Breaking News
Home / ਨਜ਼ਰੀਆ / 10 ਮਈ ਨੂੰ ਮਾਂ ਦਿਵਸ ‘ਤੇ ਵਿਸ਼ੇਸ਼

10 ਮਈ ਨੂੰ ਮਾਂ ਦਿਵਸ ‘ਤੇ ਵਿਸ਼ੇਸ਼

ਮੁਰਾਦ-ਮੰਦਰ ਹੈ ਮਾਂ
ਡਾ ਗੁਰਬਖ਼ਸ਼ ਸਿੰਘ ਭੰਡਾਲ
ਮਾਂ, ਮੰਨਤਾਂ, ਮੁਰਾਦਾਂ, ਮਮਤਾ ਅਤੇ ਮਨੁੱਖਤਾ ਦਾ ਮੁਹਾਂਦਰਾ। ਸ਼ੁੱਧਤਾ, ਸਚਿਆਈ, ਸਚਿਆਰੇਪਣ, ਸੁਹਜਤਾ, ਸੂਝ, ਸਿਆਣਪ ਅਤੇ ਸਿਰੜ-ਸਾਧਨਾ ਦਾ ਸਿਰਨਾਵਾਂ। ਫ਼ੱਕਰਤਾ, ਫਰਾਖ਼ਦਿਲੀ, ਫਰਜ਼, ਫ਼ਰਮਾਬਰਦਾਰੀ ਅਤੇ ਫੈ ਦੀ ਫ਼ਸੀਲ।ਕੋਮਲਤਾ, ਕਰਨੀ, ਕੀਰਤੀ ਅਤੇ ਕਰਮ-ਯੋਗਤਾ ਦੀ ਅਪੀਲ। ਧਰਮ, ਧੀਰਜ ਅਤੇ ਧੰਨਤਾ ਦੀ ਅੰਜ਼ੀਲ।
ਮਾਂ, ਕਦਰਾਂ ਕੀਮਤਾਂ ਦੀ ਲੋਅ, ਕੰਧਾਂ ਨੂੰ ਘਰ ਬਣਾਉਣ ਦੀ ਸੋਅ, ਦੀਵਾਰਾਂ ਵਿਚਲੇ ਰੌਸ਼ਨਦਾਨਾਂ ਵਿਚੋਂ ਆਉਂਦੀਆਂ ਕਿਰਨਾਂ ਦਾ ਜਲੌਅ, ਚੌਂਕੇ ‘ਚੋਂ ਆ ਰਹੀ ਭਿੰਨੀ-ਭਿੰਨੀ ਖੁਸ਼ਬੋਅ, ਹਰੇਕ ਲਈ ਚੰਗੇਰੇ ਸਬੱਬ ਦਾ ਢੋਅ, ਸਭ ਲਈ ਅਪਣੱਤ ਦੀ ਖੋਹ ਅਤੇ ਦੁਆਵਾਂ, ਦਰਿਆਦਿਲੀ, ਦਿਆਲਤਾ, ਦਿਆਨਤਾ ਅਤੇ ਦਿਲਗੀਰੀ ਦਾ ਵਗਦਾ ਚੋਅ ਜਿਸਦੇ ਨਿਰਮਲ ਸਪੱਰਸ਼ ‘ਚੋਂ ਮਿਲਦੀ ਸੁੱਚੀਆਂ ਸੋਚਾਂ ਦੀ ਸੋਅ।
ਮਾਂ ਦਾ ਲਾਡ ਪਿਆਰ, ਜੀਵਨ ਦਾ ਸੁੱਚਾ ਹਾਸਲ ਜਿਸ ਸਾਹਵੇਂ ਫਿਕੀਆਂ ਨੇ ਦੁਨਿਆਵੀ ਨਿਆਮਤਾਂ। ਮਾਂ ਦੀਆਂ ਮਿੱਠੀਆਂ ਝਿੜਕਾਂ ਖਾ ਕੇ ਪਲਣ ਵਾਲੇ ਬੱਚੇ ਨੂੰ ਪਤਾ ਹੁੰਦਾ ਏ ਕਿ ਮਾਂ ਜਦ ਝਿੜਕਦੀ ਏ ਤਾਂ ਉਸਦੇ ਮਨ ਵਿਚ ਕਿੰਨਾ ਮੋਹ ਉਮਡਦਾ।ਕਿਵੇਂ ਅਲੋਪ ਰੂਪ ਵਿਚ ਛੱਲਕਦੀਆਂ ਨੇ ਮਾਂ ਦੀਆਂ ਨੈਣ- ਨਦੀਆਂ। ਬੱਚਾ ਦੀਆਂ ਝਿੜਕਣੀਆਂ ਵਿਚੋਂ ਵੀ ਕੁਝ ਅਚੇਤ ਤੇ ਸੁਚੇਤ ਰੂਪ ਵਿਚ ਹਾਸਲ ਕਰ, ਸਮਿਆਂ ਦਾ ਸੁੱਚਮ ਬਣਨ ਵਿਚ ਪਹਿਲ ਕਰਦਾ।
ਮਾਂ ਦੀਆਂ ਅਰਦਾਸਾਂ ‘ਚ ਪ੍ਰਵਾਨ ਚੜੇ ਬੱਚੇ ਦੇ ਹਰ ਕਰਮ ਤੇ ਕੀਰਤੀ ਵਿਚ ਦੁਆਵਾਂ ਦੀ ਦਰਿਆ-ਦਿਲੀ। ਅਤੇ ਅਜੇਹੇ ਬੱਚੇ ਦੇ ਮਰਜ਼ ਦੀ ਦਵਾ, ਕਿਸੇ ਮਾਹਰ ਡਾਕਟਰ ਦੀ ਦਵਾ ਨਹੀਂ ਸਗੋਂ ਮਾਂ ਦੀਆਂ ਦੁਆਵਾਂ ਹੁੰਦੀਆਂ। ਬੱਚੇ ਦੀ ਸੋਚ ਵਿਚ ਮਾਨਵਤਾ ਦਾ ਮੁਹਾਂਦਰਾ ਅਤੇ ਪੈੜ-ਪ੍ਰਛਾਂਵਿਆਂ ਵਿਚ ਭਲਿਆਈ ਅਤੇ ਬੰਦਿਆਈ ਦਾ ਸਾਇਆ।
ਮਾਂ ਦੀਆਂ ਰਹਿਮਤ ਵਿਚ ਖਲੰਦੜੇ ਬੱਚੇ ‘ਚ ਮਾਂ ਦੀਆਂ ਸੂਖ਼ਮ ਤੇ ਅਛੋਹ ਭਾਵਨਾਂਵਾਂ ਦੀ ਸੁੱਚੀ ਬਖਸ਼ਿਸ਼ ਮੌਲਦੀ।
ਮਾਂ ਨੂੰ ਪਤਾ ਹੁੰਦਾ ਏ ਬੱਚੇ ਦੀ ਭੁੱਖ ਅਤੇ ਉਸਦੇ ਦੁੱਖ-ਸੁੱਖ ਦਾ। ਉਸਦੇ ਹਾਸੇ ਦਾ ਅਤੇ ਦਰਦ ਵਿਚ ਪਸੀਜੇ ਰੁਆਸੇ ਦਾ। ਅਹਿਸਾਸ ਹੁੰਦਾ ਕਿਸੇ ਲੋੜ ਦਾ, ਖੜਕਾ ਹੋ ਜਾਂਦਾ ਥੋੜ੍ਹ ਦਾ। ਬੱਚੇਨੂੰ ਆਈ ਝਰੀਟ ਜਦਦ ਕਿਆਸਦੀ ਤਾਂ ਪੈਦਾ ਹੁੰਦੀ ਰੁੱਮਕਣੀ ਸਾਹਾਂ ਸੰਦਲੀ ਆਸ ਦੀ। ਬੱਚੜੇ ਦੀਆਂ ਭਾਵਨਾਂਵਾਂ ਨੂੰ ਵਿਚ ਭਰਦੀ ਰੂਹ-ਰੰਗਅਤੇ ਖੁਦ ਬਣਦੀ ਸਰਘੀ ਵਰਗੀ ਉਮੰਗ।
ਮਾਂ ਧਰਦੀ ਹੈ ਬੱਚੇ ਦੇ ਨੈਣਾਂ ਵਿਚ ਸੁਪਨਿਆਂ ਦੀ ਤਸ਼ਬੀਹ। ਕਰਮ-ਕੀਰਤੀ ਲਈ ਬਣਦੀ ਹੈ ਤਰਜ਼ੀਹ। ਸੋਚ-ਦਾਇਰੇ ਨੂੰ ਕਰਦੀ ਹੈ ਵਸੀਹ ਅਤੇ ਹਨੇਰਿਆਂ ‘ਚ ਬਣਦੀ ਹੈ ਚਾਨਣ ਦੀ ਲੀਹ।
ਮਾਂ ਹੀ ਬੱਚੇ ਦੇ ਚਾਵਾਂ ਲਈ ਪਰ। ਲਾਡਲੇ ਲਈ ਨਿਰਭਓ ਡਰ। ਰਹਿਮਤਾਂ ਦਾ ਦਰਅਤੇ ਯੁੱਗ ਜਿਊਣ ਦਾ ਵਰ।
ਮਾਂ, ਬੱਚੇ ਦੇ ਸਫ਼ਰ ਲਈ ਰਾਹਾਂ ‘ਚ ਰੌਸ਼ਨੀ ਦਾ ਛਿੜਕਾਅ ਕਰਦੀ, ਰਾਹ ਦੇ ਖੱਡੇ-ਖਾਈਆਂ ਨੂੰ ਭਰਦੀ, ਖਿਲਰੇ ਕੰਡਿਆਂ ਨੂੰ ਪਰਾ੍ਹਂ ਕਰਦੀ ਅਤੇ ਬੱਚੇ ਦੇ ਸੋਹਲ ਪੈਰਾਂ ਹੇਠਹੱਥਾਂ ਦੀਆਂ ਤਲੀਆਂ ਧਰਦੀ।
ਮਾਂ, ਬੱਚੇ ਦੀ ਹਰ ਪ੍ਰਾਪਤੀ ਦਾ ਮਾਣ ਕਰਦੀ, ਉਸਦੀਆਂ ਬਲਾਵਾਂ ਹਰਦੀ, ਸੋਚ-ਜੂਹੇ ਸੁ ਦਾ ਜਾਗ ਲਾਉਂਦੀ ਅਤੇ ਉਸਦੀਆਂ ਕਰਨੀਆਂ ਨੂੰ ਕਰਮ-ਚੇਤਨਾ ਦੇ ਨਾਮ ਲਾਉਂਦੀ।
ਮਾਂ, ਬੱਚਿਆਂ ਨੂੰ ਉਡੀਕਦਿਆਂ ਦਰ ਨੂੰ ਹੀ ਘਰ ਬਣਾਉਂਦੀ, ਹੱਥਾਂ ਦੀ ਓਟ ਨਾਲ ਰਾਹਾਂ ‘ਤੇ ਨਜ਼ਰਾਂ ਟਿਕਾਉਂਦੀ ਅਤੇ ਉਡੀਕ ਨੂੰ ਜੀਵਨ ਦਾ ਹਿੱਸਾ ਬਣਾਉਂਦੀ।
ਮਾਂ ਦੀਆਂ ਅਸੀਸਾਂ, ਸੁੱਚਾ ਹਾਸਲ। ਮਨ-ਮੰਗੀਆਂ ਮੁਰਾਦਾਂ ਦੀ ਪੂਰਨਤਾ, ਦਿਲ ‘ਚ ਦੱਬਅਿਾਂ ਰੀਝਾ ਨੂੰ ਸਮਝ ਕੇ ਇਹਨਾਂ ਨੂੰ ਫੂਰਾ ਕਰਨ ਲਈ ਉਚੇਚ।
ਮਾਂ ਰੱਬ ਨਾਲੋਂ ਵੀ ਵੱਡੀ। ਬੱਚੇ ਵਾਸਤੇ ਰੱਬ ਤੇ ਮਾਂ ਵਿਚ ਨਹੀਂ ਫ਼ਰਕ। ਦੋਹਾਂ ‘ਚ ਕੋਈ ਨਹੀਂ ਤਰਕ-ਅਤਰਕ। ਰੱਬਤਾਂ ਕਿਸੇ ਸੋਚ, ਭਰਮ, ਗੈਬੀ ਤਾਕਤ ਜਾਂ ਅਲਹਾਮੀ ਰੂਪ ਹੋ ਸਕਦਾ ਜੋ ਅਦਿੱਖ ਰਹਿ, ਮਨੋਕਾਮਨਾਵਾਂ ਦੀ ਪੂਰਤੀ ਕਰਦਾ। ਪਰ ਮਾਂ ਤਾਂ ਸ਼ਾਖ਼ਸ਼ਾਤ। ਬੱਚੇ ਦੀਆਂ ਹਰ ਤਮੰਨਾਂ ਨੂੰ ਸਮਝ, ਉਸਦੇ ਕਹਿਣ ਤੋਂ ਪਹਿਲਾਂ ਹੀ ਪੂਰਤੀ ਦਾ ਸਬੱਬ ਸਿਰਜਦੀ। ਮਾਂ ਬਹੁਤ ਯਾਦ ਆਉਂਦੀਜਦ ਬੇਲਿਹਾਜ਼ ਦੁਨੀਆਂ ਤੁਹਾਡੀਆਂ ਰਾਹਾਂ ‘ਚ ਕੰਡੇ ਬੀਜਦੀ ਅਤੇ ਫਿਰ ਇਹਨਾਂ ਨੂੰਚੁੱਗਣ ਦੇ ਬਹਾਨੇ, ਤੁਹਾਡਾ ਹਰੇਕ ਕਿਸਮ ਦਾ ਸ਼ੋਸ਼ਨ ਕਰ, ਤੁਹਾਡੇ ਹਾਵਿਆਂ ਦੇ ਸੇਕ ਨਾਲਆਪਣਾ ਨਿੱਘ ਸਿਰਜਦੀ। ਤੁਹਾਡੀ ਭਾਵਨਾ ਦੀਆਂ ਨੀਹਾਂ ‘ਤੇ ਆਪਣੀਆਂ ਬੁਲੰਦੀਆਂ ਦਾ ਸੁਪਨਾ ਲੈਂਦੀ
ਜਦ ਕੋਈ ਸੁਪਨੇ ਚੁਰਾਂਦਾਤਾਂ ਸੁਪਨੇ ਦੇਣ ਵਾਲੀ ਮਾਂ ਬਹੁਤ ਯਾਦ ਆਉਂਦੀ। ਜਦ ਕੋਈ ਤੁਹਾਡੀਆਂ ਪੈੜਾਂ ਨੂੰ ਸਰਾਪ, ਆਪਣੇ ਨਕਸ਼ ਸਿਰਜਣ ਲਈ ਕਾਹਲਾ ਹੁੰਦਾ ਤਾਂ ਉਂਗਲੀ ਪੜ ਕੇ ਤੁੱਰਨਾ ਸਿਖਾਉਣ ਅਤੇ ਅਣਭੋਲਤਾ ‘ਚ ਡਿਗਣ ‘ਤੇ ਮਿੱਟੀ ਝਾੜਨ ਤੇ ਬੱਚੇ ਨੂੰ ਸੱਟ ਲੱਗਣ ਦੇ ਫ਼ਿਕਰ ‘ਚ ਫ਼ਿਕਰ ਹੋਈ ਮਾਂ ਦਾ ਤੁਸੱਵਰ ਅੱਖਾਂ ਵਿਚ ਤਰਦਾ। ਅਤੇ ਦਿਲ ਮਮਤਾਈ ਲੋਰ ਨੂੰ ਯਾਦ ਕਰ ਡੂੰਘੇ ਹਾਊਕੇ ਭਰਦਾ।
ਮਾਂ ਤਾਂ ਸਦਾ ਹੀ ਮਨ ਦੀ ਫ਼ਿਜ਼ਾ ਵਿਚ ਰੁੱਮਕਦੀ ਜੋ ਸਾਹਾਂ ਨੂੰ ਸੰਗੀਤਕਤਾ ਬਖਸ਼, ਸੁਗੰਧੀਆਂ ਦਾ ਵਰਦਾਨ ਦਿੰਦੀ। ਸਾਹ ਮਹਿਕਣ ਲੱਗਦੇ।
ਮਾਂ, ਬੱਚੇ ਦੇ ਹਰ ਰੰਗ ਵਿਚ ਰਮੀ। ਉਸਦਾ ਮੁਹਾਂਦਰਾ, ਨਕਸ਼, ਬੋਲ-ਬਾਣੀ, ਲਹਿਜ਼ਾ, ਰੰਗ-ਢੰਗ ਅਤੇ ਆਦਤਾਂ ਵਿਚ ਪ੍ਰਗਟਦੀ।
ਮਾਂ, ਬੱਚੇ ਦੀਆਂ ਸੁੱਚੀ ਧਰਾਤਲਜਿਸ ‘ਤੇ ਹੁੰਦੀ ਮਨੁੱਖ ਦੀ ਉਸਾਰੀ, ਜ਼ਿੰਦਗੀ ਨੂੰ ਭਾਗ ਲਾਉਣ ਦੀ ਤਿਆਰੀ ਅਤੇ ਖੁਦ ਪਛਾਣ ਨੂੰ ਨਰੋਈ ਦਿੱਖ ਦੇਣ ਦੀ ਖ਼ੁਮਾਰੀ। ਬੱਚੇ ਦੀ ਪਛਾਣ ਦਰਅਸਲ ਹੁੰਦੀਏ ਮਾਂ ਦੀ ਪਛਾਣ ਜੋ ਨਵਾਂ ਰੂਪ ਬਦਲ ਕੇ ਨਵੀਂ ਤਹਿਰੀਕ ਨੂੰ ਜਨਮ ਦਿੰਦੀ।ਵੈਸੇ ਤਾਂ ਬੱਚੇ ਦਾ ਜਨਮ ਹੀ ਮਾਂ ਵਲੋਂ ਆਪਣੀ ਹੋਂਦ ਨੂੰ ਭਵਿੱਖ ਦੇ ਨਕਸ਼ਾਂ ਵਿਚੋਂ ਨਿਹਾਰਨ ਦੀ ਪ੍ਰੀਕਿਰਿਆ। ਤਾਂ ਹੀ ਮਾਂ, ਬੱਚੇ ਦੇ ਜਨਮ ਵਿਚੋਂ ਨਵੀਂ ਮਾਂ ਦਾ ਰੂਪ ਅਖ਼ਤਿਆਰ ਕਰਦੀ।
ਮਾਂ, ਮਮਤਾ, ਮੋਹ ਤੇ ਮਿਹਰ ਦੀ ਮੂਰਤ। ਸਮਰਪਣ, ਸੁਪਨੇ ਤੇ ਸੁਹਜ ਦੀ ਸੂਰਤ। ਪਾਕੀਜ਼ਗੀ, ਪਿਆਰ ਤੇ ਪ੍ਰੇਰਨਾ ਦੀ ਪੂਰਤ। ਜੀਵਨ, ਜ਼ਜ਼ਬਾ ਅਤੇ ਜ਼ਿੰਦਾਦਿਲੀ ਦੀ ਜ਼ਰੂਰਤ।
ਮਾਂ, ਸਹਿਜ ‘ਚ ਵਹਿੰਦੀ ਨਦੀ ਦੀ ਧਾਰਾ। ਦਰਿਆਵਾਂ ਦੀ ਰਵਾਨਗੀ ਦਾ ਨਜ਼ਾਰਾ। ਸਮੂੰਦਰੀ ਗਹਿਰਾਈ ਦਾ ਪਸਾਰਾ। ਪਹਾੜਾਂ ਵਰਗੀ ਉਚਤਾ ਦਾ ਆਰਾ-ਪਾਰਾ। ਬਿਰਖਾਂ ਵਰਗਾ ਬੰਦਗੀ-ਦੁਆਰਾ। ਚਿਰਾਗ ਜੇਹਾ ਰੌਸ਼ਨ-ਮਿਨਾਰਾ ਅਤੇ ਪਰਿੰਦਿਆਂ ਵਰਗੀ ਉਡਾਣ ਦਾ ਹੁਲਾਰਾ।
ਮਾਂ ਹੁੰਦੀ ਤਾਂ ਬੱਚਾ, ਮੁਸ਼ਕਲਾਂ ਤੋਂ ਬੇਨਿਆਜ਼, ਤੰਗੀਆਂ-ਤੁਰਸ਼ੀਆਂ ਤੋਂ ਬੇਫ਼ਿਕਰ, ਲੋੜਾਂ-ਥੋੜਾਂ ਤੋਂ ਸੁਰਖ਼ਰੂ ਅਤੇ ਬਾਲਾਵਾਂ ਤੋਂ ਨਿਡਰ।
ਹਨੇਰਿਆਂ ਵਿਚ ਮਾਂ ਦੀ ਚਾਨਣ-ਉਂਗਲੀ, ਬੱਚੇ ਦੇ ਕਦਮਾਂ ਨੂੰ ਡੋਲਣ ਤੇ ਥਿੜਕਣ ਤੋਂ ਹੋੜਦੀ ਅਤੇ ਨਿਗਰ ਕਦਮਾਂ ਨਾਲ ਸਫ਼ਰ ਦੀ ਪੂਰਨਤਾ ਲਈ ਪ੍ਰੇਰਦੀ।
ਮਾਂ, ਬੱਚੇ ਲਈ ਆਪਾ ਨਿਸ਼ਾਵਰ ਕਰਦੀ। ਉਸ ਲਈ ਛਾਂ ਤੇ ਨਿੱਘ ਦਾ ਤਰੌਂਕਾ।ਪਰਮਾਂਪੀੜਾ ਪੀੜਾ ਹੋ ਜਾਂਦੀਜਦ ਉਸਦੀ ਉਡੀਕ-ਝੋਲੀ ਖਾਲੀ ਰਹਿ ਜਾਂਦੀ। ਉਹ ਦਰਾਂ ਵਿਚ ਬੁੱਤ ਬਣੀ, ਸੱਖਣੀਆਂ ਨਿਗਾਹਾਂ ਨਾਲ ਦੂਰ ਜਾਦੀਆਂ ਰਾਹਾਂ ਨਿਹਾਰਦੀ ਅਤੇ ਆਖ਼ਰ ਨੂੰ ਆਪਣੇ ਆਪ ਨੂੰ ਨਿਹਾਰਨ ਤੋਂ ਵੀ ਅਸਮਰਥ ਹੋ ਜਾਂਦੀ। ਆਪਣਾ ਸਿਵਾ ਸੇਕਦੀ, ਆਪਣੀਆਂ ਆਂਦਰਾਂ ਨੂੰ ਗੰਢ ਮਾਰ, ਗੰਢ ਬਣ ਕੇ ਜਿਉਣ ਤੋਂ ਮੁਥਾਜ਼ ਹੋ ਜਾਂਦੀ। ਉਸਦੇ ਮੂਕ ਜੀਵਨ-ਸਾਜ਼ ਵਿਚੋਂ ਵੀਸੁੱਖਦ, ਸਕੂਨ ਅਤੇ ਸੂਖ਼ਮ ਤਰੰਗਾਂ ਆਪਣਿਆਂ ਲਈ ਅਸੀਸ ਬਣਦੀਆਂ। ਘਰ ਤੇ ਵਿਹੜੇ ਲਈ ਸੁਖ ਮੰਗਦੀਆਂ। ਕਾਸ਼!ਅਸੀਂ ਉਹਨਾਂ ਅਸੀਸਾਂ ਨੂੰ ਸੁਣਨ ਤੇ ਸਮਝਣ ਲਈ ਚੇਤਨਾ ਨੂੰ ਸੰਵੇਦਨਾ ਬਣਾਉਣ ਜੋਗੇ ਹੋਈਏ। ਇਹ ਤਾਂ ਬੱਚਿਆਂ ਨੂੰ ਹੀ ਕਰਨਾ ਪੈਣਾ ਕਿਉਂਕਿ ਮਾਂ ਵਾਂ ਦੇ ਤੁੱਰ ਜਾਣ ਤੋਂ ਬਾਅਦ ਤਾਂ ਬੱਚੇ ਨੂੰ ਮਾਵਾਂ ਵਰਗੀ ਰਹਿਤਲ, ਖੁਦ ਵਿਚੋਂ ਉਪਜਾਉਣ ਤੇ ਹੰਢਾਉਣ ਦੀ ਜ਼ਿਆਦਾ ਤਮੰਨਾ ਹੁੰਦੀ।
ਮਾਂ, ਬਿਰਖ਼ ਦੀ ਛਾਂ, ਪੂਜਣ ਦੀ ਥਾਂ ਅਤੇ ਸੁਖਨ ਦਾ ਨਾਂ।ਮਾਂ, ਰੁਆਂਸੀ ਰੁੱਤ ਲਈ ਆਪਣੇਪਣ ਦੀ ਗਲਵਕੜੀ। ਨੰਗੇ ਪਿੰਡੇ ਲਈ ਲੀਰ-ਲੰਗਾਰ। ਆਂਦਰਾਂ ਦੀ ਤੰਦ ਨਾਲ ਗਲੋਟੇ ਲਾਹੁੰਦੀ ਤੇ ਸੋਚ ਦੀਆਂ ਤੰਦੀਆਂ ‘ਤੇ ਉਣ, ਬੱਚੜੇ ਲਈ ਫੁੱਲਕਾਰੀ ਕੱਢਦੀ।
ਮਾਂ ਵਰਗੇ ਸ਼ਬਦ ਦੀ ਥਾਹ ਲੈਣੀ ਹੋਵੇ ਜਾਂ ਅਰਥ ਪੁਛਣੇ ਹੋਣ ਤਾਂ ਕਦੇ ਮਾਂ-ਮਹਿਟਰ ਦੇ ਦਰਦ ਨੂੰ ਫ਼ਰੋਲੋ ਜਿਸਦਾ ਬਚਪਨਾ ਖੁਦਕੁਸ਼ੀ ਕਰ ਗਿਆ। ਖੇਡਣ ਦੀ ਰੁੱਤ ਬੇਵਾ ਹੋ ਗਈ। ਲਾਡ-ਲਡਿੱਕੇ ਦੀ ਰੁੱਸਵਾਈ, ਮਨ ਨੂੰ ਹਰ ਪਲ ਰੁਆਉਂਦੀ। ਜਿੰ ‘ਚ ਹਰਦਮ ਦਰਦ ਰਿੜਕਣੀ।ਚਾਨਣ-ਚੋਅ ਨੂੰ ਲੱਗੇ ਜੰਗਾਲੇ-ਜਿੰਦਰੇ ਜੋ ਹਨੇਰਿਆਂ ‘ਚ ਸੁਲਘਦਾ।ਜਿਹਨਾਂ ਦੀ ਰੋਟੀ ਦੀ ਭੁੱਖ, ਚੱਪੇ ‘ਚ ਸੁੰਗੜ ਗਈ।ਗੋਭਲੇ ਪਿੰਡੇ ਨੂੰਮਿਲਿਆ ਫੁੱਲ-ਬੂਟੀਆਂ ਦਾ ਰੁੱਦਨ। ਲੋਰੀਆਂ ਦੀ ਰੁੱਤ ਵੈਰਾਗਣ ਹੋ ਗਈ।ਜੋ ਬਾਤਾਂ ਦਾ ਹੁੰਗਾਰਾ ਭਰਨ ਲਈ ਤਰਸਦੇ, ਹਾਉਕਾ ਹਾਉਕਾ ਹੋ ਗਏ।ਜਿਨਾਂ ਦੇ ਤੋਤਲੇ ਬੋਲਝਿੜਕਾਂ ਹਜ਼ਮ ਗਈਆਂ। ਜਿਹਨਾਂ ਦੀ ਸਰਘੀ ਤੇ ਗ਼ਹਿਰ ਨੇ ਕਹਿਰ ਢਾਇਆ। ਜਿਹਨਾਂ ਦੇ ਹਿੱਸੇ ਦਾ ਸੂਰਜ ਕਾਲਖ਼ਾਂ ਨੇ ਨਿਗਲ ਲਿਆ। ਜਿਹਨਾਂ ਦੇ ਸੁਪਨਿਆਂ ਦੀ ਅੱਖ ਹਮੇਸ਼ਾ ਸਿੰਮਦੀ ਰਹੀ ਅਤੇ ਅੱਖ ਵਿਚ ਉਤਰੀ ਲਾਲੀ ਨਾਲ ਚਾਰੇ ਪਾਸੇ ਧੁੰਧਲਕਾ ਛਾਇਆ ਰਿਹਾ। ਜਿਹਨਾਂ ਦੇ ਮਾਸੂਮ ਮੁੱਖੜੇ ‘ਤੇ ਘਰਾਲਾਂ ਜੰਮੀਆਂ ਰਹੀਆਂ। ਜਿਹਨਾਂ ਦੀ ਨੀਂਦ ਵਿਚ ਸੁਪਨ-ਸੰਵੇਦਨਾ ਨਹੀਂ ਸਗੋਂ ਸਹਿਮ, ਸੰਕੀਰਨਤਾ ਤੇ ਸਦਮੇ ਸੁਲਗਦੇ ਰਹੇ। ਜਿਹਨਾਂ ਦੇ ਸਾਹ ਆਹਾਂ ਦਾ ਵਣਜ ਕਰਨ ਲਈ ਮਜ਼ਬੂਰ ਅਤੇ ਜਿਉਣ ਦੇ ਭਰਮ ‘ਚ ਤਿੱਲ ਤਿੱਲ ਮਰਦੇ ਰਹੇ। ਜਿਹਨਾਂ ਲਈ ਖੌਫ਼ ਤੇ ਖੁਦਾ, ਖੁਦਦਾਰੀ ਅਤੇ ਖੁਸ਼ਾਮਦ ਅਤੇ ਖ਼ਿਲਾਫ਼ਤ ਅਤੇ ਖਿਦਮਤਗਾਰੀ ‘ਚ ਕੋਈ ਅੰਤਰ ਨਾ ਰਿਹਾ।
ਮਾਂ ਦੇ ਮਰ ਜਾਣ ‘ਤੇ ਮਰ ਜਾਂਦੇ ਨੇ ਮਾਂਵਾਂ ਵਾਲੇ ਲਾਡ ਪਿਆਰ ਤੇ ਚਾਅ ਦੁਲਾਰ। ਉਜੜ ਜਾਂਦਾ ਸੁਪਨ ਸੰਸਾਰ। ਕੋਮਲ ਭਾਵਾਂ ਦਾ ਹੁੰਦਾ ਨਰ-ਸੰਘਾਰ। ਫਿਰ ਨਾ ਕੋਈ ਮਿਲਦਾ ਉਰਵਾਰ ਜਾਂ ਪਾਰ। ਬੰਦਾ ਫੱਸ ਜਾਦਾ ਅੱਧ-ਵਿਚਕਾਰ ਅਤੇ ਜੀਵਨ ‘ਚ ਪਸਰਦਾ ਅੰਧਕਾਰ।
ਮਾਂ ਦਾ ਪਿਆਰ, ਹਰਫ਼ਾਂ, ਬੋਲਾਂ ਜਾਂ ਦਿਖਾਵੇ ਦਾ ਨਹੀਂ ਮੁਥਾਜ਼। ਇਸਦਾ ਹੁੰਦਾ ਆਪ-ਮੁਹਾਰਾ ਅਗਾਜ਼। ਮਾਂਦੇ ਕਦਮਾਂ ਵਿਚ ਵੱਸਦੀ ਜਨਤ ਬਣਦੀ ਸੁਰ-ਸਾਜ਼ ਅਤੇ ਇਸ ਸਾਹਵੇਂ ਫਿੱਕੇ ਪੈ ਜਾਂਦੇ ਸਭ ਅੰਦਾਜ਼।
ਮਾਂ ਮਹਾਂਦਾਨੀ, ਮਹਾਨ ਸੁਆਣੀ ਤੇ ਜੀਵਨ-ਦਾਨੀਜਿਸਦੀ ਮਹਿਮਾ, ਮਹਾਨਤਾ ਅਤੇ ਮੁਲੰਗੀਪੁਣੇ ਦੀ ਅਕੱਥਕਹਾਣੀ ਕਿਸੇ ਨਾ ਜਾਣੀ।ਮਾਂ ਅਣਪੜ ਹੁੰਦਿਆਂ ਵੀ ਮਹਾਂ-ਗਿਆਨੀ।ਦੁਨੀਆਂ ਦਾ ਹਰ ਗਿਆਨ, ਬੱਚੇ ਦੀ ਸੋਚ ਵਿਚ ਧਰ, ਖੁਦ ਭਰਪੂਰ ਰਹਿੰਦੀ।
ਲੋਕੋ! ਮੰਦਰ, ਮਸਜਿਦ, ਗੁਰਦੁਆਰੇ, ਚਰਚ, ਆਸ਼ਰਮ, ਸਕੂਲ, ਘਰ, ਧਰਮਸ਼ਾਲਾਵਾਂ ਆਦਿ ਬਣਾਓ। ਪਰ ਕਦੇ ਵੀ ਬਿਰਧ-ਆਸ਼ਰਮ ਨਾ ਬਣਾਓ ਕਿਉਂਕਿ ਜਿਸ ਮਾਂ ਨੇ ਬੱਚਿਆਂ ਨੂੰ ਜਵਾਨ ਕੀਤਾ ਹੋਵੇ ਉਸਦੀ ਤਾਮੀਦਾਰੀ ਵਿਚੋਂ ਤਾਂ ਰੂਹਾਨੀਅਤ ਮਿਲਦੀ। ਖੁਦ ਨੂੰ ਕਦੇ ਵੀ ਇਸ ਅਸੀਮ ਰੂਹਾਨੀਅਤ ਤੋਂ ਮਹਿਰੂਮ ਨਾ ਕਰੋ। ਕਿਉਂਕਿ ਬਜ਼ੁਰਗਾਂ ਦੀ ਸੇਵਾ, ਸਰਬ-ਸਰੇਸ਼ਟ ਅਤੇ ਦੁਨਿਆਵੀ ਸੇਵਾਵਾਂ ਤੋਂ ਉਤਮ।
ਮਾਂ ਤੋਂ ਮੰਗੀ ਦੁਆਨੀ-ਚੁਆਨੀ ਨੂੰ ਯਾਦ ਕਰਨਾ। ਤੁਹਾਨੂੰ ਰਾਂਗਲੇ ਅਤੇ ਬੇਫ਼ਿਕਰੇ ਦਿਨ ਯਾਦ ਆ ਜਾਣਗੇ। ਕਮਾਊ ਹੋ ਕੇ, ਦਾਨੀ ਮਾਂ ਨੂੰ ਮੰਗਤੀ ਨਾ ਬਣਾਓ। ਤੁਹਾਡਾ ਧਨ-ਦੌਲਤ ਤਾਂ ਮਾਂ ਦੀਆਂ ਬਖਸ਼ਿਸਾਂ ਦੀ ਹੀ ਦੇਣ ਏ।
ਮਾਂ ਆਪਣੇ ਬੱਚੇ ਦਾ ਸਿਰ ਮੋਢੇ ‘ਤੇ ਰੱਖ ਲਾਡ ਲਡਾਉਂਦੀ, ਲੋਰੀਆਂ ਸੁਣਾਉਂਦੀ ਅਤੇ ਬੱਚੇ ਨੂੰ ਸੁਪਨ-ਸਵਰਗ ਦੀ ਸੈਰ ਕਰਵਾਉਂਦੀ। ਫਿਰ ਆਖ਼ਰ ਨੂੰ ਆਪਣੇ ਜਵਾਨ ਬੱਚੇ ਦੇ ਮੋਢੇ ਦਾ ਸਹਾਰਾ ਲੈ, ਇਸ ਦੁਨੀਆਂ ਤੋਂ ਰੁੱਖਸਤ ਹੁੰਦੀ। ਮਾਂ ਦੇ ਮੋਢੇ ਦਾ, ਬੱਚੇ ਦੇ ਮੋਢੇ ਨਾਲ ਬਦਲਣ ‘ਤੇ ਕਿੰਨਾ ਕੁਝ ਬਦਲ ਜਾਂਦਾ। ਮਾਂ ਸ਼ਬਦ ਨਾਲ ਮੂੰਹ ਭਰਦਾ। ਬੋਲਾਂ ਵਿਚ ਮਿਠਾਸ। ਅਸੀਮ ਅਰਥ। ਬਹੁ-ਪੱਖੀ ਪਸਾਰੇ।ਦੇਵੀ ਦੀਦਾਰੇ। ਦੈਵੀ ਨਜ਼ਾਰੇ। ਹੁੱਲੇ-ਹੁਲਾਰੇ। ਸੁਰ, ਸੰਗੀਤ, ਸਾਰਥਿਕਤਾ ਅਤੇ ਸਹਿਜਮੁਖੀ ਲੱਜ਼ਤਾ ਦੇ ਫੁਹਾਰੇ।
ਮਾਂਤੁਹਾਡੀ ਨੁਕਤਾਚੀਨੀ ਵਿਚੋਂ ਵੀ ਤੁਹਾਡੀਆਂ ਖੈਰਾਂ ਮੰਗਦੀ ਕਿਉਂਕਿ ਮਾਂ ਬੱਚਿਆਂ ਦੀ ਸਭ ਤੋਂ ਵੱਡੀ ਤੇ ਨੇੜਲੀ ਸ਼ੁਭ-ਚਿੰਤਕ। ਮਾਂ ਤੁਹਾਡੀ ਦੋਸਤ ਜੋ ਤੁਹਾਡੀ ਰਾਜ਼ਦਾਰ ਵੀ ਹੁੰਦੀ। ਤੁਹਾਡੀ ਮਾਰਗ-ਦਰਸ਼ਕ, ਜੋ ਤੁਹਾਡੀਆਂ ਕਮੀਆਂ ਤੇ ਗੁਣਾਂ ਨੂੰ ਹੰਗਾਲ, ਤੁਹਾਡੇ ਲਈ ਬਿਹਤਰ ਰਾਹ ਦੀ ਦੱਸ ਪਾਉਂਦੀ ਅਤੇ ਉਂਗਲ ਫੜ ਕੇ ਰਾਹ ਤੋਰਦੀ।
ਮਾਂ ਦਾ ਦਿਲ ਸਮੁੰਦਰਾਂ ਤੋਂ ਜ਼ਿਆਦਾ ਡੂੰਘਾ ਤੇ ਅਸੀਮ। ਬੱਚੇ ਦੀਆਂ ਕੁਤਾਹੀਆਂ ਤੇ ਗਲਤੀਆਂ ਨੂੰ ਮੁਆਫ਼ ਕਰ, ਚੰਗੇਰਾ ਇਨਸਾਨ ਬਣਨ ਲਈ ਪ੍ਰੇਰਦੀ।
ਮਾਂ ਹਰ ਰਿਸ਼ਤੇ ਤੇ ਹਰ ਥਾਂ ਨੂੰ ਭਰਨ ਦੇ ਸਮਰੱਥ। ਪਰਉਸ ਵਰਗਾ ਕੋਈ ਨਹੀਂ ਬਣ ਸਕਦਾ ਕਿਉਂਕਿ ਮਾਂ ਸਿਰਫ਼ ਮਾਂ ਹੁੰਦੀ।
ਮਾਂ ਦੇ ਸੁਪਨੇ ਦਾ ਸਰੂਪ ਵੀ ਮਾਂ ਵਰਗਾ ਹੁੰਦਾ ਤਾਂ ਹੀ ਬੱਚੇ ਵਿਚੋਂ ਮਾਂ ਦੇ ਮੁਹਾਂਦਰੇ ਨੂੰ ਪਛਾਣਿਆ ਤੇ ਜਾਣਿਆ ਜਾ ਸਕਦਾ। ਮਾਂ, ਬੱਚੇ ਦਾ ਸਦਾ ਆਦਿ ਹੁੰਦੀ ਪਰ ਕਦੇ ਵੀ ਅੰਤ ਨਹੀਂ ਹੁੰਦੀ।
ਮਾਂ ਨੂੰ ਕਿਸ ਨਾਲ ਤਸ਼ਬੀਹ ਦਿਓਗੇ ਕਿਉਂਕਿ ਮਾਂ ਬਰੋਬਰ ਤਾਂ ਕੁਝ ਵੀ ਬਰ ਨਹੀਂ ਮੇਚਦਾ। ਇਸਦੇ ਨਹੀਂ ਕੋਈ ਤੁੱਲ ਅਤੇ ਨਾ ਹੀ ਇਸਦੇ ਬਰਾਬਰ ਹੈ ਕਿਸੇ ਦਾ ਮੁੱਲ।
ਮਾਂ ਕਦੇ ਵੀ ਇਕੱਲੀ ਨਹੀਂ ਹੁੰਦੀ। ਉਸਦੀ ਸੋਚ ਵਿਚ ਵੱਸਦੇ ਨੇਬੱਚੇ, ਆਰ-ਪਰਿਵਾਰ ਅਤੇ ਦੁਨਿਆਵੀ ਸੰਸਾਰ ਜਿਹਨਾਂ ਨੂੰ ਸਮਾਜ ਬਣਾਉਣ ਲਈ ਕਰਦੀ ਰਹਿੰਦੀ ਏ ਆਹਰ।ਉਸਦੇ ਹਰ ਉਦਮ ਦਾ ਹੁੰਦਾ ਏ ਵਿਸਥਾਰ ਜਿਸ ਨਾਲ ਦਿੱਖ ਤੇ ਸੁਹੱਪਣ ਨੂੰ ਮਿਲਦਾ ਨਵਾਂ ਨਿਵੇਕਲਾ ਅਕਾਰ ਅਤੇ ਅਧਾਰ।
ਮਾਂ ਦੀ ਯਾਦ, ਉਸਦੇ ਜਾਣ ਤੋਂ ਬਾਅਦ ਵੀ ਚੇਤਿਆਂ ‘ਚ ਤਰਦੀ। ਤਾਂ ਹੀ ਸ਼ਬਦ ਸਿੱਸਕਦੇ;
ਮਾਂ ਦੀ ਮੌਤ ਤੋਂ ਬਾਅਦ
ਅਕਸਰ ਹੀ ਪਿੰਡ ਫ਼ੋਨ ਕਰਦਾ ਹਾਂ
ਪਰਿਵਾਰ ਦੇ ਮੈਂਬਰ ਫ਼ੋਨ ਚੁੱਕਦੇ
ਰਸਮੀ ਜਹੀਆਂ ਗੱਲਾਂ ਕਰ
ਫੋ ਬੰਦ ਕਰਨ ਦੀ ਕਾਹਲ ਕਰਦੇ
ਤਰਸ ਜਾਦਾ ਹਾਂ
ਕੋਈ ਤਾਂ ਕਹੇਗਾ
ਕਿ ਕਦੋਂ ਆਵੇਂਗਾ?
ਪਰ
ਮੈਂ ਭੁੱਲ ਜਾਂਦਾ ਹਾਂ ਕਿ
ਹੁਣ ਫ਼ੋਨ ਚੁੱਕਣ ‘ਤੇ
ਮਾਂ ਵਾਂਗ
ਕਿਸੇ ਨੇ ਨਹੀਂ ਕਹਿਣਾ,
ઑਵੇ ਪੁੱਤ ਕਦੋਂ ਆਵੇਂਗ਼ਾ?
ਤੇ ਮੈਂ ਫ਼ੋਨ ਵੰਨੀ ਦੇਖਦਾ
ਚੁੱਪ ਹੋ ਜਾਂਦਾ ਹਾਂ।
ਜਿਉਂਦੀਆਂ ਮਾਵਾਂ ਵਾਲਿਓ! ਮਾਵਾਂ ਨੂੰ ਮਿਲ ਕੇ ਸੁੱਤੇ ਸੁਪਨਿਆਂ ਨੂੰ ਸ਼ਰਸ਼ਾਰ ਕੀਤਾ ਜਾ ਸਕਦਾ। ਅਜੇਹਾਉਦਮ ਅਸੀਂ ਸਭ ਨੇ ਕਰਨਾ ਏ। ਪੰਜਾਬੀਆਂ ਤੋਂ ਅਜੇਹੀ ਤਵੱਕੋਂ ਤਾਂ ਕੀਤੀ ਹੀ ਜਾ ਸਕਦੀ ਏ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …