Breaking News
Home / ਨਜ਼ਰੀਆ / ਲੋਕ ਮੰਚ ਦਾ ਜੋਧਾ ਸੀ ਅਜਮੇਰ ਔਲਖ

ਲੋਕ ਮੰਚ ਦਾ ਜੋਧਾ ਸੀ ਅਜਮੇਰ ਔਲਖ

ਪ੍ਰਿੰ. ਸਰਵਣ ਸਿੰਘ
ਪ੍ਰੋ. ਅਜਮੇਰ ਸਿੰਘ ਔਲਖ ਨਿਮਨ ਕਿਸਾਨੀ ਦਾ ਜੋਧਾ ਨਾਟਕਕਾਰ ਸੀ। ਉਸ ਦੇ ਤਿੰਨ ਦਰਜਨ ਤੋਂ ਵੱਧ ਨਾਟਕਾਂ ਦੀਆਂ ਸੈਂਕੜੇ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ। 2015 ਵਿਚ ਹਜ਼ਾਰਾਂ ਲੋਕਾਂ ਦੇ ‘ਕੱਠ ਨੇ ਉਹਦਾ ਲੋਕ ਸਨਮਾਨ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਅਵਾਰਡ, ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਅਵਾਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਅਵਾਰਡ ਅਤੇ ਹੋਰ ਅਨੇਕਾਂ ਮਾਨ ਸਨਮਾਨ ਮਿਲੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪਰ ਉਹ ਮਾਨਾਂ ਸਨਮਾਨਾਂ ਤੋਂ ਉਤੇ ਸੀ। ਅਸਹਿਣਸ਼ੀਲਤਾ ਦੇ ਮੁੱਦੇ ਉਤੇ ਉਸ ਨੇ ਭਾਰਤੀ ਸਾਹਿਤ ਅਕਾਡਮੀ ਦਾ ਇਨਾਮ ਮੋੜ ਵੀ ਦਿੱਤਾ ਸੀ। ਉਸ ਦੇ ਨਾਟਕ ਪੰਜਾਬ ਤੇ ਹਰਿਆਣੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਤੋਂ ਲੈ ਕੇ, ਚੰਡੀਗੜ੍ਹ, ਦਿੱਲੀ, ਕੋਲਕਾਤਾ, ਮੁੰਬਈ ਅਤੇ ਅਮਰੀਕਾ/ਕਨੇਡਾ ਤਕ ਖੇਡੇ ਗਏ ਅਤੇ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਏ ਗਏ। ਉਨ੍ਹਾਂ ਬਾਰੇ ਅਨੇਕਾਂ ਖੋਜ ਲੇਖ ਤੇ ਖੋਜ ਪ੍ਰਬੰਧ ਲਿਖੇ ਗਏ। ਉਹ ਨਾਟਕ ਤੇ ਰੰਗ ਮੰਚ ਦਾ ਤੁਰਿਆ ਫਿਰਦਾ ਇਨਸਾਈਕਲੋਪੀਡੀਆ ਸੀ।
ਉਸ ਦੇ ਪੂਰੇ ਨਾਟਕਾਂ ਦੇ ਨਾਂ ਹਨ: ਸੱਤ ਬਗਾਨੇ, ਕਿਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਵਾਨ, ਝਨਾਂ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ, ਭੱਜੀਆਂ ਬਾਹਾਂ ਤੇ ਨਿਉਂ ਜੜ੍ਹ। ਇਕਾਂਗੀ ਨਾਟਕ ਹਨ: ਬਾਲ ਨਾਥ ਦੇ ਟਿੱਲੇ ‘ਤੇ, ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ, ਜਦੋਂ ਬੋਹਲ ਰੋਂਦੇ ਹਨ, ਅੰਨ੍ਹੇ ਨਿਸ਼ਾਨਚੀ, ਸਿੱਧਾ ਰਾਹ ਵਿੰਗਾ ਰਾਹ, ਢਾਂਡਾ, ਐਸੇ ਰਚਿਉ ਖਾਲਸਾ, ਆਪਣਾ-ਆਪਣਾ ਹਿੱਸਾ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ, ਹਰਿਉ ਬੂਟ, ਅੰਨ੍ਹੇਰ-ਕੋਠੜੀ ਤੇ ਹਾਏ ਨੀ ਮਨਮੀਤ ਕੁਰੇ। ਲਘੂ ਨਾਟਕ ਹਨ: ਅਰਬਦ ਨਰਬਦ ਧੁੰਦੂਕਾਰਾ, ਬਗਾਨੇ ਬੋਹੜ ਦੀ ਛਾਂ, ਸੁੱਕੀ ਕੁੱਖ, ਇੱਕ ਰਮਾਇਣ ਹੋਰ, ਭੱਠ ਖੇੜਿਆਂ ਦਾ ਰਹਿਣਾ, ਗਾਨੀ, ਤੇੜਾਂ, ਲੋਹੇ ਦਾ ਪੁੱਤ, ਐਇੰ ਨੀ ਹੁਣ ਸਰਨਾ, ਉਂਈ-ਮੂੰਈਂ ਦਾ ਕੁਸ ਨੀ ਹੁੰਦਾ, ਕਉਲ਼ੇ ਉੱਤੇ ਰੱਖਿਆ ਕੌਲਾ, ਚੱਲ ਵੀਰਨਾ ਵੇ ਉਥੇ ਚੱਲੀਏ, ਬੰਦ ਬੂਹਿਆਂ ਵਾਲੀ ਹਵੇਲੀ ਤੇ ਪੱਪੂ ਦੀ ਪੈਂਟ ਆਦਿ। ਉਸ ਨੇ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਦਿੱਤਾ।
ਉਸ ਦਾ ਜਨਮ 19 ਅਗੱਸਤ 1942 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁੰਭੜਵਾਲ ਵਿਚ ਪਿਤਾ ਕੌਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਕੁੰਭੜਵਾਲ ਉਦੋਂ ਰਿਆਸਤੀ ਪਿੰਡ ਸੀ ਤੇ ਹਿੰਦੁਸਤਾਨ ਅੰਗ੍ਰੇਜ਼ਾਂ ਦਾ ਗ਼ੁਲਾਮ ਸੀ। ਉਤੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਕਿਸਾਨੀ ਦਾ ਬੁਰਾ ਹਾਲ ਸੀ। ਉਹਦਾ ਬਾਬਾ ਹਰਨਾਮ ਸਿੰਘ 1944-45 ਵਿਚ ਪਰਿਵਾਰ ਸਮੇਤ ਕੁੰਭੜਵਾਲ ਤੋਂ ਉੱਠ ਕੇ ਭੀਖੀ ਨੇੜੇ ਪਿੰਡ ਕਿਸ਼ਨਗੜ੍ਹ ਫਰਵਾਹੀ ਜਾ ਬੈਠਾ ਸੀ। ਅਜਮੇਰ ਸਿੰਘ ਕਿਸ਼ਨਗੜ੍ਹ ਫਰਵਾਹੀ ਤੋਂ ਚਾਰ, ਭੀਖੀ ਤੋਂ ਦਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਐਮ. ਏ. ਕਰ ਕੇ 1965 ਤੋਂ 2000 ਤਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਪੰਜਾਬੀ ਦਾ ਲੈਕਚਰਾਰ ਰਿਹਾ ਅਤੇ ਉਥੇ ਹੀ ਆਪਣਾ ਘਰ ਪਾ ਲਿਆ। ਉਥੇ ਹੀ ਉਹ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਅਦਾਕਾਰ ਬਣਾਇਆ। ਉਥੇ ਹੀ ਉਸ ਨੇ 1976 ਵਿਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ। ਘਰ ਤੋਂ ਬਿਨਾਂ ਉਹਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਨਿਮਨ ਕਿਸਾਨੀ ਦਾ ਦੁੱਖ-ਦਰਦ ਉਸ ਨੇ ਆਪਣੇ ਹੱਡੀਂ ਹੰਢਾਇਆ ਸੀ।
ਉਹ 2008 ਤੋਂ ਨਾਮੁਰਾਦ ਬਿਮਾਰੀ ਕੈਂਸਰ ਵਿਰੁੱਧ ਜੂਝਦਾ ਆ ਰਿਹਾ ਸੀ। ਕਦੇ ਮਾਨਸਾ, ਕਦੇ ਦਿੱਲੀ, ਕਦੇ ਫਰੀਦਕੋਟ ਤੇ ਕਦੇ ਫੋਰਟਿਸ ਹਸਪਤਾਲ ਮੁਹਾਲੀ ਵਿਚ ਉਹਦਾ ਇਲਾਜ ਹੁੰਦਾ ਰਿਹਾ। ਮਹਿੰਗੇ ਇਲਾਜ ‘ਤੇ ਲੱਖਾਂ ਰੁਪਏ ਲੱਗੇ, ਜਿਸ ਵਿਚ ਸੰਗੀਆਂ ਸਾਥੀਆਂ ਤੇ ਸਰਕਾਰ ਨੇ ਪਰਿਵਾਰ ਦੀ ਬਣਦੀ ਸਰਦੀ ਮਾਇਕ ਮਦਦ ਕੀਤੀ। ਵਿਚ ਵਿਚਾਲੇ ਉਹ ਕੁਝ ਠੀਕ ਵੀ ਹੋ ਜਾਂਦਾ ਰਿਹਾ ਪਰ ਆਖ਼ਰ 15 ਜੂਨ 2017 ਦੇ ਵੱਡੇ ਤੜਕੇ ਉਹਦਾ ਦੇਹਾਂਤ ਹੋ ਗਿਆ। ਤਿੰਨ ਵਜੇ ਉਸ ਨੂੰ ਪਾਸਾ ਦੁਆਇਆ ਗਿਆ ਸੀ ਤੇ ਚਾਰ ਵਜੇ ਦੂਜਾ ਪਾਸਾ ਦੁਆਉਣ ਤੋਂ ਪਹਿਲਾਂ ਹੀ ਉਹਦਾ ਭੌਰ ਉਡਾਰੀ ਮਾਰ ਚੁੱਕਾ ਸੀ।
ਕੈਂਸਰ ਫੇਫੜਿਆਂ ਵਿਚ ਪਹੁੰਚ ਜਾਣ ਅਤੇ ਆਸ ਮੁੱਕ ਜਾਣ ‘ਤੇ 10 ਜੂਨ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਉਹਨੂੰ ਮਾਨਸਾ ਆਪਣੇ ਘਰ ਲੈ ਆਂਦਾ ਗਿਆ ਸੀ ਕਿ ਘਰ ਹੀ ਸੇਵਾ ਕਰੀਏ। ਜਿਹੜੇ ਹਾਲ ਚਾਲ ਪੁੱਛਣ ਆਉਂਦੇ ਮੁਸਕਰਾ ਕੇ ਦੱਸਦਾ। ਜਾਂਦੀ ਵਾਰ ਦੀਆਂ ਤਿੰਨ ਇਛਾਵਾਂ ਦੱਸੀਆਂ। ਅਖੇ ਧੀਆਂ ਚਿਖਾ ਨੂੰ ਅਗਨੀ ਲਾਉਣ, ਕਿਸੇ ਧਾਰਮਿਕ ਰਸਮ ਦੀ ਲੋੜ ਨਹੀਂ, ਕੇਵਲ ਸਾਦਾ ਸ਼ਰਧਾਂਜਲੀ ਸਮਾਗਮ ਹੋਵੇ ਜਿਸ ਵਿਚ ਕੁਝ ਇਕ ਸਾਥੀ ਤੇ ਲੇਖਕ ਹੀ ਬੋਲਣ ਅਤੇ ਸਮਾਗਮ ਬੇਲੋੜਾ ਲੰਮਾ ਨਾ ਕੀਤਾ ਜਾਵੇ। ਜੀਵਨ ਸਾਥਣ ਮਨਜੀਤ ਕੌਰ ਦੇ ਵਾਰੇ ਜਾਈਏ ਜਿਹੜੀ ਆਪਣੇ ਜੀਵਨ ਸਾਥੀ ਦਾ ਇਲਾਜ ਕਰਾਉਣ ਲਈ ਉਸ ਨੂੰ ਥਾਂ ਥਾਂ ਲਈ ਫਿਰੀ। ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ, ਉਸ ਨੂੰ ਤਾਂ ਹਰ ਵੇਲੇ ਦੱਬੇ-ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ। ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ। ਉਹ ਅਕਸਰ ਕਹਿੰਦਾ ਸੀ, ਬਿਮਾਰੀ-ਬਮੂਰੀ ਦਾ ਮੈਨੂੰ ਆਪ ਨੀ ਪਤਾ, ਮਨਜੀਤ ਨੂੰ ਪੁੱਛ ਲਓ। ਕੈਂਸਰ ਦਾ ਪਤਾ 2008 ਵਿਚ ਲੱਗਾ ਸੀ, ਕੀ ਪਤਾ ਜੜ੍ਹ ਕਦੋਂ ਦੀ ਲੱਗੀ ਹੋਵੇ? ਉਹ ਤਾਂ ਨਿਉਂ-ਜੜ੍ਹ ਵਰਗੇ ਨਾਟਕ ਖੇਡਣ ਵਿਚ ਹੀ ਮਗਨ ਸੀ। ਉਹ ਆਪਣੇ ਪਿਛੇ ਪਤਨੀ, ਧੀਆਂ, ਜੁਆਈਆਂ ਤੇ ਦੋਹਤੇ ਦੋਹਤੀਆਂ ਦਾ ਭਰਿਆ ਪਰਿਵਾਰ ਛੱਡ ਗਿਆ ਹੈ।
ਆਪਣੀ ਸਵੈਜੀਵਨੀ ਦਾ ਨਾਂ ਉਸ ਨੇ ‘ਨੰਗਾ ਢਿੱਡ’ ਚਿਤਵਿਆ ਸੀ ਜਿਸ ਦੇ ਕੁਝ ਕੁ ਕਾਂਡ ਲਿਖੇ ਗਏ ਜੋ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਵਿਚ ਛਪੇ ਹਨ। ਜਦੋਂ ਉਹਦਾ ਬਾਬਾ ਕਿਸ਼ਨਗੜ੍ਹ ਫਰਵਾਹੀ ਆਇਆ ਸੀ ਉਦੋਂ ਉਹ ਜਾਗੀਰਦਾਰਾਂ ਦਾ ਮੁਜਾਰਾ ਪਿੰਡ ਸੀ। ਪਿੰਡ ਦੀ ਸਾਰੀ ਜ਼ਮੀਨ ਦੇ ਮਾਲਕ ਦੋ ਜਾਗੀਰਦਾਰ ਸਨ। ਮਾਰੂਸੀ ਤੇ ਗ਼ੈਰ-ਮਾਰੂਸੀ ਕਿਸਾਨ ਉਨ੍ਹਾਂ ਦੇ ਮੁਜਾਰੇ ਬਣ ਕੇ ਖੇਤੀ ਕਰਦੇ ਸਨ। ਹਰਨਾਮ ਸਿੰਘ ਦਾ ਪਰਿਵਾਰ ਇਕ ਜਾਗੀਰਦਾਰ ਦੀ ਅੱਠ ਕਿੱਲੇ ਜ਼ਮੀਨ ਵਾਹੁਣ ਲੱਗਾ ਸੀ ਜਿਸ ‘ਚੋਂ ਜਾਗੀਰਦਾਰ ਦੀ ਵਟਾਈ ਦੇ ਕੇ ਪਰਿਵਾਰ ਦਾ ਗੁਜ਼ਾਰਾ ਮਸਾਂ ਚਲਦਾ। ਉਨ੍ਹਾਂ ਦਿਨਾਂ ਵਿਚ ਖੇਤਾਂ ਦੀ ਉਪਜ ਵੀ ਘੱਟ ਹੀ ਹੁੰਦੀ ਸੀ। ਕਿਸੇ ਖੇਤ ਨੂੰ ਪਾਣੀ ਲੱਗਦਾ ਕਿਸੇ ਨੂੰ ਨਹੀਂ ਸੀ ਲੱਗਦਾ। ਹਰਨਾਮ ਸਿੰਘ ਦੇ ਪਰਿਵਾਰ ਵਿਚ ਦੋ ਪੁੱਤਰ ਤੇ ਅੱਗੋਂ ਉਨ੍ਹਾਂ ਦੀ ਔਲਾਦ ਸੀ। ਅੱਠ ਕਿੱਲਿਆਂ ਵਾਲਾ ਮੁਜਾਰਾ ਥੁੜਿਆ-ਟੁੱਟਿਆ ਕਿਸਾਨ ਹੀ ਵੱਜਦਾ ਸੀ।
ਕਿਸੇ ਵੀ ਲੇਖਕ ਨੂੰ ਸਮਝਣ ਲਈ ਉਹਦਾ ਪਰਿਵਾਰਕ ਪਿਛੋਕੜ ਜਾਣਨਾ ਜ਼ਰੂਰੀ ਹੁੰਦਾ ਹੈ। ਲੇਖਕ ਦਾ ਬਚਪਨ ਜਿਨ੍ਹਾਂ ਹਾਲਤਾਂ ਵਿਚ ਦੀ ਗੁਜ਼ਰਿਆ ਹੋਵੇ ਉਨ੍ਹਾਂ ਦਾ ਅਸਰ ਉਹਦੀ ਸ਼ਖਸੀਅਤ ਅਤੇ ਉਹਦੀ ਸਾਹਿਤਕਾਰੀ ‘ਤੇ ਵੀ ਪੈਂਦਾ ਹੈ। ਅਜਮੇਰ ਔਲਖ ਦਾ ਪਛੜੇ ਇਲਾਕੇ ਦੇ ਇਕ ਮੁਜਾਰਾ ਪਰਿਵਾਰ ਵਿਚ ਜੰਮ ਕੇ ਐਮ. ਏ.ਤਕ ਪੜ੍ਹ ਸਕਣਾ, ਲੈਕਚਰਾਰ ਲੱਗ ਸਕਣਾ ਅਤੇ ਸਫ਼ਲ ਨਾਟਕਕਾਰ ਬਣ ਸਕਣਾ, ਔਲਖ ਦੇ ਕਹਿਣ ਵਾਂਗ ‘ਮਹਿਜ਼ ਇਕ ਇਤਫ਼ਾਕ’ ਦੀ ਗੱਲ ਹੈ।
ਉਸ ਨੇ ਆਪਣੀ ਸਾਹਿਤਕ ਸਵੈਜੀਵਨੀ ‘ਮੇਰੀ ਨਾਟ-ਯਾਤਰਾ’ ਵਿਚ ਲਿਖਿਆ: ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਤਕ ਦੇ ਸਾਹਿਤਕ ਸਫ਼ਰ ਉਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ‘ਮਹਿਜ਼ ਇਕ ਇਤਫ਼ਾਕ’ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰ੍ਹਿਆਂ ਤਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਾਹਿਤ-ਜਗਤ ਵਿਚ ਮੇਰੀ ਪਛਾਣ ‘ਇੱਕ ਨਾਟਕਕਾਰ’ ਦੇ ਰੂਪ ਵਿਚ ਹੋਵੇਗੀ। ਮੈਂ ਪਹਿਲਾਂ ਕਵਿਤਾ/ਗੀਤ ਲਿਖਣੇ ਸ਼ੁਰੂ ਕੀਤੇ ਸਨ। ਜਦ ਮੈ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ-ਗੁਣਾਉਂਦਿਆਂ ਕਾਗਜ਼ਾਂ ਉਤੇ ਉਤਾਰਨ ਲੱਗ ਪਿਆ। ਮੈਂ ਆਪਣੀ ਪਹਿਲੀ ਸਾਹਿਤਕ ਰਚਨਾ ਕਦੋਂ ਤੇ ਕਿੰਨੀ ਉਮਰ ਵਿਚ ਕੀਤੀ ਇਸ ਬਾਰੇ ਮੈਨੂੰ ਕੁਝ ਪੱਕਾ ਯਾਦ ਨਹੀਂ। ਜਿਥੋਂ ਤਕ ਮੈਨੂੰ ਯਾਦ ਹੈ, ਮੈਂ ਐਨੀ ਕੁ ਗੱਲ ਪੱਕੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੈਂ 8-10 ਸਾਲ ਦੀ ਉਮਰ ਵਿਚ ਕੁਝ ਨਾ ਕੁਝ ਤੁਕਬੰਦੀ ਕਰ ਕੇ ਉਸ ਨੂੰ ਗਾਉਣ ਲੱਗ ਪਿਆ ਸੀ।
1952 ਵਿਚ ਜਦ ਮੇਰੀ ਉਮਰ 10 ਸਾਲ ਦੀ ਸੀ ਤੇ ਜਿਸ ਸਾਲ ਮੈਂ ਆਪਣੀ ਪ੍ਰਾਇਮਰੀ ਦੀ ਚੌਥੀ ਜਮਾਤ ਪਾਸ ਕਰ ਕੇ ਲਾਗਲੇ ਕਸਬੇ ਭੀਖੀ ਦੇ ਸਰਕਾਰੀ ਮਿਡਲ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖਲਾ ਲਿਆ ਸੀ, ਓਦੋਂ ਤਕ ਮੈਂ ਕਾਫੀ ਗੀਤ ਲਿਖ ਲਏ ਸਨ ਤੇ ਉਨ੍ਹਾਂ ਨੂੰ ਮੇਰੇ ਹੀ ਪਿੰਡ ਦੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਨਾਲ ਮਿਲ ਕੇ ਕਮਿਉਨਿਸਟ ਪਾਰਟੀ ਦੀਆਂ ਸਟੇਜਾਂ ਤੇ ਹੋਰ ਕਈ ਇਕੱਠਾਂ ਵਿਚ ਗਾ ਵੀ ਚੁੱਕਾ ਸੀ। ਉਸ ਸਮੇਂ ਲਿਖੇ ਤੇ ਸਭ ਤੋਂ ਵੱਧ ਗਾਏ ਮੇਰੇ ਇਕ ਗੀਤ ਦੀਆਂ ਮੁਢਲੀਆਂ ਸਤਰਾਂ ਤਾਂ ਮੈਨੂੰ ਹੁਣ ਵੀ ਯਾਦ ਹਨ:
ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ
ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ
ਹੁਣ ਹੋ ਹੁਸ਼ਿਆਰ, ਕਰ ਜੱਟਾ ਮਾਰੋ-ਮਾਰ
ਜਾ ਕੇ ਵੈਰੀ ਦੇ ਬੂਹੇ ‘ਤੇ ਅੜ-ਜਾ
ਵੈਰੀ ਦੇ ਟਾਕਰੇ ਨੂੰ, ਤਿਆਰ ਹੋ ਕੇ ਤੂੰ ਖੜ੍ਹ-ਜਾ!
ਵੈਰੀ ਦੇ ਟਾਕਰੇ ਨੂੰ…
ਅਜਮੇਰ ਜਦੋਂ ਅਜੇ ਬੱਚਾ ਹੀ ਸੀ ਤਾਂ ਕਿਸਾਨਾਂ ਦੀ ਜਾਗੀਰਦਾਰਾਂ ਵਿਰੁੱਧ ਮੁਜਾਰਾ ਲਹਿਰ ਨੇ ਜ਼ੋਰ ਫੜ ਲਿਆ ਸੀ। ਕਮਿਉਨਿਸਟਾਂ ਦੀ ਲਾਲ ਪਾਰਟੀ ਅਗਵਾਈ ਕਰ ਰਹੀ ਸੀ। ਪਿੰਡਾਂ ਵਿਚ ਕਮਿਉਨਿਸਟਾਂ ਦੀਆਂ ਕਾਨਫਰੰਸਾਂ ਹੁੰਦੀਆਂ ਜਿਥੇ ਜਾਗੀਰਦਾਰਾਂ ਦਾ ਟਾਕਰਾ ਕਰਨ ਲਈ ਜੋਸ਼ੀਲੇ ਗੀਤ ਗਾਏ ਜਾਂਦੇ। ਪਿੰਡ ਦੇ ਹੋਰ ਬੱਚਿਆਂ ਵਾਂਗ ‘ਜਮੇਰ’ ਉਤੇ ਵੀ ਇਸ ਲਹਿਰ ਦਾ ਬੜਾ ਅਸਰ ਹੋਇਆ। ਉਹ ਸ਼ਾਮੀਂ ਜਾਂ ਰਾਤ ਨੂੰ ਬੱਚਿਆਂ ਵਾਲੀਆਂ ਖੇਡਾਂ ਖੇਡਦੇ ਹੱਥਾਂ ਵਿਚ ਲਾਲ ਝੰਡੀਆਂ ਫੜ ਕੇ ਜਾਂ ਖਾਲੀ ਹੱਥ ਹੀ ਜਗੀਰਦਾਰੀ ਤੇ ਬਿਸਵੇਦਾਰੀ ਵਿਰੁਧ ਉਹੋ ਜਿਹੇ ਨਾਹਰੇ ਲਾਉਣ ਲੱਗਦੇ ਜਿਹੋ ਜਿਹੇ ਕਾਨਫਰੰਸਾਂ ਵਿਚ ਸੁਣਦੇ। ਜਮੇਰ ਨਾਹਰੇ ਲਾਉਣ ਵਾਲਿਆਂ ਵਿਚ ਅਕਸਰ ਆਗੂ ਰੋਲ ਅਦਾ ਕਰਦਾ। ਉਹਦੇ ਵਿਚ ਇਕ ਵਾਧਾ ਇਹ ਸੀ ਕਿ ਉਹ ਗੀਤ ਲਿਖ ਵੀ ਲੈਂਦਾ ਸੀ ਤੇ ਗਾ ਵੀ ਲੈਂਦਾ ਸੀ। ਪ੍ਰਾਇਮਰੀ ਸਕੂਲ ਵਿਚ ਉਹਦਾ ਸਭ ਤੋਂ ਨੇੜਲਾ ਆੜੀ ਸੁਖਦੇਵ ਸੀ ਤੇ ਹਾਈ ਸਕੂ਼ਲ ਵਿਚ ਹਾਕਮ ਸਿੰਘ ਸਮਾਓਂ ਸੀ ਜੋ ਬਾਅਦ ਵਿਚ ਨਕਸਲੀ ਆਗੂ ਬਣਿਆ।
ਨਿੱਕਾ ਹੁੰਦਾ ਉਹ ਨਿੱਕੇ ਨਾਂ ਵਾਲਾ ਜਮੇਰ ਸੀ, ਸਕੂਲ ਦਾਖਲ ਹੋਣ ਵੇਲੇ ਅਜਮੇਰ ਸਿੰਘ ਹੋ ਗਿਆ ਤੇ ਜਦੋਂ ਕਵਿਤਾ ਲਿਖਣ ਲੱਗ ਪਿਆ ਤਾਂ ਨਾਂ ਰੱਖ ਲਿਆ ਅਜਮੇਰ ਸਿੰਘ ‘ਪਾਗਲ’! ਪਰ ‘ਪਾਗਲ’ ਉਹਦਾ ਪਹਿਲਾ ਤਖ਼ੱਲਸ ਨਹੀਂ ਸੀ। ਪਾਗਲ ਦੇ ਤਖ਼ੱਲਸ ਤਕ ਅਪੜਨ ਲਈ ਉਸ ਨੂੰ ‘ਦਰਦੀ’, ‘ਦੁਖੀਆ’ ਤੇ ‘ਕੌਮੀ’ ਤਖ਼ੱਲਸ ਲਾਉਣ ਦੀਆਂ ਮਸ਼ਕਾਂ ਕਰਨੀਆਂ ਪਈਆਂ ਸਨ। ਤਿੰਨ ਤਖ਼ੱਲਸਾਂ ਰੱਦ ਕਰ ਕੇ ਉਹ ‘ਖ਼ਿਆਲੀ’ ਹੋ ਗਿਆ ਸੀ। ਫਿਰ ਇਕ ਸੀਨੀਅਰ ਵਿਦਿਆਰਥੀ ਉਹਦੇ ਮਗਰ ਪੈ ਗਿਆ ਜੀਹਨੂੰ ‘ਖ਼ਿਆਲੀ’ ਦਾ ਖ਼ਿਤਾਬ ਸੌਂਪ ਕੇ ਆਪ ‘ਪਾਗਲ’ ਦਾ ਤਖ਼ੱਲਸ ਰੱਖ ਲਿਆ! ਪਾਗਲ ਤਖ਼ੱਲਸ ਰੱਖਣ ਦੀ ਘੁੰਡੀ ਕਦੇ ਫੇਰ ਖੋਲ੍ਹਾਂਗੇ। ਉਹਦੇ ਬੀ. ਏ. ਤਕ ਦੇ ਸਰਟੀਫਿਕੇਟਾਂ ਉਤੇ ਉਹਦਾ ਨਾਂ ਅਜੇ ਵੀ ‘ਅਜਮੇਰ ਸਿੰਘ ਪਾਗਲ’ ਹੀ ਦਰਜ ਹੈ। ‘ਔਲਖ’ ਜਾਂ ‘ਔਲਖ ਸਾਹਿਬ’ ਤਾਂ ਉਸ ਨੂੰ ਉਦੋਂ ਤੋਂ ਕਿਹਾ ਜਾਣ ਲੱਗਾ ਜਦੋਂ ਉਹ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੀਆਂ ਸੱਭਿਆਚਾਰਕ ਸਰਗਰਮੀਆਂ ਦਾ ਇਨਚਾਰਜ ਬਣਿਆ ਅਤੇ ਵਿਦਿਆਰਥੀਆਂ ਨੂੰ ਨਾਟਕ ਖਿਡਾਉਣ ਲੱਗਾ।
ਆਪਣੀ 75 ਸਾਲ ਦੀ ਉਮਰ ਵਿਚੋਂ ਉਸ ਨੇ 50 ਸਾਲ ਪੰਜਾਬੀ ਨਾਟਕ ਤੇ ਰੰਗ ਮੰਚ ਦੇ ਲੇਖੇ ਲਾਏ। ਨਾ ਦਿਨ ਦੇਖਿਆ ਨਾ ਰਾਤ, ਨਾ ਮੀਂਹ ਨਾ ਨ੍ਹੇਰੀ, ਸਦਾ ਚੱਲ ਸੁ ਚੱਲ ਰਹੀ। ਮੈਂ ਉਸ ਨੂੰ ਅਨੇਕੀਂ ਥਾਈਂ ਮਿਲਿਆ, ਕਦੇ ਮਾਨਸਾ, ਕਦੇ ਪਟਿਆਲੇ, ਕਦੇ ਲੁਧਿਆਣੇ, ਕਦੇ ਅੰਮ੍ਰਿਤਸਰ, ਕਦੇ ਲਾਹੌਰ ਜਿਥੇ ਅਸੀਂ ਕਈ ਦਿਨ ‘ਕੱਠੇ ਰਹੇ ਤੇ ਕਦੇ ਟਰਾਂਟੋ ਜਿਥੇ ਮੈਂ ਅੱਜ-ਕੱਲ੍ਹ ਰਹਿ ਰਿਹਾਂ। ਜਦ ਉਹਦੇ ਅਕਾਲ ਚਲਾਣੇ ਦੀ ਖ਼ਬਰ ਸੁਣੀ ਤਾਂ ਕੁਝ ਪਲ ਮੇਰੇ ਆਉਸਾਨ ਮਾਰੇ ਗਏ ਤੇ ਮੈਂ ਸੁੰਨ ਹੋ ਗਿਆ। ਫਿਰ ਉਸ ਸੋਫੇ ‘ਤੇ ਜਾ ਬੈਠਾ ਜਿਥੇ ਔਲਖ ਤੇ ਮਨਜੀਤ ਕੌਰ ਬਹਿ ਕੇ ਗਏ ਸਨ, ਡਾਈਨਿੰਗ ਟੇਬਲ ਦੀ ਉਸ ਕੁਰਸੀ ‘ਤੇ ਬੈਠਾ ਜਿਥੇ ਉਹ ਖਾਣਾ ਖਾਂਦੇ ਰਹੇ ਤੇ ਉਸ ਬੈੱਡ ‘ਤੇ ਪਿਆ ਸੋਚਦਾ ਰਿਹਾ ਜਿਥੇ ਉਨ੍ਹਾਂ ਵਿਸਰਾਮ ਕੀਤਾ ਸੀ। ਮੈਨੂੰ ਲਾਹੌਰ ਦੀਆਂ ਗੱਲਾਂ ਯਾਦ ਆਈਆਂ, ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ ਯਾਦ ਆਏ, ਜੰਡਿਆਲੇ ਸ਼ੇਰ ਖਾਂ ਵਾਰਸ ਸ਼ਾਹ ਦੀ ਮਜਾਰ ‘ਤੇ ਸਾਡਾ ਸਿਜਦਾ ਕਰਨਾ ਯਾਦ ਆਇਆ ਅਤੇ ਨੂਰ ਜਹਾਂ ਦਾ ਸਟੂਡੀਊ ਵੇਖਣਾ ਵੀ। ਬੜੀਆਂ ਯਾਦਾਂ ਹਨ ਅਜਮੇਰ ਔਲਖ ਦੀਆਂ…।
ਅਜਮੇਰ ਔਲਖ ਦੀ ਵਿਸ਼ੇਸ਼ਤਾ ਪੰਜਾਬ ਦੀ ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਰਾਹੀਂ ਪੇਂਡੂ ਮੁਹਾਵਰੇ ‘ਚ ਪੇਸ਼ ਕਰਨਾ ਹੈ। ਉਹਦੇ ਪੇਂਡੂ ਪਾਤਰਾਂ ਦੇ ਬੋਲ ਸਿੱਧੇ ਦਰਸ਼ਕਾਂ ਦੇ ਦਿਲਾਂ ਵਿਚ ਲਹਿੰਦੇ ਹਨ। ਇਸੇ ਕਰਕੇ ਪੇਂਡੂ ਲੋਕਾਂ ਦੇ ਵੱਡੇ ‘ਕੱਠ ਉਹਦੇ ਨਾਟਕਾਂ ਨੂੰ ਹੁੰਮ-ਹੁਮਾ ਕੇ ਵੇਖਦੇ ਹਨ। ਕਿਰਤੀ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਨਾਟਕ ਤਾਂ ਪਹਿਲਾਂ ਵੀ ਲਿਖੇ ਤੇ ਖੇਡੇ ਜਾਂਦੇ ਸਨ ਪਰ ਪੰਜਾਬੀ ਵਿਚ, ਖ਼ਾਸ ਕਰ ਕੇ ਮਾਨਸੇ ਵੱਲ ਦੀ ਮਲਵਈ ਉਪ ਭਾਸ਼ਾ ਵਿਚ ਪੇਂਡੂ ਸਮਾਜ ਦਾ ਨਾਟਕੀਕਰਣ ਜਿਵੇਂ ਅਜਮੇਰ ਔਲਖ ਨੇ ਕੀਤਾ ਉਹਦਾ ਕੋਈ ਸਾਨੀ ਨਹੀਂ। ਅਜਿਹਾ ਉਹ ਇਸ ਲਈ ਕਰ ਸਕਿਆ ਕਿਉਂਕਿ ਉਹ ਜੰਮਿਆ-ਪਲਿਆ ਹੀ ਥੁੜੇ-ਟੁੱਟੇ ਕਰਜ਼ਾਈ ਕਿਸਾਨ ਦੇ ਘਰ  ਸੀ। ਉਹ ਕਹਿੰਦਾ ਹੁੰਦਾ ਸੀ ਮੇਰੇ ਨਾਟਕਾਂ ਵਿਚ ਮੇਰੇ ਆਪਣੇ ਹੀ ਰੰਗ-ਮੰਚ ਉਤੇ ਪੇਸ਼ ਹੁੰਦੇ ਦਿਸਦੇ ਹਨ। ਉਹ ਲੜਦੇ-ਝਗੜਦੇ ਹਨ, ਰੋਂਦੇ-ਕਰਲਾਉਂਦੇ ਹਨ, ਰੁਸਦੇ-ਮੰਨਦੇ ਹਨ ਤੇ ਲੁੱਟੇ-ਖੋਹੇ ਜਾਂਦੇ ਮਰਦੇ-ਖਪਦੇ ਹਨ। ਮੈਂ ਆਪਣੇ ਨਾਟਕਾਂ ਵਿਚ ਆਪਣਿਆਂ ਦਾ ਹੀ ਢਿੱਡ ਨੰਗਾ ਕੀਤਾ ਹੈ।
ਉਹਦੇ ਪਾਤਰ ਪੇਂਡੂ ਕਿਰਤੀ ਕਿਸਾਨ ਹਨ ਜੋ ਢਿੱਡੋਂ ਬੋਲ ਕੇ ਸੱਚਮੁੱਚ ਆਪਣਾ ਢਿੱਡ ਨੰਗਾ ਕਰਦੇ ਹਨ। ਕਿਹਾ ਜਾਂਦੈ ਜੀਹਦਾ ਢਿੱਡ ਨੰਗਾ ਹੋ ਜਾਵੇ ਉਹਨੂੰ ਫਿਰ ਗਾਲ੍ਹਾਂ-ਗੂਲ੍ਹਾਂ ਦੀ ਪਰਵਾਹ ਨਹੀਂ ਹੁੰਦੀ। ਗਾਲ੍ਹਾਂ ਆਮੁਹਾਰੇ ਹੀ ਨਿਕਲੀ ਜਾਂਦੀਐਂ। ਅੰਦਰ ਦੀ ਭੜਾਸ ਜੁ ਹੋਈ। ਉਹ ਜਿਹੋ ਜਿਹੇ ਅੰਦਰੋਂ ਹੁੰਦੇ ਹਨ ਉਹੋ ਜਿਹੇ ਹੀ ਬਾਹਰੋਂ ਦਿਸਦੇ ਹਨ। ਕੋਈ ਉਹਲਾ ਨਹੀਂ ਹੁੰਦਾ ਉਨ੍ਹਾਂ ਵਿਚ। ਔਲਖ ਆਪ ਵੀ ਢਿੱਡੋਂ ਬੋਲਦਾ ਸੀ। ਜਿਹੋ ਜਿਹਾ ਦੁੱਪੜ ਉਹਦਾ ਜੁੱਸਾ ਸੀ ਉਹੋ ਜਿਹੀ ਗੱਦਰ ਉਹਦੀ ਆਵਾਜ਼ ਹੈ। ਉਹ ਸਿੱਧਾ ਸਪੱਸ਼ਟ ਲੇਖਕ ਸੀ ਤੇ ਸਿੱਧੀ ਪੱਧਰੀ ਗੱਲ ਕਰਦਾ ਸੀ। ਕੋਈ ਵਲ਼ ਨਹੀਂ, ਕੋਈ ਛਲ਼ ਨਹੀਂ। ਪੰਜਾਬੀ ਨਾਟਕ ਦਾ ਉਹ ਸ਼ੈਕਸਪੀਅਰ ਸੀ।
ਉਹਦਾ ਕੱਦ-ਕਾਠ ਨਾ ਸਮੱਧਰ ਸੀ ਨਾ ਸਿਰ-ਕੱਢਵਾਂ। ਸਰੀਰਕ ਭਾਰ ਅੱਸੀ ਕੁ ਕਿੱਲੋ ਰਿਹਾ ਤੇ ਕੱਦ ਸੀ ਪੰਜ ਫੁੱਟ ਸੱਤ ਅੱਠ ਇੰਚ। ਨੈਣ-ਨਕਸ਼ ਰਤਾ ਮੋਟੇ-ਠੁੱਲ੍ਹੇ ਸਨ। ਰੰਗ ਨਾ ਗੋਰਾ ਸੀ ਨਾ ਕਾਲਾ। ਵੇਖਣ ਨੂੰ ਉਹ ਵਿਚਕਾਰਲੇ ਮੇਲ ਦਾ ਬੰਦਾ ਲੱਗਦਾ ਸੀ। ਦਾੜ੍ਹੀ ਕੇਸ ਚੜ੍ਹਦੀ ਜੁਆਨੀ ਤੋਂ ਸੁਆਰਦਾ ਆ ਰਿਹਾ ਸੀ। ਚਿਣ ਕੇ ਬੱਧੀ ਪੱਗ ਮੁੰਨਿਆ ਸਿਰ ਨਹੀਂ ਸੀ ਦਿਸਣ ਦਿੰਦੀ। ਅੱਖਾਂ ਗੋਲ ਮੋਟੀਆਂ ਤੇ ਬੁੱਲ੍ਹ ਚੌੜੇ ਸਨ। ਕੱਢਵੀਂ ਜੁੱਤੀ ਪਾਈ ਤੋਂ ਲੱਗਦਾ ਸੀ ਕਿ ਸ਼ੁਕੀਨੀ ਲਾਉਂਦਾ ਵੀ ਰਿਹੈ ਪਰ ਆਰਥਿਕ ਤੰਗੀ ਕਾਰਨ ਪੂਰੀ ਲੱਗਦੀ ਵੀ ਨਹੀਂ ਸੀ। ਇਕ ਹੱਥ ਉਤੇ ਚੰਦ ਖੁਣਿਆਂ ਸੀ ਤੇ ਦੂਜੇ ਉਤੇ ਮੋਰਨੀ। ਵੇਖਣ ਨੂੰ ਉਹ ਸਿੱਧਾ-ਸਾਦਾ ਅਨਪੜ੍ਹ ਜਾਂ ਅੱਧਪੜ੍ਹ ਹੀ ਜਾਪਦਾ ਸੀ। ਸਿਰ ‘ਤੇ ਪਰਨਾ ਬੱਧਾ ਹੁੰਦਾ ਤਾਂ ਉਹ ਖ਼ੁਦ ਖੇਤਾਂ ‘ਚ ਜੋਤਾ ਲਾ ਕੇ ਆਇਆ ਕਿਸਾਨ-ਮਜਦੂਰ ਹੀ ਲੱਗਦਾ। ਉਹ ਨਿੱਕੇ ਸੂਰਜਾਂ ਦੀ ਵੱਡਿਆਂ ਵਿਰੁੱਧ ਲੜਾਈ ‘ਚ ਨਿੱਕੇ ਸੂਰਜਾਂ ਦਾ ਸਾਥੀ ਸੀ। ਇਸੇ ਲਈ ਉਸ ਨੂੰ ਦੱਬੇ ਕੁਚਲੇ ਲੋਕਾਂ ਦਾ ‘ਲੋਕ ਨਾਟਕਕਾਰ’ ਕਿਹਾ ਜਾਂਦਾ ਸੀ।
ਕੋਈ ਉਸ ਨੂੰ ‘ਬਗਾਨੇ ਬੋਹੜ ਦੀ ਛਾਂ’ ਵਾਲਾ ਅਜਮੇਰ ਔਲਖ ਆਖਦੈ ਤੇ ਕੋਈ ਨਾਟਕ ‘ਸੱਤ-ਬਗਾਨੇ’ ਵਾਲਾ ਔਲਖ। ਕੋਈ ‘ਲੋਕ ਕਲਾ ਮੰਚ’ ਮਾਨਸੇ ਵਾਲਾ ਪ੍ਰੋਫ਼ੈਸਰ ਅਜਮੇਰ ਸਿੰਘ ਔਲਖ ਆਖਦੈ। ਉਹ ਪੰਜਾਬੀ ਨਾਟਕ ਤੇ ਪੇਂਡੂ ਰੰਗ ਮੰਚ ਦਾ ਜੁਝਾਰੂ ਜੋਧਾ ਸੀ ਜੋ ਅੰਤਲੇ ਸਾਹ ਤਕ ਜੂਝਦਾ ਰਿਹਾ। ਉਹ ਮਰ ਕੇ ਵੀ ਜੀਂਦਾ ਰਹੇਗਾ। ਰੰਗ ਮੰਚ ਦੇ ਇਸ ਸੰਗਰਾਮੀਏ ਨੂੰ ਸਾਡਾ ਸਦੀਵੀ ਸਲਾਮ!         : : :

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …