ਪ੍ਰਿੰ. ਸਰਵਣ ਸਿੰਘ
ਇਕਬਾਲ ਨੇ ਪਹਿਲਾ ਸਾਹ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖ਼ਰੀ ਸਾਹ ਟਰਾਂਟੋ ਦੇ ਹਸਪਤਾਲ ਵਿਚ ਲਿਆ। 2000 ਦਾ ਲੱਗਾ ਕੈਂਸਰ ਰੋਗ ਉਸ ਨੂੰ 2017 ਵਿਚ ਲੈਬੈਠਾ। ਕੈਂਸਰ ਵਿਰੁੱਧ 17 ਸਾਲ ਦੇ ਸੰਘਰਸ਼ ਵਿਚ ਉਹ ਕਈ ਵਾਰ ਜਿੱਤਿਆ, ਪਰ ਉਸ ਨਾਮੁਰਾਦ ਬਿਮਾਰੀ ਨੇ ਪੰਜਾਬੀ ਦੇ ਇਸ ਹੀਰੇ ਨੂੰ ਹਰਾ ਕੇ ਹੀ ਦਮ ਲਿਆ। ਉਹ 17 ਜੂਨ ਨੂੰ ਸਵੇਰਸਾਰ ਚੜ੍ਹਾਈ ਕਰ ਗਿਆ। 25 ਜੂਨ ਨੂੰ ਉਸ ਦੀ ਦੇਹ ਅਗਨ-ਭੇਟ ਕਰ ਦਿੱਤੀ ਜਾਵੇਗੀ। ਦੇਹ ਭਾਵੇਂ ਮਿਟ ਜਾਵੇਗੀ ਪਰ ਉਹਦੀਆਂ ਰਚਨਾਵਾਂ ਉਘੜਦੀਆਂ ਰਹਿਣਗੀਆਂ।
ਇਕਬਾਲ ਰਾਮੂਵਾਲੀਆ ਸਾਹਿਤਕ ਹਲਕਿਆਂ ਵਿਚ ਚਰਚਿਤ ਸੀ। ਦੇਸ਼ ਵਿਚ ਵੀ ਤੇ ਬਦੇਸ਼ਾਂ ਵਿਚ ਵੀ। ਪੰਜਾਬੀ ਸਾਹਿਤ ਵਿਚ ਉਹ ਨਵੇਕਲੀ ਥਾਂ ਬਣਾ ਚੁੱਕਾ ਸੀ। ਉਸ ਦੇ ਛੇ ਕਾਵਿ ਸੰਗ੍ਰਹਿ, ਇਕ ਕਾਵਿ-ਨਾਟ, ਇਕ ਕਹਾਣੀ ਸੰਗ੍ਰਹਿ, ਦੋ ਨਾਵਲ, ਸਵੈਜੀਵਨੀ ਦੇ ਦੋ ਭਾਗ ਤੇ ਸੈਂਕੜੇ ਆਰਟੀਕਲ ਛਪੇ ਹਨ। ਉਹ ਨਜ਼ਮ ਤੇ ਨਸਰ ਦੋਹਾਂ ਦਾ ਧਨੀ ਸੀ। ਉਸ ਨੂੰ ਗੱਲ ਕਹਿਣੀ ਵੀ ਆਉਂਦੀ ਸੀ ਤੇ ਕਹਾਉਣੀ ਵੀ। ਉਹਦਾ ਕਾਵਿ-ਨਾਟ ‘ਪਲੰਘ ਪੰਘੂੜਾ’ ਉਸ ਦੀ ਸ਼ਾਹਕਾਰ ਰਚਨਾ ਹੈ ਜਿਸ ਵਿਚ ਉਸ ਨੇ ਕਮਾਲ ਦੀ ਸ਼ਾਇਰੀ ਰਚੀ ਹੈ। ਪੂਰਨ ਭਗਤ ਦੀ ਕਹਾਣੀ ਨੂੰ ਉਸ ਨੇ ਮਨੋਵਿਗਿਆਨਕ ਨਜ਼ਰੀਏ ਤੋਂ ਪੇਸ਼ ਕੀਤਾ ਹੈ ਜਿਸ ਵਿਚ ਉਹ ਸ਼ਿਵ ਕੁਮਾਰ ਨਾਲੋਂ ਵੀ ਡੂੰਘਾ ਉੱਤਰ ਗਿਐ। ਜੀਹਨੇ ਉਹ ਕਿਤਾਬ ਨਹੀਂ ਪੜ੍ਹੀ ਜ਼ਰੂਰ ਪੜ੍ਹ ਕੇ ਵੇਖੇ। ਵੇਖੇ ਕਿ ਪੰਜਾਬੀ ਸ਼ਾਇਰੀ ਕਿਥੇ ਤਕ ਪਹੁੰਚੀ ਹੈ?
ਉਹਦਾ ਜਨਮ ਬਾਪੂ ਕਰਨੈਲ ਸਿੰਘ ਪਾਰਸ ਦੇ ਘਰ ਬੇਬੇ ਦਲਜੀਤ ਕੌਰ ਦੀ ਕੁੱਖੋਂ ਪਾਕਿਸਤਾਨ ਬਣਨ ਤੋਂ ਸਾਲ ਕੁ ਪਹਿਲਾਂ ਹੋਇਆ ਸੀ। ਉਦੋਂ ਉਨ੍ਹਾਂ ਦੇ ਗੁਆਂਢ ਮੁਸਲਮਾਨ ਵੀ ਵਸਦੇ ਸਨ। ਆਪਣੀ ਸਵੈਜੀਵਨੀ ਦਾ ਪਹਿਲਾ ਭਾਗ ‘ਸੜਦੇ ਸਾਜ਼ ਦੀ ਸਰਗਮ’ ਉਹ ਇੰਜ ਸ਼ੁਰੂ ਕਰਦਾ ਹੈ, ”ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਧੂਮ-ਧੜੱਕੇ ਨੂੰ ਮਾਣਨ ਤੋਂ ਬਾਅਦ ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਬਜ਼ਾਰਾਂ ‘ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇਕ ਬਾਹੀ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ਦੀਆਂ ਸੰਘਣੀਆਂ ਲੜੀਆਂ ਬੁੱਢੀ ਮੱਝ ਦੇ ਪਿਚਕੇ ਥਣਾਂ ‘ਚ ਵਟ ਗਈਆਂ ਸਨ।”
‘ਗਲੋਬਲੀ ਛਣਕਾਟ’ ਤੋਂ ਬੁੱਢੀ ਮੱਝ ਦੇ ‘ਪਿਚਕੇ ਥਣਾਂ’ ਦੇ ਬਿੰਬਾਂ ਨਾਲ ਇਕਬਾਲ ਆਪਣੇ ਬਚਪਨ ਵੱਲ ਪਰਤਦਾ ਹੈ। 2000 ਵਿਚ ਉਹ ਬੀਮਾਰ ਪੈ ਜਾਂਦਾ ਹੈ।ਹਸਪਤਾਲ ਵਿਚ ਨਰਸ ਦੀ ਸੇਵਾ ਸੰਭਾਲ ਵਿਚੋਂ ਉਸ ਨੂੰ ਰਾਮੂਵਾਲੇ ਦੀ ਮੁਸਲਮਾਨ ਔਰਤ ਗੁਜਰੀ ਦਾ ਚਿਹਰਾ ਦਿਸਣ ਲੱਗਦਾ ਹੈ। ਪਹਿਲੇ ਕਾਂਡ ਦਾ ਨਾਂ ਹੀ ਉਸ ਨੇ ‘ਗੁਜਰੀ ਮਰਦੀ ਨਹੀਂ’ ਰੱਖਿਆ ਹੈ। ਉਹ ਆਪਣੇ ਜਨਮ ਤੋਂ ਸਵੈਜੀਵਨੀ ਬਿਆਨ ਕਰਨ ਲੱਗਦਾ ਹੈ। ਉਸ ਦੇ ਜਨਮ ਸਮੇਂ ਉਹਦੀ ਮਾਂ ਨੂੰ ਦੁੱਧ ਨਹੀਂ ਸੀ ਉੱਤਰ ਰਿਹਾ। ਜਨਮ ਤੋਂ ਲੈ ਕੇ ਡੇਢ ਸਾਲ ਤਕ ਉਹ ਮੁਸਲਮਾਨ ਗੁਆਂਢੀ ਸਮਦੂ ਦੀ ਬੇਔਲਾਦ ਔਰਤ ਗੁਜਰੀ ਦੇ ਦੁੱਧ ‘ਤੇ ਪਲਿਆ। ਇਹੋ ਕਾਰਨ ਹੈ ਕਿ ਆਂਢੀ-ਗੁਆਂਢੀ ਉਸ ਨੂੰ ‘ਗੁਜਰੀ-ਆਲਾ’ ਕਹਿੰਦੇ ਰਹੇ।
ਇਕਬਾਲ ਦੀ ਬੇਬੇ ਦਸਦੀ ਹੁੰਦੀ ਸੀ, ”ਤੇਰਾ ਜਨਮ ਐ ਫੱਗਣ ਦੇ ਪਹਿਲੇ ਪੱਖ ਦਾ। ਮੈਂ, ਕਾਕਾ, ਤੇਰੇ ਜਨਮ ਤੋਂ ਪਹਿਲਾਂ ਬਹੁਅਅਤ ‘ਬਮਾਰ’ ਹੋ ਗੀ ਸੀ… ਉਲਟੀਆਂ… ਮਰੋੜੇ… ਬੱਸ ਸਾਰੀ ਦਿਅ੍ਹਾੜੀ ਜੀਅ ਕੱਚਾ-ਕੱਚਾ ਹੋਈ ਜਾਇਆ ਕਰੇ… ਜਦੋਂ ਤੂੰ ਜਨਮਿਆਂ ਤਾਂ ਮੇਰੇ, ਕਾਕਾ, ਦੁੱਧ ਈ ਨਾ ਉਤਰਿਆ। ਤੂੰ ਕੁਰਲਾਇਆ, ਕੁਰਲਾਇਆ… ਤੇ ਕੁਰਲਾਉਂਦਾ ਕੁਰਲਾਉਂਦਾ ਨੀਲਾ ਹੋਣ ਲੱਗਾ।”
ਇਕਬਾਲ ਲਿਖਦੈ, ”ਗੁਜਰੀ ਨੇ ਮੈਨੂੰ ਬੇਬੇ ਦੀ ਗੋਦੀ ‘ਚੋਂ ਚੁੱਕਿਆ ਤੇ ਆਪਣੀ ਛਾਤੀ ਨਾਲ ਲਾ ਲਿਆ। ਵਿਰਾਉਂਦੀ-ਵਿਰਾਉਂਦੀ ਨੂੰ ਪਤਾ ਨੀ ਕੀ ਸੁੱਝੀ, ਬਈ ਕੁੜਤੀ ਚੁੱਕ ਕੇ ਆਪਣੀ ਛਾਤੀ ਮੇਰੇ ਮੂੰਹ ‘ਚ ਕਰ ਦਿੱਤੀ।”
ਬੇਬੇ ਦੱਸਦੀ ਸੀ, ”ਭਾਣਾ ਰੱਬ ਦਾ… ਉਹਦੀਆਂ ਤਾਂ ਭਾਈ, ਛਾਤੀਆਂ ‘ਚ ਦੁੱਧ ਉੱਤਰ ਆਇਆ।”
ਉਹੀ ਗੁਜਰੀ, ਜਿਸ ਦਾ ਦੁੱਧ ਇਕਬਾਲ ਦੇ ਲਹੂ ਵਿਚ ਰਚਿਆ ਹੋਇਆ ਸੀ, 1947 ਦੀ ਮਾਰ-ਧਾੜ ‘ਚ ਮਾਰੀ ਗਈ। ਇਕਬਾਲ ਕਵੀ ਹੈ, ਕਹਾਣੀਕਾਰ ਹੈ, ਉਹ ਆਪਣੀ ਸਵੈਜੀਵਨੀ ਵਿਚ ਵੀ ਇਹੋ ਕੁਝ ਹੈ। ਆਓ ਉਹਦਾ ਲਿਖਿਆ ਹੀ ਪੜ੍ਹੀਏ। ਉਹਦੀ ਬੇਬੇ ਦੱਸਦੀ ਸੀ, ”ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇ ‘ਚ ਵੜੀ, ਪਿੱਛੇ-ਪਿੱਛੇ ਮੈਂ ਤੇ ਤੇਰਾ ਬਾਪੂ ਸੀ। ਤੂੰ, ਕਾਕਾ, ਗੁਜਰੀ ਦੇ ਪੱਟਾਂ ‘ਤੇ ਸੁੱਤਾ ਪਿਆ ਸੀ। ਸਿਪਾਹੀ, ਅਕਬਾਲ ਸਿਅ੍ਹਾਂ, ਗੁਜਰੀ ਨੂੰ ਤੇਰੇ ਸਮੇਤ ਈ ਧੂਹ ਕੇ ਜੀਪ ਕੋਲ ਲੈ ਗਏ। ਮੈਂ ਤੇ ਤੇਰਾ ਬਾਪੂ ਮਗਰ-ਮਗਰ। …ਛੱਡ ਦਿਓ ਅਬਲਾ ਨੂੰ, ਜਾਲਮੋਂ! ਮੈਨੂੰ ਮੇਰੀ ਮਾਂ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ। ਦੇਖਿਓ ਮੇਰਾ ਮੁੰਡਾ ਨਾ ਮਾਰ ਦਿਓ! ਦੋ-ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਹਾਂ ਮਰੋੜ ਕੇ ਮੈਨੂੰ ਉਸ ਦੀ ਬੁਕਲ ‘ਚੋਂ ਮੂਲੀ ਵਾਂਗ ਪੱਟ ਲਿਆ। ਜੀਪ ਦਾ ਪਿਛਲਾ ਹਿੱਸਾ ਹੇਠਾਂ ਨੂੰ ਡਿੱਗਿਆ, ਤੇ ਜੀਪ ‘ਚ ਸੁੱਟੀਆਂ ਪਾਕਿਸਤਾਨ ਦੀਆਂ ਦੋ ਫਾਕੜਾਂ ਭੀੜ ਦੀਆਂ ਨਜ਼ਰਾਂ ਤੋਂ ਉਹਲੇ ਹੋ ਗਈਆਂ। ਉਹ…ਉਹ ਬੱਸ… ਜੀਪ ‘ਚ ਹੀ ਪੂਰੀ ਹੋ ਗਈ।”
ਦੇਸ਼-ਵੰਡ ਦਾ ਪੰਜਾਬੀਆਂ ਨਾਲ ਵਰਤਿਆ ਉਹ ਭਾਣਾ ਬੇਹੱਦ ਮਾੜਾ ਸੀ।
ਇਕਬਾਲ ਦੀ ਵਾਰਤਕ ਨਿਆਰੀ ਹੈ। ਸਿਰ ਤੋਂ ਪੈਰਾਂ ਤਕ ਅਲੰਕਾਰਾਂ ਨਾਲ ਸ਼ਿੰਗਾਰੀ ਹੋਈ, ਜੀਹਦਾ ਲਿਸ਼ਕਾਰਾ ਪਾਠਕਾਂ ਨੂੰ ਮੋਹਣ ਵਾਲਾ ਹੈ। ਪਾਠਕ ਅਜਿਹੀ ਵਾਰਤਕ ਰੁਕ-ਰੁਕ ਕੇ ਘੁੱਟ-ਘੁੱਟ ਪੜ੍ਹਦੇ ਹਨ। ‘ਸੜਦੇ ਸਾਜ਼ ਦੀ ਸਰਗਮ’, ‘ਬਰਫ਼ ਵਿਚ ਉੱਗਣ’, ‘ਗੁੰਗੀ ਪਤਝੜ’, ‘ਹਵਾ ਨੂੰ ਤਰਸਦੇ ਪੱਤੇ’, ‘ਭਾਫ਼ ਦੇ ਸਾਹ ਲੈਂਦੀ ਧਰਤੀ’, ‘ਨਲਕੇ ਦੀ ਖੰਘ’, ‘ਚਾਨਣ ਦੇ ਸਿਰਨਾਵੇਂ’, ‘ਕੁੰਡੇ ਨਾਲ ਜਿੰਦਰੇ ਦਾ ਮਿਲਾਪ’, ‘ਕਿਸਾਨਾਂ ਦੀਆਂ ਪੈਲ਼ੀਆਂ ਵੱਲ ਸੇਧਤ ਬਾਣੀਆਂ ਦੇ ਵਹੀ-ਖਾਤਿਆਂ ਦਾ ਟੀਰ’, ‘ਬਿਰਛਾਂ ਦੀਆਂ ਗੰਜੀਆਂ ਟਾਹਣੀਆਂ ਨੂੰ ਝੰਜੋੜਦਾ ਭੂਸਰਿਆ ਹੋਇਆ ਠੱਕਾ’ ਤੇ ‘ਮਹੀਨੇ ਦੇ ਵੀਹ ਕੁ ਪੁਲਾਂਘਾਂ ਪੁੱਟਣ’ ਦੇ ਸ਼ਬਦ-ਚਿਤਰ ਇਕਬਾਲ ਹੀ ਉਲੀਕ ਸਕਦੈ। ਵਰਿਆਮ ਸੰਧੂ ਨੇ ਇਕਬਾਲ ਦੀ ਵਾਰਤਕ ਨੂੰ ਅਨੂਠੀ ਤੇ ਅਦੁੱਤੀ ਕਿਹਾ ਹੈ।
ਲਿਖਿਆ ਹੈ, ”ਇਹ ਵਾਰਤਕ ਰਚਨਾ ਉਹਦੇ ਲਹੂ ਚੋਂ ਕਸ਼ੀਦ ਹੋ ਕੇ ਨਿਕਲੀ ਹੈ। ਇਸ ਵਿਚ ਉਹਦਾ ਸੁਪਨਾ ਵੀ ਹੈ ਤੇ ਉਮਰ ਭਰ ਦਾ ਸੰਘਰਸ਼ ਵੀ। ਹਰੇਕ ਲੇਖਕ ਆਪਣੀ ਲਿਖਤ ਵਿਚ ਆਪਣੇ ਸੁਪਨੇ ਤੇ ਸੰਘਰਸ਼ ਦੀ ਹੀ ਬਾਤ ਪਾਉਂਦਾ ਹੈ। ਇਸ ਕਰਕੇ ਇਹ ਕੋਈ ਅਲੋਕਾਰ ਗੱਲ ਵੀ ਨਹੀਂ। ਅਲੋਕਾਰ ਗੱਲ ਤਾਂ ਇਹ ਹੈ ਕਿ ਇਸ ਅੰਦਾਜ਼ ਵਿਚ ਇਹ ਬਾਤ ਅੱਜ ਤੱਕ ਕਿਸੇ ਲੇਖਕ ਨੇ ਨਹੀਂ ਸੀ ਪਾਈ। ਇਸ ਲਿਖਤ ਦਾ ਮੁੱਲ ਲਿਖਣ ਦੇ ਏਸੇ ਅਨੂਠੇ ਤੇ ਅਲੋਕਾਰੀ ਅੰਦਾਜ਼ ਵਿਚ ਪਿਆ ਹੈ। ਇਕਬਾਲ ਦੇ ਏਸੇ ਅਨੂਠੇ ਅਲੋਕਾਰੀ ਅਤੇ ਅਦੁੱਤੀ ਅੰਦਾਜ਼ ਨੂੰ ਮੇਰਾ ਸਲਾਮ ਹੈ।” ਇਕਬਾਲ ਬੁਨਿਆਦੀ ਤੌਰ ‘ਤੇ ਕਵੀ ਸੀ ਜੋ ਆਪਣੀ ਵਾਰਤਕ ਵਿਚ ਵੀ ਬਿਰਾਜਮਾਨ ਰਹਿੰਦਾ ਸੀ। ਜਦੋਂ ਉਹ ‘ਖ਼ਬਰਨਾਮਾ’ ਅਖ਼ਬਾਰ ਦੀਆਂ ਸੰਪਾਦਕੀਆਂ ਲਿਖਦਾ ਸੀ ਤਾਂ ਉਹਦੇ ਐਡੀਟੋਰੀਅਲ, ਸ਼ਾਇਰੀਟੋਰੀਅਲ ਹੁੰਦੇ ਸਨ। ਪੰਜਾਬੀ ਵਿਚ ਉਸ ਨੇ ਨਵੀਂ ਵਾਰਤਕ ਸ਼ੈਲੀ ਸਿਰਜੀ ਜਿਸ ਨੂੰ ‘ਇਕਬਾਲ ਸ਼ੈਲੀ’ ਕਿਹਾ ਜਾ ਸਕਦੈ। ਇਕਬਾਲ ਦੀ ਸਵੈਜੀਵਨੀ ਕੇਵਲ ਉਸ ਦੇ ਜੀਵਨ ‘ਤੇ ਹੀ ਝਾਤ ਨਹੀਂ ਪੁਆਉਂਦੀ ਸਗੋਂ ਉਹਦੇ ਜਨਮ ਤੋਂ ਲੈ ਕੇ ਹੁਣ ਤਕ ਦੇ ਪੰਜਾਬ ਅਤੇ ਕੈਨੇਡਾ ਦੇ ਜੀਵਨ ਹਾਲਾਤ ਵੀ ਪੇਸ਼ ਕਰਦੀ ਹੈ। ਇਹ ਪੁਸਤਕ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਸਮੁੱਚੇ ਰਾਮੂਵਾਲੀਏ ਪਰਿਵਾਰ ਦਾ ਪੂਰਾ ਥਹੁ ਪਤਾ ਦਿੰਦੀ ਹੈ। ਪਹਿਲੇ ਭਾਗ ਦੇ ਕੁਝ ਕਾਂਡਾਂ ਦੇ ਸਿਰਲੇਖ ਹਨ: ਸੜਦੀਆਂ ਤਲ਼ੀਆਂ, ਛਾਂ ਦੀ ਤਲਾਸ਼, ਕਵੀਸ਼ਰੀ ਨਾਲ ਪਹਿਲੀ ਛੇੜਖਾਨੀ, ਖਿੜ ਉੱਠੀ ਕਵੀਸ਼ਰੀ, ਠੁਰਕਦੇ ਹੱਥ, ਤੂੰਬੀ ਦੀ ਤੁਣ ਤੁਣ, ਲੋਹੇ ਦੀ ਬੱਕੀ, ਭੂਤਾਂ ਦੇ ਚੁਬਾਰੇ ਵਿਚ, ਪਹਿਲੀ ਰੋਟੀ, ਲਾਲ ਮੌਜੇ ਤੇ ਸੁਖਸਾਗਰ ਦੀਆਂ ਲਹਿਰਾਂ ‘ਚ।
ਸਵੈਜੀਵਨੀ ਦੇ ਪਹਿਲੇ ਭਾਗ ਵਿਚ ਉਸ ਨੇ ਬਚਪਨ, ਚੜ੍ਹਦੀ ਜੁਆਨੀ, ਕਵੀਸ਼ਰੀ ਤੇ ਗਾਇਕੀ ਅਤੇ ਨੌਕਰੀ ਤੇ ਵਿਆਹ ਤਕ ਦਾ ਬਿਰਤਾਂਤ ਪੇਸ਼ ਕੀਤਾ ਹੈ। ਉਹ ਲਿਖਦੈ, ”ਜਦੋਂ ਮੈਂ ਗਾਇਕੀ, ਸਾਜ਼ਿੰਦਗੀ ਤੇ ਸਾਹਿਤ ਰਚਨਾ ਨਾਲ ਆਪਣੀ ਗੂੜ੍ਹੀ ਸਾਂਝ ਉੱਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਜਾਪਦੈ ਮੇਰੇ ਅੰਦਰ ਲਫ਼ਜ਼ਾਂ ਦਾ ਮੋਹ ਤੇ ਸੁਰ-ਤਾਲ ਨਾਲ ਇੱਕਮਿੱਕ ਹੋਣ ਦੇ ਥੋੜ੍ਹੇ-ਬਹੁਤੇ ਬੀਜ ਕੁਦਰਤ ਵੱਲੋਂ ਹੀ ਖਿਲਾਰੇ ਹੋਏ ਸਨ। ਬਾਪੂ ਕਵੀਸ਼ਰੀ ਲਿਖਣ ਗਾਉਣ ਤੇ ਸੰਗੀਤ ਦਾ ਅਭਿਆਸੀ ਸੀ। ਬਚਪਨ ਵੱਲ ਜਿਥੋਂ ਤੱਕ ਮੇਰੀ ਸੁਰਤ ਪਰਤਦੀ ਹੈ, ਓਦੋਂ ਤੋਂ ਹੀ ਸਾਡੇ ਥੁੜ੍ਹਾਂ ਭੋਗਦੇ ਘਰ ‘ਚ, ਕਵੀਸ਼ਰੀ-ਰਚਨਾ ਦੇ ਰੂਪ ਵਿਚ ਕਾਵਿਕ-ਲਫ਼ਜ਼ ਛਣਕਦੇ ਆ ਰਹੇ ਸਨ। ਸਾਡੇ ਘਰ ਦੀਆਂ ਕੰਧਾਂ ਨੂੰ, ਗਾਇਕੀ ਦੀਆਂ ਲੈਆਂ, ਸਾਰੰਗੀਆਂ ਦੀਆਂ ਹੂਕਾਂ ਤੇ ਢੱਡਾਂ ਦੀ ‘ਢਊਂ-ਢਊਂ’ ਸੁਣਨ ਦਾ ‘ਅਮਲ’ ਲੱਗ ਚੁੱਕਾ ਸੀ।”
ਸਵੈਜੀਵਨੀ ਦੇ ਦੂਜੇ ਭਾਗ ‘ਬਰਫ਼ ਵਿਚ ਉਗਦਿਆਂ’ ਦੇ ਸਰਵਰਕ ਉਤੇ ਰਘਬੀਰ ਸਿੰਘ ‘ਸਿਰਜਣਾ’ ਨੇ ਲਿਖਿਆ ਹੈ, ”ਜਿਸ ਸਹਿਜ ਕਲਾਤਮਕਤਾ ਨਾਲ ਜ਼ਿੰਦਗੀ ਦੇ ਨਾਟਕੀ ਮੋੜਾਂ ਅਤੇ ਉਤਰਾਵਾਂ-ਚੜ੍ਹਾਵਾਂ ਨੂੰ ਇਕਬਾਲ ਰਾਮੂਵਾਲੀਆ ਨੇ ਆਪਣੀ ਸਵੈਜੀਵਨੀ ਵਿਚ ਅੰਕਿਤ ਕੀਤਾ ਹੈ, ਅਜਿਹੀ ਕਲਾਤਮਕਤਾ, ਮੇਰੀ ਜਾਚੇ, ਕਿਸੇ ਹੋਰ ਜੀਵਨੀਕਾਰ ਵਿਚ ਘੱਟ ਹੀ ਨਜ਼ਰ ਆਈ ਹੈ। ਭਰਪੂਰ ਸ਼ਬਦ-ਭੰਡਾਰ, ਅਣੋਖੇ ਸ਼ਬਦ-ਜੁੱਟਾਂ ਅਤੇ ਮੁਹਾਵਰਿਆਂ ਨਾਲ ਪਰੁੱਚੀ ਆਪਣੀ ਭਾਂਤ ਦੀ ਵਾਕ ਬਣਤਰ ਵਾਲੀ ਇਕਬਾਲ ਦੀ ਰਸਿਕ ਵਾਰਤਕ ਸ਼ੈਲੀ ਇਕ ਦਮ ਨਿਵੇਕਲਾ ਪ੍ਰਭਾਵ ਸਿਰਜਦੀ ਹੈ।”
ਇਸ ਭਾਗ ਵਿਚ ਕਾਂਡਾਂ ਦੇ ਕੁਝ ਸਿਰਲੇਖ ਹਨ: ਖੀਸੇ ‘ਚ ਟਿਮਕਦੇ ਜੁਗਨੂੰ, ਲੋਹੇ ਦੀਆਂ ਕਿਸ਼ਤਾਂ, ਗੁੰਗੀ ਪਤਝੜ, ਹੱਥਾਂ ਉਪਰ ਪਹਿਨੇ ਬੂਟ, ਸਨੋਅ ਨਾਲ ਮੁਠਭੇੜ, ਗਿੱਚੀ ‘ਚ ਪੁੜਿਆ ਸਟੀਅਰਿੰਗ, ‘ਨਜ਼ਮਾਂ’ ਦਾ ਜਨਮ ਦਿਨ, ਨਿਆਗਰਾ ਦੀਆਂ ਧਾਰਾਂ ਉਪਰ ਚੜ੍ਹ ਰਹੀ ਮੱਛੀ ਤੇ ਕੁਹਾੜਾ ਆਦਿ। ਇਸ ਭਾਗ ਵਿਚ ਕੈਨੇਡਾ ਜਾਣ, ਕਰੜਾ ਸੰਘਰਸ਼ ਕਰਨ ਯਾਨੀ ਕਿ ਬਰਫ਼ ਵਿਚ ਉੱਗਣ ਦਾ ਅਜਿਹਾ ਬਿਰਤਾਂਤ ਹੈ ਜੋ ਕੈਨੇਡਾ ਜਾਣ ਲਈ ਲੂਹਰੀਆਂ ਲੈਂਦੇ ਨੌਜਵਾਨਾਂ ਲਈ ਰਾਹਦਸੇਰਾ ਹੋ ਸਕਦਾ ਹੈ।
ਸੁਰਿੰਦਰ ਧੰਜਲ ਇਸ ਪੁਸਤਕ ਦੇ ਮੁਖਬੰਦ ‘ਬਰਫ਼ ਵਿਚ ਉੱਗੀ ਕਲਮ: ਇਕਬਾਲ’ ਦੇ ਸਿਰਲੇਖ ਹੇਠ ਲਿਖਦਾ ਹੈ, ”ਇਕਬਾਲ ਲਾਸਾਨੀ ਸ਼ਬਦ-ਚਿਤਰ ਦਾ ਉਸਤਾਦ ਹੈ। ਸ਼ਬਦ-ਚਿਤਰਾਂ ਨੂੰ ਇਕਬਾਲ ਇਸ ਤਰ੍ਹਾਂ ਬੀੜਦਾ ਅਤੇ ਲਾਡ ਲਡਾਉਂਦਾ ਹੈ ਕਿ ਸ਼ਬਦਾਂ ਦੇ ਗੁੱਝੇ ਅਰਥਾਂ ਦੇ ਨਾਲ਼ ਨਾਲ਼, ਸਾਡੀ ਦਿਮਾਗੀ ਧੁੰਦ ਨੂੰ ਚੀਰਦੇ ਹੋਏ ਨਵੇਂ-ਨਕੋਰ ਅਰਥ ਵੀ ਲਿਸ਼ਕਾਰੇ ਮਾਰਨ ਲੱਗਦੇ ਹਨ। ਉਸ ਦੀ ਲੇਖਣੀ ‘ਚ ਸਾਡੇ ਬਹੁਤੇ ਵਾਰਤਕਕਾਰਾਂ ਵਾਂਗ ਕੋਈ ਸ਼ਰਾਰਤ ਨਹੀਂ, ਸਗੋਂ ਇਕ ਵਿਸ਼ੇਸ਼ ਕਿਸਮ ਦੀ ਮਾਸੂਮੀਅਤ ਝਲਕਾਰੇ ਮਾਰਦੀ ਹੈ।”
ਇਕਬਾਲ ਨੇ ਰਾਮੂਵਾਲੇ ਤੋਂ ਸਕੂਲੀ ਪੜ੍ਹਾਈ, ਮੋਗੇ ਤੋਂ ਕਾਲਜੀ ਤੇ ਸਰਕਾਰੀ ਕਾਲਜ ਲੁਧਿਆਣੇ ਤੋਂ ਅੰਗਰੇਜ਼ੀ ਦੀ ਐਮ.ਏ. ਕੀਤੀ ਸੀ। ਉਸ ਨੇ ਕਵਿਤਾ ਲਿਖੀ, ਕਵੀਸ਼ਰੀ ਕੀਤੀ, ਗਾਇਆ ਵਜਾਇਆ ਤੇ ਗੁਰੂਸਰ ਸੁਧਾਰ ਕਾਲਜ ਵਿਚ ਪੜ੍ਹਾਇਆ। ਉਥੇ ਉਹ ਅੰਗਰੇਜ਼ੀ ਦਾ ਲੈਕਚਰਾਰ ਹੁੰਦਾ ਸੀ ਤੇ ਫਿਰ ਟਰਾਂਟੋ ਵਿਚ ਸਕੂਲ ਅਧਿਆਪਕ ਰਿਹਾ। ਕਵਿਤਾ, ਕਹਾਣੀ ਤੇ ਲੇਖ ਲਿਖਦਾ ਉਹ ਨਾਵਲ ਲਿਖਣ ਲੱਗ ਪਿਆ ਸੀ। ਜੀਹਦੇ ਕੋਲ ਸ਼ਬਦ-ਭੰਡਾਰ ਦੀ ਅਮੀਰੀ ਤੇ ਮੌਲਿਕ ਲਿਖਣ ਸ਼ੈਲੀ ਹੋਵੇ ਉਹ ਕਿਸੇ ਵੀ ਸਾਹਿਤ ਰੂਪ ਉਤੇ ਹੱਥ ਅਜ਼ਮਾ ਸਕਦੈ। ਇਹੋ ਕੁਝ ਇਕਬਾਲ ਨੇ ਕੀਤਾ। ਉਸ ਦਾ ਅੰਗਰੇਜ਼ੀ ਵਿਚ ਲਿਖਿਆ ਨਾਵਲ ‘ਦਾ ਡੈੱਥ ਆਫ਼ ਏ ਪਾਸਪੋਰਟ’ ਪੜ੍ਹਨ ਪਿੱਛੋਂ ਮੈਂ ਉਸ ਨੂੰ ਸਲਾਹ ਦਿੱਤੀ ਸੀ ਕਿ ਉਸ ਨੂੰ ਪੰਜਾਬੀ ਵਿਚ ਵੀ ਲਿਖੇ। ਉਹ ਅਨੁਵਾਦ ਕਰਵਾਉਣ ਲੱਗਾ ਸੀ। ਮੈਂ ਜ਼ੋਰ ਪਾਇਆ ਕਿ ਇਹ ਨਾਵਲ ਮੌਲਿਕ ਰੂਪ ਵਿਚ ਪੰਜਾਬੀ ‘ਚ ਲਿਖਿਆ ਜਾਣਾ ਚਾਹੀਦੈ। ਮੈਨੂੰ ਪਤਾ ਸੀ ਕਿ ਇਕਬਾਲ ਕੋਲ ਪੰਜਾਬੀ ਭਾਸ਼ਾ ਦੀ ਅਜਿਹੀ ਸਮਰੱਥਾ ਹੈ ਕਿ ਉਹ ਨਾਵਲ ਵਿਚ ਨਵੀਂ ਜਾਨ ਫੂਕ ਦੇਵੇਗਾ। ਮੌਲਿਕ ਰਚਨਾ ਦੀ ਆਪਣੀ ਤਾਜ਼ਗੀ ਹੁੰਦੀ ਹੈ। ਜੇਕਰ ਉਹ ਨਾਵਲ ਅੰਗਰੇਜ਼ੀ ਦਾ ਸਿੱਧਾ ਅਨੁਵਾਦ ਹੁੰਦਾ ਤਾਂ ਬੇਹਾ ਬੇਹਾ ਲੱਗਦਾ। ਕੋਈ ਲੇਖਕ ਜਿੰਨਾ ਵਧੀਆ ਆਪਣੀ ਮਾਂ ਬੋਲੀ ‘ਚ ਲਿਖ ਸਕਦੈ ਉਨਾ ਹੋਰ ਜ਼ੁਬਾਨ ਵਿਚ ਨਹੀਂ ਲਿਖ ਸਕਦਾ। ਬਲਵੰਤ ਗਾਰਗੀ ਦੀ ਮਿਸਾਲ ਲੈ ਲਓ। ਇਕ ਪਾਸੇ ਉਹਦੀ ‘ਨੇਕਡ ਟਰੈਂਗਲ’ ਰੱਖ ਲਓ ਤੇ ਦੂਜੇ ਪਾਸੇ ‘ਨੰਗੀ ਧੁੱਪ’। ਜੋ ਸ਼ਿੱਦਤ ਨੰਗੀ ਧੁੱਪ ਵਿਚ ਹੈ ਉਹ ਨੇਕਡ ਟਰੈਂਗਲ ਵਿਚ ਨਹੀਂ।
ਨੰਗੀ ਧੁੱਪ ਦੀ ਤਾਜ਼ਗੀ, ਨਿੱਘ ਤੇ ਚਮਕ ਦਾ ਆਪਣਾ ਜਲੌਅ ਹੈ। ਇਕਬਾਲ ਦੇ ਨਾਵਲ ‘ਮੌਤ ਇਕ ਪਾਸਪੋਰਟ ਦੀ’ ਦਾ ਵੀ ਆਪਣਾ ਜਲੌਅ ਹੈ। ਇਕਬਾਲ ਨੇ ਤੀਹ ਵਰ੍ਹੇ ਪੰਜਾਬ ਦੀ ਤੇ ਚਾਲੀ ਵਰ੍ਹੇ ਕੈਨੇਡਾ ਦੀ ਖ਼ਾਕ ਛਾਣੀ। ਉਹ ਕੈਨੇਡੀਅਨ ਅਧਿਆਪਕ ਲੱਗਣ ਤੋਂ ਪਹਿਲਾਂ ਕੈਨੇਡਾ ਦਾ ਮਜ਼ਦੂਰ ਬਣਿਆ, ਰੈਸਟੋਰੈਂਟਾਂ ਦੀਆਂ ਪਲੇਟਾਂ ਸਾਫ ਕਰਦਾ ਰਿਹਾ, ਸਕਿਉਰਿਟੀ ਗਾਰਡ ਦੀ ਡਿਊਟੀ ਦਿੱਤੀ ਤੇ ਟੈਕਸੀ ਵਾਹੀ। ਕੈਨੇਡਾ ਦੀ ਤਿਲ੍ਹਕਣੀ ਧਰਤੀ ‘ਤੇ ਪੈਰ ਜਮਾਉਣ ਲਈ ਜਿਹੋ ਜਿਹੇ ਜਫ਼ਰ ਕਿਸੇ ਨਵੇਂ ਪਰਵਾਸੀ ਨੂੰ ਜਾਲਣੇ ਪੈਂਦੇ ਹਨ ਉਸ ਨੂੰ ਵੀ ਜਾਲਣੇ ਪਏ। ਉਸ ਨੇ ਵਾਟਰਲੂ, ਡਲਹੌਜ਼ੀ ਤੇ ਯੌਰਕ ਦੀਆਂ ਯੂਨੀਵਰਸਿਟੀਆਂ ਤੋਂ ਕੋਰਸ ਪਾਸ ਕੀਤੇ ਅਤੇ ਅਧਿਆਪਕ ਬਣਿਆ ਜਿਥੇ ਉਸ ਦਾ ਵਾਹ ਅਨੇਕਾਂ ਰੰਗਾਂ ਤੇ ਨਸਲਾਂ ਦੇ ਵਿਦਿਆਰਥੀਆਂ ਨਾਲ ਪਿਆ। ਉਹ ਪੰਜਾਬੀ ਤੇ ਅੰਗਰੇਜ਼ੀ ਦੇ ਸਾਹਿਤਕ ਸੈਮੀਨਾਰਾਂ ਦੀ ਸ਼ਾਨ ਸੀ।ਚੋਟੀ ਦਾ ਬੁਲਾਰਾ ਸੀ।
ਇਕ ਦਿਨ ਉਸ ਨੇ ਦੱਸਿਆ ਬਈ ਬਾਪੂ ਜੀ ਦਾ ਜਥਾ ਕਲਕੱਤੇ ਪ੍ਰੋਗਰਾਮ ‘ਤੇ ਗਿਆ ਹੋਇਆ ਸੀ। ਓਧਰ ਕਈ ਹਫ਼ਤੇ ਲੱਗ ਜਾਣੇ ਸਨ। ਉਦੋਂ ਉਹ ਸੱਤਵੀਂ ‘ਚ ਪੜ੍ਹਦਾ ਸੀ, ਬਲਵੰਤ ਦਸਵੀਂ ਤੇ ਰਛਪਾਲ ਹਾਲੇ ਪੰਜਵੀਂ ‘ਚ ਸੀ। ਪਿਓ ਦੀ ਗ਼ੈਰ ਹਾਜ਼ਰੀ ਵਿਚ ਪੁੱਤਾਂ ਨੂੰ ਸਕੀਮ ਸੁੱਝੀ। ਉਹ ਆਪਣਾ ਹੀ ਜਥਾ ਬਣਾ ਕੇ ਗੁਆਂਢੀ ਪਿੰਡ ਦੇ ਇਕ ਵਿਆਹ ਵਿਚ ਗਾਉਣ ਚਲੇ ਗਏ ਤੇ ਉਥੋਂ ਡੂਢ ਦੋ ਸੌ ਰੁਪਏ ਦੇ ਇਨਾਮ ਮਾਠ ਲਿਆਏ। ਘਰ ਆ ਕੇ ਮਾਂ ਨੂੰ ਦੱਸਿਆ ਤਾਂ ਮਾਂ ਨੇ ਝਿੜਕੇ ਕਿ ਆ ਲੈਣ ਦਿਓ ਥੋਡੇ ਪਤੰਦਰ ਨੂੰ…।
ਪਰ ਉਹ ਆਪਣੀ ਆਈ ਤੋਂ ਨਾ ਟਲੇ। ਪਾਰਸ ਹੋਰਾਂ ਦੇ ਪਰਤਣ ਤਕ ਉਨ੍ਹਾਂ ਦਾ ਜਥਾ ਵਾਹਵਾ ਰਵਾਂ ਹੋ ਗਿਆ। ਪਾਰਸ ਨੂੰ ਕੋਈ ਸੱਜਣ ਪੁੱਛਣ ਆਇਆ ਕਿ ਪ੍ਰੋਗਰਾਮ ਦੇ ਕਿੰਨੇ ਪੈਸੇ ਲਓਗੇ? ਪਾਰਸ ਨੇ ਮਿਥਿਆ ਰੇਟ ਦੱਸ ਦਿੱਤਾ। ਫਿਰ ਉਹ ਮੁੰਡਿਆਂ ਦੇ ਜਥੇ ਦਾ ਰੇਟ ਪੁੱਛਣ ਲੱਗਾ। ਉਹ ਦਰਅਸਲ ਮੁੰਡਿਆਂ ਦਾ ਜਥਾ ਈ ਬੁੱਕ ਕਰਨ ਆਇਆ ਸੀ। ਪਾਰਸ ਹੈਰਾਨ ਰਹਿ ਗਿਆ। ਮਿਲਣ ਆਇਆ ਸੱਜਣ ਤਾਂ ਪਾਰਸ ਨੇ ਤੋਰ ਦਿੱਤਾ ਪਰ ਪੁੱਤਰ ਸੱਦ ਲਏ। ਨਾਲੇ ਅੱਖਾਂ ‘ਚੋਂ ਹੰਝੂ ਵਹਾਈ ਜਾਵੇ ਤੇ ਨਾਲੇ ਆਖੀ ਜਾਵੇ, ਜੇ ਗਾਉਣਾ ਤਾਂ ਸੂਈ ਦੇ ਨੱਕੇ ‘ਚੋਂ ਲੰਘਣਾ ਪਊ। ਮੇਰੀ ਤਸੱਲੀ ਤਦ ਹੋਊ ਜੇ ਕਰਨੈਲ ਦੇ ਪੁੱਤ ਉਹਤੋਂ ਦੋ ਰੱਤੀਆਂ ਉਤੋਂ ਦੀ ਹੋਣ।
ਦੋ ਰੱਤੀਆਂ ਉਤੋਂ ਦੀ ਕਰਨ ਲਈ ਫਿਰ ਪਿਉ ਨੇ ਪੁੱਤਾਂ ਦੀ ਕਰੜੀ ਮਸ਼ਕ ਕਰਵਾਈ। ਉਚਾਰਨ ਠੀਕ ਕੀਤਾ ਤੇ ਸ਼ੀਸ਼ੇ ਸਾਹਮਣੇ ਖੜ੍ਹਾਅ ਕੇ ਹੱਥ ਦੀ ਵਾੱਲੀ ਮਾਰਨੀ ਸਿਖਾਈ। ਉਸੇ ਅਭਿਆਸ ਦਾ ਨਤੀਜਾ ਸੀ ਕਿ 60ਵਿਆਂ ਵਿਚ ਰਾਮੂਵਾਲੀਏ ਭਰਾਵਾਂ ਦਾ ਕਵੀਸ਼ਰੀ/ਢਾਡੀ ਜਥਾ ਪੰਜਾਬੀ ਗਾਇਕੀ ਦੇ ਗਗਨ ਉਤੇ ਉਡਾਰੀਆਂ ਭਰਦਾ ਰਿਹਾ। ਰੋਜ਼ ਆਲ ਇੰਡੀਆ ਰੇਡੀਓ ਤੋਂ ਉਨ੍ਹਾਂ ਦੀ ਸਾਰੰਗੀ ਵੱਜਦੀ, ਢੱਡ ਖੜਕਦੀ ਤੇ ਕਵੀਸ਼ਰੀ ਗੂੰਜਦੀ। ਉਹ ਗਾਉਂਦੇ:
-ਗਈ ਥਲ ਵਿਚ ਭੁੜਥਾ ਹੋ, ਸੱਸੀ ਪੁੰਨਣਾ ਪੁੰਨਣਾ ਕਰਦੀ…
-ਜੋਗੀ ਉਤਰ ਪਹਾੜੋਂ ਆਏ, ਭਿਛਿਆ ਤੂੰ ਪਾ ਦੇ ਸੁੰਦਰਾਂ…
-ਪੁੱਤ ਪੂਰਨਾ ਹੁੰਦੀ ਵਿਰਲੀ, ਮਾਂ ਮਤਰੇਈ ਚੰਗੀ ਵੇ…
-ਨਿੰਮ ਦਾ ਮਾਣ ਕਰੀਂ ਨਾ ਹੀਰੇ, ਤੋਤਿਆਂ ਨੂੰ ਬਾਗ ਬੜੇ…
-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇਕ ਆਵੇ ਇਕ ਜਾਵੇ…
-ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ…
ਦੁਨੀਆ ਵਾਕਿਆ ਈ ਚਹੁੰ ਕੁ ਦਿਨਾਂ ਦਾ ਮੇਲਾ ਹੈ। ਰੇਲਾਂ ਦਾ ਜੰਕਸ਼ਨ ਹੈ। ਇਹਨੀਂ ਦਿਨੀਂ ਪੰਜਾਬੀ ਸਾਹਿਤ ਦੇ ਜੰਕਸ਼ਨ ਤੋਂ ਪਹਿਲਾਂ ਅਜਮੇਰ ਔਲਖ ਰਵਾਨਾ ਹੋਇਆ ਤੇ ਮਗਰੇ ਇਕਬਾਲ ਰਾਮੂਵਾਲੀਆ। ਦੋਹੇਂ ਧਰਮਾਂ ਕਰਮਾਂ ਦੀ ਸੰਕੀਰਣਤਾ ਦੇ ਵਿਰੁੱਧ ਸਨ। ਦੋਹਾਂ ਦੇ ਧੀਆਂ ਹੀ ਜਨਮੀਆਂ ਜਿਨ੍ਹਾਂ ਨੂੰ ਪੁੱਤਰ ਸਮਝਿਆ ਗਿਆ। ਦੋਹਾਂ ਨੇ ਕਿਹਾ ਸੀ ਕਿ ਸਾਡੇ ਮਰਨੇ ਉਤੇ ਵਾਧੂ ਦੀਆਂ ਧਾਰਮਿਕ ਰਸਮਾਂ ਰੀਤਾਂ ਨਾ ਕੀਤੀਆਂ ਜਾਣ। ਕੁਝ ਕਰਨਾ ਹੋਵੇ ਤਾਂ ਸਾਦੇ ਸ਼ਰਧਾਂਜਲੀ ਸਮਾਗਮ ਕਰ ਲੈਣੇ। ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਉਨ੍ਹਾਂ ਦੀ ਸੋਚ ਉਤੇ ਪਹਿਰਾ ਦੇਣਾ ਹੀ ਹੋਵੇਗੀ।ਇਕਬਾਲ ਰਾਮੂਵਾਲੀਏ ਦੀ ਸੋਚ ਨੂੰ ਸਲਾਮ!