Breaking News
Home / ਨਜ਼ਰੀਆ / ਕੈਨੇਡਾ ਦਾ ਰਾਸ਼ਟਰੀ ਗੀਤ ਪਹਿਲੀ ਵਾਰ ਪੰਜਾਬੀ ਵਿੱਚ

ਕੈਨੇਡਾ ਦਾ ਰਾਸ਼ਟਰੀ ਗੀਤ ਪਹਿਲੀ ਵਾਰ ਪੰਜਾਬੀ ਵਿੱਚ

”ਓ ਕੈਨੇਡਾ! ਅਸੀਂ ਸਦਾ ਰਖਵਾਲੇ ਤੇਰੇ!!” ਕੈਨੇਡਾ ਦੀ ਨੈਸ਼ਨਲ ਹਾਕੀ ਲੀਗ ਮੌਕੇ ਪਹਿਲੀ ਵਾਰ ”ਓ ਕੈਨੇਡਾ” ਪੰਜਾਬੀ ਵਿੱਚ
ਡਾ. ਗੁਰਵਿੰਦਰ ਸਿੰਘ
ਕੈਨੇਡਾ ਦੀ ਧਰਤੀ ‘ਤੇ ਸਵਾ ਸੌ ਸਾਲ ਤੋਂ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਫਖਰ ਨਾਲ ਹੋਰ ਵੀ ਉੱਚਾ ਹੋਇਆ, ਜਦੋਂ ਕੈਨੇਡਾ ਦੇ ਨੈਸ਼ਨਲ ਹਾਕੀ ਲੀਗ ਦੇ ਵਿਨੀਪੈਗ ‘ਚ ਹੋਏ ਮੈਚ ਦੌਰਾਨ, ਰਾਸ਼ਟਰੀ ਗੀਤ ‘ਓ ਕੈਨੇਡਾ’ ਅੰਗਰੇਜ਼ੀ ਦੇ ਨਾਲ, ਪੰਜਾਬੀ ਵਿੱਚ ਗਾਇਨ ਕੀਤਾ ਗਿਆ। ਇਹ ਪਲ ਯਾਦਗਾਰੀ ਬਣਾਉਣ ਵਿੱਚ ਪੰਜਾਬੀ ਵਿੱਚ ‘ਓ ਕੈਨੇਡਾ’ ਗਾਉਣ ਵਾਲੇ ਕੈਨੇਡੀਅਨ ਜਮਪਲ ਬੱਚਿਆਂ ਵਿੱਚ ਸਿਮਰ ਕੌਰ ਸੈਂਬੀ, ਹਰਨਾਮ ਕੌਰ ਅਤੇ ਗੁਰਜੋਤ ਮਾਨ ਸਮੇਤ, ਐਂਬਰ ਟਰੇਲਜ਼ ਐਲੀਮੈਂਟਰੀ ਸਕੂਲ ਦੇ ਪੰਜਾਬੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਇਸ ਤੋਂ ਇਲਾਵਾ ਸੰਗੀਤਕ ਧੁਨਾਂ ਰਾਹੀਂ ਡਾਕਟਰ ਕਿਰਨਪਾਲ ਕੌਰ ਸਰੋਆ ਦੀ ਅਗਵਾਈ ਵਿੱਚ ਇਹਨਾਂ ਪੰਜਾਬੀ ਬੱਚਿਆਂ ਵੱਲੋਂ ਇਹ ਗੀਤ ਪੇਸ਼ ਕੀਤਾ ਗਿਆ। ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਮੁਖੀ ਡਾ. ਗੁਰਨਾਮ ਸਿੰਘ ਵੱਲੋਂ ਗੁਰਮਤਿ ਸੰਗੀਤ ਰਾਹੀਂ ਇਸ ਨੂੰ ਹੋਰ ਖੂਬਸੂਰਤ ਬਣਾਉਣ ਵਿੱਚ, ਪ੍ਰੇਰਨਾ ਦੇਣਾ ਤੇ ਸਹਾਈ ਹੋਣਾ ਮਾਣ ਵਾਲੀ ਗੱਲ ਹੈ। ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਪੰਜਾਬੀ ਵਿੱਚ ਅਨੁਵਾਦਿਤ ਕਰਦਿਆਂ, ਡਾ. ਗੁਰਨਾਮ ਸਿੰਘ ਦੇ ਸੁਪਤਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਤੇ ਪੰਜਾਬੀ ਸਾਹਿਤ ਅਧਿਅਨ ਵਿਭਾਗ ਦੇ ਮੁਖੀ ਰਹੇ ਡਾਕਟਰ ਅੰਮ੍ਰਿਤਪਾਲ ਕੌਰ ਨੇ ਪੰਜਾਬੀ ਸ਼ਬਦ ਲਿਖੇ, ਜਿਹਨਾਂ ਨੂੰ ਕੈਨੇਡੀਅਨ ਪੰਜਾਬੀ ਬੱਚਿਆਂ ਨੇ ਲੈਅ, ਸੁਰ, ਤਾਲ ਰਾਹੀਂ ਗਾਇਆ। ਇਹਨਾਂ ਵਿੱਚੋਂ ਕੁਝ ਸ਼ਬਦ ਇਸ ਤਰ੍ਹਾਂ ਹਨ
”ਓ ਕੈਨੇਡਾ!
ਦੂਰੋਂ ਦੂਰ ਤੱਕ
ਅਸੀਂ ਸਦਾ ਰਖਵਾਲੇ ਤੇਰੇ।
ਰੱਬ ਸਾਡੀ ਧਰਤ ਰੱਖੇ
ਆਜ਼ਾਦ ਸ਼ਾਨ ਵਾਲੀ।
ਓ ਕੈਨੇਡਾ!
ਅਸੀਂ ਸਦਾ ਰੱਖਵਾਲੇ ਤੇਰੇ!!”
ਇਸ ਇਤਿਹਾਸਿਕ ਪ੍ਰਾਪਤੀ ਲਈ ਸਮੂਹ ਕੈਨੇਡੀਅਨ ਵਧਾਈ ਦੇ ਪਾਤਰ ਹਨ। 16 ਦਸੰਬਰ 2023 ਨੂੰ ਅਜਿਹਾ ਇਤਿਹਾਸ ਸਿਰਜਿਆ ਗਿਆ, ਜਿਸ ਲਈ ਕੈਨੇਡਾ ਵਸਦੇ ਪੰਜਾਬੀ ਵਰਿਆਂ ਤੋਂ ਉਪਰਾਲੇ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਕੈਨੇਡਾ ਵਿੱਚ ਹਾਕੀ ਦੀ ਪੰਜਾਬੀ ਵਿੱਚ ਕੁਮੈਂਟਰੀ, ਡੇਢ ਦਹਾਕਾ ਪਹਿਲਾਂ ਤੋਂ ਬਹੁਤ ਉਤਸ਼ਾਹ ਨਾਲ ਚੱਲ ਰਹੀ ਹੈ, ਜਿਸ ਨੂੰ ਸੀਬੀਸੀ ਕੈਨੇਡੀਅਨ ਬਰੌਡਕਾਸਟਿੰਗ ਵੱਲੋਂ ਪ੍ਰਸਾਰਤ ਕੀਤਾ ਜਾਂਦਾ ਹੈ। ਇਹ ਵੀ ਵੱਡੀ ਪ੍ਰਾਪਤੀ ਹੈ। ਕੈਨੇਡਾ ਵਿੱਚ ਪੰਜਾਬੀ ਦਾ ਬੂਟਾ ਲਾਉਣ ਵਾਲੇ ਗਦਰੀ ਬਾਬਿਆਂ ਅਤੇ ਉਸ ਤੋਂ ਮਗਰੋਂ ਕੀਤੇ ਜਾ ਰਹੇ ਸਮੂਹ ਉਪਰਾਲਿਆਂ ਦਾ, ਇਹ ਸ਼ਾਨਦਾਰ ਨਤੀਜਾ ਹੈ।
ਇਸ ਸਮੇਂ ਪੰਜਾਬੀ ਕੈਨੇਡਾ ਦੀ ਚੌਥੀ ਵੱਡੀ ਬੋਲੀ ਹੈ। ਅੰਗਰੇਜ਼ੀ, ਫਰੈਂਚ ਅਤੇ ਚੀਨੀ ਤੋਂ ਮਗਰੋਂ, ਪੰਜਾਬੀ ਦਾ ਨਾਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਆਉਂਦਾ ਹੈ, ਇਸ ਦੇ ਬਾਵਜੂਦ ਕਿ ਮਰਦਮ ਸ਼ੁਮਾਰੀ ਮੌਕੇ ਬਹੁਤ ਸਾਰੇ ਪੰਜਾਬੀ, ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ ਪੱਖੋਂ ਅਵੇਸਲੇ ਵੀ ਹੋ ਜਾਂਦੇ ਹਨ। ਆਓ ਮਾਂ ਬੋਲੀ ਪੰਜਾਬੀ ਨੂੰ ਪਿੱਠ ਨਾ ਦਿਖਾਈਏ। ਘਰਾਂ ਵਿੱਚ ਪੰਜਾਬੀ ਬੋਲੀਏ। ਮਰਦਮ ਸ਼ੁਮਾਰੀ ਮੌਕੇ ਪੰਜਾਬੀ ਲਿਖਵਾਈਏ, ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਕਰੀਏ ਅਤੇ ਫ਼ਖ਼ਰ ਨਾਲ ਆਖੀਏ ;
ਰੱਬ ਸਾਡੀ ਧਰਤ ਰੱਖੇ
ਆਜ਼ਾਦ ਸ਼ਾਨ ਵਾਲੀ।
ਓ ਕੈਨੇਡਾ!
ਅਸੀੰ ਸਦਾ ਰੱਖਵਾਲੇ ਤੇਰੇ!
ੲੲੲ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …