾਲ ਜੁੜੇ ਮਾਮਲੇ ਨੇ।
ਮਜ਼ਦੂਰਾਂ ਦੀ ਦੁਰਦਸ਼ਾ : ਲੌਕਡਾਉਨ ਕਾਰਨ ਕਰੀਬ ਡੇਢ ਮਹੀਨੇ ਤੋਂ ਵੱਡੇ ਸ਼ਹਿਰਾਂ ਵਿਚ ਬੇਰੁਜ਼ਗਾਰ ਹੋਏ ਕਰੋੜਾਂ ਮਜ਼ਦੂਰ ਪਰਿਵਾਰ ਭੁਖਮਰੀ ਦੇ ਡਰੋਂ ਆਪਣੇ ਘਰ ਵਾਪਿਸ ਪਰਤਣ ਲਈ ਸੜਕਾਂ ਤੇ ਉਤਰ ਆਏ ਨੇ। ਭਾਰਤ ਦੀ ਵੰਡ ਸਮੇਂਲੋਕਾਂ ਨੂੰ ਆਪਣੇ ਘਰ ਘਾਟ ਛੱਡਣ ਦੇ ਦਰਦ ਦੀਆਂ ਕਹਾਣੀਆਂ ਬਜੁਰਗਾਂ ਪਾਸੋਂ ਸੁਣਿਆ ਕਰਦੇ ਸਾਂ। ਪਰ ਅੱਜ ਦੇਸ਼ ਉਸਾਰੀ ਦੇ ਸਿਰਜਣਹਾਰੇ ਮਿਹਨਤਕਸ਼ ਔਰਤਾਂ ਅਤੇ ਬੱਚਿਆਂ ਸਮੇਤ ਭੁਖਣ ਭਾਣੇ ਪੈਦਲ ਆਪਣੇ ਘਰ ਪੁੱਜਣ ਲਈ ਹਜ਼ਾਰਾਂ ਕਿਲੋ ਮੀਟਰ ਦੇ ਸਫਰ ਤੇ ਚਾਲੇ ਪਾ ਰਹੇ ਨੇ। ਦੇਸ਼ ਦੀ ਸਰਕਾਰ ਭੁੱਖ ਨਾਲ ਸਹਿਮੇ ਹੋਏ ਇਨ੍ਹਾਂ ਦੇ ਬੱਚਿਆਂ ਦੇ ਚਿਹਰਿਆਂ ਤੋਂ ਵੀ ਨਹੀਂ ਪਸੀਜ ਰਹੀ। ਜਨਵਰੀ 31 ਨੂੰ ਵਿਸ਼ਵ ਸਿਹਤ ਸੰਸਥਾ ਨੇ ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕਰਕੇ ਜ਼ਰੂਰੀ ਉਪਾਅ ਕਰਨ ਲੈਣ ਦੀ ਸਲਾਹ ਦੇ ਦਿੱਤੀ ਸੀ। ਉਸੇ ਦਿਨ ਕੇਰਲ ਵਿਚ ਕੋਵਿਡ-19 ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਪਰ ਸਰਕਾਰ ਨੇ ਇਸ ਨੂੰ ਅਣਗੋਲਿਆ ਕਰ ਦਿੱਤਾ ਅਤੇ ਫਰਵਰੀ ਵਿਚ ਭਾਰਤ ਆ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਓ ਭਗਤ ਦੀਆਂ ਵਿਸ਼ਾਲ ਤਿਆਰੀਆਂ ਵਿਚ ਰੁੱਝੀ ਰਹੀ। ਬਸਤੀਆਂ ਨੂੰ ਟਰੰਪ ਦੀ ਨਜ਼ਰ ਤੋਂ ਓਹਲੇ ਰੱਖਣ ਲਈ ਉੱਚੀਆਂ ਦੀਵਾਰਾਂ ਬਣਾਉਣ ਅਤੇ ਟਰੰਪ ਨਮਸਕਾਰ ਸਮਾਗਮ ਦੇ ਪ੍ਰਬੰਧਾਂ ਕਰਨ ‘ਚ ਰੁੱਝੀ ਰਹੀ। ਲੌਕਡਾਊਨ ਲਗਾਊਣ ਤੋਂ ਪਹਿਲਾਂ ਤਿਆਰੀ ਲਈ ਪੂਰਾ ਫਰਵਰੀ ਅਤੇ ਅੱਧਾ ਮਾਰਚ ਦਾ ਮਹੀਨਾ ਸੀ, ਜੋ ਅਜਾਈਂ ਗਵਾਇਆ। ਪ੍ਰਧਾਨ ਮੰਤਰੀ ਨੇ 19 ਮਾਰਚ ਨੂੰ 22 ਮਾਰਚ ਦੇ ਜਨਤਾ ਕਰਫਿਊ ਦਾ ਐਲਾਨ ਕੀਤਾ ਅਤੇ ਫਿਰ 24 ਮਾਰਚ ਰਾਤ 8 ਵਜੇ ਟੀਵੀ ਸੰਦੇਸ਼ ਰਾਹੀਂ ਮਹਾਂਮਾਰੀ ਤੋਂ ਬਚਾਓਦਾ ਇਕੋ ਇਕ ਤਰੀਕਾ ਆਪਸੀ ਦੂਰੀ ਅਤੇ ਪੂਰੀ ਸੈਨੀਟੇਸ਼ਨ ਦੱਸਿਆ। ਉਸੇ ਰਾਤ 12 ਵਜੇ ਤੋਂ 21 ਦਿਨ ਦਾ ਲੌਕਡਾਊਨ ਲਗਾ ਕੇ ਪੂਰੇ ਦੇਸ਼ ਅੰਦਰ ਰੇਲਾਂ, ਹਵਾਈ ਸਫਰ ਸਮੇਤ ਸਾਰੇ ਕਾਰੋਬਾਰ ਠੱਪ ਕਰ ਦਿੱਤੇ।ਲੋਕਾਂ ਨੂੰ ਆਪਣੀ ਥਾਂ ਬਣੇ ਰਹਿਣ ਦੀ ਅਪੀਲ ਕੀਤੀ। ਮਜ਼ਦੂਰਾਂ ਅਤੇ ਗਰੀਬਾਂ ਨੂੰ ਰਾਸ਼ਨ ਅਤੇ ਤਨਖਾਹਾਂ ਮਿਲਦੇ ਰਹਿਣ ਦਾ ਯਕੀਨ ਦਵਾਇਆ। 19 ਤੋਂ 24 ਮਾਰਚ ਤਕ ਸਰਕਾਰ ਪਾਸ ਤਿਆਰੀ ਲਈ 6 ਦਿਨ ਸਨ। ਲੋਕਾਂ ਨੂੰ ਆਪਣੇ ਠਿਕਾਣਿਆਂ ਤੇ ਰੇਲਾਂ ਰਾਹੀਂ ਜਾਣ ਦੇ ਪ੍ਰਬੰਧ ਕਰ ਦਿੱਤੇ ਜਾਂਦੇ ਤਾਂ 6 ਦਿਨਾਂ ਵਿਚ ਦੂਜੇ ਰਾਜਾਂ ਅੰਦਰ ਫਸੇ ਕਰੋੜਾਂ ਮਜ਼ਦੂਰ ਆਪਣੇ ਰਾਜਾਂਂ ਵਿਚ ਪਹੁੰਚ ਸਕਦੇ ਸਨ। ਖਾਣ ਪਾਣੀ ਅਤੇ ਤਨਖਾਹਾਂ ਦਾ ਪ੍ਰਬੰਧ ਕਰਨ ਲਈ ਰਾਜ ਸਰਕਾਰਾਂ ਅਤੇ ਮਾਲਕਾਂ ਨੂੰ ਉਨਾਂ ਦੀ ਸਮੱਰਥਾ ਜਾਣੇ ਬਗੈਰ ਆਖ ਦਿੱਤਾ ਗਿਆ। ਰਾਜ ਸਰਕਾਰਾਂ ਪਾਸ ਸਪਲਾਈ ਸਮੇਂ ਸਿਰ ਨਾ ਪੁੱਜਣ ਦੀਆਂ ਸ਼ਕਾਇਤਾਂ ਆਈਆਂ। ਫਸੇ ਮਜ਼ਦੂਰਾਂ ਅੰਦਰ ਪੈਸੇ ਮੁੱਕ ਜਾਣ ਕਾਰਨ ਭੁੱਖਮਰੀ ਦਾ ਡਰ ਪੈਦਾ ਹੋਇਆ। ਲੌਕਡਾਉਨ-2 ਦਾ ਐਲਾਨ ਹੋਣ ਤੇ ਮੁਸ਼ਕਲ ‘ਚ ਫਸੇ ਮਜ਼ਦੂਰ ਬਹੁਤੇ ਸ਼ਹਿਰਾਂ ਵਿਚ ਸੜਕਾਂ ਤੇ ਉਤਰ ਆਏ। ਭੁੱਖ ਦੇ ਝੰਬੇ ਮਜ਼ਦੂਰ ਬੰਦਸ਼ਾਂ ਤੋੜ ਦੀ ਸੜਕਾਂ ਤੇ ਉਤਰੇ। ਜੇਕਰ ਮਜਦੂਰਾਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਂਦਾ ਤਾਂ ਉਹ ਸੜਕਾਂ ‘ਤੇ ਉਤਰਨ ਲਈ ਮਜਬੂਰ ਨਾ ਹੁੰਦੇ। ਪ੍ਰਧਾਨ ਮੰਤਰੀ ਵਲੋਂ ਇਸ ਨੂੰ ਲੰਮੀ ਲੜਾਈ ਦੱਸ ਕੇ 4 ਮਈ ਤੋਂ ਅੱਗੇ ਫਿਰ ਦੋ ਹਫਤੇ ਦੇ ਲੌਕਡਾਊਨ ਦਾ ਐਲਾਨ ਹੋਣ ਨਾਲ ਭੁੱਖਮਰੀ ਦਾ ਸ਼ਿਕਾਰ ਮਜ਼ਦੂਰ ਭੜਕ ਗਏ ਅਤੇ ਆਪਣੇ ਰਾਜਾਂ ਨੂੰ ਵਾਪਿਸ ਜਾਣ ਲਈ ਸੜਕਾਂ ਤੇ ਉਤਰੇ। ਅਡਿੱਲ ਬੈਠੀ ਕੇੰਦਰ ਸਰਕਾਰ ਆਖਿਰ 40 ਦਿਨਾਂ ਦੀ ਜਿੱਦ ਪਿੱਛੋਂ ਮਜ਼ਦੂਰਾਂ ਨੂੰ ਵਾਪਿਸ ਭੇਜਣ ਲਈ ਰਾਜ਼ੀ ਹੋਈ। ਮਜਬੂਰਨ ਕੇਂਦਰ ਸਰਕਾਰ ਰੇਲਾਂ ਮੁਹੱਈਆ ਕਰਨ ਤੇ ਸਹਿਮਤ ਹੋਈ। ਸਬੰਧਤ ਰਾਜਾਂ ਨੂੰ ਮਜਦੂਰਾਂ ਤੋਂ ਕਰਾਇਆ ਵਸੂਲ ਕੇ ਰੇਲਵੇ ਪਾਸ ਜਮ੍ਹਾਂ ਕਰਾਉਣ ਲਈ ਕਿਹਾ। ਮਜ਼ਦੂਰਾਂ ਨਾਲ ਸਰਕਾਰ ਦੇ ਅਣਮਨੁੱਖੀ ਵਰਤਾਰੇ ਦਾ ਹਰ ਪਾਸੇ ਤੋਂ ਵਿਰੋਧ ਹੋਇਆ । ਸ਼ਰਮ ਦੀ ਗੱਲ ਹੈ, ਕਿ ਰੇਲਵੇ ਵਿਭਾਗ ਪ੍ਰਧਾਨ ਮੰਤਰੀ ਕੇਅਰ ਫੰਡ ਵਿਚ ਤਾਂ 151 ਕਰੋੜ ਰੁਪਏ ਦਿੰਦੈ, ਪਰ ਭੁੱਖੇ ਮਜ਼ਦੂਰਾਂ ਤੋਂ ਕਰਾਇਆ ਮੰਗ ਰਿਹੈ। ਬੇਸ਼ਕ ਰਾਜਨੀਤੀ ਹੀ ਸਹੀ, ਪਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਵਾਸੀਆਂ ਦੇ ਕਰਾਏ ਦੀ ਜਿੰਮੇਵਾਰੀ ਪਾਰਟੀ ਵਲੋਂ ਉਠਾਉਣ ਲਈ ਅੱਗੇ ਆਈ, ਜਿਸ ਨਾਲ ਮਜ਼ਦੂਰਾਂ ਨੂੰ ਜਰੂਰ ਸੁੱਖ ਦਾ ਸਾਹ ਮਿਲਿਆ ਅਤੇ ਰੇਲ ਰਾਹੀਂ ਵਾਪਸੀ ਸ਼ੁਰੂ ਹੋਈ ।
ਭਵਿੱਖ ਵਿਚ ਸਬਕ ਸਿੱਖਣ ਦੀ ਲੋੜ : ਵਿਸ਼ਵ ਸਿਹਤ ਸੰਸਥਾ ਅਨੁਸਾਰ ਕੋਵਿਡ-19 ਮਹਾਂਮਾਰੀ ਦੇ ਜਲਦੀ ਖਤਮ ਹੋਣ ਦੇ ਘੱਟ ਆਸਾਰ ਹਨ। ਕਾਰੋਬਾਰ ਵੀ ਬਹੁਤਾ ਸਮਾਂ ਬੰਦ ਨਹੀਂ ਰੱਖੇ ਜਾ ਸਕਦੇ। ਜੀਵਨ ਸ਼ੈਲੀ ਨੂੰ ਸਮੇਂ ਅਨੁਸਾਰ ਢਾਲਣਾ ਪਏਗਾ। ਵਾਇਰਸ ਤੋਂ ਬਚਾਓ ਲਈ ਆਪਸੀ ਦੂਰੀ ਤੇ ਸੈਨੀਟੇਸ਼ਨ ਨੂੰ ਕਾਰਜਸ਼ੈਲੀ ਵਿਚ ਸ਼ਾਮਿਲ ਕਰਨਾ ਪਏਗਾ। ਸਮੁੱਚੇ ਵਿਸ਼ਵ ਦੇ ਕਾਰੋਬਾਰ ਅਤੇ ਵਰਤਾਰੇ ਵਿਚ ਬਹੁਤ ਵੱਡੀ ਤਬਦੀਲੀ ਆਏਗੀ। ਭਾਰਤ ਨੂੰ ਵੀ ਭਾਰੀ ਮੰਦੀ ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਏਗਾ। ਸਨਅਤਾਂ ਅਤੇ ਖੇਤੀਬਾੜੀ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਹੋਏਗਾ। ਵਾਪਸੀ ਜਲਦੀ ਹੋਣੀ ਸੰਭਵ ਨਹੀਂ। ਵੱਡੀਆਂ ਚੁਣੌਤੀਆਂ ਨਾਲ ਨਿਪਟਣ ਲਈ ਸਰਕਾਰੀ ਸਿਸਟਮ ‘ਚੋਂ ਤਕਨੀਕ ਅਤੇ ਸਖਤੀ ਨਾਲ ਭ੍ਰਿਸ਼ਟਾਚਾਰ ਦੀਆਂ ਮੋਰੀਆਂ ਬੰਦ ਕਰਨੀਆਂ ਹੋਣਗੀਆਂ । ਮੌਜੂਦਾ ਸਥਿਤੀ ਤੋਂ ਸਬਕ ਲੈ ਕੇ ਸਰਕਾਰ ਨੂੰ ਸਿਖਿਆ, ਸਿਹਤ ਤੇ ਸਮਾਜਿਕ ਭਲਾਈ ਨੂੰ ਪ੍ਰਮੁੱਖ ਤਰਜੀਹ ਦੇਣੀ ਜਰੂਰੀ ਹੋਏਗੀ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …