Breaking News
Home / ਨਜ਼ਰੀਆ / ਰੌਸ਼ਨੀਆਂ ਦਾ ਤਿਉਹਾਰ ਦੀਵਾਲੀ

ਰੌਸ਼ਨੀਆਂ ਦਾ ਤਿਉਹਾਰ ਦੀਵਾਲੀ

ਮੁਹਿੰਦਰ ਸਿੰਘ ਘੱਗ
ਦੀਵਾਲੀ ਜਾਂ ਦੀਪਾਵਲੀ ਇਕ ਮੋਸਮੀ ਮੇਲਾ ਸਦੀਆਂ ਤੋਂ ਸਾਡੇ ਪੂਰਬਲੇ ਮਨਾਉਂਦੇ ਆਏ ਹਨ। ਬਾਕੀ ਮੌਸਮੀ ਮੇਲਿਆਂ ਵਾਂਗ ਇਸ ਮੇਲੇ ਨਾਲ ਵੀ ਕਈ ਮਿਥਿਹਾਸਕ ਗਾਥਾਵਾਂ ਜੁੜਦੀਆਂ ਰਹੀਆਂ ਹਨ। ਥੋੜੀ ਬਹੁਤੀ ਅਦਲਾ ਬਦਲੀ ਨਾਲ ਦੀਵਾਲੀ ਮੇਲਾ ਕੋਈ ਪੰਜ ਦਿਨਾਂ ਲਈ ਤਿਉਹਾਰ ਦੇ ਰੂਪ ਵਿਚ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਭਾਰਤੀਆਂ ਦੇ ਪ੍ਰਵਾਸ ਕਾਰਨ ਹੁਣ ਤਾਂ ਇਹ ਮੇਲਾ ਸੰਸਾਰ ਪੱਧਰ ਤੇ ਮਨਾਇਆ ਜਾਣ ਲਗਾ ਹੈ। ਇਸ ਮੇਲੇ ਦੀਆਂ ਖੁਸ਼ੀਆਂ ਮਾਨਣ ਲਈ ਉਮਰ ਦਾ ਤਕਾਜ਼ਾ ਨਹੀਂ ਇਹ ਤਾਂ ਮਰਦਾਂ ਔਰਤਾਂ ਬਚਿਆਂ ਬਜ਼ੁਰਗਾਂ ਦਾ ਸਾਂਝਾ ਮੇਲਾ ਹੈ। ਦੀਵਿਆਂ ਦੀਆਂ ਲੜੀਆਂ, ਭਾਂਤ ਭਾਂਤ ਦੀਆਂ ਮਠਿਆਈਆਂ ਨਾਲ ਸਜੀਆਂ ਦੁਕਾਨਾਂ, ਪਠਾਖਿਆਂ ਦਾ ਸ਼ੋਰ, ਆਸਮਾਨ ਵਲ ਨੂੰ ਉੜਾਨ ਭਰਦੀ ਆਤਸ਼ਬਾਜ਼ੀ ਅਤੇ ਜੂਏ ਦੀ ਹਾਰ ਜਿਤ। ਦੀਵਾਲੀ ਦੇ ਦੂਸਰੇ ਦਿਨ ਜਿਤੇ ਹਾਰੇ ਜੁਆਰੀਆਂ ਬਾਰੇ ਇਕ ਪਰਚਲਤ ਅਖਾਂਣ ਸਾਂਝਾ ਕਰਾਂਗਾ ( ਜੇ ਜੁਆਰੀਏ ਦੀ ਜਿਤ ਮੰਜੇ ਚਾਰ ਜੁਆਰੀਆ ਇਕ ਜੇ ਜੁਆਰੀਏ ਦੀ ਹਾਰ ਮੰਜਾ ਇਕ ਜੁਆਰੀਏ ਚਾਰ)। ਦੀਵਾਲੀ ਦੀ ਮਕਬੂਲੀਅਤ ਇਸ ਗੱਲ ਨਾਲ ਪਰਤੱਖ ਹੋ ਜਾਂਦੀ ਹੈ ਕਿ ਦੀਵਾਲੀ ਲੰਘਦਿਆਂ ਦੂਸਰੇ ਦਿਨ ਆਖਦੇ ਸੁਣੇ ਗਏ ਹਨ ਅਜੱ ਇਕ ਦਿਨ ਘਟ ਸਾਲ ਰਹਿ ਗਿਆ ਦੀਵਾਲੀ ਵਿਚ। ਇਸ ਮੌਸਮੀ ਮੇਲੇ ਦਾ ਸਭੰਧ ਚੰਦਰਮਾਂ ਅਤੇ ਸੂਰਜ ਦੋਵਾਂ ਨਾਲ ਹੈ। ਸ਼ੂਰਜ ਰੌਸ਼ਨੀ ਦਾ ਭੰਡਾਰ ਹੈ ਜੋ ਹਰ ਸਮੇਂ ਰੌਸ਼ਨੀ ਵੰਡ ਰਿਹਾ ਹੈ। ਧਰਤੀ ਦਾ ਅਪਣੇ ਮਹਿਵਰ ਦੁਆਲੇ ਘੁੰਮਣ ਕਾਰਨ ਸਮਾਂ ਦਿਨ ਰਾਤ ਵਿਚ ਬਦਲਦਾ ਹੈ। ਦਿਨ ਦੇ ਚਾਨਣ ਵਿਚ ਭਜਾ ਜਾਂਦਾ ਹੈ ਸੰਸਾਰ ਅਤੇ ਅੰਧੇਰ ਚਾਨਣ ਦਾ ਮਿਲਗੋਭਾ ਰਾਤ, ਆਰਾਮ ਕਰਨ ਲਈ ( ਲੈਲਾ ਤੂੰ ਬੇਸ਼ਕ ਕਾਲੀ ਏਂ ਪਰ ਬੜੇ ਨਸੀਬਾ ਵਾਲੀ ਏਂ । ਥਕੇ ਟੁਟੇ ਰਾਹੀਆਂ ਨੂੰ ਆਰਾਮ ਪਹੁੰਚਾਵਣ ਵਾਲੀ ਏਂ): । ਧਨੀ ਰਾਮ ਚਾਤ੍ਰਕ । ਵਧਦੇ ਚੰਦਰਮਾਂ ਨੂੰ ਰਾਧਾ ਪੱਖ ਜਾਂ ਸ਼ੁਦੀ ਪੱਖ ਆਖਿਆ ਜਾਂਦਾ ਹੈ ਅਤੇ ਪੂਰਨਮਾਸ਼ੀ ਤੋਂ ਲੈ ਕੇ ਮਸਿਆ ਤਕ ਨੂੰ ਕ੍ਰਿਸ਼ਨ ਪੱਖ ਜਾਂ ਬਦੀ ਪੱਖ ਕਿਹਾ ਜਾਂਦਾ ਹੈ। ਚੰਦਰਮਾ ਪਾਸ ਰੌਸ਼ਨੀ ਦਾ ਕੋਈ ਭੰਡਾਰ ਨਹੀਂ , ਸੂਰਜ ਦੀ ਰੌਸ਼ਨੀ ਇਸ ਤੇ ਪੈਂਦੀ ਹੈ ਤਾਂ ਉਸ ਦੀ ਚਮਕ ਨਾਲ ਸਡੀਆਂ ਰਾਤਾਂ ਵੀ ਰੌਸ਼ਨ ਹੋ ਜਾਂਦੀਆਂ ਹਨ।ਚੰਦਰਮਾਂ ਧਰਤੀ ਦੁਆਲੇ ਪਰਕਰਮਾ ਕਰਦਾ ਹੈ ਜਿਸ ਨਾਲ ਅੰਧੇਰ ਚਾਨਣ ਲੁਕਣਮੀਚੀ ਖੇਲਦਾ ਮਸਿਆ ਪੁੰਨਿਆ ਸਿਰਜਦਾ ਹੈ। ਧਰਤੀ ਸੂਰਜ ਦੁਆਲੇ ਪਰਕਰਮਾਂ ਕਰਦੀ ਹੈ ਜਿਸ ਨਾਲ ਮੌਸਮ ਬਦਲਦੇ ਹਨ ( ਸੂਰਜ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ) । ਧਰਤੈ ਦੀ ਸੂਰਜ ਦੀ ਪਰਕਰਮਾਂ ਸਮੇਂ ਵਿਥ ਇਕੋ ਜਿਹੀ ਨਹੀਂ ਰਹਿੰਦੀ ਅਤੇ ਨਾ ਹੀ ਚੰਦਰਮਾਂ ਧਰਤੀ ਦੀ ਪਰਕਰਮਾਂ ਇਕ ਵਿਥ ਤੇ ਰਹਿ ਕੇ ਕਰਦਾ ਹੈ। ਦੋਵਾਂ ਦਾ ਪਰਕਰਮਾਂ ਚਕਰ ਅੰਡਕਾਰੀ ਲੰਬੂਤਰਾ ਹੈ। ਕਤਕ ਦੀ ਮਸਿਆ ਸਮੇ ਧਰਤੀ ਦਾ ਉਤਰੀ ਹਿਸਾ ਜਿਸ ਵਿਚ ਸਾਡਾ ਭਾਰਤ ਵੀ ਹੈ ਸੁਰਜ ਤੋਂ ਸਾਰੇ ਸਾਲ ਨਾਲੋਂ ਜ਼ਿਆਦਾ ਵਿਥ ਤੇ ਹੂੰਦਾ ਹੈ ਇਸੇ ਕਾਰਨ ਕਤਕ ਦੀ ਮਸਿਆ ਜਿਸ ਨੂੰ ਦੀਵਾਲੀ ਵਜੋਂ ਮਨਾਇਆ ਜਾਂਦਾ ਹੈ ਬਾਕੀ ਸਾਰੇ ਸਾਲ ਦੀਆਂ ਮਸਿਆ ਦੀਆਂ ਰਾਤਾਂ ਨਾਲੋਂ ਜ਼ਿਆਦਾ ਅੰਧੇਰੀ ਹੁੰਦੀ ਹੈ। ਕਈਆਂ ਦਾ ਵਿਚਾਰ ਹੈ ਬਹੁਤ ਸਾਰੇ ਦੀਵੇ ਬਲਣ ਕਾਰਨ ਦੀਵਾਲੀ ਦੀ ਰਾਤ ਜ਼ਿਆਦਾ ਅੰਧੇਰੀ ਲਗਦੀ ਹੈ। ਮੱਨੁਖ ਬਾਕੀ ਪਸ਼ੂ ਪੰਛੀਆਂ ਵਾਂਗ ਕੁਦਰਤ ਨਾਲ ਸਹਿਮਤੀ ਕਰਨ ਦੀ ਬਜਾਏ ਉਸਨੂੰ ਬਦਲਣ ਦੇ ਯਤਨ ਕਰਦਾ ਆਇਆ ਹੈ। ਜਦ ਉਸਨੂੰ ਖੌਫਨਾਕ ਹਨੇਰ ਦਾ ਗਿਆਨ ਹੋਇਆ ਤਾਂ ਉਸਨੇ ਅੱਗ ਦੀ ਮਦਦ ਨਾਲ ਉਸਨੂੰ ਚਾਨਣ ਵਿਚ ਬਦਲਣ ਦਾ ਯਤਨ ਕੀਤਾ, ਡੰਡੇ ਸੋਟਿਆਂ ਨਾਲ ਖੜਾਕ ਕੀਤੇ ਉਚੀ ਉਚੀ ਸ਼ੋਰ ਮਚਾਇਆ ਅੱਗ ਦਾ ਵਡਾ ਧੂਣਾ ਲਾ ਕੇ ਕਤਕ ਦੀ ਮਸਿਆ ਦੀ ਰਾਤ ਦੇ ਹਨੇਰੇ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਜੋ ਸਮੇ ਨਾਲ ਦੀਪਾਂ ਦੀਆਂ ਕਤਾਰਾਂ ਵਿਚ ਬਦਲਦਾ ਬਦਲਦਾ ਮੋਮਬਤੀਆ ਅਤੇ ਬਿਜਲੀ ਦੇ ਲਾਟੂਆਂ ਤਕ ਦਾ ਸਫਰ ਤੈਅ ਕਰ ਚੁਕਾ ਹੈ । ਇਹ ਵਿਚਾਰ ਮੈਂ ਤਾਰਾ ਵਿਗਿਆਨ ਦੇ ਆਧਾਰ ਤੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਜੇ ਕੋਈ ਵਿਦਵਾਨ ਕੋਈ ਹੋਰ ਵਿਚਾਰ ਪੇਸ਼ ਕਰੇਗਾ ਤਾਂ ਵਿਚਾਰ ਕੀਤੀ ਜਾ ਸਕਦੀ ਹੈ। ਕੁਝ ਉਨੱਤੀ ਹੋਈ ਨੱਗਰ ਵਸ ਗਏ ਫਸਲਾਂ ਦੀ ਬੀਜ ਬਜਾਈ ਸ਼ੁਰੂ ਹੋ ਗਈ। ਪੁਰਾਣੇ ਜ਼ਮਾਨੇ ਵਿਚ ਨਾ ਤਾਂ ਨੈਹਰਾਂ ਸਨ ਅਤੇ ਨਾਂ ਹੀ ਟਿਊਬਵੈਲ। ਝੋਨਾ ,ਮਕੀ ਅਤੇ ਤਿਲ ਵਗੈਰਾ( ਸੌਣੀ ਦੀ ਫਸਲ) ਲਈ ਲੋੜੀਂਦਾ ਪਾਣੀ ਬਰਸਾਤ ਹੀ ਪੂਰਾ ਕਰਦੀ ਸੀ। ਜੂਨ ,ਜੁਲਾਈ,ਅਗਸਤ ਸਤੰਬਰ ਨੂੰ ਚੋਮਾਸਾ ਕਹਿੰਦੇ ਹਨ। ਜੂਨ ਮਹੀਨੇ ਤੋਂ ਮੌਨਸੂਨ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੁਲਾਈ ਅਗਸਤ ਕੁਝ ਹਿਸਾ ਸਤੰਬਰ ਦਾ ਵਰਖਾ ਰੁਤ ਸਦਾਉਂਦਾ ਹੈ, ਜੇ ਇਹਨਾਂ ਦਿਨਾਂ ਵਿਚ ਬਰਸਾਤ ਨਾ ਪਵੇ ਗੋਹਾਰਾਲੀ (ਜਾਨਵਰਾਂ ਦਾ ਗੋਹਾ ਘੋਲ ਕੇ ਇਕ ਦੂਸਰੇ ਤੇ ਪਾਉਣਾ) ਖੇਲੀ ਜਾਂਦੀ ਸੀ। ਕੋਈ ਗੁਸਾ ਨਹੀਂ ਸੀ ਕਰਦਾ।ਦਰਅਸਲ ਪੁਰਾਣੇ ਬਜ਼ੁਰਗਾਂ ਦਾ ਰੱਬ ਨੂੰ ਸੁਨੇਹਾ ਭੇਜਣ ਦਾ ਅਨੋਖਾ ਢੰਗ ਸੀ । ਵਰਖਾ ਚਾਹੀਦੀ ਹੈ ਤਾਂ ਕਿ ਅਸੀਂ ਇਸ ਤਰ੍ਹਾਂ ਭਿੱਜੇ ਭਿੱਜੇ ਲਗੀਏ।
ਚੰਗੀ ਬਰਸਾਤ ਹੋ ਗਈ ਸੌਣੀ ਦੀ ਫਸਲ ਘਰ ਆ ਗਈ ਅਤੇ ਕਣਕ ਛੋਲੇ ਜੌਂ ਸਰਸੋਂ ਤਾਰਾਮੀਰਾ (ਹਾੜੀ ਦੀ ਫਸਲ ਬੀਜੀ ਜਾ ਚੁਕੀ ਹੈ) ਵੇਹਲ ਅਤੇ ਖੁਸ਼ੀ ਨੇ ਕਤਕ ਦੀ ਕਾਲੀ ਰਾਤ ਨੂੰ ਦੀਵਾਲੀ ਵਰਗੇ ਮੇਲੇ ਵਿਚ ਬਦਲ ਦਿਤਾ। ਖਾਣ ਪੀਣ ਦਾ ਫਿਕਰ ਨਾ ਹੋਵੇ ਤਾਂ ਫੇਰ ਮਸਤੀ ਦਾ ਹਾਜ਼ਰ ਹੋਣਾ ਤਾਂ ਸੁਭਾਵਕ ਹੀ ਹੈ ਸੋ ਦੀਵਾਲੀ ਇਕ ਮੋਜ ਮਸਤੀ ਦਾ ਮੇਲਾ ਹੋ ਨਿਬੜਿਆ। ਅਜ ਵੱਧੀਆ ਸੜਕਾਂ ਅਤੇ ਚੰਗੇ ਆਵਾਜਾਈ ਦੇ ਸਾਧਨ ਰਹਾਇਸ਼ ਲਈ ਵਧੀਆ ਮਕਾਨ। ਜਦ ਬਰਸਾਤ ਆਉਂਦੀ ਹੈ ਤਾਂ ਖੁਸ਼ਗਵਾਰ ਮੋਸਮ ਦੇ ਨਾਲ ਨਾਲ ਪਰੇਸ਼ਾਨੀਆਂ ਵਿਚ ਵੀ ਵਾਧਾ ਹੁੰਦਾ ਹੈ। ਸਿਆਣਿਆ ਦਾ ਅਖਾਣ ਹੈ ਕਿ ਇਕ ਦਿਨ ਦੀ ਮ੍ਹੋਲੇਧਾਰ ਬਰਸਾਤ ਨਾਲੋਂ ਇਕ ਸਾਲ ਦਾ ਸੋਕਾ ਝਲਣਾ ਸੌਖਾ ਹੈ । ਕਈ ਦਫਾ ਕਈ ਕਈ ਦਿਨ ਦੀ ਬਦਲਵਾਈ ਅਤੇ ਕਿਣ ਮਿਣ ਕਿਣ ਮਿਣ ਰਹਿਣ ਕਾਰਨ ਹਰ ਪਾਸੇ ਸਲ੍ਹਾਭ ਕਪੜਿਆਂ ਵਿਚੋਂ ਹੱਮਕ, ਮੱਛਰ ਦੀ ਬੁਹਤਾਤ ਕਾਂਬੇ ਨਾਲ ਮਲੇਰੀਆ ਕੌੜੀ ਕੁਨੈਣ ਸੰਘੋਂ ਨਹੀਂ ਲਿਥਦੀ। ਜਿਸ ਬਰਸਾਤ ਨੂੰ ਮੰਨਤਾਂ ਕਰ ਕੇ ਮੰਗਿਆ ਸੀ ਉਸ ਤੋਂ ਛੁਟਕਾਰਾ ਪਾਉਣ ਨੂੰ ਜੀਅ ਕਾਹਲਾ ਪੈਂਦਾ ਹੈ । ਵਰਖਾ ਰੁਤ ਮੁੱਕੀ ਸ਼ੁਕਰ ਕੀਤਾ। ਹੁਣ ਸਮਾਂ ਆ ਗਿਆ ਸਲ੍ਹਾਭ ਕਾਰਨ ਵਿਕਸਤ ਹੋਏ ਬੀਮਾਰੀ ਦੇ ਕਿਟਾਣੂ ਨਸ਼ਟ ਕਰਨ ਦਾ। ਘਰਾਂ ਦੀ ਲੇਪਾ ਪੋਚੀ ਕਰਨ ਨਾਲ ਬੀਮਾਰੀ ਦੇ ਕਿਟਾਣੂ ਤਾਂ ਨਸ਼ਟ ਹੁੰਦੇ ਹੀ ਹਨ ਨਾਲ ਨਾਲ ਬਰਸਾਤ ਦੇ ਪਾਣੀ ਨਾਲ ਥ੍ਹਾਂ ਥ੍ਹਾਂ ਪਾਣੀ ਦੇ ਦਾਗ ਵੀ ਮਿਟ ਜਾਂਦੇ ਹਨ, ਸਾਫ ਸੁਥਰਾ ਘਰ ਮਨ ਨੂੰ ਸਕੂਨ ਦਿੰਦਾ ਹੈ। ਬਰਸਾਤ ਦੇ ਦਿਨਾਂ ਵਿਚ ਗਾਗਰਾਂ ਵਲਟੋਹੀਆਂ ਅਤੇ ਹੋਰ ਪਿੱਤਲ ਦੇ ਭਾਂਡੇ ਸਲ੍ਹਾਭ ਕਾਰਨ ਕਾਲੇ ਪੈ ਜਾਂਦੇ ਹਨ ਉਹਨਾਂ ਨੂੰ ਵੀ ਮਾਂਜ ਬਣਾ ਕੇ ਲਿਸ਼ਕਾ ਲਿਆ ਜਾਂਦਾ ਹੈ। ਸਾਫ ਸਫਾਈ ਕਰਨ ਨਾਲ ਸਾਰਾ ਚੁਗਿਰਦਾ ਸੁਥਰਾ ਲਗਣ ਲੱਗ ਜਾਂਦਾ ਹੈ। ਸਿਆਣੇ ਬਜ਼ੁਰਗ ਆਖਦੇ ਹਨ ਕਿ ਸਫਾਈ ਦਾ ਰੱਬ ਤੋਂ ਬਾਅਦ ਦੂਜਾ ਸਥਾਨ ਹੈ। ਯਾਦ ਹੋਵੇਗਾ ਕਿ ਬੀਮਾਰੀ ਠਮਾਰੀ ਸਮੇਂ ਘਰ ਦੀਆਂ ਸੁਆਣੀਆਂ ਘਰ ਅੰਦਰ ਚਪਣੀ ਵਿਚ ਕੋਲਾ ਰਖ ਕੇ ਉਸ ਤੇ ਥ੍ਹੋੜਾ ਘੇ ਪਾਕੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਸਾਰੇ ਘਰ ਵਿਚ ਫਿਰ ਜਾਂਦੀਆਂ ਸਨ। ਪੁਰਾਣੇ ਬਜ਼ੁਰਗਾਂ ਦਾ ਖਿਆਲ ਸੀ ਕਿ ਬਹੁਤ ਸਾਰੇ ਦੀਵਿਆਂ ਵਿਚ ਬਲਿਆ ਤੇਲ ਲੋ ਦੇ ਨਾਲ ਨਾਲ ਵਾਤਾਵਰਣ ਨੂੰ ਵੀ ਸ਼ੁਧ ਕਰਦਾ ਹੈ। ਇਹੋ ਜਿਹੀ ਇਕ ਕਹਾਵਤ ਹੈ ਕਿ ਦੀਵਾਲੀ ਵਾਲੇ ਦਿਨ ਤੇਲ ਜ਼ਰੂਰ ਲੂਹਿਆ ਜਾਵੇ ਭਾਵ ਤੇਲ ਵਿਚ ਕੁਝ ਪਕਾਇਆ ਜਾਵੇ। ਵਿਛੜ ਗਏ ਬਜ਼ੁਰਗਾਂ ਦੀ ਯਾਦ ਵਿਚ ਵੀ ਹਰ ਪ੍ਰਵਾਰ ਕਬਰਸਤਾਨ ਵਿਚ ਬਲਦਾ ਦੀਵਾ ਰਖ ਆਉਂਦਾ ਹੈ। ਬਸ ਹਰ ਸਾਲ ਕਤਕ ਦੀ ਮਸਿਆ ਦੀਵਿਆਂ ਭਰੀ ਇਹ ਕਾਲੀ ਰਾਤ, ਸੁਆਦਲੇ ਭੋਜਨ ਨਵੇਂ ਬਸਤਰ ਅਤੇ ਸਾਫ ਸੁਥਰੇ ਘਰ, ਪਟਾਖਿਆ ਦਾ ਸ਼ੋਰ ਇਕ ਮੋਸਮੀ ਮੇਲਾ ਹੀ ਸੀ ਜੋ ਬਾਅਦ ਵਿਚ ਕੁਝ ਮਿਥਹਾਸਕ ਗਾਥਾਵਾਂ ਜੁੜਨ ਕਾਰਨ ਪੰਜ ਦਿਨਾ ਤਿਉਹਾਰ ਹੋ ਨਿਬੜਿਆ।ਤਿਉਹਾਰ ਦਾ ਜ਼ਰੂਰੀ ਅੰਗ ਪੂਜਾ ਪਾਠ ਵੀ ਸ਼ੁਰੂ ਹੋ ਗਈ।
ਕਤਕ ਮਹੀਨੇ ਦੇ ਕ੍ਰਿਸ਼ਨ ਪਖ ਦੇ ਤੇਰਾਂ ਦਿਨਾਂ ਤੋਂ ਦੀਵਾਲੀ ਪੂਜਾ ਸ਼ੁਰੂ ਹੋ ਜਾਂਦੀ ਹੈ । ਇਸ ਦਿਨ ਨੂੰ ਧੰਨਵੰਤਰੀ ਤਿਰੌਦਸ਼ੀ ਆਖਦੇ ਹਨ। ਵਿਉਪਾਰੀ ਲੋਕ ਆਪਣੇ ਧੰਨ ਦੇ ਵਾਧੇ ਲਈ ਇਸ ਰਾਤ ਲਕਸ਼ਮੀ ਪੂਜਾ ਕਰਦੇ ਹਨ। ਵਹੀ ਖਾਤਿਆਂ ਨੂੰ ਧੂਫ ਦਿੰਦੇ ਹਨ ਤਿਜੋਰੀ ਅਗੇ ਰਾਤ ਭਰ ਦੀਵਾ ਅਤੇ ਧੂਫ ਜੱਲਦੀ ਹੈ। ਵਿਆਜ ਵਗੈਰਾ ਜੋੜ ਕੇ ਖਾਤਾ ਨਵਾਂ ਕਰ ਲਿਆ ਜਾਂਦਾ ਹੈ । ਦੀਵਾਲੀ ਤੋਂ ਉਹਨਾਂ ਦਾ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ। ਸੋਨੇ ਚਾਂਦੀ ਦੇ ਜ਼ੇਵਰਾਂ ਦੀ ਖਰੀਦ ਨੂੰ ਸ਼ੁਭ ਮੰਨਣ ਕਾਰਨ ਇਸ ਦਿਨ ਜ਼ੇਵਰਾਤ ਦੀਆਂ ਦੁਕਾਨਾਂ ਤੇ ਕਾਫੀ ਭੀੜ ਹੁੰਦੀ ਹੈ । ਇਸ ਤਰ੍ਹਾਂ ਇਹ ਮੇਲਾ ਵਿਉਪਾਰਕ ਹੋ ਨਿਬੜਿਆ ਹੈ।
ਕਤਕ ਮਹੀਨੇ ਦੇ ਕ੍ਰਿਸ਼ਨ ਪਖ ਦਾ ਚੌਦਵਾਂ ਦਿਨ ਛੋਟੀ ਦੀਵਾਲੀ ਜਾਂ ਨਰਕ ਚੌਰਾਦਸੀ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਜੁੜੀ ਗਾਥਾ ਦਾ ਸਭੰਧ ਦੁਆਪਰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨਾਲ ਹੈ। ਪੁਰਾਣੇ ਗਰੰਥਾ ਅਨੁਸਾਰ ਜਿਸ ਇਲਾਕੇ ਨੂੰ ਅਜ ਆਸਾਮ ਕਿਹਾ ਜਾਂਦਾ ਹੈ ਉਸ ਇਲਾਕੇ ਤੇ ਨਰਕਸੁਰ ਨਾਮ ਦਾ ਜਾਬਰ ਰਾਜਾ ਰਾਜ ਕਰਦਾ ਸੀ। ਉਸਨੇ ਦੇਵਤਿਆਂ ਰਿਸ਼ੀਆਂ ਮੁਨੀਆਂ ਦੀਆਂ ਵਰ ਪਰਾਪਤ 16,100 ਬੇਟੀਆਂ ਆਪਣੇ ਹਰਮ ਵਿਚ ਪਾ ਲਈਆਂ ਸਨ। ਨਾਲ ਹੀ ਸੁਰਲੋਕ ਦੀ ਮਲਕਾ ਅਦਿਤੀ ਦੀਆਂ ਕੀਮਤੀ ਮੁਰਕੀਆਂ ਵੀ ਖੋਹ ਲਿਆਂਦੀਆਂ ਸਨ। ਦੇਵਤਿਆਂ ਨੇ ਤੰਗ ਆ ਕੇ ਵਿਸ਼ਨੂੰ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਸਹਾਇਤਾ ਮੰਗੀ। ਸ਼੍ਰੀ ਕ੍ਰਿਸ਼ਨ ਜੀ ਨੇ ਆਪਣੀ ਪੱਤਨੀ ਸਤਿਆਭਾਮਾ ਨੂੰ ਮਨਾ ਲਿਆ ਕਿ ਉਹ ਨਰਕਸੁਰ ਦੀ ਲੜਾਈ ਸਮੇ ਉਸਦੀ ਰਥਵਾਨ ਬਣੇ। ਲੜਾਈ ਦੌਰਾਨ ਇਕ ਤੀਰ ਕਰ੍ਰਿਸ਼ਨ ਜੀ ਦੇ ਲੱਗਣ ਨਾਲ ਉਹ ਮੂਰਛਤ ਹੋ ਗਏ ਤਾਂ ਉਹਨਾਂ ਦੀ ਪਤਨੀ ਸਤਿਆਭਾਮਾਂ ਨੇ ਧੰਨੁਸ਼ ਸੰਭਾਲ ਕੇ ਨਰਕਸੁਰ ਦਾ ਵੱਧ ਕਰ ਦਿਤਾ। ਕ੍ਰਿਸ਼ਨ ਜੀ ਨੇ 16,100 ਕੰਨਿਆਵਾਂ ਨੂੰ ਛੁੜਾ ਕੇ ਆਖਿਆ ਕਿ ਅਜ ਤੋਂ ਤੁਸੀਂ ਸਾਰੀਆਂ ਮੇਰੀਆਂ ਪਤਨੀਆਂ ਹੋ। ਨਰਕਸੁਰ ਦਾ ਖੂਨ ਮਥੇ ਤੇ ਲਾ ਕੇ ਜਦ ਕ੍ਰਿਸ਼ਨ ਜੀ ਵਾਪਸ ਆਏ ਤਾਂ ਲੋਕਾਂ ਨੇ ਨਰਕਸੁਰ ਤੋਂ ਛੁਟਕਾਰਾ ਮਿਲਣ ਕਰਕੇ ਖੁਸ਼ੀਆਂ ਮਨਾਈਆਂ। ਉਸ ਦਿਨ ਦੀ ਯਾਦ ਵਿਚ ਅਜ ਵੀ ਕ੍ਰਿਸ਼ਨ ਭਗਤ ਆਪਣੇ ਮਥੇ ਤੇ ਲਾਲ ਰੰਗ ਦਾ ਤਿਲਕ ਲਾਊਂਦੇ ਹਨ।
ਹੁਣ ਇਕ ਇਤਹਾਸਕ ਪਖ ਪੇਸ਼ ਕਰਨ ਦੀ ਇਜਾਜ਼ਤ ਚਾਹਾਂਗਾ। ਅਬਦਾਲੀ ਨੇ ਭਾਰਤ ਤੇ ਹਮਲਾ ਕੀਤਾ ਦੇਸ਼ ਦਿਆਂ ਮੰਦਰਾਂ ਚੋਂ ਸੋਨਾ ਚਾਂਦੀ ਹੀਰੇ ਜਵਾਹਰਾਤ ਲੁਟੇ ਨਾਲ ਹੀ ਭਾਰਤ ਦਾ ਇਸਤ੍ਰੀ ਧੰਨ ਲ਼ੁਟ ਕੇ ਜਦ ਵਾਪਸ ਜਾ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸੇ ਨੇ ਬਹੁਤ ਘੱਟ ਗਿਣਤੀ ਵਿਚ ਹੁੰਦਿਆਂ ਹੋਇਆ ਵੀ ਉਸ ਤੋਂ ਸਾਰਾ ਮਾਲ ਖੋਹ ਲਿਆ ਅਤੇ ਦੇਸ਼ ਦੀਆਂ ਬੇਟੀਆਂ ਨੂੰ ਵੀ ਅਬਦਾਲੀ ਦੀ ਗ੍ਰਿਫਤ ਵਿਚੋਂ ਛੁੜਾ ਲਿਆ। ਕੁਝ ਇਕ ਨੂੰ ਤਾਂ ਮਾਪਿਆਂ ਨੇ ਕਬੂਲ ਲਿਆ ਜਿਹਨਾਂ ਨੂੰ ਮਾਪਿਆਂ ਨੇ ਭ੍ਰਿਸ਼ਟ ਹੋਈਆਂ ਸਮਝ ਕੇ ਕਬੂਲਣ ਤੋਂ ਇਨਕਾਰ ਕਰ ਦਿਤਾ ਉਹ ਬੇਟੀਆਂ ਖਾਲਸੇ ਦਾ ਹੀ ਇਕ ਅੰਗ ਬਣ ਗਈਆਂ। ਅਬਦਾਲੀ ਨਾਲ ਹੋਈਆਂ ਝੱੜਪਾਂ ਵਿਚ ਸ਼ਹੀਦੀਆਂ ਵੀ ਹੋਈਆਂ ਹੋਣਗੀਆਂ। ਇਤਹਾਸ ਦਾ ਇਹ ਸਬਕ ਨਵੀਂ ਪੀੜ੍ਹੀ ਨੂੰ ਪੜਾਉਣਾ ਤਾਂ ਇਕ ਪਾਸੇ ਕੀ ਕਦੀ ਉਹਨਾਂ ਸੂਰਵੀਰਾਂ ਦੇ ਵਡਮੁਲੇ ਕਾਰਨਾਮੇ ਦੀ ਯਾਦ ਵਿਚ ਕਿਸੇ ਨੇ ਇਕ ਦੀਵਾ ਵੀ ਬਾਲਿਆ ਹੋਵੇ । ਨਹੀਂ ਨਾ! ਉਸ ਦੇ ਉਲਟ ਨਵੰਬਰ 1984 ਵਿਚ ਦਿਲੀ ਕਾਨਪੁਰ ਅਤੇ ਹੋਰ ਸ਼ਹਿਰਾਂ ਵਿਚ ਇਕ ਸੋਚੀ ਸਮਝੀ ਸਰਕਾਰੀ ਸਰਪ੍ਰਸਤੀ ਹੇਠ ਸਿਖਾਂ ਦੀ ਜਾਨ ਮਾਲ ਦੀ ਲੁਟ, ਸਿਖ ਬਚੀਆਂ ਦੀ ਬੇਪਤੀ ਨੇ ਭਾਰਤ ਵਾਸੀਆਂ ਨੂੰ ਨਾਸ਼ੁਕਰਿਆਂ ਦੀ ਕਤਾਰ ਵਿਚ ਖੜ੍ਹਾ ਕਰ ਦਿਤਾ। ਸਿਖ ਕੌਮ ਦੇ ਹਿਰਦੇ ਵਲੂੰਦਰੇ ਗਏ ਅਤੇ ਇਕ ਨਾ ਮਿਟਣ ਵਾਲਾ ਘਾਵ ਲਗਾ ਹੈ।
ਦਿਵਾਲੀ ਦੀ ਰਾਤ ਨਾਲ ਕੁਝ ਮਿਥਹਾਸ ਅਤੇ ਕੁਝ ਇਤਹਾਸ ਜੁੜਿਆ ਹੋਇਆ ਹੈ। ਪਹਿਲਾਂ ਮਿਥਹਾਸ ਦੀ ਗੱਲ ਕਰਦੇ ਹਾਂ। ਇਕ ਵਿਸਵਾਸ ਹੈ ਕਿ ਸਮੁੰਦਰ ਮਥਨ ਕਰਨ ਸਮੇਂ ਹੋਰ ਵਸਤੂਆਂ ਨਾਲ ਇਕ ਅਤੀਅੰਤ ਸੁੰਦਰ ਇਸਤਰੀ ਵੀ ਪਰਗਟ ਹੋਈ ਸੀ। ਉਸਨੂੰ ਵਿਸ਼ਨੂੰ ਭਗਵਾਨ ਨੇ ਅਪਣੀ ਅਰਧਾਗਣੀ ਬਣਾ ਲਿਆ ਅਤੇ ਉਸ ਦਾ ਨਾਮ ਧੰਨ ਦੇਣ ਵਾਲੀ ਦੇਵੀ ਲਕਸ਼ਮੀ ਪਰਚਲਤ ਹੋ ਗਿਆ। ਧੰਨ ਦੀ ਪਰਾਪਤੀ ਲਈ ਉਸ ਰਾਤ ਉਸ ਦੀ ਪੂਜਾ ਕੀਤੀ ਜਾਂਦੀ ਹੈ ਇਕ ਆਮ ਵਿਸ਼ਵਾਸ ਹੈ ਕਿ ਦੀਵਾਲੀ ਦੀ ਰਾਤ ਲਕਸ਼ਮੀ ਦੇਵੀ ਸਾਫ ਸੁਥਰੇ ਅਤੇ ਰੌਸ਼ਨ ਘਰਾਂ ਵਿਚ ਗੇੜਾ ਮਾਰਦੀ ਹੈ। ਘਰਾਂ ਦੀ ਲੇਪਾਪੋਚੀ ਕੀਤੀ ਜਾ ਚੁਕੀ ਹੈ ਦੀਵੇ ਬਲ ਰਹੇ ਹਨ ਬਸ ਸਾਰੀਆਂ ਖਿੜਕੀਆਂ ਖੋਹਲ ਦਿਤੀਆਂ ਜਾਂਦੀਆਂ ਹਨ ਤਾਂ ਕਿ ਲਕਸ਼ਮੀ ਧੰਨ ਦਾ ਛਟਾ ਦੇ ਜਾਵੇ। ਲਕਸ਼ਮੀ ਦੇ ਬਾਕੀ ਗੁਣਾਂ ਦੀ (ਧੀਰਜ, ਪਿਆਰ, ਸੰਤੋਖ , ਸਹਿਣਸ਼ੀਲਤਾ ਅਤੇ ਮਿਠਾਸ) ਦੀ ਮੰਗ ਦੀ ਤਾਂ ਅਜ ਦੇ ਇਸ ਮਾਇਆਵਾਦੀ ਯੁਗ ਵਿਚ ਸ਼ਾਇਦ ਲੋੜ ਹੀ ਨਹੀਂ ਰਹਿ ਗਈ।
ਦੂਸਰੀ ਮਿਥ ਰਾਮਚੰਦਰ ਜੀ ਦੇ ਚੌਦਾ ਸਾਲ ਦੇ ਬਨਵਾਸ ਤੋਂ ਪਰਤਣ ਨਾਲ ਜੁੜੀ ਹੋਈ ਹੈ। ਅਯੁਧਿਆ ਪਤੀ ਰਾਜਾ ਦਸ਼ਰਥ ਆਪਣੀ ਰਾਣੀ ਕੇਕਈ ਦੇ ਹਠ ਅਗੇ ਝੁਕ ਗਿਆ ਨਤੀਜਾ ਰਾਣੀ ਕੁਸ਼ਲਿਆ ਦੀ ਕੁਖੋਂ ਰਾਮਚੰਦਰ ਜੀ ਨੂੰ ਰਾਜ ਤਿਲਕ ਦੀ ਥ੍ਹਾਂ ਚੌਦਾਂ ਸਾਲਾ ਦਾ ਬਨਵਾਸ। ਰਾਮਚੰਦਰ ਦੀ ਪਤਨੀ ਸੀਤਾ ਜੀ ਨੇ ਪਤੀਧਰਮ ਦਾ ਪਾਲਣ ਕਰਦਿਆਂ ਮਹਿਲਾਂ ਦੇ ਐਸ਼ੋ ਆਰਮ ਦੀ ਥ੍ਹਾਂ ਬਨਵਾਸ ਦੀ ਚੋਣ ਕੀਤੀ। ਰਾਣੀ ਸੁਮਿਤਰਾ ਦਾ ਪੁਤਰ ਲਛਮਨ ਵੀ ਨਾਲ ਜਾਣ ਲਈ ਬਜ਼ਿਦ ਹੋਇਆ। ਬਨਵਾਸ ਦੌਰਾਨ ਲੰਕਾਪਤੀ ਰਾਵਣ ਸੀਤਾ ਦਾ ਹਰਣ ਕਰ ਲੈਂਦਾ ਹੈ ਜੰਗ ਹੁੰਦੀ ਹੈ ਰਾਵਣ ਹਾਰ ਜਾਂਦਾ ਹੈ । ਸੰਸਾਰ ਜੇਤੂਆਂ ਨੂੰ ਹੀ ਪੂਜਦਾ ਆਇਆ ਹੈ। ਸੀਤਾ ਜੀ ਖੁਸ਼ੀ ਨਾਲ ਨਹੀਂ ਸੀ ਗਈ ਉਸ ਦੇ ਜਿਸਮ ਤੇ ਉੇਸ ਦਾ ਕੋਈ ਵੱਸ ਨਹੀਂ ਸੀ ਪਰ ਉਸਦਾ ਮਨ ਹਰ ਵੇਲੇ ਰਾਮ ਜੀ ਨਾਲ ਜੁੜਿਆ ਰਹਿੰਦਾ ਸੀ । ਫੇਰ ਵੀ ਆਪਣੀ ਪਵਿਤ੍ਰਤਾ ਦਾ ਸਬੂਤ ਦੇਣ ਲਈ ਸੀਤਾ ਜੀ ਨੂੰ ਅਗਨ ਪ੍ਰੀਖਸ਼ਾ ਦੇਣੀ ਪਈ। ਰਾਮ ਜੀ ਵਲੋਂ ਰਾਵਣ ਦਾ ਵੱਧ ਨੇਕੀ ਦੀ ਬਦੀ ਤੇ ਜਿਤ ਮੰਨਦਿਆਂ ਅਤੇ ਰਾਮ ਲਛਮਨ ਅਤੇ ਸੀਤਾ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਆਖਿਆ ਜਾਂਦਾ ਹੈ ਕਿ ਅਯੁਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਜੋ ਇਕ ਰਸਮ ਬਣ ਗਈ ।
ਸਮਾਂ ਅਤੇ ਇਨਸਾਨ ਦੀ ਸੋਚ ਬਦਲਦੀ ਰਹਿੰਦੀ ਹੈ। ਸੀਤਾ ਜੀ ਦੇ ਚਰਿਤਰ ਤੇ ਫੇਰ ਉਂਗਲੀ ਉਠਾਈ ਜਾਣ ਲਗੀ ।(ਆਨੰਦਾਕੇ ਕੁਮਾਰਾ ਸੁਆਮੀ ਅਤੇ ਸਿਸਟਰ ਨਿਵਈਦਤਾ) ਆਪਣੀ ਕਿਤਾਬ ਮਿਥਸ ਔਫ ਦਾ ਹਿੰਦੂ’ਸ ਅਤੇ ਬੁਧਿਅਸਟ ਵਚਿ ਲਿਖਦੇ ਹਨ ਕਿ ਰਾਮਚੰਦਰ ਨੇ ਲਛਮਨ ਨੂੰ ਸਦ ਕੇ ਹੁਕਮ ਦਿਤਾ ਕਿ ਕਿਸੇ ਕਿਸਮ ਦਾ ਵਬਾਲ ਖੜਾ ਹੋਣ ਦੀ ਬਜਾਏ ਉਹ ਸੀਤਾ ਜੀ ਨੂੰ ਗੰਗਾ ਯਾਤਰਾ ਦੇ ਬਹਾਨੇ ਲੈ ਜਾਵੇ। ਗੰਗਾ ਦੇ ਦੂਸਰ ਪਾਸੇ ਜਾ ਕੇ ਸੀਤਾ ਜੀ ਨੂੰ ਦਸ ਦੇਵੇ ਕਿ ਉਸ ਦੇ ਪਤੀ ਰਾਮ ਨੇ ਉਸ ਨੂੰ ਤਿਆਗ ਦਿਤਾ ਹੈ ਅਤੇ ਸੀਤਾ ਜੀ ਨੂੰ ਛਡ ਕੇ ਵਾਪਸ ਆ ਜਾਵੇ। ਜੰਗਲ ਬੀਆ ਬਾਨ ਵਿਚ ਸੀਤਾ ਜੀ ਨੇ ਰੁਦਨ ਕੀਤੇ। ਕੁਦਰਤੀ ਬਾਲਮੀਕ ਦੇ ਸੇਵਕ ਉਧਰ ਆ ਗਏ ਜੋ ਸੀਤਾ ਜੀ ਨੂੰ ਬਾਲਮੀਕੀ ਆਸ਼ਰਮ ਵਿਚ ਲੈ ਗਏ। ਆਸ਼ਰਮ ਵਿਚ ਸੀਤਾ ਜੀ ਨੇ ਦੋ ਬੇਟਿਆਂ ਨੂੰ ਜਨਮ ਦਿਤਾ ਪਹਿਲੇ ਨੂੰ ਗੁੜ੍ਹਤੀ ਉਂਗਲੀ ਨਾਲ ਦਿਤੀ ਗਈ ਜੋ ਲਵੂ ਕਹਿਲਾਇਆ ਦੂਸਰੇ ਨੂੰ ਗੁੜ੍ਹਤੀ ਕਿਛਾ ਦੇ ਤੀਲੇ ਨਾਲ ਦਿਤੀ ਜੋ ਕਿਛੂ ਵਜੋਂ ਜਾਣਿਆ ਜਾਣ ਲਗਾ।
ਰਾਮ ਸੀਤਾ ਅਤੇ ਲਛਮਨ ਦੇ ਵਾਪਸ ਆਉਣ ਤੇ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਸੀ ਪਰ ਸੀਤਾ ਨੂੰ ਘਰੋਂ ਕੱਢਣ ਲਗਿਆਂ ਸ਼ਾਇਦ ਹੀ ਕੋਈ ਅਖ ਛੱਲਕੀ ਹੋਵੇ। ਸਚਾਈ ਤੋਂ ਕੋਹਾਂ ਦੂਰ ਸ਼ਾਇਦ ਇਹ ਇਕ ਮਿਥ ਹੀ ਹੋਵੇ ਪਰ ਸਦੀਆਂ ਤੋਂ ਪਰਚਾਰੀ ਜਾਣ ਕਾਰਨ ਇਸ ਨੂੰ ਸਚ ਮੰਨਦਿਆਂ ਯੱਥਾ ਰਾਜਾ ਤੱਥਾ ਪਰਜਾ ਦੇ ਅਖਾਣ ਮੁਤਾਬਕ ਇਸ ਤਰਾਂ ਦੀ ਕਹਾਣੀ ਬਾਰ ਬਾਰ ਦੁਹਰਾਈ ਗਈ। ਇੰਦਰਾ ਗਾਂਧੀ ਨੇ ਮੈਨਕਾ ਅਤੇ ਇੰਗਲੈਂਡ ਦੀ ਰਾਣੀ ਸਾਹਿਬਾ ਨੇ ਆਪਣੀ ਨੂੰਹ ਡਾਇਨਾਂ ਨੂੰ ਘਰੋਂ ਕਢ ਦਿਤਾ ਸੀ।
ਰਜਵਾੜਿਆਂ ਦੀ ਦੇਖਾ ਦੇਖੀ ਅਜ ਹਰ ਕੋਈ ਇਸ ਕੁਕਰਮ ਤੋਂ ਪਿਛੇ ਨਹੀਂ ਰਹਣਾ ਚਾਹੁੰਦਾ। ਨਿਤਦਿਹਾੜੇ ਲੜਕੀਆਂ ਦਹੇਜ ਦੀ ਬਲੀ ਚੜ੍ਹ ਰਹੀਆਂ ਹਨ । ਅਜ ਦੇ ਟੈਕਨਾਲੋਜੀ ਦੇ ਯੁਗ ਵਿਚ ਗਰਭ ਵਿਚ ਲੜਕੀ ਦਾ ਪਤਾ ਲਗਦਿਆਂ ਉਸ ਨੂੰ ਪਾਰ ਬੁਲਾ ਦਿਤਾ ਜਾਂਦਾ ਹੈ। ਭਰੂਣ ਹਤਿਆ ਨੂੰ ਬਦੀ ਦੀ ਨੇਕੀ ਤੇ ਜਿਤ ਸਮਝਦਿਆਂ ਹੋਇਆ ਸਾਡੇ ਧਰਮੀ ਰਾਮ ਖਾਮੋਸ਼ ਸਹਿਮਤੀ ਦੇ ਰਹੇ ਹਨ। ਸਮਾਜ ਦਾ ਆਤਮਕ ਦੀਵਾ ਤਾਂ ਕਦੋਂ ਦਾ ਬੁਝ ਚੁਕਿਆ ਹੈ । ਬਸ ਦਿਖਾਵੇ ਦੀ ਦੀਪਮਾਲਾ ਅਤੇ ਪਟਾਖਿਆਂ ਦੇ ਗੰਧਕੀ ਧੂਏਂ ਨਾਲ ਵਾਤਾ ਵਰਣ ਪਰਦੂਸ਼ਤ ਹੋ ਰਿਹਾ ਹੈ।
ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਦੀਵਾਲੀ ਦਾ ਇਕ ਇਤਹਾਸ ਹੈ। ਗੁਰੂ ਅਰਜਨ ਦੇਵ ਜੀ ਤਕ ਨਿਰਵੈਰ ਸਮਾਜ ਦੀ ਉਸਾਰੀ ਹੋ ਰਹੀ ਸੀ। ਉਹਨਾਂ ਦੀ ਸ਼ਹਾਦਤ ਨੇ ਇਡੀ ਦੈਹਸ਼ਤ ਫੈਲਾ ਦਿਤੀ ਕਿ ਗੁਰੂ ਪਰੇਮੀ ਚੁਪ ਚਾਪ ਘਰੀਂ ਬੈਠ ਗਏ। ਸਮਾਂ ਆ ਗਿਆ ਸੀ ਕਿ ਨਿਰਵੈਰ ਸਮਾਜ ਨੂੰ ਨਿਰਭਉ ਵੀ ਕਰ ਦਿਤਾ ਜਾਵੇ ਇਸ ਲਈ ਗੁਰੂ ਹਰਗੋਬਿੰਦ ਜੀ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਹਰਿਮੰਦਰ ਸਾਹਿਬ ਦੇ ਲਾਗੇ ਹੀ ਇਕ ਥੜ੍ਹਾ ਬਣਾਇਆ ਜਿਸ ਦਾ ਨਾਮ ਅਕਾਲ ਬੁੰਗਾ ਰਖਿਆ ਗਿਆ (ਅੱਜ ਕਲ ਉਸ ਦਾ ਨਾਮ ਅਕਾਲ ਤਖਤ ਹੈ) । ਇਡਾ ਉਚਾ ਥੜ੍ਹਾ ਬਣਾ ਦੇਣਾ ਅਤੇ ਸੇਵਕਾਂ ਨੂੰ ਹਥਿਆਰਬੰਦ ਕਰਨਾ ਮੁਗਲੀਆ ਹਕੂਮਤ ਦੇ ਖਿਲਾਫ ਸਿਧੀ ਬਗਾਵਤ ਸੀ। ਬਾਦਸ਼ਾਹ ਜਹਾਂਗੀਰ ਨੇ ਗੁਰੂ ਸਹਿਬ ਨੂੰ ਦਿਲੀ ਵਿਚ ਸਦ ਕੇ ਪਜ ਸਾਲ ਗਵਾਲੀਅਰ ਕਿਲ੍ਹੇ ਵਿਚ ਭੇਜ ਦਿਤਾ। ਉਸ ਕਿਲ੍ਹੇ ਵਿਚ 52 ਪਹਾੜੀ ਰਾਜੇ ਪਹਲਾਂ ਹੀ ਕੈਦ ਕੀਤੇ ਹੋਏ ਸਨ। ਗੁਰੂ ਮਹਾਰਾਜ ਕੋਈ ਡ੍ਹੇਢ ਸਾਲ ਉਸ ਕਿਲੇ ਵਿਚ ਰਹੇ ਅਤੇ ਜਦ ਬਾਹਰ ਆਏ ਤਾਂ 52 ਰਾਜੇ ਵੀ ਉਹਨਾਂ ਦੇ ਚੋਲੇ ਦੀਆਂ ਕਨੀਆਂ ਫੜਕੇ ਜੇਲ੍ਹ ਮੁਕਤ ਹੋ ਗਏ। ਅੰਮ੍ਰਿਤਸਰ ਵਾਪਸ ਆਉਣ ਤੇ ਖੁਸ਼ੀਆਂ ਮਨਾਈਆਂ ਗਈਆਂ ਦੀਪਮਾਲਾ ਕੀਤੀ ਗਈ ਅਤੇ ਇਸ ਦੀਵਾਲੀ ਦੀ ਰਾਤ ਨੂੰ ਨਵਾਂ ਨਾਮ ਦਿਤਾ ਗਿਆ ਬੰਦੀ ਛੋੜ ਦਿਵਸ। ਅੰਮ੍ਰਿਤਸਰ ਦੀ ਦੀਵਾਲੀ ਸੰਸਾਰ ਭਰ ਵਿਚ ਮਸ਼ਹੂਰ ਹੈ ਰਾਤ ਨੂੰ ਜਦ ਆਤਸਬਾਜ਼ੀ ਚਲਦੀ ਹੈ ਤਾਂ ਉਸ ਦੀਆਂ ਲਿਸ਼ਕਾਰਾਂ ਨਾਲ ਹਰਿਮੰਦਰ ਅਤੇ ਸਰੋਵਰ ਦਾ ਪਾਣੀ ਇਕ ਅਦਭੁਤ ਨਜ਼ਾਰਾ ਪੇਸ਼ ਕਰਦਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਅਕਾਲ ਬੁੰਗੇ ਨੂੰ ਅਕਾਲ ਤਖਤ ਦਾ ਨਾਮ ਦੇ ਕੇ ਉਸ ਦਾ ਸਿਆਸੀਕਰਨ ਕਰਕੇ ਉਸ ਪਵਿਤਰ ਅਸਥਾਨ ਦੇ ਪਿਛੇ ਜੋ ਸਿਧਾਂਤ ਹੈ ਉਸ ਨੂੰ ਤਿਲਾਂਜਲੀ ਦੇ ਕੇ ਉਸ ਅਸਥਾਨ ਦੀ ਉਚਤਾ ਅਤੇ ਪਵਿਤ੍ਰਤਾ ਨੂੰ ਹੁਕਮਨਾਮਿਆਂ ਦੇ ਹੜ੍ਹ ਵਿਚ ਰੋਹੜਿਆ ਜਾ ਰਿਹਾ ਹੈ। ਹੁਕਮ ਨਾਮੇ ਸਾਦਰ ਕਰਨ ਵਾਲੇ ਖੁਦ ਉਲੰਘਣਾ ਕਰਦੇ ਹਨ। ਅਕਾਲ ਤਖਤ ਤੋਂ ਆਜ਼ਾਦ ਕੀਤੇ ਵਿਅਕਤੀ ਸਰਕਾਰੀ ਅਦਾਲਤਾਂ ਵਿਚ ਦੋਸ਼ੀ ਸਾਬਤ ਹੋ ਜਾਂਦੇ ਹਨ। ਸਿਖ ਬਚਿਆਂ ਨੂੰ ਸਿਖ ਸਿਧਾਤਾਂ ਦੀ ਸੋਝੀ ਦੇਣ ਵਾਲੇ ਖੁਦ ਬ੍ਰਾਹਮਣੀ ਰੀਤਾਂ ਵਿਚ ਉਲਝ ਰਹੇ ਹਨ। ਗਿਆਨ ਦਾ ਸੋਮਾ ਗੁਰਬਾਣੀ ਨੂੰ ਗੁਰੂ ਮੰਤਰ ਬਣਾਇਆ ਜਾ ਰਿਹਾ ਹੈ। ਬਸ ਦੀਵਾਲੀ ਹੈ ਦੀਪਮਾਲਾ ਹੈ ਆਤਸ਼ਬਾਜ਼ੀ ਹੈ ਦਿਨੋ ਦਿਨ ਧੜਿਆਂ ਵਿਚ ਵੰਡੀ ਜਾ ਰਹੀ ਸਿਖ ਸੰਗਤ ਹੈ ਇਕ ਪੁਰਖੀ ਰਾਜ ਹੈ ।
ਦੀਵਾਲੀ ਤੋਂ ਬਾਅਦ ਦੂਜਾ ਦਿਨ ਬਾਲੀ ਪਾਰਤਪਦਾ ਵਜੋਂ ਮਨਾਇਆ ਜਾਂਦਾ ਹੈ। ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਬਾਲੀ ਨਾਮ ਦਾ ਇਕ ਰਾਜਾ ਬਹੁਤ ਸ਼ਕਤੀ ਸ਼ਾਲੀ ਹੋ ਗਿਆ ਸੀ। ਉਸਨੇ ਕਈ ਪਰਚਲਤ ਰਸਮਾਂ ਦਾ ਉਲੰਘਣ ਕੀਤਾ । ਦਾਨੀ ਹੋਣਾ ਉਸ ਦੀ ਕਮਜ਼ੋਰੀ ਸੀ । ਉਸ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਭਗਵਾਨ ਵਿਸ਼ਨੂੰ ਨੇ ਇਕ ਗਿਠਮੁਠੀਆ ਬ੍ਰਾਹਮਣ (ਬਾਮਨ ਅਵਤਾਰ) ਦੇ ਰੂਪ ਵਿਚ ਉਸ ਰਾਜਨ ਤੋਂ ਤਿਨ ਕਦਮ ਜ਼ਮੀਨ ਦੀ ਭਿਛਿਆ ਮੰਗੀ। ਰਾਜਨ ਦੀ ਹਾਂ ਤੇ ਵਿਸ਼ਨੂੰ ਜੀ ਨੇ ਆਪਣਾ ਵਰਾਟਰੂਪ ਧਾਰਨ ਕਰਕੇ ਦੋ ਕਦਮਾਂ ਵਿਚ ਹੀ ਸਾਰੀ ਧਰਤੀ ਅਤੇ ਅਸਮਾਨ ਸਮੇਟ ਕੇ ਆਖਿਆ ਰਾਜਨ ਦਸ ਇਹ ਤੀਸਰਾ ਕਦਮ ਕਿਥੇ ਰਖਾਂ ਤਾਂ ਬਾਲੀ ਰਾਜੇ ਨੇ ਅਪਣਾ ਸਿਰ ਅਗੇ ਕਰ ਦਿਤਾ। ਵਿਸ਼ਨੂੰ ਜੀ ਨੇ ਤੀਸਰਾ ਕਦਮ ਉਸ ਦੇ ਸਿਰ ਤੇ ਰਖ ਕੇ ਉਸ ਨੂੰ ਸਦਾ ਲਈ ਪਤਾਲ ਪੁਰੀ ਵਿਚ ਧੱਕ ਦਿਤਾ। ਦਛਣਾ ਦੇ ਇਵਜ਼ਾਨੇ ਵਿਚ ਰਾਜੇ ਬਾਲੀ ਨੇ ਸਦਾ ਲਈ ਵਿਸ਼ਨੂੰ ਨੂੰ ਆਪਣੇ ਰਾਜ ਮਹਿਲ ਦਾ ਦਰਬਾਨ ਬਣਾ ਲਿਆ। ਵਿਸ਼ਨੂੰ ਜੀ ਦੇ ਵਿਯੋਗ ਵਿਚ ਲਕਸ਼ਮੀ ਦੇਵੀ ਬੇਹਬਲ ਹੋ ਗਈ ਤਾਂ ਬੱਰਹਮਾਂ ਜੀ ਅਤੇ ਸ਼ਿਵ ਜੀ ਨੇ ਜਾ ਕੇ ਰਾਜਾ ਬਾਲੀ ਅਗੇ ਵਿਸ਼ਨੂੰ ਜੀ ਨੂੰ ਮੁਕਤ ਕਰਨ ਦੀ ਬੇਨਤੀ ਕੀਤੀ । ਰਾਜਾ ਬਾਲੀ ਨੇ ਇਕ ਸ਼ਰਤ ( ਉਹ ਦੀਵਾਲੀ ਦੀ ਰਾਤ ਤੋਂ ਦੂਸਰੇ ਦਿਨ ਧਰਤੀ ਤੇ ਆਇਆ ਕਰੇਗਾ ) ਮਨਵਾ ਕੇ ਵਿਸ਼ਨੂੰ ਜੀ ਨੂੰ ਮੁਕਤ ਕਰ ਦਿਤਾ। ਮਹਾਰਾਸ਼ਟਰ ਵਿਚ ਇਹ ਦਿਨ ਬਾਲੀ ਪਰਤਪਦਾ ਵਜੋਂ ਮਨਾਇਆ ਜਾਂਦਾ ਹੈ।
ਨੈਹਰੂ ਗਾਂਧੀ ਜੁੰਡਲੀ ਵਲੋਂ ਸਿਖ ਆਗੂਆਂ ਨੂੰ ਛੱਲ ਲੈਣਾ ਕੋਈ ਨਵੀ ਗੱਲ ਥੋਹੜੀ ਸੀ ਪੁਰਾਤਨ ਪਰਮਪਰਾ ਹੀ ਦੁਹਰਾਈ ਗਈ ਸੀ। ਆਜ਼ਾਦੀ ਦੇ ਘੋਲ ਵਿਚ ਸਿਖ ਕੌਮ ਵਲੋਂ ਕੀਤੀਆਂ ਕੁਰਬਾਨੀਆਂ ਦਾ ਮੁਲ ਸਿਖ ਆਗੂਆਂ ਦੇ ਜਰਾਇਮ ਪੇਸ਼ਾ ਸਰਾਪ ਵਜੋਂ ਪੱਲੇ ਪਿਆ ਹੈ।ਸਿਖ ਸਿਧਾਤਾਂ ਦਾ ਭੋਗ ਪਾਉਣ ਦਾ ਉਪਰਾਲਾ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਲਗਾਤਾਰ ਹੋ ਰਿਹਾ ਹੈ। ਉਸ ਤੋਂ ਅਗਲਾ ਤਿਉਹਾਰ ਭਾਈ ਦੂਜ ਹੈ। ਇਕ ਵਿਸ਼ਵਾਸ ਹੈ ਕਿ ਨਰਕਸੁਰ ਦਾ ਵੱਧ ਕਰਕੇ ਸ਼੍ਰੀ ਕ੍ਰਿਸ਼ਨ ਜੀ ਆਪਣੀ ਭੈਣ ਸੁਭੱਦਰਾ ਨੂੰ ਮਿਲਣ ਗਏ ਸੀ। ਉਸ ਨੇ ਆਪਣੇ ਭਰਾ ਦੇ ਤਿਲਕ ਲਾਇਆ ਸੀ ।
ਇਸ ਦਿਨ ਭਰਾ ਆਪਣੀਆਂ ਭੈਣਾ ਨੂੰ ਤੋਹਫੇ ਦਿੰਦੇ ਹਨ ਭੈਣਾ ਆਪਣੇ ਵੀਰਾਂ ਦੀ ਸੁਖ ਮਨਾਉਂਦੀਆਂ ਹਨ। ਭੇਣਾ ਭਰਾਵਾਂ ਦਾ ਪਿਆਰ ਬਣਿਆ ਰਖਣ ਲਈ ਬਜ਼ੁਰਗਾਂ ਨੇ ਇਕ ਚੰਗੀ ਰਸਮ ਚਲਾਈ ਸੀ। ਭਾਈ ਦੂਜ ਮਨਾਉਣ ਤੋਂ ਬਗੈਰ ਦੀਵਾਲੀ ਅਧੂਰੀ ਗਿਣੀ ਜਾਂਦੀ ਹੈ। ਜੈਨ ਮਤ ਵਾਲੇ ਸੰਤ ਮਹਾਵੀਰ ਦੇ ਨਿਰਵਾਣ ਪਰਾਪਤ ਕਰਨ ਕਰਕੇ ਦੀਵਾਲੀ ਮੰਨਾਉਂਦੇ ਹਨ। ਬੰਗਾਲ ਵਿਚ ਦੁਰਗਾ ਪੂਜਾ ਹੁੰਦੀ ਹੈ। ਕੁਝ ਵੀ ਹੋਵੇ ਦੀਵਾਲੀ ਭਾਰਤ ਦੇ ਸਾਰਿਆਂ ਮੇਲਿਆਂ ਨਾਲੋਂ ਧੂੰਮ ਧਾਮ ਨਾਲ ਮਨਾਇਆ ਜਾਂਣ ਵਾਲਾ ਤਿਉਹਾਰ ਹੈ। ਗੱਲ ਦੀਵਾਲੀ ਦੀ ਕਰ ਰਿਹਾ ਸੀ ਭਾਵਨਾ ਦੇ ਹੜ੍ਹ ਅਗੇ ਖੜੋ ਨਹੀਂ ਸਕਿਆ ਪਾਠਕਾਂ ਤੋਂ ਖਿਮਾ ਚਾਹੰਦਾ ਹਾਂ। 2009 ਦੀ ਦੀਵਾਲੀ ਸਭ ਪਾਠਕਾਂ ਲਈ ਖੁਸ਼ੀਆਂ ਖੇੜੇ ਲਿਆਵੇ ਆਪਸੀ ਸਾਂਝ ਵੱਧੇ ਇਹੀ ਤੱਮਨਾ ਹੈ। ਦੀਵਾਲੀ ਦੀਆਂ ਲਖ ਲਖ ਵਧਾਈਆਂ।

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …